ਕੋਟਕਪੂਰਾ, 30 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਆਪਣੇ ਹਲਕੇ ਦੇ ਵੱਖ-ਵੱਖ ਸਮਾਜਿਕ, ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਡੇਰਾ ਦਰਿਆਗਰੀ ਕੋਟਕਪੂਰਾ ਵਿਖੇ ਗਰਿਡ ਸਬ ਸਟੇਸ਼ਨ ਟੈਕਨੀਕਲ ਅਤੇ ਕਲੈਰੀਕਲ ਯੂਨੀਅਨ ਪੰਜਾਬ ਵੱਲੋਂ ਆਯੋਜਿਤ ਸੂਬਾ ਪੱਧਰੀ ਸਲਾਨਾ ਇਜਲਾਸ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸਟੇਟ ਕਮੇਟੀ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਤੇ ਸਬ ਸਟੇਸ਼ਨ ਸਟਾਫ ਦੀਆਂ ਮੁਸ਼ਕਿਲਾਂ ਦਾ ਹੱਲ ਪੰਜਾਬ ਸਰਕਾਰ ਅਤੇ ਦੋਨਾ ਮੈਨੇਜਮੈਟਾਂ ਤੋਂ ਕਰਵਾਉਣ ਦੀ ਬੇਨਤੀ ਕੀਤੀ ਅਤੇ ਮ੍ਰਿਤਕਾਂ ਦੇ ਆਸ਼ਰਿਤਾ ਨੂੰ ਨੌਕਰੀਆ ਦੇਣ ਦੀ ਮੰਗ ਵੀ ਕੀਤੀ ਕਿ ਬਿਨਾਂ ਕਿਸੇ ਰਿਕਵਰੀ ਦੇ ਉਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾਣ। ਸਪੀਕਰ ਸੰਧਵਾਂ ਨੇ ਯਕੀਨ ਦਿਵਾਇਆ ਕਿ ਮਸਲੇ ਹੱਲ ਜਰੂਰ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਦੇ ਸਾਰੇ ਵਰਗਾਂ ਦੀ ਭਲਾਈ ਤੇ ਬਿਹਤਰੀ ਅਤੇ ਰਾਜ ਦੀ ਤਰੱਕੀ ਤੇ ਵਿਕਾਸ ਲਈ ਵਚਨਬੱਧ ਹੈ ਤੇ ਪੰਜਾਬ ਸਰਕਾਰ ਵੱਲੋਂ ਸਾਰੇ ਵਰਗਾਂ ਦੀ ਭਲਾਈ ਲਈ ਵੱਡੀ ਪੱਧਰ ’ਤੇ ਜਿੱਥੇ ਵਿਕਾਸ ਸਕੀਮਾਂ ਚਲਾਈਆਂ ਗਈਆਂ ਹਨ, ਉੱਥੇ ਰਾਜ ਦੇ ਚਹੁੰ-ਪੱਖੀ ਵਿਕਾਸ ਲਈ ਵੀ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਸਮੇਤ ਹਰ ਵਰਗ ਦੇ ਤਰੱਕੀ ਤੇ ਵਿਕਾਸ ਲਈ ਯਤਨਸ਼ੀਲ ਅਤੇ ਵਚਨਬੱਧ ਹੈ। ਇਸ ਮੌਕੇ ਸਰਪ੍ਰਸਤ ਪ੍ਰਵੀਨ ਭਾਰਦਵਾਜ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ। ਇਸ ਉਪਰੰਤ ਸਪੀਕਰ ਸੰਧਵਾਂ ਨੇ ਏਕਨੂਰ ਥਾਪਰ ਵਾਸੀ ਕੋਟਸੁਖੀਆ ਦੀ ਅੰਤਿਮ ਅਰਦਾਸ ਦੇ ਭੋਗ ਵਿੱਚ ਸ਼ਿਰਕਤ ਕੀਤੀ। ਬੀਤੇ ਦਿਨੀਂ ਇਕ ਸੜਕ ਹਾਦਸੇ ਵਿੱਚ ਏਕਨੂਰ ਥਾਪਰ ਦਾ ਦਿਹਾਂਤ ਹੋ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਪਿੰਡ ਹਰੀਕੇ ਕਲਾਂ ਵਿਖੇ ਮਹਿੰਦਰ ਸਿੰਘ ਬਰਾੜ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਵਿੱਚ ਵੀ ਸ਼ਿਰਕਤ ਕੀਤੀ। ਉਨ੍ਹਾਂ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪਰਿਵਾਰ ਵਿਚੋਂ ਕਿਸੇ ਜੀਅ ਦਾ ਇਸ ਤਰ੍ਹਾਂ ਚਲੇ ਜਾਣਾ ਬਹੁਤ ਪੀੜ੍ਹਾਦਾਇਕ ਹੁੰਦਾ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਅਮਨਦੀਪ ਸਿੰਘ ਸੰਧੂ ਪੀ.ਏ., ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ ਸਮੇਤ ਹੋਰ ਵੀ ਪਤਵੰਤੇ ਹਾਜਰ ਸਨ।
