
ਨਾਮਦੇਵ ਭੁਟਾਲ ਮਾਰਕਸਵਾਦੀ ਫਲਸਫੇ ਦਾ ਚਿੰਤਕ ਸੀ। ਲੈਨਿਨ ਤੇ ਮਾਓ ਜ਼ੇ ਤੁੰਗ ਦਾ ਪੈਰੋਕਾਰ। ਉਹ ਸਮਾਜ ਵਿਚ ਸ਼੍ਰੇਣੀ ਵੰਡ ਦੇ ਖਿਲਾਫ ਸੀ। ਉਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਤੋਰਨ ਦਾ ਹਾਮੀ ਸੀ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਹੋਣ ਦਾ ਸੰਦੇਸ਼ ਦਿੱਤਾ ਗਿਆ ਸੀ। ਉਹ ਨਿਰੋਲ ਪੇਂਡੂ ਪਿਛੋਕੜ ਵਾਲਾ ਇਨਸਾਨ ਸੀ। ਤਾਹੀਓਂ ਤਾਂ ਉਹ ਖੇਤ ਖਲਿਆਨਾਂ ਦਾ ਪਹਿਰੇਦਾਰ ਵੀ ਸੀ। ਭਾਰਤੀ ਕਿਸਾਨ ਯੂਨੀਅਨ ਦੇ ਅੰਦੋਲਨਾਂ ਵਿੱਚ ਉਸ ਦੀ ਵਿਸ਼ੇਸ਼ ਸ਼ਮੂਲੀਅਤ ਹੁੰਦੀ ਸੀ।
ਨਾਮਦੇਵ ਭੁਟਾਲ ਦਾ ਜਨਮ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਦੇ ਪਿੰਡ ਭੁਟਾਲ ਕਲਾਂ ਵਿਖੇ 13-01-1953 ਨੂੰ ਮਾਤਾ ਧੰਨ ਕੌਰ ਤੇ ਪਿਤਾ ਸਾਧੂ ਸਿੰਘ ਦੇ ਘਰ ਹੋਇਆ। ਨਾਮਦੇਵ ਚਾਰ ਭਰਾਵਾਂ ਤੇ ਦੋ ਭੈਣਾਂ ਵਿੱਚੋਂ ਸਭ ਤੋਂ ਛੋਟਾ ਸੀ। ਉਸਨੇ ਪ੍ਰਾਇਮਰੀ ਤੱਕ ਦੀ ਪੜ੍ਹਾਈ ਆਪਣੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ। ਦਸਵੀਂ ਜਮਾਤ ਦੀ ਪ੍ਰੀਖਿਆ ਉਸਨੇ ਸਾਲ 1970 ਵਿਚ ਸਰਕਾਰੀ ਹਾਈ ਸਕੂਲ ਲਹਿਰਾਗਾਗਾ ਤੋਂ ਪਾਸ ਕੀਤੀ। ਉਸਨੇ ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਸਾਲ 1974 ਵਿਚ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਪ੍ਰਾਪਤ ਕੀਤੀ। ਐਮ ਏ ਇਕਨੋਮਿਕਸ ਦੀ ਡਿਗਰੀ ਡੇਹਰਾਦੂਨ ਗੜਵਾਲ ਯੂਨੀਵਰਸਿਟੀ ਤੋਂ ਸਾਲ 1975-76 ਵਿਚ ਪਾਸ ਕੀਤੀ।
ਕਾਲਜ ਦੀ ਪੜ੍ਹਾਈ ਸਮੇਂ ਤੋਂ ਹੀ ਨਾਮਦੇਵ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੁੜ ਕੇ ਵਿਦਿਆਰਥੀ ਸਰਗਰਮੀਆਂ ਵਿਚ ਹਿੱਸਾ ਲੈਣ ਲੱਗ ਪਿਆ ਸੀ। ਲੋਕ ਪੱਖੀ ਅਤੇ ਇਨਕਲਾਬੀ ਵਿਚਾਰਾਂ ਦੀ ਪਾਣ ਉਸ ਨੂੰ ਕਾਲਜ ਵੇਲੇ ਤੋਂ ਹੀ ਚੜ੍ਹ ਗਈ ਸੀ ਜਦੋਂ ਕਿਸਾਨ ਬਗਾਵਤ ਨੇ ਸਾਰੇ ਮੁਲਕ ਨੂੰ ਆਪਣੇ ਘੇਰੇ ਵਿੱਚ ਲੈ ਲਿਆ ਸੀ। ਐਮ ਏ ਦੀ ਪੜ੍ਹਾਈ ਕਰਨ ਤੋਂ ਬਾਅਦ ਪ੍ਰਪੱਕ ਵਿਚਾਰਾਂ ਦੀ ਰੌਸ਼ਨੀ ਵਿੱਚ ਪਿੰਡ ਅਤੇ ਇਲਾਕੇ ਵਿੱਚ ਨੌਜਵਾਨ ਭਾਰਤ ਸਭਾ ਦੀ ਉਸਾਰੀ ਸ਼ੁਰੂ ਕਰ ਦਿੱਤੀ। ਸਭਾ ਦੀ ਉਸਾਰੀ ਪਿੰਡ ਭੁਟਾਲ ਕਲਾਂ ਵਿਖੇ 10-12-1977 ਨੂੰ 40 ਮੈਂਬਰਾਂ ਦੀ ਮੀਟਿੰਗ ਤੋਂ ਸ਼ੁਰੂ ਕਰਕੇ ਸਮੁੱਚੇ ਲਹਿਰਾਗਾਗਾ ਸੁਨਾਮ ਇਲਾਕੇ ਦੀ ਲਾਮਬੰਦੀ ਕੀਤੀ ਗਈ। ਪੰਜਾਬ ਸਟੂਡੈਂਟਸ ਯੂਨੀਅਨ ਦੀ ਵਿਦਿਆਰਥੀ ਜਥੇਬੰਦੀ ਨੂੰ ਲਾਮਬੰਦ ਕਰਨ ਲਈ ਤਿੰਨ ਮੈਂਬਰੀ ਟੀਮ ( ਜਗਜੀਤ ਭੁਟਾਲ ਨਾਮਦੇਵ ਭੁਟਾਲ ਅਤੇ ਮੇਜਰ ਮੱਟਰਾਂ ) ਦੀ ਡਿਊਟੀ ਲਗਾਈ ਗਈ। ਸੰਗਰਾਮੀ ਘੋਲਾਂ ਦੌਰਾਨ ਇਲਾਕੇ ਦਾ ਨਾਮ ਸਮੁੱਚੇ ਪੰਜਾਬ ਦੀ ਫਿਜ਼ਾਵਾਂ ਵਿੱਚ ਗੂੰਜਣ ਲੱਗਿਆ। ਮਿਸਾਲੀ ਘੋਲਾਂ ( ਪ੍ਰਿਥੀਪਾਲ ਰੰਧਾਵਾ ਘੋਲ 1979 ਬਸ ਕਿਰਾਇਆ ਘੋਲ 1980 ) ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਇਹਨਾਂ ਘੋਲਾਂ ਵਿਚ ਲੋਕਾਂ ਦੀ ਸ਼ਮੂਲੀਅਤ ਕਰਵਾਈ ਗਈ। ਨਾਮਦੇਵ ਭੁਟਾਲ ਅਤੇ ਸਾਥੀਆਂ ਦੀ ਬਦੌਲਤ ਇਹ ਇਲਾਕਾ ਪੰਜਾਬ ਚੋਂ ਪਹਿਲੇ ਨੰਬਰ ਤੇ ਆਇਆ। ਕਿਰਾਇਆ ਘੋਲ ਵੇਲੇ ਛਾਜਲੀ ਗੋਲੀ ਕਾਂਡ ਪ੍ਰਮੁੱਖ ਰਿਹਾ। ਨਾਮਦੇਵ ਭੁਟਾਲ ਜਗਜੀਤ ਭੁਟਾਲ ਸਮੇਤ ਨੌਂ ਬੰਦਿਆਂ ਤੇ ਝੂਠੇ ਪੁਲਿਸ ਮੁਕੱਦਮੇ ਦਰਜ ਕੀਤੇ ਗਏ ਅਤੇ ਤਿੰਨ ਸਾਲ ਚੱਲੇ ਇਹਨਾਂ ਝੂਠੇ ਪੁਲਿਸ ਮੁੱਕਦਮਿਆਂ ਵਿਚੋਂ ਬਾਇੱਜਤ ਬਰੀ ਹੋਏ।
ਉਸਦੇ ਜਿਗਰੀ ਦੋਸਤ ਜਗਜੀਤ ਭੁਟਾਲ ਨੇ ਕਿਹਾ ‘”ਨਾਮਦੇਵ ਮੇਰਾ ਬਚਪਨ ਦਾ ਦੋਸਤ ਸੀ। ਮੈਂ ਤੇ ਨਾਮਦੇਵ ਨੇ ਸਕੂਲ ਵਿੱਚ ਇਕੱਠਿਆਂ ਹੀ ਦਾਖਲਾ ਲਿਆ। ਇਕੱਠੇ ਹੀ ਖੇਡਦੇ ਇਕੱਠੇ ਹੀ ਪੜ੍ਹਦੇ। ਉਦੋਂ ਹੀ ਸਾਡੀ ਗਹਿਰੀ ਦੋਸਤੀ ਬਣ ਗਈ ਸੀ। ਜੇਠ ਹਾੜ ਦੀਆਂ ਤਪਦੀਆਂ ਧੁੱਪਾਂ ਦਾ ਸੇਕ ਵੀ ਇਕੱਠਿਆਂ ਝੱਲਿਆ ਤੇ ਪੋਹ ਮਾਘ ਦੀਆਂ ਰਾਤਾਂ ਦੀ ਬਰਫੀਲੀ ਠੰਢ ਵੀ। ਸਾਡਾ ਪੱਕਾ ਯਾਰਾਨਾ ਸੀ ਧੁੱਪ ਮੇਰੇ ਤੇ ਪੈਂਦੀ ਸੀ ਪਰਛਾਵਾਂ ਉਸਦਾ ਦਿਖਾਈ ਦਿੰਦਾ ਸੀ। ਜ਼ਿੰਦਗੀ ਦੀਆਂ 64 ਰੁੱਤਾਂ ਤੇ ਬਹਾਰਾਂ ਦਾ ਅਸੀਂ ਇਕੱਠਿਆਂ ਨਿੱਘ ਮਾਣਿਆ ਪਰ ਇਸ ਵਾਰ ਇਹ ਰੁੱਤ ਪਤਝੜ ਲੈ ਕੇ ਆਵੇਗੀ ਇਸ ਦਾ ਚਿੱਤ ਚੇਤਾ ਵੀ ਨਹੀਂ ਸੀ। ਮੇਰੇ ਨੈਣਾਂ ਦਾ ਸਤਲੁਜ ਮੇਰੇ ਹਾਸਿਆਂ ਤੇ ਹੌਕਿਆਂ ਨੂੰ ਸੈਲਾਬ ਦੀ ਤਰ੍ਹਾਂ ਵਹਾ ਕੇ ਲੈ ਗਿਆ।ਨਾਮਦੇਵ ਭੁਟਾਲ ਮੇਰੇ ਦਰਦਾਂ ਦੀ ਮੱਲ੍ਹਮ ਸੀ। ਉਸਦੀ ਮੌਤ ਨੇ ਮੈਨੂੰ ਡੂੰਘਾ ਦਰਦ ਦਿੱਤਾ। ਇਹ ਜ਼ਖ਼ਮ ਜਲਦੀ ਕੀਤਿਆਂ ਭਰਨ ਵਾਲੇ ਨਹੀਂ। ਇਹ ਫੱਟ ਕਿਸੇ ਨੂੰ ਦਿਖਦੇ ਤਾਂ ਨਹੀਂ ਪਰ ਦੁਖਦੇ ਬਹੁਤ ਹਨ। ਉਹ ਮੇਰੇ ਹਰ ਸੁੱਖ ਦੁੱਖ ਵਿਚ ਸ਼ਰੀਕ ਹੁੰਦਾ ਸੀ। ਉਹ ਮੇਰੇ ਦਿਲ ਦੀਆਂ ਰਮਜਾਂ ਨੂੰ ਪਛਾਣਦਾ ਸੀ। ਮੇਰੇ ਆਉਂਦੇ ਜਾਂਦੇ ਸਾਹਾਂ ਦੀ ਗਿਣਤੀ ਨੂੰ ਜਾਣਦਾ ਸੀ। ਉਹ ਗਹਿਰਾਈ ਨਾਲ ਮੇਰੇ ਮਨ ਨੂੰ ਵੀ ਸਮਝਦਾ ਸੀ ਤੇ ਮੇਰੇ ਮੌਨ ਨੂੰ ਵੀ। ਉਹ ਮੇਰੀ ਰੂਹ ਦਾ ਰਾਜ਼ਦਾਰ ਸੀ। ਐਸੇ ਕਦਰਦਾਨ ਦੋਸਤ ਬੜੀ ਕਿਸਮਤ ਨਾਲ ਮਿਲਦੇ ਹਨ। ਨਾਮਦੇਵ ਦੀ ਮੌਤ ਤੋਂ ਬਾਅਦ ਮੇਰੀ ਰੂਹ ਦੁਹੱਥੜੇ ਮਾਰ ਕੇ ਰੋਈ। ਪਰ ਜਿੰਨਾਂ ਰਾਹਾਂ ਤੇ ਉਹ ਤੁਰ ਗਿਆ ਉਹਨਾਂ ਰਾਹਾਂ ਦਾ ਕੋਈ ਸਿਰਨਾਵਾਂ ਨਹੀਂ। ਜਿਵੇਂ ਅੰਬਰੋਂ ਟੁੱਟੇ ਤਾਰੇ ਦਾ ਕੋਈ ਟਿਕਾਣਾ ਨਹੀਂ ਹੁੰਦਾ।”
ਨਾਮਦੇਵ ਭੁਟਾਲ ਪ੍ਰਾਇਮਰੀ ਪੱਧਰ ਤੋਂ ਲੈ ਕੇ ਕਾਲਜ ਪੱਧਰ ਤੱਕ ਕਬੱਡੀ ਦਾ ਵਧੀਆ ਖਿਡਾਰੀ ਰਿਹਾ। ਉਹਨਾਂ ਦਾ ਵਿਆਹ ਪਿੰਡ ਪੂਹਲੇ ਦੀ ਧੀ ਜਸਵੰਤ ਕੌਰ ਨਾਲ 16 ਜੂਨ 1985 ਨੂੰ ਬਿਨਾਂ ਦਾਜ ਦਹੇਜ ਦੇ ਹੋਇਆ। ਉਹਨਾਂ ਨੇ ਸਹਿਕਾਰੀ ਮਹਿਕਮੇ ਵਿਚ 32 ਸਾਲ ਨੌਕਰੀ ਕੀਤੀ। ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਉਂਦਿਆਂ 31-01-2013 ਨੂੰ ਪਿੰਡ ਡੂਡੀਆਂ ਦੀ ਸੋਸਾਇਟੀ ਵੱਲੋਂ ਵਿਦਾਇਗੀ ਲਈ। ਸਹਿਕਾਰੀ ਲਹਿਰ ਵਿਚਲੇ ਸੰਘਰਸ਼ਾਂ ਦੌਰਾਨ ਵੀ ਉਹਨਾਂ ਦਾ ਵੱਡਮੁੱਲਾ ਯੋਗਦਾਨ ਰਿਹਾ। ਨਾਮਦੇਵ ਭੁਟਾਲ ਇੱਕ ਦਹਾਕੇ ਤੋਂ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਸੰਗਰੂਰ ਦੇ ਪ੍ਰਧਾਨ ਵਜੋਂ ਅਤੇ ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਪ੍ਰਮੁੱਖ ਅਹੁਦੇਦਾਰ ਵਜੋਂ ਕੰਮ ਕਰ ਰਹੇ ਸਨ। ਨਾਮਦੇਵ ਭੁਟਾਲ ਵਿਗਿਆਨਕ ਸੋਚ ਨਾਲ ਜੁੜੇ ਹੋਏ ਇਨਸਾਨ ਸਨ। ਉਹਨਾਂ ਨੇ ਜਿਉਂਦੇ ਜੀਅ ਆਪਣਾ ਜੀਵਨ ਲੋਕਾਂ ਲੇਖੇ ਲਾਇਆ ਤੇ ਮਰਨ ਉਪਰੰਤ ਸਰੀਰ ਪ੍ਰਦਾਨ ਕਰਕੇ ਮੈਡੀਕਲ ਖੋਜਾਂ ਕਾਰਜਾਂ ਦੇ ਲੇਖੇ। ਨਾਮਦੇਵ ਭੁਟਾਲ ਕਲਾਂ ਦੀ ਦੂਸਰੀ ਬਰਸੀ 7 ਦਿਸੰਬਰ ਨੂੰ ਪਿੰਡ ਭੁਟਾਲ ਕਲਾਂ ਕ੍ਰਿਸ਼ਨ ਦੇਵ ਯਾਦਗਾਰੀ ਪੈਲੇਸ ਭੁਟਾਲ ਕਲਾਂ ਵਿਖੇ ਮਨਾਈ ਜਾਵੇਗੀ।
ਰਿਪੋਰਟਰ
ਸਨੀ ਸੇਖੂਵਾਸ
ਰਾਹੀਂ –
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349

