ਪੂਰੀ ਛੁੱਟੀ ਦੀ ਘੰਟੀ ਵੱਜਦੇ ਸਾਰ ਹੀ ਅੱਠਵੀਂ ਕਲਾਸ ਦੇ ਦੋ ਵਿਦਿਆਰਥੀ ਮਾਸਟਰ ਗਗਨਦੀਪ ਸਿੰਘ ਕੋਲ ਆ ਕੇ ਉਸ ਨੂੰ ਇੱਕ ਆਵਾਜ਼ ਵਿੱਚ ਕਹਿਣ ਲੱਗੇ,” ਮਾਸਟਰ ਜੀ, ਮਾਸਟਰ ਜੀ, ਤੁਸੀਂ ਕੱਲ੍ਹ ਪੰਜਾਬੀ ਵਾਲੇ ਮਾਸਟਰਾਂ ਦੇ ਭਤੀਜੇ ਦੀ ਵਿਆਹ ਦੀ ਪਾਰਟੀ ‘ਚ ਕਿਉਂ ਨ੍ਹੀ ਗਏ?”
” ਮੈਨੂੰ ਇੱਕ ਜ਼ਰੂਰੀ ਕੰਮ ਪੈ ਗਿਆ ਸੀ, ਪਰ ਤੁਸੀਂ ਮੈਨੂੰ ਇਹ ਕਿਉਂ ਪੁੱਛਦੇ ਹੋ?” ਮਾਸਟਰ ਗਗਨਦੀਪ ਸਿੰਘ ਨੇ ਆਖਿਆ।
” ਜੀ ਅਸੀਂ ਦੋਵੇਂ ਗਏ ਸੀ।” ਉਨ੍ਹਾਂ ਨੇ ਆਖਿਆ।
” ਫਿਰ ਉੱਥੇ ਕੀ ਹੋਇਆ?” ਮਾਸਟਰ ਗਗਨਦੀਪ ਸਿੰਘ ਨੇ ਉਤਸੁਕਤਾ ਨਾਲ ਪੁੱਛਿਆ।
” ਉੱਥੇ ਜੀ ਡਰਾਇੰਗ ਵਾਲੇ ਤੇ ਅੰਗਰੇਜ਼ੀ ਵਾਲੇ ਮਾਸਟਰਾਂ ਨੇ ਸ਼ਰਾਬ ਪੀਤੀ ਹੋਈ ਸੀ। ਜੀ ਉਹ ਕੁਰਸੀਆਂ ਤੇ ਹੇਠਾਂ ਵੱਲ ਸਿਰ ਸੁੱਟ ਕੇ ਬੈਠੇ ਸਨ। ਸਾਨੂੰ ਕਹਿੰਦੇ ਰਹਿੰਦੇ ਆ, ਸ਼ਰਾਬ ਬੁਰੀ ਚੀਜ਼ ਆ, ਸਿਹਤ ਲਈ ਹਾਨੀਕਾਰਕ ਆ। ਆਪਣੇ ਡੈਡੀਆਂ ਨੂੰ ਸ਼ਰਾਬ ਪੀਣ ਤੋਂ ਰੋਕਿਆ ਕਰੋ। ਭਲਾ ਸਾਡੇ ਡੈਡੀ ਸਾਡੇ ਕਹੇ ਤੇ ਸ਼ਰਾਬ ਪੀਣ ਤੋਂ ਕਿਵੇਂ ਰੁਕ ਸਕਦੇ ਆ? ਇਹ ਆਪ ਤਾਂ …………।”
ਇਸ ਤੋਂ ਪਹਿਲਾਂ ਕਿ ਮਾਸਟਰ ਗਗਨਦੀਪ ਸਿੰਘ ਉਨ੍ਹਾਂ ਦੀਆਂ ਗੱਲਾਂ ਦਾ ਕੋਈ ਜਵਾਬ ਦਿੰਦਾ, ਉਹ ਉਸ ਕੋਲੋਂ ਮੁਸਕਰਾਉਂਦੇ ਹੋਏ ਚਲੇ ਗਏ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554