ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਇਕ ਤੇਜ ਰਫਤਾਰ ਸਕਾਰਪੀਉ ਗੱਡੀ ਦੀ ਜੁਗਾੜੂ ਵਾਹਨ ਨਾਲ ਹੋਈ ਟੱਕਰ ਤੋਂ ਬਾਅਦ ਜੁਗਾੜੂ ਵਾਹਨ ਦੇ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲ ਸਿੰਘ ਨਾਮ ਦਾ ਨੋਜਵਾਨ ਜੁਗਾੜੂ ਵਾਹਨ ਲੈ ਕੇ ਜਾ ਰਿਹਾ ਸੀ ਤੇ ਹਾਦਸੇ ਤੋਂ ਬਾਅਦ ਉਹ ਉੱਛਲ ਕੇ ਅਚਾਨਕ ਕੱਚੀ ਥਾਂ ’ਤੇ ਡਿੱਗ ਪਿਆ, ਜਿਸ ਕਰਕੇ ਉਸ ਦੀ ਬੱਚਤ ਹੋ ਗਈ ਅਤੇ ਉਸ ਦਾ ਜੁਗਾੜੂ ਵਾਹਨ ਉੁਛਲ ਕੇ ਲਗਭਗ 200 ਮੀਟਰ ਅੱਗੇ ਜਾ ਕੇ ਡਿੱਗਿਆ। ਹਾਦਸੇ ਤੋਂ ਬਾਅਦ ਸਕਾਰਪੀਉ ਗੱਡੀ ਵੀ ਪਲਟ ਗਈ ਅਤੇ ਦੋਨੋ ਵਾਹਨ ਬੁਰੀ ਤਰਾਂ ਨੁਕਸਾਨੇ ਗਏ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਜੋਵਾਲਾ ਪਿੰਡ ਦਾ ਮੰਗਲ ਸਿੰਘ ਸਬਜ਼ੀਆਂ ਵੇਚਦਾ ਹੈ। ਉਹ ਫਰੀਦਕੋਟ ਤੋਂ ਸਬਜ਼ੀਆਂ ਖਰੀਦ ਕੇ ਆਪਣੇ ਪਿੰਡ ਰਾਜੋਵਾਲਾ ਵਾਪਸ ਆ ਰਿਹਾ ਸੀ, ਜਦੋਂ ਪਿੱਛੇ ਤੋਂ ਆ ਰਹੀ ਇੱਕ ਸਕਾਰਪੀਓ ਨੇ ਉਸ ਨੂੰ ਰਾਧਾ ਸਵਾਮੀ ਡੇਰੇ ਨੇੜੇ ਟੱਕਰ ਮਾਰ ਦਿੱਤੀ, ਟੱਕਰ ਐਨੀ ਜ਼ਬਰਦਸਤ ਸੀ ਕਿ ਉਸਦਾ ਬਚਣਾ ਮੁਸ਼ਕਿਲ ਸੀ ਪਰ ਇਹ ਕਹਾਵਤ ਅੱਜ ਸੱਚ ਸਾਬਤ ਹੋਈ ਕਿ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ’। ਉਨ੍ਹਾਂ ਕਿਹਾ ਕਿ ਟੱਕਰ ਤੋਂ ਮੰਗਲ ਸਿੰਘ ਉਛਲ ਕੇ ਸੜਕ ਦੇ ਕਿਨਾਰੇ ਕੱਚੀ ਥਾਂ ’ਤੇ ਡਿੱਗ ਗਿਆ, ਜਿਸ ਕਾਰਨ ਉਹ ਬਚ ਗਿਆ। ਇਸ ਹਾਦਸੇ ਵਿੱਚ ਸਕਾਰਪੀਓ ਚਾਲਕ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਾਲਾਂਕਿ ਜੁਗਾੜੂ ਵਾਹਨ ਅਤੇ ਗੱਡੀ ਨੂੰ ਕਾਫ਼ੀ ਨੁਕਸਾਨ ਹੋਇਆ ਹੈ।