ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਕੋਟਕਪੂਰਾ ਵੱਲੋਂ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਉਸਾਰੀ ਨੂੰ ਸਮਰਪਿਤ ਸਕੂਲਾਂ ਦਾ ਅੰਤਰ ਸਕੂਲ ਯੁਵਕ ਮੇਲਾ 2024 ਡੌਲਫਿਨ ਪਬਲਿਕ ਸਕੂਲ ਵਾੜਾ ਦਰਾਕਾ ਵਿਖੇ ਕਰਵਾਇਆ ਗਿਆ, ਜਿਸ ਵਿੱਚ 20 ਸਕੂਲਾਂ ਦੇ 287 ਵਿਦਿਆਰਥੀਆਂ ਸਮੇਤ ਕੁੱਲ 373 ਵੀਰਾਂ/ਭੈਣਾਂ ਨੇ ਸ਼ਮੂਲੀਅਤ ਕੀਤੀ। ਯੁਵਕ ਮੇਲੇ ਦੌਰਾਨ ਕਵਿਤਾ, ਦਸਤਾਰ ਸਜਾਉਣ, ਪੇਂਟਿੰਗ ਅਤੇ ਕੁਇਜ ਮੁਕਾਬਲੇ ਕਰਵਾਏ ਗਏ। ਯੁਵਕ ਮੇਲੇ ਦੀ ਸ਼ੁਰੂਆਤ ਡੌਲਫਿਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਣ ਨਾਲ ਕੀਤੀ। ਪਿ੍ਰੰਸੀਪਲ ਸਤਿੰਦਰ ਕੌਰ ਵੱਲੋਂ ਸਭ ਨੂੰ ਜੀ ਆਇਆਂ ਕਿਹਾ ਗਿਆ ਅਤੇ ਬੱਚਿਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ ਗਈਆਂ। ਸਟੇਜ ਸਕੱਤਰ ਦੀ ਸੇਵਾ ਖੇੇਤਰ ਸਕੱਤਰ ਜਗਮੋਹਨ ਸਿੰਘ ਵੱਲੋਂ ਬਾ-ਖੂਬੀ ਨਿਭਾਈ ਗਈ। ਵੱਖ-ਵੱਖ ਮੁਕਾਬਲਿਆਂ ਲਈ ਜੱਜਮੈਂਟ ਦੀ ਸੇਵਾ ਸਟੱਡੀ ਸਰਕਲ ਵੱਲੋਂ ਪਰਮਜੀਤ ਸਿੰਘ, ਮੈਡਮ ਰਮਨਦੀਪ ਕੌਰ, ਹਰਪ੍ਰੀਤ ਸਿੰਘ, ਗਗਨਦੀਪ ਸਿੰਘ, ਇੰਦਰਜੀਤ ਸਿੰਘ ਅਤੇ ਕੁਇਜ ਦੀ ਸੇਵਾ ਰਣਜੀਤ ਸਿੰਘ ਵਾੜਾਦਰਾਕਾ ਵੱਲੋਂ ਨਿਭਾਈ ਗਈ। ਕੁਇਜ ਮੁਕਾਬਲੇ ਲਈ 20 ਟੀਮਾਂ ਦਾ ਲਿਖਤੀ ਇਮਤਿਹਾਨ ਹੋਇਆ, ਜਿਸ ਵਿੱਚੋਂ ਛੇ ਟੀਮਾਂ ਫਾਈਨਲ ਮੁਕਾਬਲੇ ਲਈ ਸਿਲੈਕਟ ਹੋਈਆਂ, ਇਸ ਵਿੱਚ ਸੱਤਾਂ ਰਾਊਂਡਾ ਦੇ ਮੁਕਾਬਲੇ ਵਿੱਚ ‘ਡੌਲਫਿਨ ਪਬਲਕਿ ਸਕੂਲ’ ਦੀ ਅਰਸ਼ਮੀਨ ਕੌਰ ਅਤੇ ਖੁਸ਼ਦੀਪ ਕੌਰ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ, ਕਵਿਤਾ ਮੁਕਾਬਲੇ ਸੀਨੀਅਰ ਵਰਗ ਵਿੱਚ ਹਰਲੀਨ ਕੌਰ ਨੇ ਦੂਜਾ, ਕਵਿਤਾ ਮੁਕਾਬਲੇ ਜੂਨੀਅਰ ਵਰਗ ਵਿੱਚ ਅਮਨਪ੍ਰੀਤ ਕੌਰ ਨੇ ਤੀਜਾ, ਦਸਤਾਰ ਮੁਕਾਬਲੇ ਵਿੱਚ ਕਰਨਵੀਰ ਸਿੰਘ ਨੇ ਤੀਜਾ ਅਤੇ ਪੇਟਿੰਗ ਮੁਕਾਬਲਿਆਂ ਵਿੱਚ ਜੈਸਮੀਨ ਰਾਠੌਰ ਨੇ ਤੀਜਾ ਸਥਾਨ ਹਾਸਲ ਕੀਤਾ।

