ਕਈ ਸਾਲ ਪਹਿਲਾਂ ਦੀ ਗੱਲ ਹੈ।ਇੱਕ ਦਿਨ ਪੰਜਵੀਂ ਜਮਾਤ ਪੜ੍ਹਦੇ ਦੋ ਦੋਸਤ ਸੋਹਨ ਤੇ ਸ਼ਾਮ ਆਪਸ ਵਿੱਚ ਲੜ੍ਹ ਪਏ, ਸ਼ਾਮ ਨੇ ਸੋਹਨ ਨੂੰ ਕਿਸੇ ਗੱਲੋਂ ਗੁੱਸੇ ਹੋ ਕੇ ਕੁੱਟ ਦਿਤਾ।ਸੋਹਨ ਰੋਂਦਾ ਰੋਂਦਾ ਭੱਜ ਕੇ ਆਪਣੀ ਦੁਕਾਨ ਤੇ ਆ ਕੇ ਆਪਣੇ ਬਾਪੂ ਨੂੰ ਕਹਿੰਦਾ ,”ਮੈਨੂੰ ਸ਼ਾਮ ਨੇ ਕੁੱਟਿਆ ਹੈ।” ਸੋਹਨ ਦਾ ਬਾਪੂ ਉਸੇ ਸਮੇਂ ਭੱਜ ਉਠਿਆ ਤੇ ਜਾ ਕੇ ਸ਼ਾਮ ਦੇ ਦੋ ਤਿੰਨ ਜੜ ਦਿੱਤੀਆਂ। ਸ਼ਾਮ ਫ਼ਿਰ ਉੱਚੀ ਉੱਚੀ ਰੌਂਦਾ ਟਟੀਰੀ ਬਣ ਘਰੇ ਭੱਜ ਗਿਆ ਤੇ ਭਾਪੇ ਦੇ ਪੁੱਛਣ ਤੇ ਕਹਿੰਦਾ,” ਮੈਨੂੰ ਸੋਹਨ ਦੇ ਬਾਪੂ ਨੇ ਕੁੱਟਿਆ। ” ਦਿਆਲ ਨੇ ਉਸੇ ਸਮੇਂ ਸੋਹਨ ਦੇ ਬਾਪੂ ਪ੍ਰਭੂ ਦੀ ਦੁਕਾਨ ਤੇ ਜਾ ਕੇ ਗੱਲਾਂ ਕਰ ਰਹੇ ਦੇ ਥੱਪੜ ਮਾਰਿਆ। ਦੁਕਾਨ ਤੇ ਕਈ ਵਿਅਕਤੀ ਬੈਠੇ ਸੀ, ਉਨ੍ਹਾਂ ਦਿਆਲ ਨੂੰ ਢਾਹ ਲਿਆ ਤੇ ਤਿੰਨ ਚਾਰ ਲਾਅ ਦਿੱਤੀਆਂ।ਦਿਆਲ ਭੱਜ ਕੇ ਘਰੇ ਵਾਪਸ ਗਿਆ ਤੇ ਸੋਟੀਆਂ ਸਮੇਤ ਆਪਣੇ ਭਰਾਵਾਂ ਤੇ ਕਈ ਸਾਥੀਆਂ ਨੂੰ ਲੈ ਕੇ ਦੁਬਾਰਾ ਪ੍ਰਭੂ ਦੀ ਦੁਕਾਨ ਤੇ ਚੜ੍ਹਾਈ ਕਰ ਦਿੱਤੀ।ਪ੍ਰਭੂ ਨੇ ਦੁਕਾਨ ਦੇ ਅੰਦਰੋਂ ਕੁੰਡਾ ਲਾ ਲਿਆ।ਦਿਆਲ ਹੋਰੀਂ ਬਾਹਰ ਖੜ੍ਹੇ ਗਾਲਾਂ ਕੱਢਣ ਲੱਗੇ ਤੇ ਲਲਕਾਰੇ ਮਾਰ ਕੇ ਉਸਨੂੰ ਵੰਗਾਰਨ ਲੱਗੇ। ਗੁਆਂਢੀ ਕਿਰਪਾ ਸਿੰਘ ਨੰਬਰਦਾਰ ਬਾਹਰ ਆਇਆ ਤੇ ਦਿਆਲ ਹੋਰਾਂ ਤੋਂ ਝਗੜੇ ਦਾ ਕਾਰਨ ਜਾਣਿਆਂ। ਨੰਬਰਦਾਰ ਨੇ ਕਿਹਾ,” ਕੋਈ ਗੱਲ ਨਹੀਂ, ਸਬਰ ਕਰੋ,ਤੁਸੀਂ ਸ਼ਾਂਤ ਰਹੋ ,ਮੈਨੂ ਪ੍ਰਭੂ ਤੋਂ ਵੀ ਪੁੱਛ ਲੈਣ ਦਿਓ। ” ਨੰਬਰਦਾਰ ਨੇ ਕੁੰਡਾ ਖੁਲ੍ਹਵਾਇਆ ਤੇ ਲੜਾਈ ਦਾ ਕਾਰਨ ਜਾਣ ਕੇ ਦੋਨਾਂ ਧਿਰਾਂ ਨੂੰ ਇੱਕਠਾ ਕਰਕੇ ਨੰਬਰਦਾਰ ਨੇ ਕਿਹਾ ,”ਬੱਚਿਆਂ ਦੇ ਆਪਸੀ ਝਗੜੇ ਵਿੱਚ ਵੱਡੇ ਬੰਦੇ ਸ਼ਾਮਲ ਹੋ ਗਏ , ਬੱਚਿਆਂ ਫਿਰ ਇਕੱਠੇ ਖੇਡਣਾ, ਪੜ੍ਹਨਾ , ਰਹਿਣਾ ਹੈ।ਦੋਹਾਂ ਧਿਰਾਂ ਦੀ ਗਲਤੀ ਹੈ। ਪਹਿਲਾਂ ਪ੍ਰਭੂ ਤੇ ਫਿਰ ਦਿਆਲ ਨੂੰ ਆਪਣੀ ਗਲਤੀ ਮਹਿਸੂਸ ਕਰਦੇ ਹੋਏ,ਮੰਨਦੇ ਹੋਏ,ਝਗੜਾ ਨਿਬੇੜਣਾ ਚਾਹੀਦਾ ਹੈ।”
ਦੋਹਾਂ ਆਪੋ ਆਪਣੀ ਗਲਤੀ ਤੇ ਪਛਤਾਵਾ ਤੇ ਮਹਿਸੂਸ ਕੀਤਾ ।ਦੋਵੇਂ ਧਿਰਾਂ ਨੂੰ ਗ਼ਲਤੀ ਦਾ ਅਹਿਸਾਸ ਕਰਾ ਕੇ ,ਸ਼ਾਂਤ ਕਰਕੇ ,ਕਰਨ ਤੋਂ ਪਹਿਲਾਂ ਸੋਚਣ ਦਾ ਸਬਕ ਦੇ ਕੇ ਨੰਬਰਦਾਰ ਨੇ ਝਗੜਾ ਨਿਬੇੜਿਆ।
ਅਗਲੇ ਦਿਨ ਸ਼ਾਮ ਤੇ ਸੋਹਨ ਇਕੱਠੇ ਹੱਸਦੇ ਸਕੂਲੋਂ ਆ ਰਹੇ ਸਨ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
ਤਰਕਸ਼ੀਲ ਸੁਸਾਇਟੀ ਪੰਜਾਬ
ਸੰਗਰੂਰ
9417422349
