ਗੱਲ 2020 ਦੀ ਹੈ, ਜਦੋ ਕਰੋਨਾ ਦਾ ਕਹਿਰ ਸਿਖਰਾਂ ਉੱਪਰ ਸੀ। ਉਸ ਸਮੇਂ ਸਾਡਾ ਸ਼ੋਸ਼ਲ ਮੀਡੀਆ ਅਤੇ ਨਿਊਜ਼ ਚੈਨਲ ਦੇਸ਼ ਵਿਦੇਸ਼ ਤੋਂ ਪਲ ਪਲ ਦੀ ਜਾਣਕਾਰੀ ਸਾਡੇ ਤੱਕ ਪਹੁੰਚਾ ਰਹੇ ਸੀ।
ਅਸੀਂ ਲਗਾਤਾਰ ਸਦਮਾ ਭਰਪੂਰ ਖ਼ਬਰਾਂ ਸੁਣ ਰਹੇ ਸੀ ਜਿਵੇਂ ਕਿ ਮੌਤਾਂ ਦੀ ਦਿਨ’ ਦਿਨ ਵੱਧ ਰਹੀ ਗਿਣਤੀ, ਹਸਪਤਾਲਾਂ ਵਿਚ ਜਗ੍ਹਾਂ ਦੀ ਪਾਈ ਜਾ ਰਹੀ ਘਾਟ ਅਤੇ ਇਸ ਬੀਮਾਰੀ ਕਾਰਨ ਤੜਫ਼ ਤੜਫ਼ ਕੇ ਦਮ ਤੋੜਦੇ ਹੋਏ ਮਰੀਜ਼………। ਅਜਿਹੀਆਂ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਅਸੀਂ ਰੋਜ਼ ਸਵੇਰ ਤੋਂ ਸ਼ਾਮ ਤੱਕ ਸੁਣਦੇ ਸੀ। ਇੱਕ ਦਿਨ ਮੈਂ ਕਾਫ਼ੀ ਸਮਾਂ ਲਗਾਤਾਰ ਇਹਨਾਂ ਖਬਰਾਂ ਨੂੰ ਦੇਖਦੀ, ਸੁਣਦੀ ਅਤੇ ਵਿਚਾਰਦੀ ਰਹੀ। ਮੇਰੇ ਮਨ ਉੱਪਰ ਇਹਨਾਂ ਦੁਖਦਾਈ ਘਟਨਾਵਾਂ ਦਾ ਬਹੁਤ ਡੂੰਘਾ ਅਸਰ ਹੋਇਆ ਕਿ ਸ਼ਾਮ ਤੱਕ ਮੈਂ ਬੀਮਾਰ ਹੋ ਗਈ। ਜਾਪਿਆ ਕਿ ਦੁਨੀਆਂ ਖ਼ਤਮ ਹੋ ਰਹੀ ਹੈ। ਵੱਡੀ ਗਿਣਤੀ ਵਿਚ ਲੋਕ ਮਰ ਚੁੱਕੇ ਹਨ। ਬਾਕੀ ਬਚੇ ਹੋਏ ਵੀ ਨਹੀ ਬਚਣਗੇ। ਇਸ ਭਿਆਨਕ ਬੀਮਾਰੀ ਨੇ ਹਰ ਕਿਸੇ ਨੂੰ ਆਪਣੀ ਲਪੇਟ ਵਿਚ ਜ਼ਰੂਰ ਲੈ ਲੈਣਾ ਹੈ। ਇਹ ਗੱਲਾਂ ਲਗਾਤਾਰ ਤੇਜ਼ੀ ਨਾਲ ਮੇਰੇ ਦਿਮਾਗ ਵਿਚ ਘੁੰਮਣ ਲੱਗੀਆਂ। ਇਹਨਾਂ ਘੁੰਮਣ ਘੇਰੀਆਂ ਵਿਚ ਡੁੱਬੀ ਨੂੰ ਮੈਨੂੰ ਚੱਕਰ ਆ ਗਿਆ। ਮੇਰਾ ਸਿਰ ਚਕਰਾਉਣ ਲੱਗ ਪਿਆ। ਮੇਰੇ ਮੱਥੇ ਤੇ ਤਰੇਲੀ ਆ ਗਈ। ਪਸੀਨੋ ਪਸੀਨੀ ਹੋਈ ਦੇ ਮੇਰੇ ਹੱਥ ਪੈ ਕੁਝ ਮਿੰਟਾਂ—ਸਕਿੰਟਾਂ ਵਿਚ ਹੀ ਠੰਡੇ ਪੈਣ ਲੱਗੇ। ਮੇਰੀ ਧੜਕਣ ਦੀ ਆਵਾਜ਼ ਕਾਫ਼ੀ ਉੱਚੀ ਮੈਨੂੰ ਬਾਹਰ ਤੱਕ ਸੁਣਾਈ ਦੇਣ ਲੱਗੀ। ਲੱਗ ਰਿਹਾ ਸੀ ਕਿ ਮੈਂ ਮੌਤ ਦੇ ਕਰੀਬ ਜਾ ਰਹੀ ਹਾਂ। ਮੈਂ ਬੈੱਡ ਤੇ ਲੰਮੀ ਪੈ ਗਈ। ਮੇਰੀ ਅਜਿਹੀ ਹਾਲਤ ਨੂੰ ਜਦੋਂ ਮੇਰੇ ਪਰਿਵਾਰ ਦੇ ਜੀਆਂ ਨੇ ਦੇਖਿਆ ਤਾਂ ਉਹ ਖੁਦ ਵੀ ਕਾਫ਼ੀ ਘਬਰਾ ਗਏ। ਉਹਨਾਂ ਤੁਰੰਤ ਕਾਰ ਦੀ ਸੈਲਫ਼ ਮਾਰੀ, ਮੈਨੂੰ ਕਾਰ ਦੀ ਪਿਛਲੀ ਸੀਟ ਤੇ ਲਿਟਾਇਆ ਅਤੇ ਅਸੀਂ ਨਜ਼ਦੀਕੀ ਹਸਪਤਾਲ ਵੱਲ ਚੱਲ ਪਏ। ਬੇਹੋਸ਼ੀ ਜਿਹੀ ਹਾਲਤ ਵਿਚ ਮੈਂ ਆਪਣਾ ਸਿਰ ਥੋੜਾ ਉੱਪਰ ਚੁੱਕਿਆ ਅਤੇ ਕਾਰ ਦੀ ਸੀਟ ਨਾਲ ਢੋਹ ਲਾ ਲਿਆ। ਸੋਚ ਰਹੀ ਸੀ ਕਿ ਹਸਪਤਾਲ ਤੱਕ ਪਹੁੰਚ ਜਾਵਾਂਗੀ? ਇਸ ਨਾਯੁਕ ਸਥਿਤੀ ਵਿਚੋਂ ਗੁਜ਼ਰਦਿਆਂ ਹੋਇਆਂ ਮੈਂ ਸੱਜੇ—ਖੱਬੇ ਦੇ ਰਹੀ ਸੀ। ਅਚਾਨਕ ਮੇਰੀ ਨਜ਼ਰ ਕਾਰ ਦੇ ਸ਼ੀਸ਼ੇ ਵਿਚੋਂ ਬਾਹਰ ਵੱਲ ਗਈ। ਦੇਖਿਆ ਕਿ ਸ਼ਾਮ ਗੂੜੀ ਹੋਣ ਦੇ ਬਾਵਜੂਦ ਵੀ ਸੜਕ ਤੇ ਥੋੜੀ ਬਹੁਤ ਆਵਾਜਾਈ ਜ਼ਰੂਰ ਸੀ। ਕਈ ਦੁਕਾਨਾਂ ਵਿਚ ਲੋਕ ਖਰੀਦਦਾਰੀ ਕਰ ਰਹੇ ਸਨ। ਇਹ ਸਭ ਕੁਝ ਦੇਖ ਕੇ ਮੈਨੂੰ ਅਚੰਭਾ ਹੋ ਰਿਹਾ ਸੀ ਕਿ ਦੁਨੀਆਂ ਖ਼ਤਮ ਹੋ ਰਹੀ ਹੈ। ਪਰੰਤੂ ਇਹ ਲੋਕ ਆਪਸੀ ਲੈਣ—ਦੇਣ ਕਰਕੇ ਕੀ ਕਰਨਗੇ?
ਉਸ ਸਮੇਂ ਮੇਰੀ ਸਮਝ ਤੋਂ ਬਾਹਰ ਹੁੰਦਾ ਜਾ ਰਿਹਾ ਸੀ।
ਖ਼ੈਰ! ਕੁਝ ਮਿੰਟਾਂ ਤੋਂ ਬਾਅਦ ਅਸੀਂ ਹਸਪਤਾਲ ਪਹੁੰਚ ਗਏ। ਬਹੁਤ ਮੁਸ਼ਕਿਲ ਨਾਲ ਮੈਂ ਕਾਰ ਵਿਚੋਂ ਉਤਰ ਕੇ ਬਾਹਰ ਆਈ। ਮੇਰੇ ਪਰਿਵਾਰ ਨੇ ਜਲਦੀ ਨਾਲ ਮੈਨੂੰ ਚੈੱਕਅੱਪ ਲਈ ਓੀਪੀ.ਡੀ. ਕਮਰੇ ਵਿਚ ਪਹੁੰਚਾ ਦਿੱਤਾ। ਮੈਂ ਜਾਣ ਸਾਰ ਡਾਕਟਰ ਨੂੰ ਨਿਢਾਲ ਜਿਹੀ ਹਾਲਤ ਵਿਚ ਸਤਿ ਸ੍ਰੀ ਅਕਾਲ ਬੁਲਾਈ ਅਤੇ ਇੱਕ ਖਾਲੀ ਪਈ ਕੁਰਸੀ ਉਪਰ ਬੈਠ ਗਈ। ਮੈਂ ਸਾਹਮਣੇ ਬੈਠੇ ਡਾਕਟਰ ਸਾਹਿਬ ਦੇ ਚਿਹਰੇ ਵੱਲ ਤੱਕਿਆ ਤਾਂ ਉਹ ਮੁਸਕਾਉਂਦੇ ਹੋਏ ਮੇਰੇ ਤੋਂ ਪਹਿਲਾ ਉਥੇ ਬੈਠੇ ਮਰੀਜ਼ ਨੂੰ ਦੇਖ ਰਹੇ ਸਨ। ਮਰੀਜ਼ ਵੀ ਤਕਰੀਬਨ ਠੀਕ ਠਾਕ ਸੀ। ਫਿਰ ਮੈਂ ਦਰਵਾਜ਼ੇ ਤੋਂ ਬਾਹਰ ਝਾਤੀ ਮਾਰੀ, ਦਰਵਾਜ਼ਾ ਸ਼ੀਸ਼ੇ ਦਾ ਹੋਣ ਕਾਰਨ ਉਸ ਵਿਚ ਬਾਹਰ ਦਾ ਮਹੌਲ ਸਾਫ਼ ਦਿਖਾਈ ਦੇ ਰਿਹਾ ਸੀ। ਮੈਂ ਦੇਖਿਆ ਕਿ ਹਸਪਤਾਲ ਦਾ ਮੌਜੂਦਾ ਸਟਾਫ਼ ਬੜੇ ਖੁਸ਼ ਮਜਾਜ ਵਿਚ ਆਪੋ ਆਪਣਾ ਕੰਮ ਕਰ ਰਿਹਾ ਸੀ। ਬਾਹਰ ਕੁਰਸੀਆਂ ਤੇ ਬੈਠੇ ਹੋਏ ਮਰੀਜ ਵੀ ਬੜੇ ਆਰਾਮ ਨਾਲ ਆਪਣੀ ਵਾਰੀ ਆਉਣ ਦੇ ਇੰਤਜਾਰ ਵਿਚ ਸੀ। ਮੈਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਡੌਰ ਭੌਰ ਸਹਿਮੀ ਜਿਹੀ ਬੈਠੀ ਸੀ। ਏਨੇ ਨੂੰ ਡਾਕਟਰ ਸਾਹਿਬ ਨੇ ਚੈੱਕ—ਅਪ ਲਈ ਆਪਣੇ ਕੋਲ ਪਏ ਸਟੂਲ ਤੇ ਆਉਣ ਦਾ ਇਸ਼ਾਰਾ ਕੀਤਾ। ਉਹਨਾਂ ਨੇ ਪੂਰੀ ਜਾਂਚ ਤੋਂ ਬਾਅਦ ਦਵਾਈ ਲਿਖਦੇ ਹੋਏ ਕਿਹਾ, *ਇਹ ਦਵਾਈ ਤੁਰੰਤ ਲਓ, ਕੁਝ ਸਮਾਂ ਹਸਪਤਾਲ ਵਿਚ ਰੁਕੋ ਅਤੇ ਠੀਕ ਹੋਣ ਤੋਂ ਬਾਅਦ ਹੀ ਘਰ ਜਾ ਸਕਦੇ ਹੋ। **ਡਾਕਟਰ ਸਾਹਿਬ, ਕ੍ਰਿਪਾ ਕਰਕੇ ਮੈਨੂੰ ਨੀਂਦ ਦੀ ਦਵਾਈ ਦਿਓ, ਮੈਂ ਸੌਣਾ ਚਾਹੁੰਦੀ ਹਾਂ। ਮੈਂ ਡਾਕਟਰ ਸਾਹਿਬ ਨੂੰ ਬੇਨਤੀ ਕਰਦੇ ਹੋਏ ਕਿਹਾ। ਕੁਝ ਪਲ ਸੋਚਣ ਤੋਂ ਬਾਅਦ ਉਹਨਾਂ ਕਿਹਾ ਕਿ, **ਠੀਕ ਹੈ। ਮੈਂ ਓੀਪੀ.ਡੀ. ਕਮਰੇ ਵਿਚੋਂ ਬਾਹਰ ਆਈ ਹਸਪਤਾਲ ਦੇ ਮੌਜੂਦ ਸਟਾਫ਼ ਵਿਚੋਂ ਇੱਕ ਮੈਂਬਰ ਨੇ ਮੈਨੂੰ ਹਸਪਤਾਲ ਦੇ ਇੱਕ ਕਮਰੇ ਵਿਚ ਬੈੱਡ ਤੇ ਬਿਠਾਉਣ ਤੋਂ ਬਾਅਦ ਦਵਾਈ ਦਿੱਤੀ। ਏਨੇ ਨੂੰ ਮੇਰੇ ਪਰਿਵਾਰਿਕ ਮੈਂਬਰ ਵੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਵਾਪਸ ਮੇਰੇ ਕੋਲ ਆ ਗਏ। ਕੁਝ ਮਿੰਟਾਂ ਬਆਦ ਮੈਨੂੰ ਨੀਂਦ ਆਉਣ ਲੱਗੀ, 20—25 ਮਿੰਟਾਂ ਬਾਅਦ ਡਾਕਟਰ ਸਾਹਿਬ ਨੇ ਆ ਕੇ ਮੇਰਾ ਦੁਬਾਰਾ ਚੈੱਕ—ਅੱਪ ਕੀਤਾ। ਉਹਨਾਂ ਕਿਹਾ ਕਿ ਤੁਸੀਂ ਘਰ ਜਾ ਸਕਦੇ ਹੋ। ਪਰ ਦੁਬਾਰਾ ਕੋਈ ਤਕਲੀਫ਼ ਹੋਣ ਤੇ ਤੁਰੰਤ ਹਸਪਤਾਲ ਆਉਣ ਨਾ ਭੁੱਲਣਾ। ਕੱਲ੍ਹ ਨੂੰ ਚੈੱਕ—ਅੱਪ ਕਰਵਾਉਣ ਜ਼ਰੂਰ ਆਉਣਾ, ਏਨਾ ਕਹਿ ਕਿ ਡਾਕਟਰ ਸਾਹਿਬ ਚਲੇ ਗਏ। ਅਸੀਂ ਹਸਪਤਾਲ ਤੋਂ ਵਾਪਸ ਘਰ ਆ ਗਏ। ਮੈਂ ਪੂਰੀ ਰਾਤ ਗੂੜੀ ਨੀਂਦ ਵਿਚ ਸੁੱਤੀ ਰਹੀ। ਸਵੇਰੇ ਉੱਠ ਕੇ ਆਪਣੇ ਆਪ ਨੂੰ ਦੇਖਿਆ, ਮੈਂ ਬਿਲਕੁਲ ਠੀਕ ਸੀ। ਘਰ ਦਾ ਨਿੱਕਾ ਮੋਟਾ ਕੰਮ ਨਿਬੇੜ ਅਸੀਂ ਦੁਬਾਰਾ ਚੈੱਕ—ਅੱਪ ਲਈ ਹਸਪਤਾਲ ਵਿਚ ਪਹੁੰਚ ਗਏ। ਡਾਕਟਰ ਸਾਹਿਬ ਨੂੰ ਮਿਲਣ ਤੋਂ ਬਾਅਦ ਉਹਨਾਂ ਦੁਬਾਰਾ ਮੇਰਾ ਚੈੱਕ—ਅੱਪ ਕੀਤਾ, **ਸਭ ਠੀਕ ਹੈ। ਉਹਨਾਂ ਮੁਸਕਰਾਉਂਦਿਆਂ ਹੋਇਆ ਕਿਹਾ ਪਰ ਇੱਕ ਸਵਾਲ ਦਾ ਤੁਸੀਂ ਜਵਾਬ ਦੇਣਾ ਹੋਵੇਗਾ *ਮੈਮ।
ਸਵਾਲ, ਮੈਂ ਥੋੜੀ ਹੈਰਾਨੀ ਨਾਲ ਪੁੱਛਿਆ।
ਜੀ, ਮੈਮ, ਡਾਕਟਰ ਸਾਹਿਬ ਦੁਬਾਰਾ ਬੋਲੇ।
*ਕੱਲ੍ਹ ਤੁਹਾਡੀ ਹਾਲਤ ਕਾਫ਼ੀ ਖਰਾਬ ਸੀ। ਇਲਾਜ ਦੀ ਸਖ਼ਤ ਜ਼ਰੂਰਤ ਸੀ। ਤੁਹਾਡੀ ਕਿਹੜੀ ਦਵਾਈ ਦੇਣੀ ਹੈ ਇਹ ਮੇਰਾ ਕੰਮ ਸੀ, ਕਿਉਂਕਿ ਡਾਕਟਰ ਮੈਂ ਹਾਂ। ਪਰੰਤੂ ਤੁਸੀਂ ਕਿਹਾ ਕਿ ਮੈਂ ਨੀਂਦ ਦੀ ਦਵਾਈ ਦਿਓ, ਮੈਂ ਸੌਣਾ ਚਾਹੁੰਦੀ ਹਾਂ ਕਿਉਂ? *ਉੱਤਰ ਪਲੀਜ਼।
ਮੈਂ ਡਾਕਟਰ ਦੇ ਚਿਹਰੇ ਵੱਲ ਤੱਕਿਆ ਅਤੇ ਫਿਰ ਮੁਸਕਰਾਉਂਦੇ ਹੋਏ ਕਿਹਾ, ਡਾਕਟਰ ਸਾਹਿਬ, ਮੈਂ ਜਾਣਦੀ ਹਾਂ ਕਿ ਜਦ ਅਸੀਂ ਵਾਰ ਵਾਰ ਕੁਝ ਗੱਲਾਂ ਬਾਤਾਂ ਨੂੰ ਆਪਣੇ ਦਿਮਾਗ ਵਿਚ ਦੁਹਰਾਉਂਦੇ ਹਾਂ ਤਾਂ ਉਹ ਵਿਚਾਰ ਇੱਕ ਪ੍ਰਭਾਵਸ਼ਾਲੀ ਵਿਚਾਰ ਬਣਕੇ ਸਾਡੇ ਦਿਮਾਗ ਦੇ ਚੇਤਨ ਹਿੱਸੇ ਤੋਂ ਅਚੇਨਤ ਹਿੱਸੇ ਤੱਕ ਪਹੁੰਚਦਾ ਹੈ। ਭਾਵ ਕਿ ਦਿਮਾਗ ਦੀ ਉਸ ਗਹਿਰਾਈ ਤੱਕ ਸਾਡੀ ਚੰਗੀ ਮਾੜੀ ਵਿਚਾਰਧਾਰਾ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਸਾਡਾ ਦਿਮਾਗ ਸਾਡੀ ਸੋਚ ਮੁਤਾਬਿਕ ਰਸਾਇਣ ਪੈਦਾ ਕਰਦਾ ਹੈ ਜਿਸ ਦਾ ਸਿੱਧ ਅਸਰ ਸਾਡੇ ਸਰੀਰ ਤੇ ਦੇਖਣ ਨੂੰ ਮਿਲਦਾ ਹੈ। ਇਹ ਘਟਨਾ ਮੇਰੇ ਸੋਚਣ ਮੁਤਾਬਿਕ ਹੀ ਵਾਪਰੀ ਸੀ।
ਕੱਲ੍ਹ ਜਦ ਅਸੀਂ ਹਸਪਤਾਲ ਵੱਲ ਆ ਰਹੇ ਸੀ ਤਾਂ ਰਸਤੇ ਵਿਚ ਮੈਂ ਦੇਖਿਆ ਕਿ ਲੋਕ ਪਹਿਲਾਂ ਦੀ ਤਰ੍ਹਾਂ ਹੀ ਤੁਰ ਫਿਰ ਰਹੇ ਸਨ। ਫਿਰ ਮੈਂ ਹਸਪਤਾਲ ਦੇ ਚੁਫ਼ੇਰੇ ਨਿਗ੍ਹਾ ਘੁਮਾਈ ਤਾਂ ਮੈਨੂੰ ਸਭ ਲੋਕ ਖੁਸ਼ ਨਜ਼ਰ ਆਏ। ਮੈਂ ਸਮਝ ਗਈ ਸੀ ਕਿ ਇਹ ਸਾਰੀ ਕਹਾਣੀ ਮੇਰੇ ਦਿਮਾਗ ਅੰਦਰ ਹੀ ਚੱਲ ਰਹੀ ਹੈ, ਹੋਰ ਕਿਤੇ ਵੀ ਨਹੀਂ। ਜਿਸ ਦਾ ਸਿੱਧਾ ਅਸਰ ਮੇਰੇ ਸਰੀਰ ਉੱਪਰ ਦੇਖਣ ਨੂੰ ਵਾਕਿਆ ਹੀ ਮਿਲਿਆ। ਇਸ ਲਈ ਮੈਂ ਆਪਣੇ ਦਿਮਾਗ ਨੂੰ ਉਸ ਸਮੇਂ ਚੁੱਪ ਕਰਵਾਉਣਾ ਚਾਹੁੰਦੀ ਸੀ ਤਾਂ ਜ਼ੋ ਉਹ ਸੋਚਣਾ ਬੰਦ ਕਰ ਦੇਵੇ। ਸੋ, ਡਾਕਟਰ ਸਾਹਿਬ ਦੁਨੀਆਂ ਖ਼ਤਮ ਹੁੰਦੀ ਜਾਂ ਨਾ ਹੁੰਦੀ ਪਰ ਮੈਂ ਕੱਲ੍ਹ ਜਰੂਰ ਖ਼ਤਮ ਹੋਣ ਵਾਲੀ ਸੀ। ਮੈਂ ਨਿੰਮਾਂ ਜਿਹਾ ਹੱਸ ਕੇ ਚੁੱਪ ਹੋ ਗਈ।
ਵੈਰੀ ਗੁੱਡ, ਤੁਹਾਨੂੰ ਇਹ ਸਭ ਸੋਚਣ ਨਾਲ ਹੀ ਹੋਇਆ ਸੀ, ਅੱਗੇ ਤੋਂ ਧਿਆਨ ਰੱਖਣਾ। ਡਾਕਟਰ ਸਾਹਿਬ ਨੇ ਮੁਸਕਰਾਉਂਦੇ ਹੋਏ ਕਿਹਾ।
*ਸ਼ੁਕਰੀਆ ਡਾਕਟਰ *, ਮੈਂ ਡਾਕਟਰ ਸਾਹਿਬ ਦਾ ਤਹਿ ਦਿਲੋ ਧੰਨਵਾਦ ਕਰਦੇ ਹੋਏ ਕਿਹਾ।
ਲੇਖਕ : ਕਰਮਜੀਤ ਕੌਰ ਮੁਕਤਸਰ
ਮੋ: 89685—94379