ਦੀਵਾਨ ਸਿੰਘ ਮਹਿਰਮ ਦਾ ਜਨਮ 1914 ਵਿੱਚ ਪਿੰਡ ਨੰਗਲ ਸ਼ਾਹੂ ਤਹਿਸੀਲ ਨਾਰੋਵਾਲ, ਜਿਲਾ ਸਿਆਲ ਕੋਟ (ਪੰਜਾਬ) ਵਿੱਚ ਸ. ਰਾਮ ਸਿੰਘ ਦੇ ਘਰ ਹੋਇਆ । ਉਹ 1972 ਵਿੱਚ ਸਦੀਵੀ ਵਿਛੋੜਾ ਦੇ ਗਏ।
ਉਨ੍ਹਾਂ ਨੇ ਮੁੱਢਲੀ ਸਿਖਿਆ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਲਈ, ਮਿਡਲ ਪਾਸ ਪਸਰੂਰ ਤੋਂ ਅਤੇ ਮੈਟ੍ਰਿਕ ਲਾਹੌਰ ਤੋਂ ਕੀਤੀ । ਉਹ ਪੰਜਾਬੀ, ਉਰਦੂ, ਫਾਰਸੀ ਦੇ ਵਿਦਵਾਨ ਸਨ । ਉਹ ਬੁਲੰਦ ਸ਼ਾਇਰ ਸਨ ।
ਦੇਸ਼ ਦੀ ਵੰਡ ਤੋਂ ਬਾਅਦ ਉਹ ਪਿੰਡ ਭੈਣੀ ਪਸਵਾਲ ਤਹਿਸੀਲ ਗੁਰਦਾਸ ਪੁਰ ਵਿੱਚ ਆ ਗਏ। ਉਹ ਸਟੇਜੀ ਕਵੀ ਦਰਬਾਰਾਂ ਦੀ ਸ਼ਾਨ ਸਨ। ਉਨ੍ਹਾਂ ਦੀਆਂ ਰਚਨਾਵਾਂ ਹਨ:
ਸਰਬੱਤ ਦਾ ਭਲਾ, ਤੱਤੀ ਤਵੀ, ਨਿਰੰਕਾਰੀ ਨੂਰ, ਕਲਗੀ ਵਾਲਾ, ਬੋਲਿਆ ਹਿਮਾਲੀਆ, ਜੀਵੇ ਦੇਸ਼ ਮਹਾਨ, ਦੁਸ਼ਟ ਦਮਨ, ਮਿਰਜਾ ਕਾਦੀਆਂ, ਰੁਬਾਈਆਂ, ਬਾਬਲ ਵਰ ਲੋੜੀਏ, ਪਾਣੀ ਤੇ ਲਕੀਰਾਂ (ਗ਼ਜ਼ਲ ਸੰਗ੍ਰਹਿ ) ਆਦਿ
ਉਨ੍ਹਾਂ ਖਾਲਸਾ ਹਾਈ ਸਕੂਲ ਬਟਾਲਾ ਤੇ ਕਲਾਸਵਾਲਾ ਖਾਲਸਾ ਹਾਈ ਸਕੂਲ ਕਾਦੀਆ ਵਿੱਚ ਲੰਮਾ ਸਮਾਂ ਪੜ੍ਹਾਇਆ।
ਕਾਹਨੂੰਵਾਨ ਛੰਭ ਨੂੰ ਸੇਮ ਤੋਂ ਬਚਾਉਣ ਲਈ ਉਨ੍ਹਾਂ ਦੀ ਨਜ਼ਮ ਤੇ ਬੋਲ ਵੇਲੇ ਦੇ ਮੁੱਖ ਮੰਤਰੀ ਸ. ਪਰਤਾਪ ਸਿੰਘ ਕੈਰੋਂ ਨੂੰ
ਪ੍ਰਭਾਵਤ ਕਰ ਗਏ। ਸ. ਸਤਨਾਮ ਸਿੰਘ ਬਾਜਵਾ ਨਾਲ ਘੋੜੇ ਤੇ ਸਵਾਰ ਹੋ ਕੇ ਛੰਭ ਚ ਆਏ ਮੁੱਖ ਮੰਤਰੀ ਨੂੰ ਉਨ੍ਹਾਂ ਕਾਹੀ ਦੇ ਨੜੇ ਦਾ ਸੁਆਗਤੀ ਗੁਲਦਸਤਾ ਭੇਂਟ ਕੀਤਾ। ਕੈਰੋਂ ਸਾਹਿਬ ਰਮਜ਼ ਸਮਝ ਗਏ, ਬੋਲੇ! ਸਰਦਾਰਾ! ਤੂੰ ਵੇਖੀ ਇਥੇ ਬੰਦੇ ਨਾਲੋਂ ਵੀ ਉੱਚਾ ਕਮਾਦ ਹੋਇਆ ਕਰੂ। ਸੇਮ ਮੁਕਾ ਦਿਆਂਗੇ ਨਿਕਾਸੀ ਨਾਲ਼ੇ ਪੁੱਟ ਕੇ। ਛੰਬ ਖੇਤਰ ਵਿੱਚ ਇਹ ਵਾਰਤਾ ਆਮ ਹੀ ਸੁਣੀ ਸੁਣਾਈ ਜਾਂਦੀ ਹੈ।
ਊਧਮ ਸਿੰਘ ਦੀ ਲਲਕਾਰ ਉਨ੍ਹਾਂ ਦੀ ਅਮਰ ਰਚਨਾ ਹੈ। ਤੁਸੀਂ ਵੀ ਪੜ੍ਹੋ!
ਮੈਨੂੰ ਫੜ ਲਓ ਲੰਡਨ ਵਾਸੀਓ !
ਮੈਂ ਖੜਾ ਪੁਕਾਰਾਂ
ਮੈਂ ਕਾਤਲ ਉਡਵਾਇਰ ਦਾ, ਮੈਂ ਗੋਲੀ ਮਾਰੀ।
ਮੈਂ ਇਕਬਾਲੀ ਜੁਰਮ ਦਾ, ਨਹੀਂ ਜਿੰਦ ਪਿਆਰੀ।
ਮੈਂ ਨੱਸਣਾ ਮੂਲ ਨਹੀਂ ਚਾਹੁੰਦਾ, ਕੋਈ ਮਾਰ ਉਡਾਰੀ।
ਮੈਂ ਪੇਸ਼ ਕਰਾਂ ਖ਼ੁਦ ਆਪ ਨੂੰ, ਕੋਈ ਨਹੀਂ ਲਚਾਰੀ।
ਮੈਂ ਉੱਚੀ ਉੱਚੀ ਬੋਲ ਕੇ, ਲਾਉਂਦਾ ਹਾਂ ਟਾਹਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਵਾਸੀ ਦੇਸ ਪੰਜਾਬ ਦਾ, ਜੋਧਾ ਬਲਕਾਰੀ।
ਮੇਰਾ ਊਧਮ ਸਿੰਘ ਏ ਨਾਮ ਸੁਣੋ, ਸਾਰੇ ਨਰ ਨਾਰੀ।
ਮੈਂ ਆਇਆ ਦੂਰੋਂ ਚੱਲ ਕੇ, ਕਟ ਮਨਜ਼ਲ ਭਾਰੀ।
ਮੈਂ ਦੁਸ਼ਮਣ ਦੀ ਹਿੱਕ ਸਾੜ ਕੇ, ਅੱਜ ਛਾਤੀ ਠਾਰੀ।
ਮੇਰੀ ਸਫ਼ਲ ਹੋ ਗਈ ਯਾਤਰਾ, ਲੱਖ ਸ਼ੁਕਰ ਗੁਜਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਹ ਉਹ ਜ਼ਾਲਮ ਉਡਵਾਇਰ ਜੇ, ਜਿਹਦੀ ਕਥਾ ਨਿਆਰੀ।
ਜੋ ਜਲ੍ਹਿਆਂ ਵਾਲੇ ਬਾਗ ਦਾ, ਸੀ ਅੱਤਿਆਚਾਰੀ।
ਜਿਨ੍ਹ ਭੁੰਨੀ ਤੋਪਾਂ ਡਾਹ ਕੇ, ਖਲਕਤ ਵੇਚਾਰੀ।
ਜਿਹਦੇ ਸਿਰ ਉੱਤੇ ਥਾਂ ਹੈਟ ਦੀ, ਪਾਪ ਦੀ ਖਾਰੀ।
ਮੈਂ ਸੌਂਹ ਖਾਧੀ ਸੀ ਉਸ ਦਿਨ, ਪਾਪੀ ਨੂੰ ਮਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਹਾਂ ਅਣਖੀਲਾ ਗਭਰੂ, ਮੇਰੀ ਗੈਰਤ ਭਾਰੀ।
ਮੇਰੀ ਛਾਤੀ ਪਰਬਤ ਵਾਂਗਰਾਂ, ਤੇ ਭੁਜਾ ਕਰਾਰੀ।
ਮੈਂ ਭਗਤ ਸਿੰਘ ਦਾ ਦਾਸ ਹਾਂ, ਮੈਨੂੰ ਮੌਤ ਪਿਆਰੀ।
ਮੈਂ ਲੱਗ ਕੇ ਲੇਖੇ ਵਤਨ ਦੇ, ਲੈਣੀ ਸਰਦਾਰੀ।
ਮੇਰੇ ਸੱਜਣ ਘਰ ਘਰ ਬੈਠ ਕੇ, ਗਾਵਨਗੇ ਵਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੋੜੀ ਭਾਜੀ ਦੇਸ ਦੀ, ਕਰ ਕੇ ਹੁਸ਼ਿਆਰੀ।
ਇਉਂ ਜਗ ਵਿਚ ਅਣਖੀ ਸੂਰਮੇ, ਲਾਹ ਲੈਂਦੇ ਵਾਰੀ।
ਮੇਰੀ ਰੂਹ ਨੂੰ ਮਾਰ ਨਹੀਂ ਸਕਦੀ, ਕੋਈ ਛੁਰੀ ਕਟਾਰੀ।
ਮੇਰੀ ਮੌਤ ‘ਚ ਜੀਵਨ ਕੌਮ ਦਾ, ਮਰਨਾ ਗੁਣਕਾਰੀ।
ਮੈਂ ਸਬਰ ਵਿਖਾ ਕੇ ਗਜ਼ਬ ਦਾ, ਲੱਖ ਜਬਰ ਸਹਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਦੋਸ਼ੀ ਵਤਨ ਪਿਆਰ ਦਾ, ਮੈਨੂੰ ਚੜ੍ਹੀ ਖੁਮਾਰੀ।
ਮੈਨੂੰ ਵਿਚ ਸ਼ਕੰਜੇ ਕੱਸ ਕੇ, ਸਿਰ ਫੇਰੋ ਆਰੀ।
ਮੇਰਾ ਪੁਰਜਾ ਪੁਰਜਾ ਕੱਟ ਕੇ, ਕਰ ਦਿਓ ਖੁਆਰੀ।
ਮੇਰਾ ਖੂਨ ਡੋਹਲ ਕੇ ਰੰਗ ਦਿਉ, ਇਹ ਧਰਤੀ ਸਾਰੀ।
ਤੇ ਵੇਚੋ ਮੇਰੇ ਮਾਸ ਨੂੰ, ਵਿਚ ਗਲੀਂ ਬਜ਼ਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਇਉਂ ਆਜ਼ਾਦੀ ਨੂੰ ਵਿਆਹੇਗੀ, ਮੇਰੀ ਰੂਹ ਕੁਆਰੀ।
ਤੇ ਪੱਕੀ ਹੋ ਜਾਊ ਵਤਨ ਨਾਲ, ਮੇਰੀ ਲੱਗੂ ਯਾਰੀ।
ਇਉਂ ਅੰਗਰੇਜ਼ੀ ਸਾਮਰਾਜ ਨੂੰ, ਸੱਟ ਲੱਗੂ ਭਾਰੀ।
ਇਉਂ ਜੋਬਨ ਉੱਤੇ ਆਇਗੀ, ਭਾਰਤ ਫੁਲਵਾੜੀ।
ਮੈਂ ਕਿਉਂ ਨਾ ਆਪਣੇ ਵਤਨ ਦੀ, ਤਕਦੀਰ ਸੁਆਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਮੈਂ ਮੁਜਰਮ ਨਹੀਂ ਇਖਲਾਕ ਦਾ, ਮੈਂ ਵਤਨ ਪੁਜਾਰੀ।
ਮੈਂ ਜੋ ਕੁਝ ਕੀਤਾ ਵਤਨ ਲਈ ਭਾਰਤ ਹਿੱਤਕਾਰੀ।
ਮੇਰੇ ਹੱਡਾਂ ਦੀ ਸੁਆਹ ਘਲਿਓ, ਮੇਰੇ ਵਤਨ ਮਝਾਰੀ।
ਮੈਂ ਜੰਮਣ ਭੋਂ ਨੂੰ ਪਰਸ ਲਾਂ, ਫਿਰ ਅੰਤਮ ਵਾਰੀ।
ਮੇਰੇ ਰੋਮ ਰੋਮ ਚੋਂ ਉੱਠੀਆਂ, ਏਹੋ ਲਲਕਾਰਾਂ।
ਮੈਨੂੰ ਫੜ ਲਓ ਲੰਡਨ ਵਾਸੀਓ ! ਮੈਂ ਖੜਾ ਪੁਕਾਰਾਂ।
ਗੁਰਭਜਨ ਗਿੱਲ

