ਫਰੀਦਕੋਟ, 24 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ, ਜਿਉਣਵਾਲਾ ਵਿਖੇ ਸੂਬੇਦਾਰ ਮੇਜਰ ਸੁਖਮੰਦਰ ਸਿੰਘ (ਆਫੀਸ਼ਿਟਿੰਗ ਕਮਾਡਿੰਗ ਅਫਸਰ 5 ਪੰਜਾਬ ਬਟਾਲੀਅਨ (ਲੜਕੀਆਂ) ਐੱਨ.ਸੀ.ਸੀ. ਮੋਗਾ) ਦੀ ਅਗਵਾਈ ਹੇਠ ਚੱਲ ਰਹੇ ਸੀਨੀਅਰ ਵਿੰਗ ਦੀਆਂ ਕੈਡਿਟਾਂ ਨੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਬਰਸੀ ਮੌਕੇ ਸ਼ਰਧਾਂਜਲੀ ਅਰਪਿਤ ਕਰਦਿਆਂ ਸਲਾਮੀ ਦਿੱਤੀ। ਮੈਸ਼ੀਅਨ ਕੈਡਿਟਾਂ ਨੇ ਸਮੁੱਚੀ ਸਲਾਮੀ ਰਸਮ 5 ਪੰਜਾਬ ਬਟਾਲੀਅਨ ਦੇ ਨੁਮਾਇੰਦੇ ਹੌਲਦਾਰ ਪਾਟਿਲ ਅਤੇ ਬੀ.ਐੱਚ.ਐੱਮ. ਬੋਧ ਰਾਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੰਪੰਨ ਕੀਤੀ। ਪਿੰਡ ਮਾਹਲਾਂ ਕਲਾਂ ਵੱਲੋਂ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਮੈਡਮ ਜਗਜੀਤ ਕੌਰ (ਨੋਡਲ ਅਫਸਰ, ਮੋਗਾ) ਨੇ ਸੂਬੇਦਾਰ ਜੋਗਿੰਦਰ ਸਿੰਘ ਦੀ ਜੀਵਨੀ ’ਤੇ ਚਾਨਣਾ ਪਾਇਆ। ਪਿ੍ਰੰਸੀਪਲ/ਡਾਇਰੈਕਟਰ ਡਾ. ਐੱਸ.ਐੱਸ. ਬਰਾੜ ਨੇ ਸੂਬੇਦਾਰ ਜੋਗਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਦਫਤਰਾਂ, ਫੀਲਡਾਂ ਅਤੇ ਖੇਤਾਂ ਵਿੱਚ ਕੰਮ ਕਰਨ ਨਾਲੋਂ ਵੀ ਦੇਸ਼ ਦੀ ਸੇਵਾ ਕਰਦਿਆਂ ਲੜਾਈ ਦੇ ਮੈਦਾਨ ਵਿੱਚ ਸ਼ਹੀਦ ਹੋਣਾ ਸਭ ਤੋਂ ਔਖਾ ਕਾਰਜ ਹੈ। ਦੇਸ਼-ਕੌਮ ਲਈ ਸ਼ਹੀਦ ਹੋਣ ਵਾਲਿਆਂ ਦਾ ਨਾਮ ਸੁਨਹਿਰੀ ਅੱਖਰਾਂ ਵਿੱਚ ਦਰਜ ਹੋ ਜਾਂਦਾ ਹੈ ਅਤੇ ਸ਼ਹੀਦ ਰਹਿੰਦੀ ਦੁਨੀਆਂ ਤੱਕ ਅਮਰ ਹੋ ਜਾਂਦੇ ਨੇ। ਉਹਨਾਂ ਇਸ ਮੌਕੇ ਬੋਲਦਿਆਂ ਸਾਬਕਾ ਸੈਨਿਕਾਂ ਨਾਲ ਬਤੌਰ ਮੈਂਬਰ ਜਿਲ੍ਹਾ ਸੈਨਿਕ ਭਲਾਈ ਬੋਰਡ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾ ਕੇ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਭਾਈ ਗੁਰਬਚਨ ਸਿੰਘ, ਬੇਟੀ ਕੁਲਵੰਤ ਕੌਰ, ਤੀਰਥ ਸਿੰਘ ਮਾਹਲਾ, ਮੈਡਮ ਬਲਵਿੰਦਰ ਕੌਰ ਗਿੱਲ, ਦਪਿੰਦਰਜੀਤ ਕੌਰ ਸੰਧੂ, ਕੇਅਰ ਟੇਕਰ ਵੀਰਪਾਲ ਕੌਰ ਵੀ ਹਾਜ਼ਰ ਸਨ।

