ਅੱਖਰ ਜੋੜ ਬਣਾਈ ਹੈ ਮੈਂ, ਸ਼ਬਦਾਂ ਦੀ ਫੁਲਕਾਰੀ।
ਇਹਦਾ ਰਸ ਤੇ ਰੰਗ ਅਨੋਖਾ, ਛਬ ਹੈ ਬੜੀ ਨਿਆਰੀ।
ਕੋਈ ਸ਼ਬਦ ਨੇ ਸਿੱਧੇ-ਸਾਦੇ, ਕੋਈ ਤਿੱਖੀ ਕਟਾਰੀ।
ਸ਼ਬਦ ਕੋਈ ਹੌਲੇ ਫੁੱਲ ਵਰਗੇ, ਕਿਤੇ-ਕਿਤੇ ਨੇ ਭਾਰੀ।
ਦੁਸ਼ਮਣ ਬਣਦੇ ਨਾਲ ਸ਼ਬਦ ਦੇ, ਇਹੋ ਪੁਗਾਵਣ ਯਾਰੀ।
ਸ਼ਬਦਾਂ ਵਿੱਚ ਹੀ ਬੰਨ੍ਹੇ ਹੁੰਦੇ, ਰਿਸ਼ਤੇ-ਰਿਸ਼ਤੇਦਾਰੀ।
ਨਾਵਲ, ਨਾਟਕ ਸ਼ਬਦਾਂ ਵਿੱਚ ਨੇ, ਕਵਿਤਾ ਕਹਿਣ ਪਿਆਰੀ।
ਚਾਰ-ਚੁਫ਼ੇਰੇ ਫੈਲੀ ਮੇਰੇ, ਸ਼ਬਦ-ਫੁੱਲਾਂ ਦੀ ਕਿਆਰੀ।
ਵੋਟਾਂ ਵੇਲੇ ਨੇਤਾ ਕਰਦੇ, ਭਾਸ਼ਣ ਧੂੰਆਂਧਾਰੀ।
ਕਈ ਕੇਵਲ ਸ਼ਬਦਾਂ ਨਾਲ ਜਿੱਤਦੇ, ਜੋ ਬਾਜ਼ੀ ਹੈ ਹਾਰੀ।
ਬੱਚੇ, ਬੁੱਢੇ ਸ਼ਬਦਾਂ ਤੋਂ ਨੇ, ਸ਼ਬਦਾਂ ਤੋਂ ਨਰ-ਨਾਰੀ।
ਨਾਲ ਸ਼ਬਦ ਦੇ ਵਿੱਚ ਆਕਾਸ਼ੀਂ, ਲਾਈਏ ਅਸੀਂ ਉਡਾਰੀ।
ਮਿੱਠੇ ਸ਼ਬਦਾਂ ਨਾਲ ਹੈ ਮਿਲਦੀ, ਖੁੱਸੀ ਹੋਈ ਸਰਦਾਰੀ।
ਕੌੜੇ ਸ਼ਬਦ ਨਾ ਕਦੇ ਵੀ ਬੋਲੋ, ਸ਼ਬਦ ਬੜੇ ਗੁਣਕਾਰੀ।
ਲਿਖਤਾਂ ਵਿੱਚ ਨੇ ਸ਼ਬਦ ਮਟਕਦੇ, ਜਿਉਂ ਸੁਰਮੇ ਦੀ ਧਾਰੀ।
ਦੁਖ-ਸੁਖ ਮੇਰਾ ਸ਼ਬਦਾਂ ਵਿੱਚ ਹੈ, ਮੈਂ ਸ਼ਬਦਾਂ ਤੋਂ ਵਾਰੀ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.