ਪੰਜਾਬ ਅੰਦਰ ਸਰਕਾਰੀ ਵਿਭਾਗਾਂ ਵਿੱਚ ਚੌਥਾ ਕਰਮਚਾਰੀਆਂ ਦੀਆਂ ਪੋਸਟਾਂ ਅਕਸਰ ਹੀ ਖਾਲੀ ਪਈਆਂ ਰਹਿੰਦੀਆਂ ਹਨ ਜਿਸ ਨਾਲ ਸਰਕਾਰੀ ਕੰਮਕਾਜ ਦੀ ਰਫਤਾਰ ਮੱਧਮ ਪੈਣੀ ਸੁਭਾਵਕ ਹੈ।ਸਰਕਾਰ ਵਲੋਂ ਅਧੀਨ ਸੇਵਾਵਾਂ ਚੋਣ ਬੋਰਡ , ਪੰਜਾਬ ਰਾਹੀਂ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਲਈ ਸੇਵਾਦਾਰ , ਸਵੀਪਰ-ਕਮ-ਚੌਕੀਦਾਰ , ਸਫਾਈ ਸੇਵਕ , ਸਵੀਪਰ-ਕਮ-ਮਾਲੀ ਅਤੇ ਹੋਰ ਆਸਾਮੀਆਂ ਨੂੰ ਭਰਨ ਲਈ ਆਨ ਲਾਈਨ ਅਪਲਾਈ ਕਰਨ ਲਈ 15 ਦਸੰਬਰ 2025 ਤੱਕ ਬਿਨੈ-ਪੱਤਰ ਮੰਗੇ ਹਨ । ਇਨ੍ਹਾਂ ਦੀ ਕੁੱਲ ਗਿਣਤੀ 331 ਹੈ ਜੋ ਕਿ ਬਹੁਤ ਥੋੜੀ ਹੈ । ਜੇ ਸਕੂਲਾਂ ਦੀ ਗੱਲ ਕਰੀਏ ਜੋ ਸਿੱਖਿਆ ਕ੍ਰਾਂਤੀ ਨਾਲ ਜੁੜੇ ਹੋਏ ਹਨ ਤਾਂ ਉਥੇ ਦਰਜਾ ਚਾਰ ਦੀਆਂ ਪੋਸਟਾਂ ਵੱਡੀ ਮਿਕਦਾਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਖਾਲੀ ਪਈਆਂ ਹਨ ।
ਸਮਾਰਟ ਸਕੂਲ਼ ਗੇਟ ਅੱਗੇ ਲਿਖਣ ਨਾਲ ਕੋਈ ਫਰਕ ਨਹੀਂ ਪੈਣਾ ਜਿੰਨਾ ਚਿਰ ਸਕੂਲ ਅੰਦਰਲੇ ਸਾਰੇ ਢਾਂਚੇ ਨੂੰ ਸੁਰੱਖਿਅਤ ਅਤੇ ਬਿਹਤਰ ਨਹੀਂ ਬਣਾਇਆ ਜਾਂਦਾ । ਹਰੇਕ ਸਾਲ ਛੁੱਟੀਆਂ ਤੋਂ ਬਾਅਦ ਸਕੂਲ਼ ਖੁਲ੍ਹਣ ਨਾਲ ਹੀ ਜਿਨ੍ਹਾਂ ਸਕੂਲਾਂ ‘ਚ ਦਰਜਾ ਚਾਰ ਕਰਮਚਾਰੀ ਨਹੀਂ, ਉਥੇ ਅਧਿਆਪਕਾਂ ਨੂੰ ਸਾਫ ਸਫਾਈ ਅਤੇ ਹੋਰ ਕੰਮ ਕਰਵਾਉਣੇ ਹੁੰਦੇ ਹਨ ਕਿਉਂ ਕਿ ਘਾਹ ਆਦਿ ਦਾ ਵੱਧ ਜਾਣਾ , ਆਲੇ ਦੁਆਲੇ ਦਰੱਖਤਾਂ ਦੇ ਪਤੇ ਆਦਿ , ਮੀਂਹਾਂ ,ਹਨੇਰ੍ਹੀਆਂ ਨਾਲ ਸਕੂਲ ਦੇ ਅਹਾਤੇ ਦਾ ਗੰਦਾ ਹੋ ਜਾਣਾ , ਇਹ ਸਾਰੇ ਕੰਮਾਂ ਦੇ ਨਿਪਟਾਰੇ ਕਿਸ ਤਰ੍ਹਾਂ ਹੋਣੇ ਹਨ ਇਹ ਜਰੂਰ ਅਧਿਆਪਕਾਂ ਲਈ ਸਿਰਦਰਦੀ ਦਾ ਕਾਰਨ ਬਣ ਸਕਦਾ ਹੈ।ਇਨ੍ਹਾਂ ਦਰਜਾ ਚਾਰ ਦੀਆਂ ਖਾਲੀ ਪੋਸਟਾਂ ਤੇ ਕਈ ਦਹਾਕਿਆਂ ਤੋਂ ਕਦੇ ਨਵੀਂ ਨਿਯੁਕਤੀ ਨਹੀਂ ਕੀਤੀ ਗਈ ਸਿਰਫ ਦਰਜਾ ਚਾਰ ਕਰਮਚਾਰੀਆਂ ਦੀ ਸਰਵਿਸ ਦੌਰਾਨ ਮੌਤ ਹੋਣ ਤੇ ਪਰਿਵਾਰਕ ਮੈਂਬਰਾਂ ਦੀਆਂ ਤਰਸ ਦੇ ਆਧਾਰ ਤੇ ਹੀ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ,ਜਿਨ੍ਹਾਂ ‘ਚੋਂ ਕਈ ਵੱਧ ਯੋਗਤਾ ਕਾਰਨ ਹੋਰ ਆਸਾਮੀ ਤੇ ਨਿਯੁਕਤ ਹੋ ਜਾਂਦੇ ਹਨ।ਇਸ ਤਰ੍ਹਾਂ ਇਨ੍ਹਾਂ ਕੇਸਾਂ ‘ਚ ਵੀ ਆਸਾਮੀ ਬਰਕਰਾਰ ਰਹਿਣ ਦੀ ਸੰਭਾਵਨਾ ਘੱਟ ਹੁੰਦੀ ਹੈ।
ਹੁਣ ਤੱਕ ਸਕੂਲਾਂ ‘ਚ ਦਰਜਾ ਚਾਰ ਕਰਮਚਾਰੀਆਂ ਦੀਆਂ ਡਿਊਟੀਆਂ ਨੂੰ ਸਿੱਖਿਆ ਵਿਭਾਗ ਅੱਖੋਂ ਪਰੋਖੇ ਕਿਉਂ ਕਰਦਾ ਆ ਰਿਹਾ ਹੈ ਜਦੋਂ ਕਿ ਮਹਿਕਮੇ ‘ਚ ਸਿੱਖਿਆ ਸੁਧਾਰਾਂ ਦੇ ਨਾਂ ਤੇ ਬਹੁਤ ਕੁਝ ਨਵਾਂ ਕੀਤਾ ਜਾ ਰਿਹਾ ਹੈ।ਹੁਣ ਨਵੀਂ ਸਰਕਾਰ ਦਾ ਮੁੱਖ ਫੋਕਸ ਸਿੱਖਿਆ ਅਤੇ ਸਿਹਤ ਉੱਪਰ ਹੈ ਜਿਵੇਂ ਕਿ ਨਵੀਂ ਦਿੱਲੀ ਵਿੱਚ ਆਪ ਸਰਕਾਰ ਵਲੋਂ ਇਹ ਮੁੱਦਿਆਂ ਨੂੰ ਉਭਾਰਿਆ ਗਿਆ ਸੀ , ਆਸ ਸੀ ਨਵੀਂ ਤਬਦੀਲੀ ਜਰੂਰ ਜਲਦੀ ਸਾਹਮਣੇ ਆਵੇਗੀ ਪਰ ਅਜੇ ਤੱਕ ਤਾਂ ਇਸ ਸਬੰਧੀ ਇਸ ਸਰਕਾਰ ਦਾ ਕੋਈ ਠੋਸ ਕਦਮ ਭਰਤੀ ਸਬੰਧੀ ਚੁੱਕਿਆ ਸਾਹਮਣੇ ਨਹੀਂ ਆਇਆ ।
ਪੰਜਾਬ ਦੇ ਸਕੂਲਾਂ ਅੰਦਰ ਲੰਬੇ ਸਮੇਂ ਤੋਂ ਦਰਜਾ-ਚਾਰ ਕਰਮਚਾਰੀਆਂ ਦੀਆਂ ਪੋਸਟਾਂ ਨਾ ਭਰਨ ਕਾਰਨ ਅਧਿਆਪਕਾਂ ਨੂੰ ਆਪ ਹੀ ਕਈ ਸਕੂਲ਼ਾਂ ‘ਚ ਤਾਂ ਸਾਰਾ ਕੁਝ ਹੀ ਕਰਨਾ ਪੈਂਦਾ ਹੈ।ਬਹੁਤੇ ਸਕੂਲਾਂ ‘ਚ ਸਕੂਲ ਮੁੱਖੀਆਂ ਵਲੋਂ ਕਿਵੇਂ ਨਾ ਕਿਵੇਂ ਸਟਾਫ , ਮਨੇਜਮੈਂਟ ਕਮੇਟੀ ਜਾਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਪੈਸੇ ਦਾ ਪ੍ਰਬੰਧ ਕਰਕੇ ਆਰਜ਼ੀ ਤੌਰ ਤੇ ਦਰਜਾ ਚਾਰ ਦੇ ਕੰਮ ਲਈ ਬੰਦਾ ਰੱਖ ਲਿਆ ਜਾਂਦਾ ਹੈ,ਉਹ ਕਈ ਤਰ੍ਹਾਂ ਦੀਆਂ ਡਿਊਟੀਆਂ,ਜਿਵੇਂ ਮਾਲੀ ਦਾ ਕੰਮ , ਘੰਟੀ ਵਜਾਉਣਾ ,ਦਫਤਰੀ ਕੰਮ ਕਰਨੇ , ਚੌਕੀਦਾਰੀ ਕਰਨੀ ਆਦਿ ਕੰਮ ਉਸ ਤੋਂ ਲਏ ਜਾਂਦੇ ਹਨ।ਉਸ ਦੀ ਤਨਖਾਹ ਬਾਰੇ ਅੰਦਾਜ਼ਾ ਤੁਸੀਂ ਆਪ ਹੀ ਲਗਾ ਸਕਦੇ ਹੋ ਕਿ ਕਿੰਨੀ ਕੁ ਹੋਵੇਗੀ।ਇਹ ਕੋਈ ਜਿਆਦਾ ਨਹੀਂ ਹੁੰਦੀ ਜੋ ਉਸ ਦੇ ਘਰ ਦੇ ਖਰਚਿਆਂ ਲਈ ਕਾਫੀ ਹੋਵੇਗੀ। ਇਸ ਲਈ ਉਸ ਨੂੰ ਹੋਰ ਕੰਮ ਵੀ ਕਰਨੇ ਪੈ ਸਕਦੇ ਹਨ,ਉਸ ਦਾ ਦਿਮਾਗ ਭਟਕਨਾ ‘ਚ ਜਰੂਰ ਰਹੇਗਾ।ਇਨ੍ਹਾਂ ਬੰਦਿਆਂ ਦੀ ਜ਼ਿੰਮੇਵਾਰੀ ਕਿੰਨੀ ਕੁ ਨਿਸਚਤ ਕੀਤੀ ਜਾ ਸਕਦੀ ਹੈ,ਇਹ ਵੀ ਸਵਾਲੀਆ ਚਿੰਨ੍ਹ ਹੀ ਹੈ।ਸਕੂਲਾਂ ‘ਚ ਚੋਰੀ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਇਨ੍ਹਾਂ ਨੂੰ ਰੋਕਣ ਲਈ ਰੈਗੂਲਰ ਚੌਕੀਦਾਰ ਦਾ ਹੋਣਾ ਜਰੂਰੀ ਹੈ।
ਸਮਾਰਟ ਸਕੂਲਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਮੇਨਟੀਨੇਂਸ ਰੱਖਣ ਲਈ ਦਰਜਾ-ਚਾਰ ਕਰਮਚਾਰੀਆਂ ਦਾ ਹੋਣਾ ਬਹੁਤ ਜਰੂਰੀ ਹੈ ਪਰ ਬਹੁਤ ਘੱਟ ਸਕੂਲਾਂ ‘ਚ ਚੌਕੀਦਾਰ, ਮਾਲੀ , ਚਪੜਾਸੀ ਆਦਿ ਪੂਰੇ ਤਾਂ ਸਾਇਦ ਨਾ ਹੀ ਮਿਲਣ , ਟਾਵੀਂ ਟਾਵੀਂ ਪੋਸਟ ਭਾਵੇਂ ਭਰੀ ਮਿਲ ਜਾਵੇ।ਸਕੂਲ ਮੁੱਖੀ ਸਾਰੇ ਸਕੂਲ ਦੀ ਸਾਂਭ ਸੰਭਾਲ , ਬਿਨ੍ਹਾਂ ਚੌਥਾ ਦਰਜਾ ਕਰਮਚਾਰੀਆਂ ਦੇ , ਕਰਕੇ ਸਮਾਰਟ ਸਕੂਲ ਦੇ ਠੱਪੇ ਨੂੰ ਕਿਵੇਂ , ਕਿੰਨਾ ਕੁ ਚਿਰ ਬਰਕਰਾਰ ਰੱਖ ਸਕੇਗਾ ? ਇਹ ਅੰਦਾਜ਼ਾ ਤੁਸੀਂ ਆਪ ਹੀ ਲਾ ਸਕਦੇ ਹੋ।ਪਿਛਲੀ ਸਰਕਾਰ ਸਮੇਂ ਸਕੂਲਾਂ ਦੀ ਬਾਹਰਲੀ ਪੋਚਾ ਪੋਚੀ ਕਰਕੇ ਬਣਾਏ ਬਹੁਤੇ ਸਕੂਲਾਂ ਦੀ ਅੰਦਰਲੀ ਸਥਿਤੀ ਮਾੜੀ ਹੋਣ ਦੇ ਆਮ ਆਦਮੀ ਪਾਰਟੀ ਨੇ ਦੋਸ਼ ਲਗਾਏ ਸਨ ਜਦੋਂ ਕਿ ਕਾਗਜ਼ੀ ਅੰਕੜਿਆਂ ਮੁਤਾਬਕ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਰਾਜ ਵਲੋਂ ਵਧੀਆ ਸਿੱਖਿਆ ਦੇਣ ਲਈ ਪ੍ਰਧਾਨ ਮੰਤਰੀ ਪਾਸੋਂ ਅਵਾਰਡ ਪ੍ਰਾਪਤ ਕੀਤਾ ਸੀ,ਇਸ ਦਾ ਅਧਿਆਪਕ ਜਥੇਬੰਦੀਆਂ ਵਲੋਂ ਵੀ ਫਰਜ਼ੀ ਅੰਕੜਿਆਂ ਕਰਕੇ ਨਿੰਦਾ ਕੀਤੀ ਗਈ ਸੀ। ਹੁਣ ਪੰਜਾਬ ‘ਚ ‘ਆਪ’ ਦੀ ਸਰਕਾਰ ਲਈ ਉਹੀ ਮੁੱਦੇ ਸਾਹਮਣੇ ਖੜ੍ਹੇ ਹਨ ।ਸਕੂਲਾਂ ‘ਚ ਹੋ ਰਹੀਆਂ ਸਾਰੀਆਂ ਐਕਟੀਵਿਟੀਜ਼ ਨੂੰ ਮੁੜ ਵਿਚਾਰ ਕੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੀ ਪਹਿਲਕਦਮੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ।
ਜਿਵੇਂ ਇਸ ਸਰਕਾਰ ਨੇ ਸਿਹਤ ਅਤੇ ਸਿੱਖਿਆ ਦੇ ਸੁਧਾਰ ਨੂੰ ਪਹਿਲ ਦੇ ਆਧਾਰ ਤੇ ਵੱਡੇ ਸੁਧਾਰ ਕਰਕੇ ਭਾਰਤ ‘ਚ ਨਮੂਨੇ ਦਾ ਰਾਜ ਬਣਾਉਣ ਦਾ ਅਹਿਦ ਲਿਆ ਹੈ ।ਅਧਿਆਪਕਾਂ ਨੂੰ ਬਾਹਰਲੇ ਦੇਸ਼ਾਂ ਦੇ ਦੌਰੇ ਕਰਾਉਣ ਨਾਲ ਕੁਝ ਨਹੀਂ ਸੰਵਰੇਗਾ ਜੇ ਕਰ ਸਰਕਾਰ ਸਕੂਲਾਂ ਵਿੱਚ ਖਾਲੀ ਆਸਾਮੀਆਂ ਭਰਨ ਲਈ ਪਹਿਲ ਕਦਮੀ ਨਹੀਂ ਕਰਦੀ । ਸੋ ਸਾਰੇ ਸਕੂਲਾਂ ਦੀ ਸਾਂਭ ਸੰਭਾਲ ਅਤੇ ਠੀਕ ਢੰਗ ਨਾਲ ਸਕੂਲ ਚਲਾਉਣ ਲਈ ਚੌਥਾ-ਦਰਜਾ ਕਰਮਚਾਰੀਆਂ , ਸਕੂਲ ਮੁੱਖੀਆਂ ਅਤੇ ਅਧਿਆਪਕਾਂ ਦੀਆਂ ਹਜ਼ਾਰਾਂ ਖਾਲੀ ਪਈਆਂ ਪੋਸਟਾਂ ਤੁਰੰਤ ਭਰ ਕੇ ਸਿੱਖਿਆ ਦਾ ਮਿਆਰ ਉੱਚਾ ਚੁੱਕ ਕੇ ਨਵਾਂ ਬਦਲਾਅ ਲੋਕਾਂ ਸਾਹਮਣੇ ਪੇਸ਼ ਕਰੇ ਤਾਂ ਹੀ ਸਕੂਲਾਂ ਤੇ ਲੱਖਾਂ ਰੁਪਏ ਦੀਆਂ ਲਗਾਈਆਂ ਗ੍ਰਾਂਟਾਂ ਦੀ ਕੀਤੀ ਵਰਤੋਂ ਨਾਲ ਕੀਤੇ ਕੰਮਾਂ ਨੂੰ ਠੀਕ ਢੰਗ ਨਾਲ ਬਰਕਰਾਰ ਰੱਖਿਆ ਜਾ ਸਕੇਗਾ ਅਤੇ ਅਧਿਆਪਕਾਂ ਦਾ ਮਨ ਵੀ ਇਕਾਗਰਚਿੱਤ ਹੋ ਕੇ ਬੱਚਿਆਂ ਨੂੰ ਪੜ੍ਹਾਉਣ ਲਈ ਬੇਹਤਰ ਯਤਨ ਕਰੇਗਾ ।ਸਰਕਾਰ ਦਾ ਸਮਾਂ ਹੁਣ ਸਾਲ ਵਾਂਗ ਹੀ ਹੈ ਸੋ ਸਕੂਲਾਂ ਦੇ ਸੁਧਾਰ ਲਈ ਭਰਤੀ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਤੁਰੰਤ ਆਰੰਭਣਾ ਚਾਹੀਦਾ ਹੈ ਤਾਂ ਹੀ ਸਰਕਾਰ ਦਾ ਵਾਅਦਾ ਪੂਰਾ ਹੋਵੇਗਾ।
—-ਮੇਜਰ ਸਿੰਘ ਨਾਭਾ ਮੋ.9463553962
