ਵਿਛੜਿਆਂ ਦੇ ਭੋਗ ਸਮਾਗਮ ਪਹਿਲਾਂ ਸਾਦੇ ਢੰਗ ਨਾਲ ਕੀਤੇ ਜਾਂਦੇ ਸਨ ।ਖਾਣਾ ਹੇਠਾਂ ਬਹਿ ਕੇ ਥਾਲੀਆਂ ਵਿੱਚ ਦਾਲ ਫੁਲਕੇ ਵਾਲਾ ਖਾਧਾ ਜਾਂਦਾ ਸੀ । ਪਰ ਸਮੇਂ ਦੀ ਚਾਲ ਨੇ ਸਾਰਾ ਕੁਝ ਬਦਲ ਕੇ ਰੱਖ ਦਿੱਤਾ ਹੈ ।ਅੱਜ ਦੇ ਸਮੇਂ ਵਿਛੜਿਆਂ ਦੇ ਭੋਗ ਸਮਾਗਮ ਕਰਵਾਉਣੇ ਸੌਖੇ ਨਹੀਂ । ਸਰਧਾਂਜ਼ਲੀ ਸਮਾਗਮ ਲਈ ਹਰੇਕ ਖੁੱਲਾ੍ਹ ਸੱਦਾ ਸਰਧਾਂਜ਼ਲੀ ਦੇਣ ਲਈ ਵਟਸਅੱਪ ਗਰੁੱਪਾਂ ਅਤੇ ਮੀਡੀਏ ਦੇ ਹੋਰ ਸਾਧਨਾਂ ਰਾਹੀਂ ਦਿੰਦਾ ਹੈ ।ਇਹੋ ਜਿਹੇ ਵੱਡੇ ਇਕੱਠਾਂ ਲਈ ਅੱਜ ਦੇ ਸਮੇਂ ਖਾਣੇ ਦਾ ਪ੍ਰਬੰਧ ਜ਼ਿਆਦਾਤਰ ਪਰਿਵਾਰ ਟੈਂਟ ਲਾ ਕੇ ਜਾਂ ਕਿਸੇ ਹਾਲ ਅੰਦਰ ਵਿਆਹ ਵਾਂਗ ਸਟੈਂਡਿੰਗ ਖਾਣੇ ਦਾ ਪ੍ਰਬੰਧ ਕਰਨ ਲੱਗ ਗਏ ਹਨ । ਇਨ੍ਹਾਂ ਖਾਣਿਆਂ ‘ਚ ਕਈ ਦਾਲ,ਸਬਜ਼ੀਆਂ , ਭਾਂਤ ਸਵਾਂਤੇ ਸਲਾਦ , ਆਚਾਰ , ਚਾਵਲ, ਕਈ ਤਰ੍ਹਾਂ ਦੀਆਂ ਰੋਟੀਆਂ , ਕਈ ਪ੍ਰਕਾਰ ਦੀਆਂ ਸਵੀਟ ਡਿਸ਼ਾਂ , ਆਦਿ ਦਾ ਹੋਣਾ ਆਮ ਦੇਖਿਆ ਜਾਂਦਾ ਹੈ ।ਪਨੀਰ ਤਾਂ ਹਰ ਕੋਈ ਵਰਤਦਾ ਹੈ । ਕੁਰਸੀਆਂ ਆਮ ਹੀ ਬੈਠਣ ਲਈ ਥਾਂ ਥਾਂ ਲਾਈਆਂ ਜਾਂਦੀਆਂ ਹਨ , ਟੇਬਲ , ਸਟੈਂਡਿੰਗ ਟੇਬਲ ਵੀ ਲੱਗਣੇ ਸ਼ੁਰੂ ਹੋ ਗਏ ਹਨ । ਇਸ ਤਰ੍ਹਾਂ ਖਾਣਾ ਕਈ ਵਾਰ ਖੜ੍ਹ ਕੇ ਹੀ ਖਾਣਾ ਪੈਂਦਾ ਹੈ ਜਿਸ ਨਾਲ ਪਲੇਟ ਸਾਂਭਨੀ ਔਖੀ ਹੁੰਦੀ ਹੈ । ਬਜੁਰਗਾਂ ਲਈ ਤਾਂ ਖਾਣਾ ਹੋਰ ਵੀ ਔਖਾ ਹੁੰਦਾ ਹੈ । ਪਰਿਵਾਰਿਕ ਮੈਂਬਰਾਂ ਦਾ ਸਾਰਾ ਧਿਆਨ ਖਾਣ ਵਾਲੇ ਪ੍ਰਬੰਧ ‘ਚ ਹੁੰਦਾ ਹੈ , ਗੁਰਦੁਆਰਾ , ਮੰਦਰ ਜਾਂ ਜਿਸ ਥਾਂ ਅੰਤਿਮ ਅਰਦਾਸ ਲਈ ਕੀਰਤਨ , ਕਥਾ ਹੁੰਦੀ ਹੈ ਉਥੇ ਸੁਣਨ ਲਈ ਪਰਿਵਾਰ ਲਈ ਸਮਾਂ ਨਹੀਂ ਰਹਿੰਦਾ ।ਇਹੋ ਜਿਹੇ ਸਰਧਾਂਜ਼ਲੀ ਸਮਾਗਮ ਵੀ ਦੇਖਣ ਨੂੰ ਮਿਲਦੇ ਹਨ ਜਿਥੇ ਵਿਆਹ ਵਾਂਗ ਭਾਂਤ-ਸਵਾਂਤੀਆਂ ਸਟਾਲਾਂ ਵੀ ਲੱਗੀਆਂ ਹੁੰਦੀਆਂ ਹਨ । ਢਿੱਡ ਭਰਨ ਲਈ ਦਾਲ ਰੋਟੀ ਕਾਫੀ ਹੈ , ਉਹ ਵੀ ਉਨ੍ਹਾਂ ਲਈ ਹੋਵੇ ਜੋ ਦੂਰੋਂ ਆਉਂਦੇ ਹਨ ਜਿਨ੍ਹਾਂ ਨੂੰ ਵਾਪਸ ਜਾਂਦੇ ਸਮੇਂ ਖਾਣੇ ਦਾ ਸਮਾਂ ਨਹੀਂ ਰਹਿੰਦਾ , ਸਥਾਨਕ ਲੋਕਾਂ ਨੂੰ ਮਜਬੂਰਨ ਘੇਰ ਕੇ ਪਹਿਲਾਂ ਖਾਣਾ ਖਾਣ ਲਈ ਪੰਡਾਲ ਵਿੱਚ ਭੇਜਿਆ ਜਾਂਦਾ ਹੈ ।ਹੁਣ ਇਹ ਰਿਵਾਜ਼ ਹੀ ਬਣ ਗਿਆ ਹੈ ।ਕਈ ਤਾਂ ਸਿਰਫ ਖਾਣੇ ਖਾਣ ਤੱਕ ਸੀਮਤ ਰਹਿੰਦੇ ਹਨ ,ਖਾਣਾ ਖਾ ਬਾਹਰੋਂ ਹੀ ਮੁੜ ਜਾਂਦੇ ਹਨ । ਰਾਜਨੀਤਕ ਨੇਤਾ ਇਹੋ ਜਿਹੇ ਸਮਾਗਮਾਂ ਦੀ ਤਾਕ ਵਿੱਚ ਰਹਿੰਦੇ ਹਨ , ਉਹ ਵੋਟਾਂ ਪੱਕੀਆਂ ਕਰਨ ਲਈ ਆਪਣੇ ਸਾਥੀਆਂ ਨਾਲ ਇੱਕ ਵਾਰੀ ਹਾਜ਼ਰੀ ਜਰੂਰ ਲਾਉਣ ਦੀ ਕੋਸ਼ਿਸ਼ ਕਰਦੇ ਹਨ । ਪਰਿਵਾਰ ਨਾਲ ਉਂਝ ਪਹਿਲਾਂ ਕਦੇ ਉਨ੍ਹਾਂ ਦੀ ਮਿਲਣੀ ਭੀ ਨਾ ਹੋਈ ਹੋਵੇ ।ਇਸ ਨਵੇਂ ਰੁਝਾਣ ਨਾਲ ਆਮ ਪਰਿਵਾਰ ਵੀ ਦੇਖੋ ਦੇਖੀ ਜਾਂ ਲੋਕਲਾਜ ਲਈ ਇਹੋ ਜਿਹਾ ਸਮਾਗਮ ਕਰ ਲੈਂਦੇ ਹਨ ਜਿਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਕਾਫੀ ਸਮਾਂ ਲੀਹ ਤੇ ਨਹੀਂ ਆਉਂਦੀ , ਉਨ੍ਹਾਂ ਲਈ ਜੇ ਸੋਚਿਆ ਜਾਵੇ ਇਹੋ ਜਿਹਾ ਕਰਨਾ ਫਜ਼ੂਲ ਹੀ ਲੱਗਦਾ ਹੈ । ਕਈ ਪਰਿਵਾਰਾਂ ਵਲੋਂ ਭਾਵੇਂ ਬਜ਼ੁਰਗਾਂ ਨੂੰ ਜਿਊਂਦੇ ਜੀਅ ਤਾਂ ਚੱਜ ਨਾਲ ਦਵਾਈ ਬੂਟੀ ,ਰੋਟੀ ਨਾ ਦਿੱਤੀ ਜਾਂਦੀ ਹੋਵੇ , ਪਰ ਬਾਅਦ ‘ਚ ਭੋਗ ਸਮੇਂ ਕਈ ਪ੍ਰਕਾਰ ਦੇ ਪਕਵਾਨ ਬਣਾ ਕੇ ਲੋਕਾਂ ‘ਚ ਵਾਹ ਵਾਹ ਖੱਟਣ ਵਾਲੀ ਹੀ ਗੱਲ ਹੁੰਦੀ ਹੈ ।ਪਰ ਦੂਜੇ ਪਾਸੇ ਸਾਦੀ ਰਸਮ ਭੋਗ ਸਮੇਂ ਜੇ ਹੋਵੇ ਤਾਂ ਕਿੰਨਾ ਚੰਗਾ ਹੋਵੇਗਾ । ਆਰਾਮ ਨਾਲ ਚੌਂਕੜਾ ਮਾਰ ਪੰਗਤ ਵਿੱਚ ਬੈਠ ਸਾਦਾ ਭੋਜਨ ਛੱਕਣਾ ਮਨ ਨੂੰ ਸਕੂਨ ਦਿੰਦਾ ਹੈ , ਖਾਣਾ ਵਰਤਾਉਣ ਵਾਲੇ ਘਰ ਦੇ , ਸਰੀਕੇ ਦੇ ,ਸਕੇ ਸਬੰਧੀ ਆਦਿ ਜਦੋਂ ਛਕਾਉਂਦੇ ਹਨ ਤਾਂ ਇੱਕ ਵੱਖਰਾ ਹੀ ਆਨੰਦ ਆਉਂਦਾ ਹੈ , ਢਿੱਡ ਵੀ ਭਰ ਜਾਂਦਾ ਹੈ । ਇਸ ਨੂੰ ਗੁਰੂ ਕਾ ਲੰਗਰ ਕਹਿ ਸਕਦੇ ਹਾਂ । ਪਰ ਕੁਰਸੀਆਂ ਤੇ ਬੈਠ ਜਾਂ ਖੜ੍ਹ ਕੇ ਹਲਵਾਈਆਂ ਤੋਂ ਬਣਿਆ ਅਤੇ ਬੈਰਿਆਂ ਵਲੋਂ ਵਰਤਾਇਆ ਖਾਣਾ ਕੀ ਲੰਗਰ ਹੋ ਸਕਦਾ ?
ਬਜ਼ੁਰਗ ਹੋਣ ਤੇ ਇਨਸਾਨ ਬੱਚਿਆਂ ਵਾਂਗ ਹਰੇਕ ਚੀਜ਼ ਖਾਣ ਲਈ ਲੋਚਦਾ ਹੈ , ਕਈ ਵਾਰੀ ਉਹ ਆਪਣੇ ਬੱਚਿਆਂ ਨੂੰ ਕਹਿ ਨਹੀਂ ਸਕਦਾ , ਇਸ ਲਈ ਬਜ਼ੁਰਗਾਂ ਨੂੰ ਖਾਣ ਲਈ ਉਨ੍ਹਾਂ ਦੇ ਮਨਪਸੰਦ ਦੀਆਂ ਨਰਮ ਨਰਮ ਚੀਜ਼ਾਂ ਆਪ ਬਣਾ ਕੇ ਜਾਂ ਬਜ਼ਾਰ ‘ਚੋਂ ਵਧੀਆ ਕਿਸਮ ਦੀਆਂ ਲਿਆ ਕੇ ਉਨ੍ਹਾਂ ਨੂੰ ਦੇਣੀਆਂ ਚਾਹੀਦੀਆਂ ਹਨ । ਇਸ ਤਰ੍ਹਾਂ ਉਨ੍ਹਾਂ ਅੰਦਰਲੀ ਖੁਸ਼ੀ ਦਾ ਅਹਿਸਾਸ ਸਾਨੂੰ ਸਮਝ ਲੈਣਾ ਚਾਹੀਦਾ ਹੈ ।ਕਈ ਬਜੁਰਗ ਆਖਰੀ ਉਮਰ ਵਿੱਚ ਆਪਣੇ ਪੁੱਤਰ / ਪੁੱਤਰਾਂ ਤੋਂ ਤੰਗ ਆ ਕੇ ਵੱਖਰੇ ਰਹਿ ਕੇ ਵੱਖਰੀ ਰੋਟੀ ਬਣਾਉਂਦੇ ਦੇਖੇ ਗਏ ਹਨ ਪਰ ਉਨ੍ਹਾਂ ਦੀ ਮੌਤ ਹੋਣ ਤੇ ਪੁੱਤਰ ਵੱਡੇ ਸਮਾਗਮ ਰਚਾ ਕੇ ਐਂਵੇ ਮੋਹ ਦਾ ਦਿਖਾਵਾ ਕਰਦੇ ਹਨ ।ਅੱਜ ਦੇ ਪੁੱਤਰਾਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਕੱਲ੍ਹ ਨੂੰ ਉਨ੍ਹਾਂ ਨੇ ਵੀ ਬੁੱਢੇ ਹੋਣਾ ਹੈ ਉਨ੍ਹਾਂ ਨਾਲ ਇਸ ਤੋਂ ਹੋ ਸਕਦਾ ਵੱਧ ਹੀ ਮਾੜਾ ਵਿਵਹਾਰ ਉਨ੍ਹਾਂ ਦੇ ਬੱਚੇ ਕਰਨ । ਪਰਿਵਾਰਕ ਸੰਸਕਾਰਾਂ ਦੀ ਅਹਿਮੀਅਤ ਸਾਨੂੰ ਸਮਝ ਲੈਣੀ ਚਾਹੀਦਾ ਹੈ । ਬੱਚਿਆਂ ਦੀਆਂ ਭਾਵਨਾਵਾਂ ਨੂੰ ਸਮਝਦਿਆਂ ਮਾਪਿਆਂ ਨੂੰ ਉਨ੍ਹਾਂ ਲਈ ਵੀ ਬਣਦਾ ਮਾਣ ਸਤਿਕਾਰ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਜਿਊਂਦੇ ਜੀਅ ਦੇਣਾ ਬਣਦਾ ਹੈ । ਮਰਨ ਤੋਂ ਬਾਅਦ ਵਿੱਚ ਵੀ ਸਾਰਾ ਕੁਝ ਬੱਚਿਆਂ ਕੋਲ ਹੀ ਜਾਣਾ ਹੁੰਦਾ ਹੈ । ਇਹ ਸੋਚ ਛੱਡ ਦੇਣੀ ਚਾਹੀਦੀ ਹੈ ਕਿ ਪੈਸਿਆਂ , ਜਾਂ ਆਪਣੇ ਨਾਮ ਜਾਇਦਾਦ ਹੋਣ ਸਦਕਾ ਰੋਟੀ ਮਿਲੇਗੀ , ਇਹ ਕੋਈ ਜਰੂਰੀ ਨਹੀਂ ।ਇਹੋ ਜਿਹਾ ਪਰਿਵਾਰ ਮੇਰੇ ਇੱਕ ਜਾਣਕਾਰ ਦਾ ਦੇਖਿਆ ਜਿਸ ਦੇ ਦੋ ਮੁੰਡੇ ਹਨ , ਤਿੰਨ ਹਿੱਸੇ ਜਮੀਨ ਦੇ ਕਰ , ਦੋ ਹਿੱਸੇ ਮੁੰਡਿਆਂ ਨੂੰ ਦੇ ਦਿੱਤੇ ਇੱਕ ਹਿੱਸਾ ਆਪ ਰੱਖ ਲਿਆ ।ਦੋਹਾਂ ਨਾਲ ਰਹਿਣ ਦੀ ਗੱਲ ਨਾ ਬਣੀ , ਵੱਖਰੀ ਰੋਟੀ ਆਪ ਹੀ ਉਨ੍ਹਾਂ ਨੂੰ ਬਣਾਉਣੀ ਪਈ , ਜ਼ਮੀਨ ਦਾ ਮੁੱਲ ਨਹੀਂ ਪਇਆ । ਇੱਕ ਪਰਿਵਾਰ ਦੇ ਇਕੱਲਾ ਬੇਟਾ ਹੈ , ਮਾਂ-ਬਾਪ ਦੀ ਬੇਟੇ ਅਤੇ ਨੂੰਹ ਨਾਲ ਬਣਤ ਨਹੀਂ ਬਣੀ , ਪਹਿਲਾਂ ਤਾਂ ਘਰ ਵਿੱਚ ਹੀ ਰੋਟੀ ਵੱਖਰੀ ਹੋ ਗਈ , ਫਿਰ ਵੀ ਗੱਲ ਨਾ ਬਣੀ , ਕਲੇਸ਼ ਤੋਂ ਡਰਦੇ ਬਜ਼ੁਰਗ ਪਤੀ ਪਤਨੀ ਹੋਰ ਮੁਹੱਲੇ ਵਿੱਚ ਕਿਰਾਏ ਉੱਪਰ ਰਹਿਣ ਲੱਗ ਪਏ । ਅਜੇ ਤਾਂ ਉਨ੍ਹਾਂ ਦੇ ਹੱਥ ਪੈਰ ਚਲਦੇ ਹਨ ਆਪਣਾ ਰੋਟੀ ਪਾਣੀ , ਹੋਰ ਸਾਰਾ ਕੁਝ ਕਰੀ ਜਾਂਦੇ ਹਨ ਕਿਉਂ ਕਿ ਦੋਵੇਂ ਸਰਕਾਰੀ ਪੈਨਸ਼ਨਰਜ਼ ਹਨ , ਕੋਈ ਤੰਗੀ ਨਹੀਂ ਆਉਂਦੀ ਪਰ ਜਦੋਂ ਹੱਥ ਪੈਰ ਖੜ੍ਹ ਗਏ ਫਿਰ ਕੋਣ ਸਾਂਭੇਗਾ । ਮਰਨ ਤੋਂ ਬਾਦ ਕੀ ਪੁੱਤਰ ਭੋਗ ਨਹੀਂ ਪਾਵੇਗਾ , ਹੋ ਸਕਦਾ ਵਿਆਹ ਵਰਗਾ ਹੀ ਕਰ ਦੇਵੇ ਕਿਉਂ ਕਿ ਜਾਇਦਾਦ ਵੀ ਤਾਂ ਮਿਲਣੀ ਹੁੰਦੀ ਹੈ । ਇਹੋ ਜਿਹੇ ਪਰਿਵਾਰਾਂ ਦੀ ਖਟਾਸ ਭਰੀ ਜ਼ਿੰਦਗੀ ਸਮਾਜ ਵਿੱਚ ਦੇਖਣ ਨੂੰ ਵੀ ਮਿਲਦੀ ਹੈ ।ਸੋ ਬੱਚਿਆਂ ਅਤੇ ਮਾਪਿਆਂ ਅੰਦਰ ਕਠੋਰਤਾ ਨਹੀਂ ਸਗੋਂ ਲਚਕਤਾ ਹੋਣ ਤੇ ਹੀ ਪਰਿਵਾਰ ਸੁੱਖੀ ਰਹਿ ਸਕਦਾ ਹੈ । ਪਰਿਵਾਰਾਂ ਨੂੰ ਫਜੂਲ ਦੇ ਭੋਗ ਸਮਾਗਮਾਂ ਉੱਪਰ ਖਰਚੇ ਕਰਕੇ ਵਡਿਆਈ ਲੈਣ ਦੀ ਥਾਂ ਬਜ਼ੁਰਗਾਂ ਦੀ ਜਿਊਂਦੇ ਜੀਅ ਰੱਜ ਕੇ ਸੇਵਾ ਕਰਨੀ ਚਾਹੀਦੀ ਹੈ । ਇਹ ਅੱਜ ਦੇ ਬੱਚਿਆਂ ਅਤੇ ਮਾਪਿਆਂ ਨੂੰ ਭਲੀ ਭਾਂਤ ਸਮਝ ਲੈਣਾ ਚਾਹੀਦਾ ਹੈ ।
—-ਮੇਜਰ ਸਿੰਘ ਨਾਭਾ , ਮੋ.. 9463553962