ਸਿਆਣਿਆ ਸੱਚ ਆਖਿਆ ਹੈ ਕਿ….
ਜਿਉਣਾ ਸਿੱਖ ਉਹਨਾਂ ਫੁੱਲਾਂ ਤੋਂ,ਜੋ ਵਿੱਚ ਉਜਾੜਾ ਹੱਸਦੇ ਨੇ, ਕਿਉਂ ਉੱਚੇ ਵੇਖ ਕੇ ਸੜਦਾ ਏ, ਕਈ ਤੈਥੋਂ ਵੀ ਨੀਵੇਂ ਵੱਸਦੇ ਨੇ……
ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਮਨੁੱਖ ਦੀਆਂ ਇੱਛਾਵਾਂ ਦਾ ਕੋਈ ਅੰਤ ਨਹੀਂ।ਇੱਕ ਇੱਛਾ ਦੀ ਪੂਰੀ ਹੋਣ ਦੇ ਨਾਲ ਹੀ ਇੱਕ ਹੋਰ ਇੱਛਾ ਖੜੀ ਹੋ ਜਾਂਦੀ ਹੈ। ਇੱਛਾਵਾਂ ਦੇ ਬਸ ਪੈ ਕੇ ਅਸੀਂ ਸਾਰੇ ਅਕਸਰ ਆਪਣੇ ਕੋਲ ਹੁੰਦੀ ਹੋਈ ਵਸਤੂ ਦਾ ਆਨੰਦ ਨਹੀਂ ਲੈਂਦੇ ਸਗੋਂ ਜੋ ਨਹੀਂ ਹੈ ਉਸਦਾ ਦੁੱਖ ਅਤੇ ਸੋਗ ਕਰਨ ਵਿੱਚ ਸਮਾਂ ਗਵਾ ਦਿੰਦੇ ਹਾਂ। ਕੋਈ ਵੀ ਕੰਮ ਦਾ ਸਥਾਨ ਜਾਂ ਅਹੁਦਾ ਸਾਡੀਆਂ ਉਮੀਦਾਂ ਅਨੁਸਾਰ ਨਿਰਮਿਤ ਨਹੀਂ ਹੁੰਦਾ। ਅਸੀਂ ਦੁਨੀਆ ਜਹਾਨ ਦਾ ਸਾਰਾ ਸਮਾਨ ਇਕੱਠਾ ਕਰਦੇ ਰਹਿੰਦੇ ਹਾਂ ਅਤੇ ਫਿਰ ਉਸਦੀ ਫ਼ਿਕਰ ਕਰਦੇ ਹਾਂ। ਫ਼ਿਕਰ ਕਰਨ ਦਾ ਇੱਕੋ ਇੱਕ ਕਾਰਨ ਸਾਡੇ ਮਨ ਦੀ ਅਸੰਤੁਸ਼ਟੀ ਹੈ। ਅੱਜ ਹਰ ਵਿਅਕਤੀ ਦੂਜੇ ਵਿਅਕਤੀ ਤੋਂ ਵੱਧ ਅਮੀਰ, ਵੱਧ ਪ੍ਰਸਿੱਧ ਹੋਣ ਅਤੇ ਆਪਣਾ ਨਾਮ ਕਮਾਉਣ ਦੀ ਹੋੜ ਵਿੱਚ ਲੱਗਿਆ ਹੋਇਆ ਹੈ। ਇਸ ਹੋਰ ਅਤੇ ਹੋਰ ਦੀ ਹੋੜ ਨੇ ਸਾਡੇ ਮਨ ਦੇ ਸਕੂਨ, ਸ਼ਾਂਤੀ ਨੂੰ ਖਤਮ ਕਰ ਦਿੱਤਾ ਹੈ।
ਸਿਆਣੇ ਕਹਿੰਦੇ ਨੇ….ਵਕਤ ਤੋਂ ਪਹਿਲਾਂ ਕਦੇ ਕਿਸੇ ਨੂੰ ਕੁਝ ਨਹੀਂ ਮਿਲਦਾ, ਜੋ ਕੁਦਰਤ ਦਿੰਦੀ ਹੈ ਅਤੇ ਜਿੰਨਾ ਦਿੰਦੀ ਹੈ ਅਤੇ ਜਿਵੇਂ ਦਿੰਦੀ ਹੈ, ਉਸਨੂੰ ਲੈ ਕੇ ਸਬਰ ਕਰਨਾ ਚਾਹੀਦਾ ਹੈ। ਸਬਰ ਦਾ ਫ਼ਲ ਹਮੇਸ਼ਾ ਮਿੱਠਾ ਹੁੰਦਾ ਹੈ। ਸਬਰ ਕਰਨ ਲਈ ਸੱਚ ਅਤੇ ਸਮਝ ਬਹੁਤ ਸਹਾਈ ਹੁੰਦੇ ਹਨ। ਜੋ ਮਨੁੱਖ ਸਬਰ ਕਰਨਾ ਸਿੱਖ ਜਾਵੇ, ਉਸ ਦੀ ਆਪਣੀ ਜ਼ਿੰਦਗੀ ਅਤੇ ਆਸ ਪਾਸ ਰਹਿਣ ਵਾਲਿਆਂ ਦੀ ਜ਼ਿੰਦਗੀ ਵਿੱਚ ਬਹੁਤ ਕੁਝ ਵੱਖਰਾ ਹੋ ਜਾਂਦਾ ਹੈ।
ਸੁਕਰਾਤ ਨੇ ਲਿਖਿਆ ਹੈ……ਉਹ ਵਿਅਕਤੀ ਸਭ ਤੋਂ ਅਮੀਰ ਹੈ,ਜਿਹੜਾ ਸਭ ਤੋਂ ਥੋੜੀ ਵਸਤੂ ਨਾਲ ਸੰਤੁਸ਼ਟ ਹੈ। ਸਬਰ- ਸੰਤੋਖ ਵਰਗਾ ਸੁੱਖ ਕਿਧਰੇ ਨਹੀਂ ਮਿਲ ਸਕਦਾ। ਸਬਰ ਅਤੇ ਸੰਤੁਸ਼ਟੀ ਦਾ ਪਾਠ ਅਸੀਂ ਪੰਛੀਆਂ ਤੋਂ ਪੜ੍ ਸਕਦੇ ਹਾਂ ਜੋ ਹਰ ਰੋਜ਼ ਆਪਣੇ ਚੋਗੇ ਦੀ ਭਾਲ ਵਿੱਚ ਉਡਾਰੀ ਮਾਰਦੇ ਹਨ ਅਤੇ ਰਾਤ ਨੂੰ ਸਕੂਨ ਨਾਲ ਆਪਣੇ ਆਲ੍ਹਣੇ ਵਿੱਚ ਆ ਕੇ ਸੌ ਜਾਂਦੇ ਹਨ।
ਸਬਰ, ਸੰਤੋਖ ਅਤੇ ਸੰਤੁਸ਼ਟੀ ਜ਼ਿੰਦਗੀ ਨੂੰ ਖੁਸ਼ੀਆਂ ਨਾਲ ਭਰ ਦਿੰਦੇ ਹਨ। ਸੰਤੁਸ਼ਟੀ ਨਾਲ ਮਨੁੱਖ ਨੂੰ ਕਿਸੇ ਦੀ ਸਫਲਤਾ ਤੇ ਸਾੜਾ, ਈਰਖਾ ਨਹੀਂ ਹੁੰਦੀ।ਸਬਰ,ਸੰਤੋਖ ਵਿੱਚ ਰਹਿਣਾ ਸਿੱਖ ਕੇ ਅਸੀਂ ਆਪਣੇ ਮਨ ਦੀ ਸ਼ਾਂਤੀ ਆਪਣੇ ਅੰਦਰ ਹੀ ਪ੍ਰਾਪਤ ਕਰ ਸਕਦੇ ਹਾਂ। ਸੰਤੁਸ਼ਟੀਪੂਰਨ,ਸਾਰਥਿਕ ਜੀਵਨ ਲਈ, ਖੁਦ ਦੇ ਵਿਵਹਾਰ,ਆਚਰਨ, ਸੂਝ-ਬੂਝ ਅਤੇ ਵਿਵੇਕ ਨਾਲ ਅਨੁਕੂਲ ਵਿਵਸਥਾਵਾਂ ਬਣਾਉਣੀਆਂ ਹੁੰਦੀਆਂ ਹਨ।ਘੱਟ ਇਛਾਵਾਂ ਰੱਖ ਕੇ ਅਸੀਂ ਸੰਤੁਸ਼ਟੀਪੂਰਨ ਜੀਵਨ ਬਤੀਤ ਕਰ ਸਕਦੇ ਹਾਂ।ਜੇ ਅਸੀਂ ਸੰਪੂਰਨਤਾ ਲਈ ਦੇਖੀਏ ਤਾਂ ਕਦੇ ਵੀ ਸੰਤੁਸ਼ਟੀ ਨਹੀਂ ਹੋ ਸਕਦੀ।
ਤਵੇ ਤੇ ਪਈ ਅਖੀਰਲੀ ਰੋਟੀ ਸਭ ਤੋਂ ਜਿਆਦਾ ਸਵਾਦ ਹੁੰਦੀ ਹੈ, ਕਿਉਂਕਿ ਰੋਟੀ ਤਵੇ ਤੇ ਪਾਉਣ ਤੋਂ ਬਾਅਦ ਅੱਗ ਬੰਦ ਕਰ ਦਿੱਤੀ ਜਾਂਦੀ ਹੈ। ਰੋਟੀ ਘੱਟ ਸੇਕ ਤੇ ਹੌਲੀ- ਹੌਲੀ ਬਣਦੀ ਹੈ।
ਇਸੇ ਤਰ੍ਹਾਂ ਸਬਰ, ਸੰਤੋਖ ਅਤੇ ਸੰਤੁਸ਼ਟੀ ਜ਼ਿੰਦਗੀ ਵਿੱਚ ਰੱਖੋ ਤਾਂ ਜ਼ਿੰਦਗੀ ਮਿੱਠੀ ਅਤੇ ਖੁਸ਼ਹਾਲ ਬਣ ਜਾਏਗੀ।

ਨੀਲਮ,(9779788365)