ਅੰਮ੍ਰਿਤਪਾਲ ਸਿੰਘ ਸ਼ੈਦਾ ਗ਼ਜ਼ਲ ਨੂੰ ਸਮਰਪਿਤ ਤ੍ਰੈਭਾਸ਼ੀ ਸ਼ਾਇਰ ਹੈ। ਉਹ ਹੁਣ ਤੱਕ 4 ਸੰਪਾਦਿਤ ਅਤੇ 2 ਮੌਲਿਕ ਪੁਸਤਕਾਂ ਦੀ ਰਚਨਾ ਕਰ ਚੁੱਕਾ ਹੈ, ਜਿਨ੍ਹਾਂ ਵਿੱਚ ‘ਗਰਮ ਹਵਾਵਾਂ’ (ਕਹਾਣੀਆਂ, 1985), ‘ਜੁਗਨੂੰ ਅਤੀਤ ਦੇ’
(ਕਵਿਤਾਵਾਂ, ਚਰਨਜੀਤ ਸਿੰਘ ਚੱਢਾ, 2003), ‘ਸਾਂਝ ਅਮੁੱਲੀ ਬੋਲੀ ਦੀ’ (ਗ਼ਜ਼ਲਾਂ, 2021), ‘ਸੱਥ ਜੁਗਨੂੰਆਂ ਦੀ’
(ਕਹਾਣੀਆਂ, 2021) (ਸਾਰੀਆਂ ਸੰਪਾਦਿਤ); ‘ਫ਼ਸਲ ਧੁੱਪਾਂ ਦੀ’ (ਗ਼ਜ਼ਲਾਂ, 2019), ‘ਟੂਣੇਹਾਰੀ ਰੁੱਤ ਦਾ ਜਾਦੂ’ (ਗ਼ਜ਼ਲਾਂ, 2022) (ਦੋਵੇਂ ਮੌਲਿਕ) ਸ਼ਾਮਲ ਹਨ। ਉਹ ਸਹਿਜ ਅਤੇ ਠਰ੍ਹੰਮੇ ਦਾ ਕਵੀ ਹੈ। ਉਹ ਪਿਛਲੇ 40 ਸਾਲਾਂ ਤੋਂ ਤ੍ਰੈਭਾਸ਼ੀ ਕਵੀ ਦਰਬਾਰਾਂ ਦੀ ਜ਼ੀਨਤ ਬਣਦਾ ਆ ਰਿਹਾ ਹੈ, ਜਿਨ੍ਹਾਂ ਵਿੱਚ ਸਥਾਨਕ, ਰਾਸ਼ਟਰੀ ਤੇ ਅੰਤਰਰਾਸ਼ਟਰੀ ਕਵੀ ਦਰਬਾਰ/ ਮੁਸ਼ਾਇਰੇ ਸ਼ਾਮਲ ਹਨ। ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ਪ੍ਰੋਗਰਾਮਾਂ ਵਿੱਚ ਵੀ ਉਹਨੇ ਖ਼ੂਬ ਸ਼ਿਰਕਤ ਕੀਤੀ ਹੈ। ਉਹ 1979 ਤੋਂ ‘ਤ੍ਰਿਵੇਣੀ ਸਾਹਿਤ ਪਰਿਸ਼ਦ’ ਪਟਿਆਲਾ ਨਾਲ ਜੁੜਿਆ ਹੋਇਆ ਹੈ, 1985 ਤੋਂ ਉਹ ਭਾਸ਼ਾ ਵਿਭਾਗ ਪੰਜਾਬ ਦੀਆਂ ਸਾਹਿਤਕ ਗਤੀਵਿਧੀਆਂ ਨਾਲ ਸੰਬੰਧਿਤ ਹੈ। ਗ਼ਜ਼ਲ ਦੀਆਂ ਬਰੀਕੀਆਂ ਉਹਨੂੰ ਆਪਣੇ ਮਰਹੂਮ ਵਾਲਿਦ ਜਨਾਬ ਗੁਰਬਖ਼ਸ਼ ਸਿੰਘ ਸ਼ੈਦਾ ਦੀ ਸੰਗਤ ਤੋਂ ਮੌਸੂਲ ਹੋਈਆਂ।
ਰੀਵਿਊ ਅਧੀਨ ਪੁਸਤਕ (‘ਲਹੂ ਕੇ ਗੁਲਾਬ’, ਸ਼ਬਦਾਂਜਲੀ ਪਬਲੀਕੇਸ਼ਨ, ਪਟਿਆਲਾ, ਪੰਨੇ 96, ਮੁੱਲ 200/-) ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਹਿੰਦੀ ਗ਼ਜ਼ਲਾਂ ਦੀ ਪਹਿਲ-ਪਲੇਠੀ ਪੁਸਤਕ ਹੈ, ਜਿਸ ਵਿੱਚ 72 ਗ਼ਜ਼ਲਾਂ ਸੰਕਲਿਤ ਹਨ। ਇਸ ਕਿਤਾਬ ਦੀ ਪ੍ਰਸਤਾਵਨਾ ਅਤੇ ਤਬਸਿਰਾ ਵਿੱਚ ਕ੍ਰਮਵਾਰ ਡਾ. ਸੁਰੇਸ਼ ਨਾਇਕ (ਰਾਜਪੁਰਾ, ਪੰਜਾਬ) ਅਤੇ ਪ੍ਰੋ. ਸਗ਼ੀਰ ਤਬੱਸੁਮ (ਪਾਕਿਸਤਾਨ) ਨੇ ਪੁਸਤਕ ਦਾ ਦੀਰਘ ਅਤੇ ਨਿਕਟ ਮੁਲਾਂਕਣ ਕੀਤਾ ਹੈ। ਸ਼ਿਰੋਮਣੀ ਹਿੰਦੀ ਲੇਖਕ ਡਾ. ਮਨਮੋਹਨ ਸਹਿਗਲ ਨੇ ਵੀ ਕਿਤਾਬ ਬਾਰੇ ਸੰਖਿਪਤ ਟਿੱਪਣੀ ਲਿਖੀ ਹੈ।
ਅਸਲ ਵਿੱਚ ਵਰਤਮਾਨ ਸਮੇਂ ਵਿੱਚ ਗ਼ਜ਼ਲ ਮਹਿਜ਼ ਵਾਹਵਾਹੀ/ਖ਼ਿਆਲੀ ਉਡਾਰੀਆਂ/ਬਾਦਸ਼ਾਹੀ ਦਰਬਾਰਾਂ ਦੇ ਦੌਰ-ਦੌਰੇ ‘ਚੋਂ ਆਪਣਾ ਦਾਮਨ ਛੁਡਾ ਕੇ ਸਮਾਜਕ, ਧਾਰਮਿਕ, ਰਾਜਨੀਤਿਕ ਤੇ ਸਭਿਆਚਾਰਕ ਮਾਨਤਾਵਾਂ ਨੂੰ ਉਸੇ ਤਰ੍ਹਾਂ ਚੁਣੌਤੀ ਦਿੰਦੀ ਹੈ, ਜਿਵੇਂ ਸਾਹਿਤ ਦੇ ਹੋਰ ਰੂਪ। ਪੁਸਤਕ ਦਾ ਸਿਰਲੇਖ ਹੀ ਸੰਘਰਸ਼ ਤੇ ਪ੍ਰਗਤੀ ਦੀ ਪ੍ਰਤੀਧੁਨੀ ਬੁਲੰਦ ਕਰਦਾ ਹੈ, ਯਾਨੀ ਗੁਲਾਬ ਵੀ ਹੁਣ ਮਹਿਜ਼ ਸੁਗੰਧੀ ਜਾਂ ਖ਼ੁਸ਼ਬੋ ਦਾ ਕੇਂਦਰ ਬਿੰਦੂ ਨਹੀਂ ਰਹਿ ਗਿਆ, ਸਗੋਂ ਇਹਦੇ ਲਾਲ ਰੰਗ ਤੋਂ ਸ਼ਾਇਰ ਨੂੰ ਖ਼ੂਨ/ਇਨਕਲਾਬ ਦਾ ਪਰਚਮ ਲਹਿਰਾਉਂਦਾ ਨਜ਼ਰ ਆਉਂਦਾ ਹੈ। ਤੇ ਕਵੀ ਨੂੰ ਜਦੋਂ ਕੋਮਲ/ਨਾਜ਼ੁਕ ਵਸਤਾਂ ‘ਚੋਂ ਵੀ ਖ਼ੂਨ ਦੀ ਗਰਦਿਸ਼ ਮੰਡਰਾਉਂਦੀ ਦਿੱਸਦੀ ਹੈ ਤਾਂ ਸਮਝੋ ‘ਤਾਜੋ-ਤਖ਼ਤ’ ਉੱਛਲਣ ਵਾਲੇ ਹਨ।
ਕਵੀ ਨੇ ਸਾਰੀਆਂ ਗ਼ਜ਼ਲਾਂ ਦੇ ਸ਼ਿਅਰਾਂ ਦੀ ਗਿਣਤੀ ਨੂੰ ਸੱਤ ਤੱਕ ਮਹਿਦੂਦ ਰੱਖਿਆ ਹੈ ਤੇ ਲੱਗਭੱਗ ਹਰੇਕ ਗ਼ਜ਼ਲ ਦੇ ਮਕ਼ਤੇ ਵਿੱਚ ਆਪਣਾ ਉਪਨਾਮ ‘ਸ਼ੈਦਾ’ ਵਰਤਿਆ ਹੈ। ਉਸ ਦੀਆਂ ਜ਼ਿਆਦਾਤਰ ਗ਼ਜ਼ਲਾਂ ਲੰਮੇ ਬਹਿਰ ਵਾਲੀਆਂ ਹਨ। ਕੁਝ ਇੱਕ ਗ਼ਜ਼ਲਾਂ ਵਿੱਚ ਦੋ ਦੋ ਸ਼ਬਦਾਂ ਦੇ ਦੁਹਰਾਉ ਨਾਲ ਵੱਖਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਸਤਕ ਦੀ ਦੂਜੀ ਗ਼ਜ਼ਲ ਵਿੱਚ ਇਹ ਜਾਦੂ ਉੱਭਰਵੇਂ ਰੂਪ ਵਿੱਚ ਪ੍ਰਗਟ ਹੋਇਆ ਹੈ :
ਗੁਲਸ਼ਨ-ਗੁਲਸ਼ਨ ਸਹਰਾ-ਸਹਰਾ, ਜੰਗਲ-ਜੰਗਲ ਆਗ ਲਗੀ ਹੈ
ਆਂਗਨ-ਆਂਗਨ ਮਰਘਟ-ਮਰਘਟ, ਆਂਚਲ-ਆਂਚਲ ਆਗ ਲਗੀ ਹੈ
ਮੌਸਮ-ਮੌਸਮ ਮਾਤਮ-ਮਾਤਮ, ਪਲ-ਪਲ-ਪਲ-ਪਲ ਆਗ ਲਗੀ ਹੈ
ਧਰਤੀ-ਧਰਤੀ ਝੁਲਸੀ-ਝੁਲਸੀ, ਬਾਦਲ-ਬਾਦਲ ਆਗ ਲਗੀ ਹੈ
(ਪੰਨਾ 20)
ਸਮਾਜ ਵਿੱਚ ਹਰ ਤਰ੍ਹਾਂ ਦੇ ਬਾਸ਼ਿੰਦੇ ਹਨ- ਚੰਗੇ ਵੀ, ਮਾੜੇ ਵੀ। ਕੁਝ ਮਦਦਗਾਰ ਸਾਬਤ ਹੁੰਦੇ ਹਨ, ਕੁਝ ਲੁੱਟਾਂ ਖੋਹਾਂ/ਕਤਲੋ ਗਾਰਦ ਵਿੱਚ ਮਸਰੂਫ਼ ਰਹਿੰਦੇ ਹਨ। ਇਸ ਲੰਮੇ ਚੌੜੇ ਬਿਰਤਾਂਤ ਨੂੰ ਸ਼ਾਇਰ ਇੱਕੋ ਸ਼ਿਅਰ ਵਿੱਚ ਕਿਵੇਂ ਸਮੇਟਦਾ ਹੈ :
ਬਸਤੀ ਪਰ ਜਬ ਸੰਕਟ ਆਯਾ, ਕੁਛ ਲੋਗੋਂ ਨੇ ਲੰਗਰ ਖੋਲੇ
ਕੁਛ ਲੋਗੋਂ ਨੇ ਲੂਟ ਮਚਾਈ, ਕੁਛ ਨੇ ਜੁਗਨੂੰ ਬਾਂਟੇ ਥੇ
(ਪੰਨਾ 22)
ਸ਼ੀਰਸ਼ਕ ਗ਼ਜ਼ਲ ਵਿੱਚ ਬਹੁਤ ਸਾਰੇ ਮਸਾਇਲ/ਵਿਸ਼ਿਆਂ ਨੂੰ ਛੋਹਿਆ ਗਿਆ ਹੈ ਤੇ ਕਾਫ਼ੀਆ ਰਦੀਫ਼ ਵਿੱਚ ‘ਲਹੂ ਕੇ ਗੁਲਾਬ’ ਦਾ ਦੁਹਰਾਉ ਹੋਇਆ ਹੈ। ਸਿਕੰਦਰ, ਜੋ ਸਾਰੀ ਦੁਨੀਆਂ ਤੇ ਫ਼ਤਹਿ ਪਾਉਣਾ ਚਾਹੁੰਦਾ ਸੀ, ਆਖ਼ਰ ਖ਼ਾਲੀ ਹੱਥ ਹੀ ਚਲਾ ਗਿਆ। ਇਸ ਤੱਥ ਨੂੰ ਕਵੀ ਨੇ ਕਿੰਨੀ ਡੂੰਘਾਈ ਨਾਲ ਜ਼ਿੰਦਗੀ ਦੀ ਸਚਾਈ ਨਾਲ ਜੋੜਿਆ ਹੈ :
ਜੋ ਚਾਹਤਾ ਥਾ ਦੁਨੀਆ ਕੋ ਮੁੱਠੀ ਮੇਂ ਕਰਨਾ,
ਥੇ ਹਾਥ ਉਸਕੇ ਖ਼ਾਲੀ ਜਨਾਜ਼ੇ ਸੇ ਬਾਹਰ
ਖਿਲਾਤਾ ਰਹਾ ਉਮ੍ਰ ਭਰ ਹੀ ਅਨਾ ਕੇ
ਵੋ ਅਹਮਕ਼ ਸਿਕੰਦਰ ਲਹੂ ਕੇ ਗੁਲਾਬ (ਪੰਨਾ 24)
ਕ਼ਲਮ ਦੀ ਤਾਕਤ ਨੂੰ ਸ਼ੈਦਾ ਜਿਹਾ ਦਾਨਿਸ਼ਵਰ ਗ਼ਜ਼ਲਗੋ ਹੀ ਸਮਝ ਸਕਦਾ ਹੈ, ਨਹੀਂ ਤਾਂ ਆਮ ਲੋਕ ਲੇਖਕ ਨੂੰ ਮੂਰਖ ਹੀ ਸਮਝਦੇ ਹਨ :
ਤੁਮ ਨਹੀਂ ਤਾਕ਼ਤ ਕ਼ਲਮ ਕੀ ਜਾਨਤੇ, ਸੋਚੋ ਜ਼ਰਾ
ਇਨਕ਼ਲਾਬੋਂ ਕਾ ਹੈ ਯੇ ਇੱਕ ਕਾਰਗਰ ਹਥਿਆਰ ਕਯੋਂ
ਜਿਸਕੇ ਫ਼ਨ ਕੋ ਸੋਨੇ ਚਾਂਦੀ ਸੇ ਖ਼ਰੀਦਾ ਜਾ ਸਕੇ
ਉਸਕੋ ਹਮ, ‘ਸ਼ੈਦਾ’ ਕਹੇਂਗੇ ਸਾਹਿਬੇ-ਕਿਰਦਾਰ ਕਯੋਂ
(ਪੰਨਾ 26)
ਅਜੋਕੇ ਮਾਨਵ ਦੀ ਤਣਾਅ ਭਰੀ ਜਟਿਲ ਜ਼ਿੰਦਗੀ ਨੂੰ ਵੇਖ ਕੇ ਇਹ ਜਾਪਦਾ ਹੈ ਕਿ ਉਹ ਇੱਕੋ ਸਮੇਂ ਵਿੱਚ ਕਈ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਉਹ ਕਰਦਾ ਕੁਝ ਹੋਰ ਹੈ, ਸੋਚਦਾ ਕੁਝ ਹੋਰ; ਵਿੰਹਦਾ ਕੁਝ ਹੋਰ ਹੈ, ਲਿਖਦਾ ਕੁਝ ਹੋਰ… ਤੇ ਅਜਿਹੀ ਪਰੇਸ਼ਾਨੀ ਵਿੱਚ ਉਸਤੋਂ ਕੋਈ ਵੀ ਕੰਮ ਠੀਕ ਨਹੀਂ ਹੋ ਸਕਦਾ। ਮੈਂ ਇਹਦਾ ਕਾਰਨ ਤਕਨਾਲੋਜੀ ਨੂੰ ਮੰਨਦਾ ਹਾਂ, ਜੀਹਨੇ ਮਨੁੱਖ ਨੂੰ ਖੰਡ-ਖੰਡ ਕਰਨ ਵਿੱਚ ਵੱਡੀ ਭੂਮਿਕਾ ਨਿਭਾਈ ਹੈ :
ਦਿਲ ਕਹੀੰ, ਰੂਹ ਕਹੀੰ, ਜਿਸਮ ਕਹੀਂ ਪਰ ਹੋਗਾ
ਤੁਮ ਹਵਾਓਂ ਮੇਂ ਉੜੋਗੇ ਤੋ ਬਿਖਰ ਜਾਓਗੇ
ਅਕ਼ਲਮੰਦੋਂ ਕੀ ਜੋ ਸੋਹਬਤ ਮੇਂ ਰਹੋਗੇ ‘ਸ਼ੈਦਾ’
ਅਪਨੇ ਕ਼ਦ ਸੇ ਭੀ ਕਹੀਂ ਊਂਚਾ ਉਭਰ ਜਾਓਗੇ
(ਪੰਨਾ 32)
ਜ਼ਿੰਦਗੀ ਸਿਰਫ਼ ਜਾਮੇ-ਸੁਰਾਹੀ, ਲਬੋ-ਰੁਖ਼ਸਾਰ ਦੇ ਹੀ ਪੇਚੋ-ਖ਼ਮ ਵਿੱਚ ਨਹੀਂ ਉਲਝੀ ਹੋਈ, ਸਗੋਂ ਇਹਦੇ ਸਾਹਮਣੇ ਭੁੱਖ, ਅਸਤਿਤਵ ਤੇ ਨਿੱਜਤਾ ਜਿਹੀਆਂ ਦੁਸ਼ਵਾਰੀਆਂ ਤੇ ਚੁਣੌਤੀਆਂ ਵੀ ਹਨ। ਮਨੁੱਖ ਦੀ ਜਵਾਂਮਰਦੀ ਏਸੇ ਵਿੱਚ ਹੈ ਕਿ ਉਹ ਜ਼ੁਲਮੋ-ਸਿਤਮ ਨਾਲ ਟਕਰਾਉਣ ਲਈ ਕਿਸੇ ਹੋਰ ਆਸਰੇ ਵੱਲ ਨਾ ਵੇਖੇ, ਕਿਸੇ ਤੋਂ ਮਦਦ ਲੈਣ ਦੀ ਗੁਹਾਰ ਨਾ ਲਾਵੇ, ਸਗੋਂ ਜਿੰਨਾ ਵੀ ਸੰਭਵ ਹੋਵੇ ਆਪਣੇ ਪੂਰੇ ਤਾਣ ਤੇ ਵੇਗ ਨਾਲ ਕੁੱਦ ਪਵੇ। ਕਿੰਨੀ ਵੀ ਭਿਆਨਕ ਤੇ ਕਾਲੀ ਰਾਤ ਕਿਉਂ ਨਾ ਹੋਵੇ, ਆਉਣ ਵਾਲਾ ਭਲਕ ਜ਼ਰੂਰ ਖ਼ੁਸ਼ਨੁਮਾ ਹੋਵੇਗਾ। ਆਸ਼ਾਵਾਦੀ ਸੋਚ ਤੇ ਭਵਿੱਖ ਦੇ ਸੁਨਹਿਰੀ ਸੁਪਨਿਆਂ ਨੂੰ ਤਰਜੀਹੀ ਤੌਰ ਤੇ ਰੇਖਾਂਕਿਤ ਕਰਦਾ ਹੋਇਆ ਕਵੀ ਲਿਖਦਾ ਹੈ
ਜੁਗਨੂੰ ਕੀ ਦਿਲੇਰੀ ਸੇ, ਲੀਜੇਗਾ ਸਬਕ਼ ਕੋਈ
ਲੜਤਾ ਹੈ ਅਕੇਲਾ ਹੀ, ਜ਼ੁਲਮਾਤ ਕੇ ਲਸ਼ਕਰ ਸੇ
ਨਸਲੇਂ ਹੀ ਚਲੋ ਅਪਨੀ, ਪੁਰਨੂਰ ਸਹਰ ਦੇਖੇਂ
ਆਓ ਕਿ ਲੜੇਂ ਜਮਕਰ, ਹਮ ਰਾਤ ਕੇ ਲਸ਼ਕਰ ਸੇ
(ਪੰਨਾ 33)
ਸ਼ੈਦਾ ਅਜਿਹਾ ਹੱਸਾਸ ਤੇ ਸੰਵੇਦਨਸ਼ੀਲ ਕਵੀ ਹੈ ਜੋ ਲੋਕਾਂ ਦੇ ਦੁਖਾਂ, ਹੰਝੂਆਂ, ਪਰੇਸ਼ਾਨੀਆਂ ਤੋਂ ਹਮੇਸ਼ਾ ਵਿਚਲਿਤ ਰਹਿੰਦਾ ਹੈ।
ਇਸ ਕਿਤਾਬ ਨੂੰ ਕਵੀ ਨੇ ਸੰਸਾਰ ਦੀ ਸੁਖ-ਸ਼ਾਂਤੀ, ਖ਼ੁਸ਼ਹਾਲੀ ਅਤੇ ਸਲਾਮਤੀ ਨੂੰ ਸਮਰਪਿਤ ਕੀਤਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਘਬਰਾ ਜਾਣਾ, ਪਲਾਇਣ ਕਰ ਜਾਣਾ ਵੀ ਕਾਇਰਤਾ ਦੀ ਨਿਸ਼ਾਨੀ ਹੈ। ਅਸਲੀ ਯੋਧਾ ਉਹੀ ਹੈ ਜੋ ਜੰਗੇ-ਮੈਦਾਨ ਵਿੱਚ ਸਿਰ ਤੇ ਕਫ਼ਨ ਬੰਨ੍ਹ ਕੇ ਜੂਝ ਪਵੇ :
ਮੇਰੇ ਸ਼ੇ’ਰੋਂ ਮੇਂ ਲੋਗੋਂ ਕੇ ਦੁਖ ਹੈਂ, ਆਂਸੂ ਹੈਂ, ਖ਼ੁਸ਼ੀਆਂ ਹੈਂ
ਹਰ ਪਲ ਚਿੰਤਨ ਔਰ ਮਨਨ ਨੇ ਹਕ਼ ਸਚ ਕਾ ਪਰਚਮ ਲਹਰਾਯਾ
ਜੀਨਾ ਬੇਸ਼ਕ ਰਾਸ ਨ ਆਯਾ, ਸਾਰਾ ਜੀਵਨ, ‘ਸ਼ੈਦਾ’ ਮੁਝ ਕੋ
ਪਰ ਸੰਘਰਸ਼ ਕੀ ਰਾਹ ਅਪਨਾਈ, ਮਰ ਜਾਨਾ ਨ ਮਨ ਕੋ ਭਾਯਾ (ਪੰਨਾ 34)
ਗਹਰੀ ਨੀਂਦ ਸੇ ਜਾਗੋ, ਉਠੋ, ਔਰ ਸੰਘਰਸ਼ ਮੇਂ ਜੂਝੋ
ਵਕਤ ਕੀ ਨਾਦ ਸੁਨੋ ਬੰਧੁ, ਤੁਮ ਕੋ ਲਲਕਾਰ ਪੜੀ ਹੈ
(ਪੰਨਾ 53)
ਪੰਨਾ 48 ਤੇ ‘ਐ ਦੋਸਤ’ ਤੇ ‘ਏ ਦੋਸਤ’ ਵੱਖ ਵੱਖ ਸ਼ਬਦਜੋੜਾਂ ਵਿੱਚ ਲਿਖਿਆ ਗਿਆ ਹੈ ਪਰ ਹਿੰਦੀ ਵਿੱਚ ‘ਏ’ ਸਹੀ ਹੈ, ‘ਐ’ ਨਹੀਂ। ਕਵੀ ਨੇ ਇਨ੍ਹਾਂ ਨੂੰ ਹਿੰਦੀ ਗ਼ਜ਼ਲਾਂ ਦਾ ਨਾਂ ਦਿੱਤਾ ਹੈ ਪਰ ਇਨ੍ਹਾਂ ਵਿੱਚ ਪ੍ਰਸਤੁਤ ਸ਼ਬਦ/ਵਾਕੰਸ਼ ਜ਼ਿਆਦਾਤਰ ਫ਼ਾਰਸੀ/ਅਰਬੀ ਵਾਲੇ ਹਨ। ਉਸ ਨੇ ਇਨ੍ਹਾਂ ਨੂੰ ਅਰਬੀ-ਫ਼ਾਰਸੀ ਸ਼ਬਦਜੋੜਾਂ ਮੁਤਾਬਕ ਲਿਖਣ ਨੂੰ ਤਰਜੀਹ ਦਿੱਤੀ ਹੈ, ਯਾਨੀ ਹਰ ਸ਼ਬਦ ਨੂੰ ਤਤਸਮ ਰੂਪ ਵਿੱਚ ਵਰਤਿਆ ਗਿਆ ਹੈ। ਇਸ ਕਿਤਾਬ ਦਾ ਇਹ ਹਾਸਲ ਹੈ ਕਿ ਮੁਸ਼ਕਿਲ ਸ਼ਬਦਾਂ ਦੇ ਅਰਥ ਅੰਤ ਵਿੱਚ ਦਿੱਤੇ ਗਏ ਹਨ। ਪਰ ਇੱਥੇ ਸਾਰੇ ਮੁਸ਼ਕਿਲ ਸ਼ਬਦ ਨਹੀਂ ਆ ਸਕੇ। ਅਰਥ-ਵਿਧੀ ਵੀ ਠੀਕ ਨਹੀਂ। ਇਨ੍ਹਾਂ ਨੂੰ ਅੰਕ ਪਾ ਕੇ ਜਾਂ ਪੰਨੇਵਾਰ ਜਾਂ ਫੁੱਟਨੋਟ ਵਿੱਚ ਲਿਖਿਆ ਜਾਣਾ ਚਾਹੀਦਾ ਸੀ। ਉਤਸ਼ਾਹ, ਪ੍ਰੇਰਨਾ ਅਤੇ ਸੰਘਰਸ਼ ਦੀਆਂ ਜ਼ਾਮਿਨ ਸ਼ੈਦਾ ਦੀਆਂ ਗ਼ਜ਼ਲਾਂ ਤਹਕ਼ੀਕ਼-ਓ-ਤਵਾਰੀਖ਼ ਵਿੱਚ ਜ਼ਲਜ਼ਲਾ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹਨ, ਅਜਿਹਾ ਮੇਰਾ ਵਿਸ਼ਵਾਸ ਹੈ!

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.