ਮੇਰੇ ਤਾਇਆ ਜੀ ਸ. ਖ਼ਜ਼ਾਨ ਸਿੰਘ ਦੇ ਵੱਡੇ ਪੁੱਤਰ ਸ. ਗੁਰਦਿਆਲ ਸਿੰਘ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਨੇ। ਸੰਨ ਸੰਤਾਲੀ ਵੇਲੇ ਉਹ ਵਿਆਹੇ ਵਰੇ ਭਰ ਜਵਾਨ ਗੱਭਰੂ ਸਨ। ਦੋ ਬਲਦਾਂ ਦੀ ਜੋਗ ਨੂੰ ਆਪਸ ਚ ਨੱਥ ਕੇ ਰਾਵੀ ਪਾਰ ਕਰਨ ਵਾਲੇ ਸਾਡੇ ਵੱਡੇ ਵੀਰ ਨੂੰ ਉਦੋਂ ਹੀ ਪਤਾ ਸੀ ਕਿ ਗੋਕਾ ਡੰਗਰ ਨਾ ਡੁੱਬਦਾ ਹੈ ਨਾ ਡੁੱਬਣ ਦੇਂਦਾ ਹੈ। ਬਿਨਾ ਵੇਦ ਕਤੇਬ ਪੜ੍ਹਿਆਂ ਉਸ ਨੂੰ ਪਤਾ ਸੀ ਕਿ ਬੈਤਰਨੀ ਨਦੀ ਪਾਰ ਕਰਨ ਲਈ ਗਊ ਦੀ ਪੂਛ ਫੜ ਕੇ ਹੀ ਪਾਰ ਲੱਗਿਆ ਦਾ ਸਕਦਾ ਹੈ।
ਕਿਰਤ ਨੂੰ ਪਰਣਾਏ ਸਾਡੇ “ਭਾਅ” ਨੇ ਭਾਬੀ ਗੁਰਚਰਨ ਕੌਰ ਦੇ ਸੰਗ ਸਾਥ ਲੰਮਾ ਸੰਘਰਸ਼ ਕਰਕੇ ਬਹੁਤ ਕੁਝ ਉਸਾਰਿਆ। ਰਬੜ ਦੇ ਪਹੀਆਂ ਵਾਲੀ ਵੱਡੀ ਰੇੜ੍ਹੀ ਤੇ ਢਾਈ ਮਣੀ ਬੋਰੀ ਲੱਦਦਿਆਂ ਉਸ ਦੀ ਵਗਣੀ ਵੇਖਣ ਵਾਲੀ ਹੁੰਦੀ ਸੀ।
ਉਦੋਂ ਅੱਜ ਵਾਲਾ ਕਾਹਲੀ ਵਾਲਾ ਟਰਾਲੀ ਯੁਗ ਨਹੀਂ ਸੀ, ਲਗ ਪਗ ਸੱਠ ਸਾਲ ਪਹਿਲਾਂ। ਸਾਡੇ ਪਿੰਡੋਂ ਸ਼ਾਮ ਨੂੰ ਗੱਡੇ ਤੁਰਦੇ, ਰਾਤੋ ਰਾਤ ਵਟਾਲੇ ਤੇ ਸਵੇਰੇ ਵਾਪਸ ਧਿਆਨਪੁਰ,ਕਰਿਆਨੇ ਵਾਲਿਆਂ ਦਾ ਸਮਾਨ ਲੱਦ ਕੇ।
ਭਾਅ ਲੋਹੇ ਦਾ ਮਰਦ ਸੀ। ਹਠੀਲਾ, ਗਠੀਲਾ ਤੇ ਫੁਰਤੀਲਾ।
ਸਦੀ ਲੰਮਾ ਸਫ਼ਰ ਕਰਨ ਵਾਲਾ ਸਾਡੇ ਸਾਰੇ ਟੱਬਰ ਦਾ ਵੱਡਾ ਵੀਰ ਅਲਵਿਦਾ ਕਹਿ ਗਿਆ 19 ਸਤੰਬਰ ਦੀ ਰਾਤ।
ਮਨ ਉਦਾਸ ਹੈ!
28ਸਤੰਬਰ ਨੂੰ ਅੰਤਿਮ ਅਰਦਾਸ ਹੋ ਜਾਵੇਗੀ ਸਾਡੇ ਪਿੰਡ ਬਸੰਤਕੋਟ(ਗੁਰਦਾਸਪੁਰ) ।
ਪਿੰਡ ਛੱਡਿਆਂ ਮੈਨੂੰ ਤਰਵੰਜਾ ਸਾਲ ਹੋ ਗਏ ਨੇ। ਤਾਇਆ, ਤਾਈ, ਮਾਪੇ ਤੇ ਚਾਚੀਆਂ ਚਾਚੇ ਸਭ ਚਲੇ ਗਏ ਨੇ। ਦੂਰ ਤੀਕ ਕੁਝ ਨਹੀਂ ਲੱਭ ਰਿਹਾ। ਜੀਉਣ ਜਾਗਣ ਇਨ੍ਹਾਂ ਦੇ ਵਾਰਸ, ਪਰ ਭਾਬੀ ਗੁਰਚਰਨ ਕੌਰ ਵਰਗੀਆਂ ਸੇਂਵੀਆਂ ਕੋਈ ਨਹੀਂ ਬਣਾ ਸਕਦਾ। ਚਾਚੀ ਜੀ ਗੁਰਦੀਪ ਕੌਰ ਵਰਗੇ ਵੜੀਆਂ ਵਾਲੇ ਹਲਦੀ ਰੰਗੇ ਬਾਸਮਤੀ ਦੇ ਮਹਿਕੰਦੜੇ ਚੌਲ ਅੱਜ ਵੀ ਪਿੱਛਾ ਕਰਦੇ ਨੇ। ਮੇਰੀ ਮਾਂ ਹਰ ਵਿਸਾਖੀ ਤੇ ਗੁੜ ਵਾਲੇ ਗੁਣੇ ਤਲਦੀ ਜੋ ਅਸੀਂ ਮਹੀਨਾ ਭਰ ਖਾਈ ਜਾਂਦੇ।
ਯਾਦਾਂ ਦੇ ਪਰਛਾਵੇਂ ਲਮਕ ਰਹੇ ਨੇ ਸੁੱਤਿਆਂ ਜਾਗਦਿਆਂ।
ਸਾਡੇ ਵੱਡਿਆਂ ਵਿੱਚੋਂ ਆਖ਼ਰੀ ਨਿਸ਼ਾਨ ਵੀ ਮਿਟ ਗਿਆ।
ਇਸ ਦਰਦ ਦਾ ਕੋਈ ਨਾਂ ਨਹੀਂ ਹੈ।

ਗੁਰਭਜਨ ਗਿੱਲ