ਮਹਿੰਗਾਈ ਵੱਧ ਹੋਣ ਕਰਕੇ ਗ਼ਰੀਬ ਲੋਕਾਂ ਨੂੰ ਅੱਜ-ਕੱਲ੍ਹ ਸਬਜ਼ੀ ਖਰੀਦਣੀ ਵੀ ਬੜੀ ਔਖੀ ਲੱਗਦੀ ਹੈ ਕਿਉਂਕਿ ਤਕਰੀਬਨ ਪਿਛਲੇ ਦੋ, ਤਿੰਨ ਮਹੀਨਿਆਂ ਤੋਂ ਲੈ ਕੇ ਇੱਕ ਕਿਲੋਗ੍ਰਾਮ ਸਬਜੀ ਦਾ ਰੇਟ ਲਗਭਗ 80 ਤੋਂ ਲੈ ਕੇ 120 ਰੁਪਏ ਹੁਣ ਤੱਕ ਰਿਹਾ ਹੈ ਪਰ ਹੁਣ ਜਦੋਂ ਸਰਦੀ ਦੀ ਰੁੱਤ ਵਿੱਚ ਠੰਡ ਹੋਣ ਲੱਗੀ ਹੈ ਤਾਂ ਸਬਜੀਆਂ ਦਾ ਰੇਟ ਦਿਨ -ਬ -ਦਿਨ ਘਟ ਰਿਹਾ ਹੈ।ਕਿਉਂਕਿ ਇਹਨਾਂ ਦਿਨਾਂ ਵਿੱਚ ਸਰ੍ਹੋਂ ਦਾ ਸਾਗ, ਪਾਲਕ, ਮੂਲੀ, ਗਾਜਰ, ਸ਼ਲਗਮ, ਗੋਭੀ ਆਦਿ ਖੇਤਾਂ ਵਿੱਚ ਆਮ ਹੋ ਜਾਂਦੇ ਹਨ।ਕਈ ਲੋਕ ਆਪਣੇ ਘਰ ਦੇ ਨੇੜੇ ਖਾਲੀ ਥਾਵਾਂ ਵਿੱਚ ਵੀ ਸਬਜ਼ੀ ਲਗਾ ਲੈਂਦੇ ਹਨ। ਘਰ ਵਿੱਚ ਲਗਾਈ ਸਬਜੀ ਦੇ ਬੜੇ ਫਾਇਦੇ ਹਨ ਕਿਉਂਕਿ ਬਿਨਾਂ ਰੇਹ, ਸਪਰੇਅ ਦੇ ਉਘਾਈ ਸਬਜੀ ਸਿਹਤ ਲਈ ਨੁਕਸਾਨਦੇਹ ਨਹੀਂ ਹੁੰਦੀ।
ਸਰਦੀ ਦੀ ਰੁੱਤ ਸ਼ੁਰੂ ਹੋਣ ਸਮੇਂ ਸਤੰਬਰ, ਅਕਤੂਬਰ ਦੇ ਮਹੀਨੇ ਵਿੱਚ ਸਬਜੀਆਂ ਬੀਜੀਆਂ ਜਾਂਦੀਆਂ ਹਨ ਅਤੇ ਧੁੰਦ ਵਾਲੇ ਦਿਨ ਆਉਣ ਤੱਕ ਸਬਜ਼ੀਆਂ ਤਿਆਰ ਹੋ ਕੇ ਆਮ ਹੋ ਜਾਂਦੀਆਂ ਹਨ। ਸਰਦੀਆਂ ਦੀ ਰੁੱਤ ਵਿੱਚ ਲਗਾਈ ਗਈ ਸਬਜੀ ਨੂੰ ਜਿਆਦਾ ਪਾਣੀ ਦੇਣ ਦੀ ਵੀ ਲੋੜ ਨਹੀਂ ਹੁੰਦੀ ਕਿਉਂਕਿ ਧੁੰਦ, ਤਰੇਲ ਦੀ ਨਮੀ ਹੋਣ ਕਰਕੇ ਸਬਜ਼ੀ ਵਾਲੀ ਥਾਂ ਵਿੱਚ ਸਿੱਲ੍ਹ ਰਹਿੰਦੀ ਹੈ।ਸਰ੍ਹੋਂ ਦੇ ਸਾਗ ਦੀਆਂ ਗੰਦਲਾਂ ਤੋੜਨ ਤੋਂ ਬਾਅਦ ਫਿਰ ਫੁੱਟ ਆਉਂਦੀਆਂ ਹਨ ਜਿਸ ਕਰਕੇ ਕੁਝ ਦਿਨਾਂ ਬਾਅਦ ਸਾਗ ਫਿਰ ਬਣਾਇਆ ਜਾ ਸਕਦਾ ਹੈ।
ਧਣੀਆਂ, ਮੇਥੀ, ਮੇਥੇ ਆਦਿ ਵੀ ਸਬਜ਼ੀਆਂ ਨੂੰ ਹੋਰ ਸਵਾਦਿਸ਼ਟ ਬਣਾਉਣ ਲਈ ਵਰਤੇ ਜਾਂਦੇ ਹਨ।
ਇਸ ਤਰ੍ਹਾਂ ਹੀ ਗਾਜਰ, ਮੂਲੀ, ਸ਼ਲਗਮ ਆਦਿ ਸਬਜੀਆਂ ਦੀ ਵੱਖਰੀ-ਵੱਖਰੀ ਲੱਜ਼ਤ ਅਤੇ ਸਵਾਦ ਹਨ। ਗਾਜਰ, ਬੰਦ ਗੋਭੀ ਮੂਲੀ,ਵਿੱਚ ਹੋਰ ਵੀ ਗੁਣ ਹੁੰਦੇ ਹਨ, ਜਿਵੇਂ ਕਿ ਗਾਜਰ ਦਾ ਰਸ ਕੱਢ ਕੇ ਪੀਤਾ ਜਾਂਦਾ ਹੈ ਤੇ ਮੂਲੀ, ਬੰਦ ਗੋਭੀ ਨੂੰ ਸਲਾਦ ਦੇ ਤੌਰ ਤੇ ਵਰਤਿਆ ਜਾਂਦਾ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਹੱਥੀਂ ਮਿਹਨਤ ਕਰਕੇ ਸਬਜੀਆਂ ਦੀ ਕਾਸ਼ਤ ਵਧਾਉਣੀ ਚਾਹੀਦੀ ਹੈ ਤਾਂ ਕਿ ਬਿਮਾਰੀਆਂ ਅਤੇ ਮਹਿੰਗਾਈ ਨੂੰ ਘਟਾਇਆ ਜਾ ਸਕੇ।
ਦਿਲਸ਼ਾਨ, ਮੋਬਾਈਲ -99143 04172
