ਸਵੈ-ਅਧਿਐਨ ਦਾ ਅਰਥ ਹੈ – ਆਪਣੇ-ਆਪ ਅਧਿਐਨ ਕਰਨਾ, ਆਪਣੀ ਮਿਹਨਤ ਨਾਲ ਪੜ੍ਹਾਈ ਕਰਨੀ। ਅੱਜਕੱਲ੍ਹ ਦੇ ਸਮੇਂ ਵਿੱਚ ਸਵੈ-ਅਧਿਐਨ ਦਾ ਪ੍ਰਚਲਨ ਘਟਦਾ ਜਾ ਰਿਹਾ ਹੈ। ਇਹਦੇ ਬਹੁਤ ਸਾਰੇ ਕਾਰਨ ਹਨ। ਜਿਨ੍ਹਾਂ ਵਿੱਚ ਇੱਕ ਤਾਂ ਇਹ ਹੈ ਕਿ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਅਧਿਆਪਕਾਂ ਤੋਂ ਪੜ੍ਹਦੇ ਹਨ ਤੇ ਅਧਿਆਪਕ ਉਨ੍ਹਾਂ ਨੂੰ ਨੋਟਸ ਵੀ ਮੁਹੱਈਆ ਕਰਵਾਉਂਦੇ ਹਨ। ਜੇ ਕਿਧਰੇ ਕੋਈ ਵਿਦਿਆਰਥੀ ਪ੍ਰਾਈਵੇਟ ਤੌਰ ਤੇ ਪੜ੍ਹਦਾ ਹੈ ਤਾਂ ਉਹਨੂੰ ਮਾਰਕਿਟ ਤੋਂ ਸਹਾਇਕ ਪੁਸਤਕਾਂ, ਗਾਈਡਾਂ, ਕੁੰਜੀਆਂ ਉਪਲਬਧ ਹੋ ਜਾਂਦੀਆਂ ਹਨ ਤੇ ਉਹ ਆਪ ਮਿਹਨਤ ਕਰਨ ਵੱਲ ਰੁਚਿਤ ਨਹੀਂ ਹੁੰਦਾ। ਇੱਥੇ ਮੈਂ ਆਪਣੀ ਮਿਸਾਲ ਦੇਣੀ ਚਾਹਾਂਗਾ। ਮੇਰੀ ਸਾਰੀ ਪੜ੍ਹਾਈ ਸਵੈ-ਅਧਿਐਨ ਦੀ ਹੈ। ਮੈਂ ਮੈਟ੍ਰਿਕ ਪਿੱਛੋਂ ਐਮਏ ਤੱਕ ਦੀ ਸਾਰੀ ਪੜ੍ਹਾਈ ਪ੍ਰਾਈਵੇਟ ਤੌਰ ਤੇ ਸਵੈ-ਅਧਿਐਨ ਰਾਹੀਂ ਕੀਤੀ ਹੈ। ਇਹ ਸੱਤਰਵਿਆਂ ਅੱਸੀਵਿਆਂ ਦੀਆਂ ਗੱਲਾਂ ਹਨ। ਉਨ੍ਹੀਂ ਦਿਨੀਂ ਮਾਰਕਿਟ ਵਿੱਚ ਗਾਈਡਾਂ ਨਹੀਂ ਸਨ ਮਿਲਦੀਆਂ। ਮੈਂ ਪਟਿਆਲੇ ਰਹਿੰਦਾ ਸਾਂ ਜਿੱਥੇ ਯੂਨੀਵਰਸਿਟੀ ਦੀ ਬਹੁਤ ਵੱਡੀ ਲਾਇਬ੍ਰੇਰੀ ਸੀ। ਮੈਂ ਉੱਥੋਂ ਕਿਤਾਬਾਂ ਲੈ ਕੇ ਖ਼ੁਦ ਨੋਟਸ ਤਿਆਰ ਕੀਤੇ, ਜਿਸਦੇ ਨਤੀਜੇ ਵਜੋਂ ਮੈਂ 1980 ਵਿੱਚ ਯੂਨੀਵਰਸਿਟੀ ‘ਚੋਂ ਗੋਲਡ ਮੈਡਲ ਹਾਸਲ ਕੀਤਾ। ਮੈਨੂੰ ਸਵੈ-ਅਧਿਐਨ ਦਾ ਇਹ ਲਾਭ ਹੋਇਆ ਕਿ ਮੇਰੀ ਸ਼ਬਦਾਵਲੀ ਵਧੀ, ਹੋਰ ਜਾਣਨ ਦੀ ਇੱਛਾ ਪੈਦਾ ਹੋਈ ਤੇ ਮੈਂ ਕਵਿਤਾਵਾਂ, ਮਿੰਨੀ ਕਹਾਣੀਆਂ, ਕਿਤਾਬਾਂ ਦੇ ਰੀਵਿਊ ਲਿਖਣੇ ਸ਼ੁਰੂ ਕੀਤੇ ਜੋ ਅੱਜ ਪੈਂਹਟ ਸਾਲ ਤੋਂ ਵਧੇਰੇ ਦੀ ਉਮਰ ਵਿੱਚ ਬਾਦਸਤੂਰ ਜਾਰੀ ਹੈ। ਇਸ ਤਰ੍ਹਾਂ ਸਵੈ-ਅਧਿਐਨ ਨਾਲ ਵਿਅਕਤੀ ਨੂੰ ਜਿੱਥੇ ਮਿਹਨਤ ਕਰਨ ਦੀ ਆਦਤ ਪੈਂਦੀ ਹੈ, ਉੱਥੇ ਉਹਨੂੰ ਮਾਨਸਿਕ ਤਸੱਲੀ ਵੀ ਮਿਲਦੀ ਹੈ।

~ ਪ੍ਰੋ. ਨਵ ਸੰਗੀਤ ਸਿੰਘ