ਮਾਤਾ-ਪਿਤਾ ਤੋਂ ਬਾਅਦ ਬੱਚਾ ਜੇ ਕਿਸੇ ਦੇ ਕਰੀਬ ਹੁੰਦਾ ਹੈ ਤਾਂ ਉਹ ਹੈ ਅਧਿਆਪਕ। ਅਧਿਆਪਕ ਵੱਲੋਂ ਕਹੀ ਹਰ ਗੱਲ ਬੱਚੇ ਅੰਦਰ ਘਰ ਕਰ ਜਾਂਦੀ ਹੈ। ਬੱਚਾ ਆਪਣਾ ਜ਼ਿਆਦਾ ਸਮਾਂ ਸਕੂਲ ’ਚ ਅਧਿਆਪਕਾਂ ਨਾਲ ਗੁਜ਼ਾਰਦਾ ਹੈ। ਸਕੂਲ ’ਚ ਉਹ ਬਹੁਤ ਸਾਰੀਆਂ ਨਵੀਂਆਂ ਗੱਲਾਂ ਦੇ ਨਾਲ-ਨਾਲ ਅਨੁਸ਼ਾਸਨ ’ਚ ਰਹਿਣਾ ਸਿੱਖਦਾ ਹੈ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਸਕੂਲ ਤੋਂ ਹੁੰਦਾ ਹੋਇਆ ਕਾਲਜ, ਯੂਨੀਵਰਸਿਟੀ ਤਕ ਪਹੁੰਚਦਾ ਹੈ।
ਇਸ ਦੁਨੀਆਂ ਦੀ ਸੁੰਦਰਤਾ ਨੂੰ ਵਧਾਉਣ ਲਈ ਜੇਕਰ ਕੋਈ ਮਹਾਨ ਯੋਗਦਾਨ ਪਾਉਂਦਾ ਹੈ ਤਾਂ ਉਹ ਅਧਿਆਪਕ ਹੀ ਹੈ, ਇਕ ਅਧਿਆਪਕ ਹੀ ਉਸ ਪੀੜ੍ਹੀ ਨੂੰ ਤਿਆਰ ਕਰਦਾ ਹੈ ਜਿਹੜੇ ਅੱਗੇ ਵਧ ਕੇ ਮਹਾਨ ਵਿਚਾਰਧਾਰਾ ਦੇ ਨਾਲ ਇਸ ਦੁਨੀਆਂ ਨੂੰ ਰੁਸ਼ਨਾਉਂਦੇ ਹਨ। ਇਸ ਲਈ ਇਤਿਹਾਸ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕ ਵਰਗ ਦਾ ਹੀ ਹੁੰਦਾ ਹੈ। ਅਜਿਹੇ ਕਈ ਉਦਾਹਰਣ ਹਨ ਜਿਹੜੇ ਸਿੱਖਿਅਕ ਦੇ ਪ੍ਰਤੱਖ ਰੂਪ ਨੂੰ ਵਧਾਉਂਦੇ ਹਨ। ਏਕਲਵਯਾ ਦੀ ਆਪਣੇ ਗੁਰੂ ਦਰੋਣਾਚਾਰੀਆ ਦੀ ਮੂਰਤ ਬਣਾ ਕੇ ਖ਼ੁਦ ਸਿੱਖਣ ਦੀ ਕਹਾਣੀ ਗੁਰੂ ਦੇ ਪ੍ਰਤੀ ਇੱਜ਼ਤ ਦੀ ਵੱਡੀ ਉਦਾਹਰਣ ਹਂ ਗੁਰੂ, ਜਿਹੜਾ ਗਿਆਨ ਦਿੰਦਾ ਹੈ, ਉਸ ਨੂੰ ਸਮਾਜ ਵਿਚ ਸਭ ਤੋਂ ਉੱਚਾ ਸਨਮਾਨ ਸਿਰ ਪੁਰਾਣੀਆਂ ਕਹਾਣੀਆਂ ) ਚੋਂ ਹੀ ਨਹੀਂ ਬਲਕਿ ਮੌਜੂਦਾ ਸਮੇਂ ਵਿੱਚ ਵੀ ਵੇਖਿਆ ਜਾ ਸਕਦਾ ਹੈ। ਇਸ ਲਈ ਤਾਂ ਸਾਡੀ ਸਿੱਖਿਆ ਵਿਵਸਥਾ ਵਿਚ ਅੱਜ ਉਨ੍ਹਾਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਦਾ ਜ਼ਿਕਰ ਅਕਸਰ ਹੀ ਕੀਤਾ ਜਾਂਦਾ ਹੈ ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਣਾ ਹੈ। ਹੁਣ ਵੀ ਅਜਿਹੇ ਅਧਿਆਪਕ ਹਨ ਜਿਹੜੇ ਆਪਣੀ ਸਾਰੀ ਉਮਰ ਸਿੱਖਿਆ ਖੇਤਰ ਨੂੰ ਹੋਰ ਵਧੀਆ ਕਰਨ ਲਈ ਸਮਰਪਿਤ ਕਰ ਚੁੱਕੇ ਹਨ। ਅਧਿਆਪਕ ਸਮਾਜੀਕਰਨ ਪ੍ਰਕਿਰਿਆ ਦੀ ਨੀਂਹ ਹੈ। ਜਿਸ ਤਰ੍ਹਾਂ ਦੀ ਨੀਂਹ ਹੋਵੇਗੀ, ਉਸ ਤਰ੍ਹਾਂ ਦੀ ਹੀ ਪੀੜ੍ਹੀ ਹੋਵੇਗੀ ਅਤੇ ਜਿਸ ਤਰ੍ਹਾਂ ਦੀ ਪੀੜ੍ਹੀ ਹੋਵੇਗੀ, ਉਸ ਤਰ੍ਹਾਂ ਦੀ ਹੀ ਸੱਭਿਅਤਾ ਹੋਵੇਗੀ। ਜੇਕਰ ਅਸੀਂ ਚੰਗੀ ਸੱਭਿਅਤਾ ਸਥਾਪਤ ਕਰਨੀ ਹੈ ਤਾਂ ਸਾਨੂੰ ਅਧਿਆਪਕ ਪ੍ਰਣਾਲੀ ਚੰਗੀ ਬਨਾਉਣ ਦੀ ਲੋੜ ਹੈ।ਇੱਕ ਚੰਗਾ ਅਧਿਆਪਕ ਹਮੇਸ਼ਾਂ ਆਪਣੇ ਵਿਦਿਆਰਥੀਆਂ ਵਿੱਚ ਹਰਮਨ ਪਿਆਰਾ ਬਣਿਆ ਰਹਿੰਦਾ ਹੈ। ਜੋ ਔਖੇ ਸੁਆਲਾਂ ਨੂੰ ਵੀ ਸੌਖੇ ਢੰਗ ਨਾਲ ਬੱਚਿਆਂ ਨੂੰ ਸਮਝਾਉਣ ਵਿੱਚ ਸਫਲ ਹੋ ਜਾਂਦਾ ਹੈ। ਇਸ ਦੇ ਨਾਲ ਹੀ ਹੁਸ਼ਿਆਰ ਬੱਚਿਆਂ ਨੂੰ ਸਮਝਾਉਣਾ/ਪੜਾਉਣਾ ਭਾਵੇਂ ਕਿ ਸੌਖਾ ਕੰਮ ਹੁੰਦਾ ਹੈ, ਪਰ ਕਮਜ਼ੋਰ ਵਿਦਿਆਰਥੀਆਂ ਵੱਲ ਉਚੇਚਾ ਧਿਆਨ ਦੇ ਕੇ, ਪਿਆਰ, ਲਗਨ, ਮਿਹਨਤ ਨਾਲ ਉਹਨਾਂ ਨੂੰ ਵੀ ਕਾਬਿਲ ਵਿਦਿਆਰਥੀਆਂ ਦੀ ਕਤਾਰ ਵਿੱਚ ਖੜ੍ਹਾ ਕਰਨ ਵਾਲਾ ਅਧਿਆਪਕ ਸਹੀ ਮਾਇਨਿਆਂ ਵਿੱਚ ਆਪਣੇ ਕਿੱਤੇ ਨਾਲ ਇਨਸਾਫ ਕਰ ਪਾਉਂਦਾ ਹੈ। ਵਿਦਿਆਰਥੀਆਂ ਦੇ ਮਨਾਂ ਅੰਦਰ ਉਤਸ਼ਾਹ, ਆਤਮ ਵਿਸ਼ਵਾਸ਼, ਦਿਲਚਸਪੀ ਪੈਦਾ ਕਰਨ ਦੀਆਂ ਅਹਿਮ ਜਿੰਮੇਵਾਰੀਆਂ ਨਿਭਾਉਣਾ ਅਧਿਆਪਕ ਦੇ ਹਿੱਸੇ ਵਿੱਚ ਆਉਂਦਾ ਹੈ ਅਤੇ ਇਹੀ ਕਾਰਣ ਹੈ ਕਿ ਅਧਿਆਪਕ ਨੂੰ ਸਮਾਜ ਸਿਰਜਕ ਕਿਹਾ ਜਾਂਦਾ ਹੈ।ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤਾ ਮਨੁੱਖ ਜਿੰਦਗੀ ਵਿੱਚਲੇ ਅਹਿਮ ਰਿਸ਼ਤਿਆਂ ਵਿੱਚੋਂ ਹੁੰਦਾ ਹੈ। ਹਰ ਅਧਿਆਪਕ ਲਈ ਜ਼ਰੂਰੀ ਹੈ ਕਿ ਬੱਚਿਆਂ ਦੇ ਮਨਾਂ ਅੰਦਰ ਵਿੱਦਿਆ ਪ੍ਰਤੀ ਚਾਨਣ ਪੈਦਾ ਕਰਨ ਦੇ ਨਾਲ ਨਾਲ ਨੈਤਿਕ ਗੁਣ ਪੈਦਾ ਕੀਤੇ ਜਾਣ। ਕਮਜ਼ੋਰ ਵਿਦਿਆਰਥੀਆਂ ਦੀ ਮੱਦਦ ਲਈ ਹਮੇਸ਼ਾ ਤਿਆਰ ਰਿਹਾ ਜਾਵੇ। ਵਿਦਿਆਰਥੀਆਂ ਅੰਦਰ ਚੰਗੇ ਸਦਾਚਾਰਕ ਗੁਣ ਪੈਦਾ ਕਰਨ ਲਈ ਅਧਿਆਪਕ ਦਾ ਆਪਣਾ ਜੀਵਣ ਵਿਦਿਆਰਥੀ ਲਈ ਸੱਭ ਤੋਂ ਪਹਿਲਾ ਪ੍ਰੇਰਣਾ ਸਰੋਤ ਹੋਵੇ। ਅਧਿਆਪਕ ਬੱਚੇ ਅੰਦਰ ਲੁਕੀ ਪ੍ਰਤਿਭਾ ਨੂੰ ਪਹਿਚਾਣ ਕੇ ਉਸਦੇ ਅੰਦਰ ਉਸ ਅੰਦਰ ਉਤਸ਼ਾਹ ਪੈਦਾ ਕਰ ਸਕਦੇ ਹਾ ਜਿਸ ਪ੍ਰਤੀ ਸ਼ਾਇਦ ਵਿਦਿਆਰਥੀ ਸੰਵੇਦਨਸ਼ੀਲ ਨਹੀਂ ਹੁੰਦਾ ।ਸਰਕਾਰ ਦੁਆਰਾ ਚੰਗੀ ਕਾਰਗੁਜ਼ਾਰੀ ਲਈ ਅਧਿਆਪਕਾ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇੱਕ ਅਧਿਆਪਕ ਹਮੇਸ਼ਾ ਉਸ ਸਮੇਂ ਮਾਣ ਮਹਿਸੂਸ ਕਰਦਾ ਹੈ ਜਦੋਂ ਉਸ ਤੋਂ ਸਿੱਖਿਆ ਪ੍ਰਾਪਤ ਕਰ ਕੋਈ ਵਿਦਿਆਰਥੀ ਕਿਸੇ ਉੱਚ ਅਹੁਦੇ ਤੇ ਪਹੁੰਚ ਜਾਂਦਾ ਹੈ ਜਾਂ ਸਮਾਜ ਵਿੱਚ ਵਿਚਰਦਿਆ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਂਦਾ ਹੈ। ਅਸੀਂ ਸਭ ਜੋ ਆਪਣੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਸਾਨੂੰ ਇਹ ਅਹਿਸਾਸ ਹੋਵੇਗਾ ਕਿ ਅੱਜ ਅਸੀਂ ਜਿਸ ਮੁਕਾਮ ਤੇ ਵੀ ਹਾਂ ਉੱਥੇ ਪਹੁੰਚਾਉਣ ਵਿੱਚ ਸਾਡੇ ਸਤਿਕਾਰਯੋਗ ਅਧਿਆਪਕਾਂ ਦਾ ਹੀ ਹੱਥ ਹੈ। ਜਦ ਵੀ ਟੀਚਰ ਆਪਣੇ ਹੱਕ ਦੀ ਲੜਾਈ ਲੜਨ ਲਈ ਸਾਹਮਣੇ ਆਏ ਹਨ ਉਨ੍ਹਾਂ ਉੱਤੇ ਤਸ਼ੱਦਦ ਢਾਇਆ ਗਿਆ ਹੈ। ਪੁਲਿਸ ਵਲੋਂ ਉਨ੍ਹਾਂ ਦੇ ਸਨਮਾਨ ਲਈ ਉਨ੍ਹਾਂ ‘ਤੇ ਲਾਠੀਆਂ ਦੀ ਬੁਛਾਰ ਕੀਤੀ ਜਾਂਦੀ ਹੈ।
ਹੁਣ ਜਿਹੜੇ ਟੀਚਰਾਂ ਜਾਂ ਅਧਿਆਪਕਾਂ ‘ਤੇ ਪੁਲਿਸ ਵਾਲਿਆਂ ਵਲੋਂ ਲਾਠੀਆਂ ਦੀ ਵਰਸਾਤ ਕੀਤੀ ਜਾਂਦੀ ਹੈ ਉਨ੍ਹਾਂ ਦੇ ਬੱਚੇ ਹੀ ਉਨ੍ਹਾਂ ਟੀਚਰਾਂ ਕੋਲ ਫਿਰ ਸਿੱਖਿਆ ਗ੍ਰਹਿਣ ਕਰਨ ਲਈ ਜਾਂਦੇ ਹਨ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਟੀਚਰਾਂ ਦਾ ਇਹੋ ਜਿਹਾ ਸਨਮਾਨ ਉਨ੍ਹਾਂ ਨੂੰ ਤੁਹਾਡੇ ਬੱਚਆਂ ਨੂੰ ਸਿੱਖਿਅਤ ਕਰਨ ਦੀ ਇਵਜ਼ ਵਿੱਚ ਦਿੱਤਾ ਜਾਂਦਾ ਹੈ ।।ਅਸਲ ਵਿੱਚ ਟੀਚਰ ਜਾਂ ਅਧਿਆਪਕ ਦਾ ਰੁਤਬਾ ਪਹਿਲੇ ਵਾਲਾ ਨਹੀਂ ਰਹਿ ਗਿਆ। ਏਥੇ ਏਕਲੱਵਿਆ ਨਹੀਂ ਰਹੇ ਕਿ ਉਹ ਟੀਚਰ ਜਾਂ ਆਪਣੇ ਗੁਰੂ ਦੇ ਕਹਿਣ ‘ਤੇ ਆਪਣਾ ਅੰਗੂਠਾ ਕੱਟ ਦੇਣ।
ਅੱਜ ਦੇ ਸਮੇਂ ਸਿੱਖਿਆ ਤੇ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਕਾਫ਼ੀ ਬਦਲਾਅ ਆਇਆ ਹੈ।
ਅੱਜ ਆਮ ਹੀ ਸੁਣਨ ਵਿੱਚ ਆਉਂਦਾ ਹੈ ਕਿ ਅਧਿਆਪਕ ਨੇ ਕਿਸੇ ਵਿਦਿਆਰਥੀ ਨੂੰ ਝਿੜਕਿਆ ਜਾਂ ਮਾਰਿਆ ਤੇ ਬਦਲੇ ਵਿੱਚ ਵਿਦਿਆਰਥੀ ਨੇ ਅਧਿਆਪਕ ਨੂੰ ਕੁੱਟ ਸੁਟਿਆ। ਅੱਜ ਵਿਦਿਆਰਥੀਆਂ ਵਿੱਚ ਸਤਿਕਾਰ ਦੀ ਭਾਵਨਾ ਲੋਪ ਹੋ ਗਈ ਹੈ ਅਤੇ ਵਿਦਿਆਰਥੀਆਂ ਦੇ ਮਨ ਵਿੱਚ ਹਿੰਸਕ ਭਾਵਨਾ ਭਾਰੂ ਹੋ ਗਈ ਹੈ। ਅਧਿਆਪਕ ਵਿਦਿਆਰਥੀ ਦੇ ਰਿਸ਼ਤੇ ਵਿੱਚ ਆਪਸੀ ਸਮਝ, ਪਿਆਰ ਤੇ ਸਤਿਕਾਰ ਦੀ ਭਾਵਨਾ ਦਾ ਅੰਤ ਹੋ ਚੁੱਕਾ ਹੈ। ਇੱਥੇ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਕੀ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਕਿਸੇ ਗ਼ਲਤ ਗੱਲ ਤੋਂ ਵਰਜ਼ ਨਹੀਂ ਸਕਦਾ? ਕੀ ਅਧਿਆਪਕ ਨੂੰ ਆਪਣੀਆਂ ਅੱਖਾਂ ਅੱਗੇ ਕੁਝ ਵੀ ਗ਼ਲਤ ਹੋਇਆ ਦੇਖ ਕੇ ਉਸ ਨੂੰ ਅਣਦੇਖਿਆ ਕਰਨਾ ਚਾਹੀਦਾ ਹੈ? ਬਹੁਤੇ ਅਧਿਆਪਕ ਇਸੇ ਤਰ੍ਹਾਂ ਹੀ ਕਰਦੇ ਹਨ ਉਹ ਬੱਚਿਆਂ ਨੂੰ ਘੱਟ-ਵੱਧ ਹੀ ਕੁਝ ਕਹਿੰਦੇ ਹਨ। ਅਮੀਰ ਪਰਿਵਾਰਾਂ ਦੇ ਵਿਦਿਆਰਥੀ ਤਾਂ ਅਧਿਆਪਕ ਦੀ ਆਖੀ ਸੁਣਨ ਦੀ ਥਾਂ ਆਪਣੇ ਪੈਸੇ ਦਾ ਦਿਖਾਵਾ ਕਰਨ ਵਿੱਚ ਹੀ ਉਲਝੇ ਰਹਿੰਦੇ ਹਨ। ਹੁਣ ਇਹ ਵੀ ਦੇਖਣ ਵਿੱਚ ਆਇਆ ਹੈ ਕਿ ਬਹੁਤੇ ਮਾਪੇ ਵੀ ਇਸ ਗੱਲ ਦੇ ਖ਼ਿਲਾਫ਼ ਹਨ ਕਿ ਉਨ੍ਹਾਂ ਦੇ ਬੱਚੇ ਨੂੰ ਅਧਿਆਪਕ ਝਿੜਕਦਾ ਕਿਉਂ ਹੈ ਜਾਂ ਕਿਸੇ ਗੱਲ ਤੋਂ ਰੋਕ-ਟੋਕ ਕਿਉਂ ਕਰਦਾ ਹੈ। ਇਹ ਵਰਤਾਰਾ ਉਹ ਨੌਜਵਾਨਾਂ ਦੇ ਭਵਿੱਖ ਲਈ ਠੀਕ ਨਹੀਂ।
ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਵਿਦਿਆਰਥੀਆਂ ਅੰਦਰ ਇਹ ਭਾਵਨਾ ਪੈਦਾ ਕਰਨ ਕਿ ਅਧਿਆਪਕਾ ਨੂੰ ਵੀ ਮਾ ਬਾਪ ਹੀ ਸਮਝਿਆ ਜਾਵੇ ਅਤੇ ਉਹਨਾਂ ਦੀ ਹਰ ਗੱਲ ਮੰਨੀ ਜਾਵੇ ਅਤੇ ਦਿਲ ਤੋ ਸਤਿਕਾਰ ਕੀਤਾ ਜਾਵੇ ।ਵਿਦਿਆਰਥੀਆਂ ਨੂੰ ਇਹ ਚਾਹੀਦਾ ਹੈ ਕਿ ਆਪਣੇ ਅਧਿਆਪਕਾਂ ਦੀ ਕਿਸੇ ਵੀ ਝਿੜਕ ਦਾ ਗੁੱਸਾ ਨਾ ਕੀਤਾ ਜਾਵੇ, ਅਗਰ ਅਧਿਆਪਕ ਤੁਹਾਨੂੰ ਝਿੜਕ ਰਿਹਾ ਹੈ ਤਾਂ ਉਹ ਤੁਹਾਡੇ ਚੰਗੇਰੇ ਭਵਿੱਖ ਲਈ ਹੀ ਤੁਹਾਨੂੰ ਕੁਝ ਕਹਿ ਰਿਹਾ ਹੈ ।

ਰਾਜਬੀਰ ਕੌਰ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁੱਬਲੀ