ਗੁਰਮਤਿ ਸਾਹਿਤ, ਬਾਲ ਸਾਹਿਤ, ਕਵਿਤਾ, ਕਹਾਣੀ ਅਤੇ ਮਿੰਨੀ ਕਹਾਣੀ ਵਿੱਚ ਨਿਰੰਤਰ ਗਤੀਸ਼ੀਲ ਰਹਿਣ ਵਾਲਾ ਵਿਅਕਤੀ ਹੈ – ਸੁਖਦੇਵ ਸਿੰਘ ਸ਼ਾਂਤ। ਧਾਰਮਿਕ ਅਧਿਐਨ ਅਤੇ ਅੰਗਰੇਜ਼ੀ ਵਿਸ਼ਿਆਂ ਵਿੱਚ ਐਮਏ, ਗਿਆਨੀ ਅਤੇ ਹਾਇਰ ਡਿਪਲੋਮਾ (ਕੋਆਪਰੇਸ਼ਨ) ਕਰ ਚੁੱਕੇ ਇਸ ਸ਼ਖ਼ਸ ਦਾ ਜਨਮ 23 ਸਤੰਬਰ 1952 ਨੂੰ ਪਿੰਡ ਹਰਿਆਊ ਖੁਰਦ, ਪਾਤੜਾਂ (ਪਟਿਆਲਾ) ਵਿੱਚ ਪਿਤਾ ਸ. ਰਤਨ ਸਿੰਘ ਦੇ ਘਰ ਮਾਤਾ ਸ਼੍ਰੀਮਤੀ ਸਵਰਨ ਕੌਰ ਦੀ ਕੁੱਖੋਂ ਹੋਇਆ। ਪੰਜਾਬੀ ਅਧਿਆਪਕਾ ਸ਼੍ਰੀਮਤੀ ਸੁਰਿੰਦਰ ਕੌਰ ਨਾਲ ਗ੍ਰਹਿਸਥੀ ਜੀਵਨ ਬਤੀਤ ਕਰ ਰਹੇ ਸ਼ਾਂਤ ਨੇ ਪੰਜਾਬ ਦੇ ਸਹਿਕਾਰਤਾ ਵਿਭਾਗ ਵਿੱਚ ਬਤੌਰ ਸਹਾਇਕ ਰਜਿਸਟਰਾਰ ਕਾਰਜ ਕੀਤਾ ਹੈ, ਜਿੱਥੋਂ ਸੇਵਾਮੁਕਤ ਹੋ ਕੇ ਉਹ ਆਪਣੇ ਬੱਚਿਆਂ ਕੋਲ ਅਮਰੀਕਾ ਦੇ ਸ਼ਹਿਰ ਇੰਡੀਆਨਾ ਵਿੱਚ ਖੁਸ਼ਨੁਮਾ ਜੀਵਨ ਬਿਤਾ ਰਹੇ ਹਨ। ਪਟਿਆਲੇ ਦੇ ਤ੍ਰਿਪੜੀ ਇਲਾਕੇ ਦੇ ਸਥਾਈ ਨਿਵਾਸੀ ਸ਼ਾਂਤ ਜੀ ਹਰ ਸਾਲ ਪੰਜ-ਛੇ ਮਹੀਨਿਆਂ ਲਈ ਪੰਜਾਬ ਆਉਂਦੇ ਹਨ ਅਤੇ ਪੂਰੀ ਚੜ੍ਹਦੀ ਕਲਾ ਨਾਲ ਸਾਹਿਤ ਸਭਾ ਪਟਿਆਲਾ ਤੇ ਹੋਰ ਸਮਾਗਮਾਂ ਵਿੱਚ ਭਰਵੀਂ ਹਾਜ਼ਰੀ ਲਾਉਂਦੇ ਹਨ।
1992 ਤੋਂ ਸਾਹਿਤ ਨਾਲ ਜੁੜੇ ਸੁਖਦੇਵ ਸਿੰਘ ਸ਼ਾਂਤ ਦੀਆਂ ਹੁਣ ਤੱਕ ਕਰੀਬ ਦੋ ਦਰਜਨ ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਵੱਖ ਵੱਖ ਵੰਨਗੀਆਂ ਵਿੱਚ ਸਾਹਿਤ ਸੇਵਾ ਕਰਨ ਵਾਲੇ ਸ਼ਾਂਤ ਦੀਆਂ ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ :
- ਮਿੰਨੀ ਕਹਾਣੀ ਸੰਗ੍ਰਹਿ : ਸਿੰਮਲ ਰੁੱਖ (1992), ਨਵਾਂ ਆਦਮੀ (2021)।
- ਕਹਾਣੀ ਸੰਗ੍ਰਹਿ : ਚੂੜੀਆਂ (1994)।
- ਕਾਵਿ ਸੰਗ੍ਰਹਿ : ਕੁਝ ਭੇਤ ਜ਼ਿੰਦਗੀ ਦੇ (2015)।
- ਬਾਲ ਸਾਹਿਤ : ਮਨ ਦਾ ਕੰਪਿਊਟਰ (ਕਹਾਣੀਆਂ, 2015), ਗਾਓ ਬੱਚਿਓ ਗਾਓ (ਕਵਿਤਾਵਾਂ, 1997), ਪਿੰਕੀ ਦੀ ਪੈਨਸਿਲ (ਕਹਾਣੀਆਂ, 2003), ਅਮਰ ਕਥਾਵਾਂ ਭਾਗ-1 ਤੇ 2 (2020), ਕਿੰਨਾ ਪਿਆਰਾ ਲੱਗਦਾ ਬਚਪਨ (ਕਵਿਤਾਵਾਂ, 2020), ਅਮਰ ਕਥਾਵਾਂ ਭਾਗ-3 ਤੇ 4 (2025), ਬੰਟਿਆਂ ਦੀ ਸਬਜ਼ੀ (ਕਹਾਣੀਆਂ, 2025), ਅੱਖਰਾਂ ਦੀ ਦੁਨੀਆਂ (ਕਵਿਤਾਵਾਂ, 2025)।
- ਗੁਰਮਤਿ ਸਾਹਿਤ : ਪੰਦਰਾਂ ਭਗਤ ਸਾਹਿਬਾਨ (2018), ਗੁਰਮਤਿ ਦ੍ਰਿਸ਼ਟੀ (2021), ਗੁਰਬਾਣੀ : ਇੱਕ ਜੀਵਨ ਜਾਚ (2022), ਭਗਤ ਬਾਣੀ ਵਿਚਾਰ (2024), ਜਪੁ ਜੀ ਤੇ ਹੋਰ ਬਾਣੀਆਂ (2025)।
- ਟ੍ਰੈਕਟ : ਗੁਰਮਤਿ ਵਿੱਚ ਦੁਨਿਆਵੀ ਅਤੇ ਅਧਿਆਤਮਕ ਖੇਤਰ ਵਿੱਚ ਕਾਰਜ ਦੀ ਸੁਤੰਤਰਤਾ (1996), 1699 ਦੀ ਵਿਸਾਖੀ (1998), ਗੁਰਮਤਿ : ਸੰਪੂਰਨ ਜੀਵਨ ਦਾ ਮਾਰਗ (1999), ਗੁਰਦੁਆਰਾ : ਇੱਕ ਸੰਸਥਾ (2000)। ‘1699 ਦੀ ਵਿਸਾਖੀ’ ਗੁਜਰਾਤੀ ਭਾਸ਼ਾ ਵਿੱਚ ਵੀ ਅਨੁਵਾਦ ਹੋ ਕੇ ਛਪ ਚੁੱਕਾ ਹੈ (1999)। ਜਿੱਥੇ ਉਨ੍ਹਾਂ ਨੇ ਗੁਰਬਾਣੀ ਵਰਗੇ ਗਿਆਨ ਦੇ ਸਾਗਰ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ, ਉੱਥੇ ਉਨ੍ਹਾਂ ਵਿੱਚ ਬੱਚਿਆਂ ਜਿਹੀ ਮਾਸੂਮੀਅਤ ਅਤੇ ਭੋਲਾਪਣ ਵੀ ਨਜ਼ਰ ਆਉਂਦਾ ਹੈ। ਇਸੇ ਲਈ ਉਨ੍ਹਾਂ ਦੀਆਂ ਬਾਲ ਰਚਨਾਵਾਂ ਦੀ ਗਿਣਤੀ ਸਭ ਤੋਂ ਵੱਧ (10) ਹੈ। ਇਸ ਸਾਲ (2025 ਵਿੱਚ) ਪ੍ਰਕਾਸ਼ਿਤ ਉਨ੍ਹਾਂ ਦੀਆਂ ਚਾਰ ਬਾਲ ਪੁਸਤਕਾਂ ਵਿੱਚੋਂ ਇੱਕ ਕਿਤਾਬ ਕਵਿਤਾ ਦੀ ਹੈ, ਜਿਸ ਵਿੱਚ ਨਿੱਕੀਆਂ ਨਿੱਕੀਆਂ 20 ਕਵਿਤਾਵਾਂ ਸ਼ਾਮਲ ਹਨ। ‘ਅੱਖਰਾਂ ਦੀ ਦੁਨੀਆਂ’ ਵਿੱਚ ਇਸੇ ਨਾਂ ਦੀ ਕਵਿਤਾ ਦੇ ਅੰਤਰਗਤ ਅੱਖਰਾਂ ਦੀ ਮਹਿਮਾ ਇਸ ਤਰ੍ਹਾਂ ਗਾਈ ਗਈ ਹੈ :
ਅੱਖਰਾਂ ਦੀ ਦੁਨੀਆਂ ਵਿੱਚ ਜਾ ਕੇ
ਅੱਖਰਾਂ ਦੀ ਮੈਂ ਰਮਜ਼ ਪਛਾਣੀ।
ਅੱਖਰ ਜੁੜ ਕੇ ਗੀਤ ਨੇ ਬਣਦੇ
ਅੱਖਰ ਜੁੜਨ ਤਾਂ ਬਣਨ ਕਹਾਣੀ।
ਅੱਖਰਾਂ ਨਾਲ ਹੀ ਬਣਨ ਕਿਤਾਬਾਂ
ਅੱਖਰਾਂ ਨਾਲ ਹੀ ਕੁੱਲ ਪੜ੍ਹਾਈ।
ਅੱਖਰਾਂ ਨਾਲ ਹੀ ਗਿਆਨ ਹੈ ਮਿਲਦਾ
ਅੱਖਰ ਹੀ ਕਰਦੇ ਅਗਵਾਈ।
ਅੱਖਰ ਸਾਨੂੰ ਸੋਝੀ ਦਿੰਦੇ
ਅੱਖਰ ਸਾਡਾ ਗਿਆਨ ਵਧਾਂਦੇ।
ਅੱਖਰ ਨੇ ਜਿਵੇਂ ਹੀਰੇ ਮੋਤੀ
ਅੱਖਰਾਂ ਦਾ ਮੁੱਲ ਜੌਹਰੀ ਪਾਂਦੇ।
ਅੱਖਰ ਖੋਲ੍ਹਣ ਤੀਜਾ ਨੇਤਰ
ਅੱਖਰ ਦਿੰਦੇ ਰਾਹ ਦਰਸਾ।
ਅੱਖਰਾਂ ਦੀ ਏ ਪੱਕੀ ਦੋਸਤੀ
ਅੱਖਰਾਂ ਦੇ ਨਾਲ ਆੜੀ ਪਾ।
ਸਾਹਿਤ ਦੇ ਇਸ ਨਿਰੰਤਰ ਵਹਿੰਦੇ ਦਰਿਆ ਨੂੰ ਗੁਰਮਤਿ ਸਾਹਿਤ, ਬਾਲ ਸਾਹਿਤ ਅਤੇ ਕਹਾਣੀ/ਮਿੰਨੀ ਕਹਾਣੀ ਵਿੱਚ ਪਾਏ ਉਲੇਖਯੋਗ ਯੋਗਦਾਨ ਲਈ ਵੱਖ ਵੱਖ ਅਦਾਰਿਆਂ ਵੱਲੋਂ ਸਮੇਂ ਸਮੇਂ ਤੇ ਸਨਮਾਨਿਤ ਕੀਤਾ ਗਿਆ ਹੈ :
~ ਬਾਲ ਸਾਹਿਤ ਦੀਆਂ ਪੁਸਤਕਾਂ ‘ਗਾਓ ਬੱਚਿਓ ਗਾਓ’ (ਕਾਵਿ ਸੰਗ੍ਰਹਿ) ਅਤੇ ‘ਪਿੰਕੀ ਦੀ ਪੈਨਸਿਲ’ (ਕਹਾਣੀ ਸੰਗ੍ਰਹਿ) ਲਈ ਭਾਸ਼ਾ ਵਿਭਾਗ ਪੰਜਾਬ ਵੱਲੋਂ ਕ੍ਰਮਵਾਰ 1997 ਅਤੇ 2003 ਵਿੱਚ ਸ਼੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ ਪ੍ਰਦਾਨ ਕੀਤਾ ਗਿਆ।
~ ਡਾ. ਗੰਡਾ ਸਿੰਘ ਮੈਮੋਰੀਅਲ ਟ੍ਰੱਸਟ ਪਟਿਆਲਾ ਵੱਲੋਂ ਉਨ੍ਹਾਂ ਦੇ ਦੋ ਖੋਜ ਪੱਤਰਾਂ ਨੂੰ ਪਹਿਲਾ ਅਤੇ ਇੱਕ ਨੂੰ ਦੂਜਾ ਇਨਾਮ ਮਿਲਿਆ।
~ ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਸ਼੍ਰੀਮਤੀ ਰਾਜਿੰਦਰ ਕੌਰ ਵੰਤਾ ਪੁਰਸਕਾਰ ਨਾਲ ਨਿਵਾਜਿਆ ਗਿਆ।
~ ਪੰਜਾਬੀ ਮਿੰਨੀ ਕਹਾਣੀ ਮੰਚ ਵੱਲੋਂ 22ਵਾਂ ਮਾਨ ਕੌਰ ਯਾਦਗਾਰੀ ਮਿੰਨੀ ਕਹਾਣੀ ਪੁਰਸਕਾਰ ਦਿੱਤਾ ਗਿਆ।
ਸਾਡੀ ਇੱਛਾ ਹੈ ਕਿ ਪੰਜਾਬੀ ਦਾ ਇਹ ਸਨਮਾਨਿਤ ਲੇਖਕ ਆਪਣੇ ਜੀਵਨ ਦੇ ਕੌੜੇ-ਮਿੱਠੇ ਤਜਰਬਿਆਂ ਨੂੰ ਸਵੈਜੀਵਨੀ ਰਾਹੀਂ ਵੀ ਕਲਮਬੱਧ ਕਰੇ, ਤੋਂ ਜੋ ਉਹਦੀ ਸ਼ਾਂਤ ਤੇ ਨਿਰਮਲ ਜ਼ਿੰਦਗੀ ਦੇ ਰਹੱਸ ਨੂੰ ਪੰਜਾਬੀ ਪਾਠਕ ਵੀ ਗ੍ਰਹਿਣ ਕਰ ਸਕਣ! ਅਸੀਂ ਇਸ ਚਾਨਣ ਫ਼ੈਲਾਉਂਦੀ ਸ਼ਖ਼ਸੀਅਤ ਦੀ ਲੰਮੀ ਤੇ ਅਰੋਗ ਜ਼ਿੰਦਗੀ ਲਈ ਦੁਆ ਕਰਦੇ ਹਾਂ!
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)