ਸ਼ਬਦ ਸਲਾਮਤ ਰਹਿਣ, ਦਮਾਂ ਦਾ ਕੀ ਭਰਵਾਸਾ।
ਇਹ ਜਲ ਵਗਦੇ ਰਹਿਣ, ਦਮਾਂ ਦਾ ਕੀ ਭਰਵਾਸਾ।
ਨਕਲੀ ਫੁੱਲਾਂ ਦੇ ਵਣਜਾਰੇ ਮੱਲ ਬੈਠੇ ਅੱਜ ਬੂਹੇ।
ਮਰ ਨਾ ਜਾਣ ਕਿਆਰੀਆਂ ਬੂਟੇ, ਟਾਹਣੀ ਤੇ ਫੁੱਲ ਸੂਹੇ।
ਯਤਨ ਕਰੋ ਪਥਰਾਏ ਸੁਪਨੇ ਸਾਡੇ ਮਗਰੋਂ ਲਹਿਣ।
ਬਣੇ ਬਣਾਏ ਬਰਗਰ ਪੀਜ਼ਾ, ਢਾਹ ਨਾ ਦੇਵਣ ਚੁੱਲ੍ਹੇ।
ਮਰੇ ਉਡੀਕ ਕਦੇ ਨਾ ਮਾਂ ਦੀ, ਬੱਚਾ ਨਾ ਰਾਹ ਭੁੱਲੇ।
ਆਪਣਾ ਪਲੰਘ ਵਿਸਾਰ ਪੁਆਂਦੀਂ ਓਪਰਿਆਂ ਨਾ ਬਹਿਣ।
ਸੁਰ ਤੇ ਸ਼ਬਦ-ਸਾਧਨਾ ਵੇਖਿਓ, ਚੱਟ ਨਾ ਜਾਣ ਮਸ਼ੀਨਾਂ।
ਬੇਸੁਰਿਆਂ ਦੀ ਮੰਡੀ ਅੰਦਰ, ਵਿਲਕਦੀਆਂ ਅੱਜ ਬੀਨਾਂ।
ਤੂੰਬਾ, ਅਲਗੋਜ਼ਾ ਤੇ ਵੰਝਲੀ, ਮਾਰ ਸਮੇਂ ਦੀ ਸਹਿਣ।
ਫ਼ਿਕਰ ਨਾਗਣੀ ਘੁੱਟੀ ਜਾਵੇ ਗਲਿਆਂ ਦੇ ਵਿਚ ਹੇਕਾਂ।
ਬਾਬਲ ਅੰਮੜੀ ਉੱਗਣੋਂ ਪਹਿਲਾਂ ਚੀਰੀ ਜਾਣ ਧਰੇਕਾਂ।
ਪੰਜ ਦਰਿਆਵਾਂ ਦੀ ਮੱਤ ਮਾਰੀ, ਵਗਦੇ ਉਲਟੇ ਵਹਿਣ।
ਧਰਤੀ ਮਾਂ ਦੇ ਪੈਰੋਂ ਜਿੰਨ੍ਹਾਂ ਫ਼ਿਕਰ ਜੰਜ਼ੀਰਾਂ ਲਾਹੀਆਂ।
ਉਨ੍ਹਾਂ ਹੀ ਪੁੱਤਰਾਂ ਦੇ ਗਲ਼ ਵਿਚ ਕਰਜ਼ੇ ਬਣ ਗਏ ਫਾਹੀਆਂ।
ਕਿਉਂ ਰੋਜ਼ਾਨਾ ਸਾਡੀਆਂ ਪੈਲੀਆਂ ਸੇਕ ਸਿਵੇ ਦਾ ਸਹਿਣ।
ਜੇਕਰ ਸਾਡੇ ਸ਼ਬਦਾਂ ਹੁਣ ਨਾ ਸਾਂਭੀ ਜ਼ੁੰਮੇਵਾਰੀ।
ਧਰਤੀ ਮਾਣ ਗੁਆ ਬੈਠੇਗੀ, ਰੁਲ ਜਾਊ ਸਿਰਦਾਰੀ।
ਵਕਤ ਗੁਆਚਾ ਹੱਥ ਨਹੀਂ ਆਉਣਾ, ਮਗਰੋਂ ਫਿਰ ਨਾ ਕਹਿਣ।
ਸ਼ਬਦ ਸਲਾਮਤ ਰਹਿਣ।

🔸ਗੁਰਭਜਨ ਗਿੱਲ