ਮਜਦੂਰ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਰੰਗਾਰੰਗ ਪ੍ਰੋਗਰਾਮ
ਲਗਨ ਨਾਲ ਕੰਮ ਕਰਨ ਨਾਲ ਇੱਕ ਦਿਨ ਇਨਸਾਨ ਆਪਣੀ ਮੰਜਿਲ ’ਤੇ ਪਹੁੰਚ ਜਾਂਦੈ : ਧਵਨ ਕੁਮਾਰ
ਕੋਟਕਪੂਰਾ, 3 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਹਰ ਸਾਲ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਮਜ਼ਦੂਰ ਦਿਵਸ ਉਹਨਾਂ ਲੋਕਾਂ ਦਾ ਦਿਨ ਹੈ, ਜਿਨ੍ਹਾਂ ਲੋਕਾਂ ਨੇ ਅਪਣੇ ਖੂਨ ਪਸੀਨੇ ਦੀ ਕਮਾਈ ਨਾਲ ਦੇਸ਼ ਅਤੇ ਦੁਨੀਆਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕਿਸੇ ਵੀ ਦੇਸ਼, ਸਮਾਜ, ਸੰਸਥਾ ਵਿਚ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਅਹਿਮ ਭੂਮਿਕਾ ਹੁੰਦੀ ਹੈ। ਐੱਸ.ਬੀ.ਆਰ.ਐੱਸ. ਗੁਰੂਕੁਲ ਵਿੱਚ ਮਜਦੂਰ ਦਿਵਸ ਨੂੰ ਸਮਰਪਿਤ ਕਰਵਾਏ ਗਏ ਰੰਗਾਰੰਗ ਪ੍ਰੋਗਰਾਮ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ, ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ, ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ 7 ਮਜਦੂਰ ਸ਼ਹੀਦ ਕਰ ਦਿੱਤੇ, ਇਸ ਲਈ ਇਹ ਦਿਨ ਵਿਸ਼ਵ ਭਰ ’ਚ ਮਜਦੂਰਾਂ ਦੇ ਅਣਮੁੱਲੇ ਯੋਗਦਾਨ ਨੂੰ ਮਾਨਤਾ ਦੇਣ ਲਈ ਸਮਰਪਿਤ ਕੀਤਾ ਜਾਂਦਾ ਹੈ। ਡਾਇਰੈਕਟਰ/ਪ੍ਰਿੰਸੀਪਲ ਧਵਨ ਕੁਮਾਰ ਨੇ ਇਸ ਦਿਨ ਸਕੂਲ ਦੇ ਸਾਰੇ ਮਜਦੂਰ ਵਰਗ ਦੀ ਮਹੱਤਤਾ ਅਤੇ ਮਜਦੂਰ ਲਹਿਰ ਦੀਆਂ ਪ੍ਰਾਪਤੀਆਂ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਹਨਾਂ ਸਕੂਲ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਮਈ ਦਿਵਸ ਦੀ ਵਧਾਈ ਦਿੰਦਿਆਂ ਆਖਿਆ ਕਿ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਨਾਲ ਇੱਕ ਦਿਨ ਇਨਸਾਨ ਆਪਣੀ ਮੰਜਿਲ ’ਤੇ ਪਹੁੰਚ ਜਾਂਦਾ ਹੈ। ਇਸ ਮੌਕੇ ਜਿੱਥੇ ਸਕੂਲ ਵਿੱਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਧਵਨ ਕੁਮਾਰ ਵੱਲੋਂ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਉਹਨਾਂ ਦੀ ਕਾਰਗੁਜਾਰੀ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਮਾਜ ’ਚ ਆਕਾਰ ਦੇਣ ਲਈ ਮਜਦੂਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਮਜਦੂਰ ਦਿਵਸ ਨੂੰ ਸਮਰਪਿਤ ਭਾਸ਼ਣ ’ਚ ਉਹਨਾਂ ਨੇ ਕਿਹਾ ਕਿ ਇਹ ਦਿਨ ਨਾ ਸਿਰਫ਼ ਅਤੀਤ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਦਾ ਸਮਾਂ ਹੈ, ਸਗੋਂ ਆਪਣੇ ਹੱਕਾਂ ਲਈ ਚੱਲ ਰਹੇ ਸੰਘਰਸ਼ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਵੀ ਦਿਨ ਹੈ, ਇਸ ਮੌਕੇ ਸਕੂਲ ਦੇ ਸਾਰੇ ਕਰਮਚਾਰੀ ਵਰਗ ਦੇ ਲਈ ਵੱਖ-ਵੱਖ ਤਰਾਂ ਦੀਆਂ ਫਨ ਗੇਮਾਂ ਕਰਵਾਈਆਂ ਗਈਆਂ, ਜਿਸ ’ਚ ਸਾਰੇ ਕਰਮਚਾਰੀ ਵਰਗ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਇਸ ਖਾਸ ਦਿਨ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ’ਚ ਬੱਚਿਆਂ ਨੇ ਗੀਤ, ਭੰਗੜਾ, ਗਿੱਧਾ ਦੀ ਪੇਸ਼ਕਾਰੀ ਕਰਕੇ ਆਪਣੀ ਕਲਾ ਨੂੰ ਮਜਦੂਰ ਦਿਵਸ ਲਈ ਸਮਰਪਿਤ ਕੀਤਾ।