ਆਪ ਹੀ ਹੋ ਤਿੰਨਾਂ ਲੋਕਾਂ ਦੇ ਸੁਆਮੀ ਅਤੇ ਦਾਤਾ
ਆਪ ਜੀ ਗਿਆਨ ਤੇ ਬਿਗਿਆਨ ਦੇ ਗਿਆਤਾ।
ਆਪ ਜੀ ਹੀ ਹੋ ਮੇਰੇ ਸਾਹਾਂ ਦੇ ਮਾਲਕ ਵਿਧਾਤਾ
ਆਪ ਜੀ ਦੀਨ ਦੇ ਪਿਤਾ ਆਪ ਜੀ ਹੀ ਮਾਤਾ।।
ਆਪ ਜੀ ਬਿਨ ਨਾ ਕੋਈ ਠਾਹਰ ਨਾ ਟਿਕਾਣਾ
ਆਪ ਜੀ ਬ੍ਰਹਿਮੰਡ ਦੇ ਰਚੇਤਾ ਕੀ ਭੇਟੇ ਨਿਮਾਣਾ।
ਆਪ ਜੀ ਹੀ ਆਦਿ ਅਤੇ ਆਪ ਜੀ ਹੀ ਹੋ ਅੰਤ
ਆਪ ਜੀ ਦੀ ਪਾਵਨ ਬਾਣੀ ਬਖਸ਼ਿਸ਼ ਅਨੰਤ।।
ਆਪ ਜੀ ਨੇ ਸ਼ਸਤਰ ਮਹਿਮਾ ਨੂੰ ਵਡਿਆਇਆ
ਰਹਿਮਤਾਂ ਨਾਲ ਭਰੀ ਝੋਲੀ ਜਿਸ ਜਿਸ ਧਿਆਇਆ।
ਉਹ ਜੀਅ ਨਿਰਭਉ ਜੋ ਆਪ ਜੀ ਦਾ ਕਰੇ ਸੰਗ
ਆਪ ਜੀ ਨੂੰ ਜੋ ਸੋਧੇ ਅਰਦਾਸਾਂ ਉਹ ਨਾ ਹਾਰੇ ਜੰਗ।।
ਸਭ ਦਿਸ਼ਾਵਾਂ ਢਾਹੇ ਢੇਰੀ ਆਪ ਜੀ ਤੇ ਰੱਖੇ ਆਸ਼ਾ
ਅਣਗਣਿਤ ਰਹਿਮਤਾਂ ਪੱਲੇ, ਦੂਰ ਦਰਿੱਦਰ ਨਿਰਾਸ਼ਾ।
ਸੁਰਿੰਦਰ ਮੂਰਖ ਮੱਤ ਸ਼ੁਕਰਾਨੇ ਦੀ ਅਰਜ਼ ਗੁਜ਼ਾਰੇ
ਸੁਫ਼ਨੇ ਵੀ ਸੋਚੇ ਨਾ ਕਾਰਜ ਉਹ ਆਪ ਜੀ ਸੰਵਾਰੇ।।
ਡਾ. ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।
