ਦੋ ਭਰਾ ਚਰਨਾ ਤੇ ਸੀਤਾ ਸਾਇਕਲ ਰੋੜ ਕੇ ਦਿਹਾੜੀ ਕਰਨ ਲਈ ਜਾ ਰਹੇ ਹੁੰਦੇ ਹਨ।ਉਨ੍ਹਾਂ ਕੋਲ ਆ ਕੇ ਇੱਕ ਮੋਟਰਸਾਇਕਲ ਆ ਕੇ ਰੁਕਦਾ ਹੈ।
ਛਿੰਦਾ:-ਉਏ ਕਿੱਧਰ ਚੱਲੀ ਹੈ ਰੂਪ-ਬਸੰਤ ਦੀ ਜੋੜੀ।”ਉਹ ਮਜ਼ਾਕ ਵਿੱਚ ਹੱਸ ਕੇ ਬੋਲਦਾ ਹੈ।
ਵੱਡਾ ਭਰਾ(ਚਰਨ) :-ਜਾਣਾ ਕਿੱਥੇ ਹੈ ਛਿੰਦੇ ਬਾਈ ਬਸ ਕੰਮ ਤੇ ਜਾ ਰਹੇ ਹਾਂ। “
ਛਿੰਦਾ:-ਕੰਮ ਤੇ ਤਾਂ ਐ ਦੱਸਦਾ ਜਿਵੇਂ ਡੀ. ਸੀ. ਲੱਗੇ ਹੁੰਦੇ ਹੋ। ਸਿੱਧਾ ਨਹੀਂ ਆਖਦੇ ਬਾਈ ਦਿਹਾੜੀ ਕਰਨ ਜਾ ਰਹੇ ਹਾਂ। “
ਛੋਟਾ ਭਰਾ(ਸੀਤਾ) :-ਯਾਰ ਤੂੰ ਕੀ ਲੈਣਾ ਸਾਡੇ ਕੋਲੋਂ ਅਸੀਂ ਕਿੱਥੇ ਮਰਜ਼ੀ ਜਾਈਏ ਤੇ ਕੁਝ ਵੀ ਕਰੀਏ। ਐਵੇਂ ਹੀ ਲੱਗ ਜੂ ਸਵੇਰੇ ਸਵੇਰੇ ਮੱਥੇ….. ਦਿਮਾਗ਼ ਖਰਾਬ ਕਰਨ ਨੂੰ, ਚੱਲ ਬਾਈ ਐਵੇਂ ਲੇਟ ਹੋ ਗਏ ਤਾਂ ਮਿਸਤਰੀ ਨੇ ਪੈਸੇ ਕੱਟ ਲੈਣੇ ਨੇ। “ਛੋਟਾ ਭਰਾ ਵੱਡੇ ਨੂੰ ਚੱਲਣ ਲਈ ਆਖਦਾ ਹੈ।
ਛਿੰਦਾ:-ਜਾਉ ਜਾਉ ਗਰੀਬੋ ਜਾਉ ਤੁਹਾਡੀ ਕਿਸਮਤ ਵਿੱਚ ਤਾਂ ਆਹ ਦਿਹਾੜੀਆਂ ਹੀ ਲਿਖੀਆਂ ਹਨ। ਢੋਈ ਜਾਉ ਹਨੇਰਾ। ਨਾਲੇ ਮੈਂ ਵੀ ਕੀ ਲੈਣਾ ਤੁਹਾਡੇ ਕੋਲੋਂ। ” ਛਿੰਦਾ ਮੋਟਰਸਾਇਕਲ ਦੀ ਕਿੱਕ ਮਾਰਦਾ ਹੈ ਤੇ ਤੁਰ ਪੈਂਦਾ ਹੈ।
ਵੱਡਾ ਭਰਾ:-ਸੀਤਿਆ ਵੈਸੇ ਇੱਕ ਗੱਲ ਤਾਂ ਹੈ ਜਦੋਂ ਮਰਜ਼ੀ ਵੇਖ ਲਵੋ ਆਹ ਛਿੰਦੇ ਦੇ ਨਵੇਂ ਲੀੜੇ ਪਾਏ ਹੁੰਦੇ ਹਨ ਤੇ ਥੋੜ੍ਹੇ ਹੀ ਦਿਨਾਂ ਬਾਅਦ ਮੋਟਰਸਾਇਕਲ ਬਦਲ ਲੈਂਦਾ ਹੈ। ਦੂਜੇ ਪਾਸੇ ਆਪਾਂ ਦੇਖ ਲੈ ਹਫਤਾ ਹੋ ਗਿਆ ਸਾਇਕਲ ਦੇ ਪੈਂਡਲ ਟੁੱਟੇ ਨੂੰ ਹਾਲੇ ਤੱਕ ਨਹੀਂ ਠੀਕ ਕਰਵਾਇਆ। “
ਛੋਟਾ ਭਰਾ:-ਚਰਨੇ ਬਾਈ ਪਰ ਆਪਾਂ ਕਿਸੇ ਦੇ ਪੁੱਤ ਤਾਂ ਨਹੀਂ ਮਾਰਦੇ ਆਪਾਂ ਮਿਹਨਤ ਨਾਲ ਕਮਾਈ ਕਰਦੇ ਹਾਂ ਤੇ ਟੋਹਰ ਨਾਲ ਸੌਂਦੇ ਹਾਂ।”
ਵੱਡਾ ਭਰਾ:-ਸਾਰਿਆਂ ਨੂੰ ਦਿੱਸਦੀਆਂ ਹੀ ਹਨ ਆਪਣੀਆਂ ਟੋਹਰਾ।ਭਾਪੇ ਦੇ ਭੋਗ ਤੇ ਲਿਆ ਕਰਜ਼ਾ ਹਾਲੇ ਤੱਕ ਨਹੀਂ ਉਤਰਿਆ।”ਉਹ ਦੋਨੋਂ ਗੱਲਾਂ ਕਰਦੇ ਕਰਦੇ ਕੰਮ ਤੇ ਪਹੁੰਚ ਜਾਂਦੇ ਹਨ। ਚਰਨੇ ਦੇ ਦਿਮਾਗ਼ ਵਿੱਚ ਹਾਲੇ ਵੀ ਛਿੰਦਾ ਹੀ ਘੁੰਮ ਰਿਹਾ ਹੁੰਦਾ ਹੈ।
ਮਿਸਤਰੀ:-ਬਣਾ ਲਵੋ ਜਲਦੀ ਮਸਾਲਾ ਅੱਜ ਲਿਪਾਈ ਕਰਨੀ ਹੈ। “ਦੋਵੇਂ ਭਰਾ ਕੰਮ ਉੱਤੇ ਲੱਗ ਜਾਂਦੇ ਹਨ। ਸ਼ਾਮ ਨੂੰ ਚਰਨੇ ਨੂੰ ਛਿੰਦੇ ਦਾ ਫੋਨ ਆਉਂਦਾ ਹੈ।
ਛਿੰਦਾ:-ਹਾਂ ਫੇਰ ਚਰਨਿਆ ਕੀ ਸੋਚਿਆਂ? “
ਚਰਨਾ:-ਕਾਹਦਾ ਬਾਈ। “
ਛਿੰਦਾ:-ਆਹੀ ਗਰੀਬੀ ਵਿੱਚ ਹੀ ਮਰਨਾ ਹੈ ਕਿ ਐਸ਼ ਕਰਨੀ ਹੈ। ਸਾਲਿਆਂ ਆਵਦਾ ਨਹੀਂ ਤਾਂ ਘੱਟੋ ਘੱਟ ਸਾਡੀ ਭਰਜਾਈ ਦਾ ਹੀ ਸੋਚ ਲੈ ਕਿ ਉਹਨੂੰ ਵੀ ਸਾਰੀ ਉਮਰ ਲੋਕਾਂ ਦੇ ਘਰਾਂ ਦਾ ਕੰਮ ਹੀ ਕਰਵਾਉਣਾ। “
ਚਰਨਾ:-ਨਹੀਂ ਯਾਰ…….. ਪਰ। “
ਛਿੰਦਾ:-ਕੀ ਪਰ….! “
ਚਰਨਾ:-ਸੀਤਾ ਨਹੀਂ ਮੰਨਦਾ ਛਿੰਦੇ ਬਾਈ। “
ਛਿੰਦਾ:-ਨਾ ਵੱਡਾ ਤੂੰ ਹੈ ਕਿ ਉਹ…… ਨਾਲੇ ਅੱਜ ਤੱਕ ਕਦੇ ਵੇਖਿਆ ਬਈ ਦੋਵੇਂ ਭਰਾ ਸਾਰੀ ਉਮਰ ਇਕੱਠੇ ਰਹੇ ਹੋਣ। ਤੁਸੀਂ ਵੀ ਅੱਜ ਨਹੀਂ ਤਾਂ ਕੱਲ ਅਲੱਗ ਹੋ ਹੀ ਜਾਣਾ ਹੈ। ਮਿੱਤਰਾਂ ਪੈਸਿਆਂ ਵਿੱਚ ਬਹੁਤ ਤਾਕਤ ਹੁੰਦੀ ਹੈ। ਬਾਕੀ ਤੇਰੀ ਮਰਜ਼ੀ। “
ਚਰਨਾ: ਵੈਸੇ ਤਾਂ ਠੀਕ ਹੈ ਤੇਰੀ ਗੱਲ। “
ਛਿੰਦਾ:-ਮੇਰੀਆਂ ਤਾਂ ਲੋਕ ਮਿੰਨਤਾਂ ਕਰਦੇ ਹਨ ਕੰਮ ਲਈ, ਮੈਂ ਸੋਚਿਆਂ ਤੇਰੇ ਨਾਲ ਪੁਰਾਣੀ ਯਾਰੀ ਹੈ। ਤੈਨੂੰ ਹੀ ਦੇ ਦਿੰਦੇ ਹਾਂ ਇੱਕ ਮੌਕਾ। “
ਚਰਨਾ:-ਧੰਨਵਾਦ ਹੈ ਤੇਰਾ ਬਾਈ ਜੋ ਤੂੰ ਮੇਰੇ ਲਈ ਸੋਚਦਾ ਹੈਂ। “
ਛਿੰਦਾ :-ਯਾਰ ਤੂੰ ਸਾਰੀਆਂ ਗੱਲਾਂ ਛੱਡ ਤੇ ਕੱਲ੍ਹ ਮੈਨੂੰ ਗਿਆਰਾਂ ਕੁ ਵਜੇ ਪਾਰਕ ਕੋਲ ਮਿਲੀ। “ਆਖ ਫੋਨ ਰੱਖ ਦਿੰਦਾ ਹੈ। ਚਰਨੇ ਸਾਰੀ ਰਾਤ ਪਾਸੇ ਮਾਰਦਾ ਰਹਿੰਦਾ ਹੈ।
ਮਨਜੀਤ (ਚਰਨੇ ਦੀ ਵਹੁਟੀ) :-ਕੀ ਗੱਲ ਹਾਲੇ ਤੱਕ ਸੁੱਤਾ ਨਹੀਂ। ਤੇਰੀ ਸਿਹਤ ਤਾਂ ਠੀਕ ਹੈ?”
ਚਰਨਾ:-ਤੂੰ ਪੈ ਜਾਹ ਮੈਨੂੰ ਨੀਂਦ ਨਹੀਂ ਆ ਰਹੀ,ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ। “
ਮਨਜੀਤ:-ਜੇ ਆਖੇ ਤਾਂ ਚਾਹ ਕਰਦਿਆਂ। “ਪਰ ਚਰਨਾ ਅੱਗੋਂ ਕੋਈ ਜਵਾਬ ਨਹੀਂ ਦਿੰਦਾ।
ਸੀਤਾ:-ਭਾਬੀ ਕਿਵੇਂ ਹਾਲੇ ਤੱਕ ਬਾਈ ਕਮਰੇ ‘ਚੋਂ ਬਾਹਰ ਨਹੀਂ ਆਇਆਂ? “ਅਗਲੇ ਦਿਨ ਸਵੇਰੇ ਸੀਤਾ ਮਨਜੀਤ ਨੂੰ ਪੁੱਛਦਾ।
ਮਨਜੀਤ:-ਸਾਰੀ ਰਾਤ ਸੁੱਤਾ ਨਹੀਂ, ਮੈਨੂੰ ਲੱਗਦਾ ਉਸਦੀ ਸਿਹਤ ਨਹੀਂ ਠੀਕ। “
ਸੀਤਾ:-ਚੱਲ ਕੋਈ ਨਾ ਅੱਜ ਮਾਰਨ ਦੇ ਛੁੱਟੀ ਕੰਮ ਤੋਂ ਬਾਈ ਨੂੰ।ਮਾਤਾ ਮੈਂ ਜਾਂਦਾ ਹਾਂ। “ਆਖ ਸੀਤਾ ਚਲਾ ਜਾਂਦਾ ਹੈ। ਲਗਭਗ ਦਸ ਕੁ ਵਜੇ ਹੀ ਚਰਨਾ ਤਿਆਰ ਹੋ ਕੇ ਘਰੋਂ ਬਾਹਰ ਜਾਣ ਲੱਗਦਾ ਹੈ ਤਾਂ।
ਮਾਤਾ:-ਪੁੱਤ ਜੇ ਤੇਰੀ ਸਿਹਤ ਠੀਕ ਨਹੀਂ ਤਾਂ ਦਾਰੂ ਲਿਆ ਕੇ ਮੈਂ ਦੇ ਦਿੰਦੀ ਹਾਂ।
ਚਰਨਾ:-ਨਹੀਂ ਮਾਤਾ ਮੈਂ ਆਪ ਹੀ ਲੈ ਕੇ ਆਉਂਦਾ ਹਾਂ।” ਉਹ ਚਲਾ ਜਾਂਦਾ ਹੈ।ਬਾਹਰ ਛਿੰਦਾ ਮਿਲਦਾ ਹੈ।
ਛਿੰਦਾ:- ਆ ਗਿਆ…. ਆਹ ਤੂੰ ਬਹੁਤ ਵਧੀਆਂ ਕੀਤਾ ਹੈ। “
ਚਰਨਾ:- ਛਿੰਦੇ ਬਾਈ ਮੈਨੂੰ ਕੰਮ ਕੀ ਕਰਨਾ ਪੈਣਾ ਹੈ? “
ਛਿੰਦਾ;-ਮੈਂ ਕੀ ਕੰਮ ਕਰਦਾ ਹਾਂ,ਬਸ ਐਸ਼ ਕਰੀਦੀ ਹੈ ਐਸ਼ ਤੇ ਉਹੀ ਕੰਮ ਤੂੰ ਕਰਨਾ ਹੈ ਬਸ ਐਸ਼ ਕਰਨੀ ਹੈ ਬਸ ਐਸ਼ ਪੂਰੇ ਦਿਨ ਵਿੱਚ ਵੱਧ ਤੋਂ ਵੱਧ ਵੀਹ ਮਿੰਟ ਕੰਮ ਹੁੰਦਾ ਹੈ। “
ਚਰਨਾ:- ਕੰਮ ਹੁੰਦਾ ਕੀ ਹੈ? “
ਛਿੰਦਾ:-ਉਹ ਵੀ ਦੱਸ ਦਿਆਂਗੇ, ਚੱਲ ਪਹਿਲਾਂ ਮੂੜ ਬਣਾਉਂਦੇ ਹਾਂ। “ਉਹ ਜੇਬ ਵਿੱਚੋਂ ਸਰਿੰਜ ਤੇ ਇੱਕ ਸ਼ੀਸ਼ੀ ਕੱਢਦਾ ਹੈ।
ਚਰਨਾ:-ਆਹ ਕੀ ਹੈ? “
ਛਿੰਦਾ:-ਇਹ….. ਇਹ ਹੈ ਸਵਰਗ ਦੀ ਸੈਰ ਕਰਵਾਉਣ ਵਾਲੀ ਪੌੜੀ, ਤੂੰ ਬਾਹ ਤਾਂ ਕਰ ਉਰੇ ਨੂੰ। “ਚਰਨੇ ਦੇ ਮਨਾਂ ਕਰਨ ਦੇ ਬਾਵਜੂਦ ਵੀ ਛਿੰਦਾ ਟੀਕਾ ਲਗਾ ਦਿੰਦਾ ਹੈ।
ਚਰਨਾ:-ਆਹ ……….! ” ਲੰਮਾ ਜਿਹਾ ਸਾਹ ਖਿੱਚ ਕੇ ਬੋਲਦਾ ਹੈ।
ਛਿੰਦਾ:- ਆਹ ਲੈ ਅੱਜ ਦੀ ਦਿਹਾੜੀ ਤੇ ਕੱਲ੍ਹ ਨੂੰ ਇਸੇ ਟਾਇਮ ਆ ਜਾਈ। “ਆਖ ਉਹ ਜੇਬ ਵਿੱਚੋਂ ਪੰਜ ਹਜ਼ਾਰ ਰੁਪਏ ਚਰਨੇ ਨੂੰ ਫੜਾਂ ਦਿੰਦਾ ਹੈ ਤੇ ਆਪ ਚਲਾ ਜਾਂਦਾ ਹੈ। ਚਰਨਾ ਅੱਖਾਂ ਮੱਲਦਾ ਹੈ ਤੇ ਫ਼ਿਰ ਕੁਝ ਸਮਾਨ ਖਰੀਦ ਕੇ ਘਰੇ ਚਲਾ ਜਾਂਦਾ ਹੈ।
ਚਰਨਾ:-ਮਨਜੀਤ… ਮਨਜੀਤ ਆਹ ਸਮਾਨ ਫੜ। “
ਮਨਜੀਤ:-ਇੰਨਾ ਸਮਾਨ…. ਕਿਵੇਂ ਲਾਟਰੀ ਤਾਂ ਨਹੀਂ ਨਿਕਲੀ। “
ਚਰਨਾ:-ਤੂੰ ਇਹੀ ਸਮਝ ਕੇ ਆਪਣੀ ਲਾਟਰੀ ਹੀ ਨਿਕਲ ਆਈ ਹੈ। ” ਹੁਣ ਚਰਨੇ ਨੇ ਸੀਤੇ ਨਾਲ ਕੰਮ ਉੱਤੇ ਜਾਣਾ ਬੰਦ ਕਰ ਦਿੱਤਾ ਤੇ ਛਿੰਦੇ ਨਾਲ ਰਹਿਣ ਲੱਗ ਪਿਆ।
ਸੀਤਾ:-ਬਾਈ….ਤੂੰ ਇਹ ਸਭ ਠੀਕ ਨਹੀਂ ਕਰ ਰਿਹਾ। ” ਇੱਕ ਦਿਨ ਸ਼ਾਮ ਨੂੰ।
ਚਰਨਾ:-ਕੀ…… ਕੀ ਠੀਕ ਨਹੀਂ ਕਰ ਰਿਹਾ। “
ਸੀਤਾ:-ਆਹੀਂ ਜੋ ਤੂੰ ਛਿੰਦੇ ਨਾਲ ਮਿਲਕੇ ਕਰ ਰਿਹਾ ਹੈ।ਤੂੰ ਕੀ ਸਮਝਦਾ ਹੈ ਮੈਨੂੰ ਪਤਾ ਨਹੀਂ ਤੂੰ ਛਿੰਦੇ ਨਾਲ ਮਿਲਕੇ ਨਸ਼ੇ ਵੇਚਦਾ ਵੀ ਹੈ ਤੇ ਕਰਦਾ ਵੀ ਹੈ। ਮਾਤਾ ਜੇ ਇਸਦਾ ਏਹੀ ਹਾਲ ਰਿਹਾ ਨਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਆਪਾਂ ਸੜਕ ਉੱਤੇ ਆ ਜਾਵਾਂਗੇ। “
ਚਰਨਾ:-ਜੇ ਇੰਨੀ ਹੀ ਔਖ ਹੈ ਤਾਂ ਵੰਡ ਲਵੋ ਘਰ ਤੇ ਮੈਨੂੰ ਮੇਰਾ ਬਣਦਾ ਹਿੱਸਾ ਦੇ ਦਿਉ। ਨਾਲੇ ਛਿੰਦਾ ਠੀਕ ਹੀ ਆਖਦਾ ਸੀ। “
ਸੀਤਾ:-ਕੀ….. ਕੀ ਠੀਕ ਆਖਦਾ ਸੀ ਤੇਰਾ ਛਿੰਦਾ। “
ਚਰਨਾ:- ਭਰਾ….. ਭਰਾ ਦੀ ਤਰੱਕੀ ਵੇਖ ਕੇ ਮੱਚਦਾ ਹੀ ਹੁੰਦਾ ਹੈ। “
ਸੀਤਾ:-ਸੁਣ ਲੈ ਭਾਬੀ….. ਤੂੰ ਵੀ ਸੁਣ ਲੈ ਬਾਈ ਕੀ ਆਖ ਰਿਹਾ ਹੈ। ਮੈ….. ਮੈਂ ਤੁਹਾਡੀ ਤਰੱਕੀ ਵੇਖ ਕਿ ਮੱਚਦਾ ਹਾਂ। ਮੈਂ ਮੱਚਦਾ ਨਹੀਂ ਕੱਲ੍ਹ ਨੂੰ ਨਿਕਲਣ ਵਾਲੇ ਨਤੀਜਿਆਂ ਨੂੰ ਦੇਖ ਕੇ ਡਰ ਰਿਹਾ ਹਾਂ। ਇਹ ਨਸ਼ੇ ਵਾਲੇ ਤੇ ਨਸ਼ਾ ਕਦੇ ਵੀ ਕਿਸੇ ਦਾ ਸਕਾ ਨਹੀਂ ਹੋਇਆਂ ਭਰਾਵਾਂ ਹਾਲੇ ਵੀ ਸਮਾਂ ਹੈ ਤੇ ਇਹ ਸਭ ਛੱਡਦੇ….. ਇਹ ਸਭ ਛੱਡਦੇ। “ਸੀਤਾ ਚਰਨੇ ਦੇ ਹੱਥ ਪੈਰ ਬਣਦਾ ਹੋਇਆਂ ਰੋਣ ਲੱਗ ਪੈਂਦਾ ਹੈ। ਕੁਝ ਹੀ ਦਿਨ ਬੀਤਦੇ ਹਨ।
ਚਰਨਾ:-ਮਨਜੀਤ….. ਮਨਜੀਤ….ਮਾਤਾ… ਮਾਤਾ ਸਾਰੇ ਕਿੱਥੇ ਮਰ ਗਏ ਹਨ,ਕੋਈ ਜਵਾਬ ਕਿਉ ਨਹੀਂ ਦੇ ਰਿਹਾ।”
ਘਬਰਾਇਆ ਹੋਇਆਂ ਚਰਨਾ ਅੰਦਰ ਆਉਂਦਾ ਹੈ।
ਮਾਤਾ:-ਕੀ ਹੋਇਆਂ ਪੁੱਤ। “
ਚਰਨਾ:-ਜੇ ਕੋਈ ਮੈਨੂੰ ਪੁੱਛਣ ਆਵੇ ਤਾਂ ਆਖ ਦੇਈ ਮੈਂ ਹੈ ਨਹੀਂ। “ਉਹ ਭੱਜ ਕੇ ਕਮਰੇ ਵਿੱਚ ਵੜ ਜਾਂਦਾ ਹੈ।
ਪੁਲਿਸ-ਮੈਨ:-ਮਾਤਾ ਇਹ ਚਰਨੇ ਦਾ ਹੀ ਘਰ ਹੈ। “
ਮਾਤਾ:-ਹਾਂ ਪੁੱਤ ਚਰਨੇ ਦਾ ਹੀ ਘਰ ਹੈ, ਕੀ ਗੱਲ?”
ਦੂਜਾ ਪੁਲਿਸ-ਮੈਨ:-ਮਿਲਣਾ ਸੀ ਚਰਨੇ ਨੂੰ। “
ਮਾਤਾ:-ਉਹ ਤਾਂ ਘਰੇ ਹੋਣੀ।”ਮਾਤਾ ਝੂਠ ਹੀ ਬੋਲ ਦਿੰਦੀ ਹੈ ? “
ਪੁਲਿਸ-ਮੈਨ:-ਕੋਈ ਨਾ ਕਦੋਂ ਤੱਕ ਘਰੇ ਨਹੀਂ ਆਵੇਗਾ।” ਆਖ ਉਹ ਗੁੱਸੇ ਵਿੱਚ ਹੀ ਵਾਪਸ ਚਲੇ ਜਾਂਦੇ ਹਨ।
ਮਾਤਾ:-ਇਹ ਪੁਲਿਸ ਵਾਲੇ ਤੈਨੂੰ ਕਿਉ ਲੱਭ ਰਹੇ ਹਨ? “
ਚਰਨਾ:-ਤੂੰ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਪਹਿਲਾਂ ਹੀ ਅੱਕਿਆ ਪਿਆ ਹਾਂ।ਮਨਜੀਤ ਕਿੱਥੇ ਹੈ? “
ਮਾਤਾ:-ਉਹ ਨਿਆਣਿਆਂ ਨੂੰ ਸਕੂਲੋਂ ਲੈਣ ਲਈ ਗਈ ਹੈ। ਚਰਨਾ:-ਮਾਤਾ ਮੈਨੂੰ ਪੈਸੇ ਚਾਹੀਦੇ ਹਨ। “
ਮਾਤਾ:-ਮੇਰੇ ਕੋਲ ਹੈ ਨਹੀ। “
ਚਰਨਾ:-ਆਹ ਬੁੱਢੇ ਵਾਰੇ ਵਾਲੀਆਂ ਪਾ ਕੇ ਤੂੰ ਕੀ ਕਰਨੀਆਂ ਹਨ। ਚੱਲ ਲਾਹ ਕੇ ਦੇ ਮੈਨੂੰ। “
ਮਾਤਾ:-ਵੇ ਘਰਦੀਆਂ ਸਾਰੀਆਂ ਚੀਜ਼ਾਂ ਤਾਂ ਤੂੰ ਵੇਚ ਦਿੱਤੀਆਂ ਆਹ ਵਾਲੀਆਂ ਹੀ ਤਾਂ ਰਹਿ ਗਈਆਂ ਹਨ। ਮੈਂ ਨਹੀਂ ਦੇਣੀਆਂ। “
ਚਰਨਾ:-ਮਾਤਾ ਮੈਨੂੰ ਮਜ਼ਬੂਰ ਨਾ ਕਰ। “ਮਾਤਾ ਦੇ ਮਨਾਂ ਕਰਨ ਤੇ ਉਹ ਵਾਲੀਆਂ ਖਿੱਚ ਕੇ ਲੈ ਜਾਂਦਾ ਹੈ। ਮਾਤਾ ਰੋਂਦੀ ਰਹਿ ਜਾਂਦੀ ਹੈ।
ਅਗਲੇ ਦਿਨ ਸਵੇਰੇ ਸਵੇਰੇ ਪੁਲਿਸਮੈਨ ਇੱਕ ਵਾਰ ਫੇਰ ਘਰ ਆਉਂਦੇ ਹਨ।
ਪੁਲਿਸ-ਮੈਨ:-ਕਾਕਾ ਚਰਨਾ ਤੇਰਾ ਕੀ ਲੱਗਦਾ ਹੈ? “
ਸੀਤਾ:-ਭਰਾ…. ਵੱਡਾ ਭਰਾ ਹੈ ਜੀ ਮੇਰਾ। “
ਪੁਲਿਸ-ਮੈਨ:-ਚੱਲ ਫ਼ਿਰ ਤੂੰ ਸਾਡੇ ਨਾਲ। “
ਮਾਤਾ:-ਪਰ….. ਪਰ ਸੀਤੇ ਨੇ ਕੀ ਕੀਤਾ ਹੈ? “
ਪੁਲਿਸ-ਮੈਨ:-ਮਾਤਾ….. ਮਾਤਾ ਕੱਲ੍ਹ ਤੇਰਾ ਚਰਨਾ ਨਸ਼ੇ ਦੀ ਔਵਰ ਡੋਜ ਨਾਲ ਬੱਸ ਅੱਡੇ ਉੱਤੇ ਖਤਮ ਹੋ ਗਿਆ ਹੈ। ਉਸਦੀ ਬਾਡੀ ਲੈ ਕੇ ਆਉਣੀ ਹੈ। “
ਮਾਤਾ:-ਹਾਏ ਵੇ ਅਸੀਂ ਲੁੱਟੇ ਗਏ…. ਵੇ ਕਰ ਗਿਆ ਉਹੀ ਕੰਮ …..! “ਮਾਤਾ ਪਿੱਟਣ ਲੱਗ ਜਾਂਦੀ ਹੈ।
ਮਨਜੀਤ:-ਕੀ….. ਕੀ ਹੋ ਗਿਆ ਮਾਤਾ? “
ਮਾਤਾ:- ਨੀ ਤੂੰ ਲੁੱਟੀ ਗਈ …. ਆਖਦਾ ਸੀ ਜਿੰਦਗੀ ਬਨਾਉਣੀ ਹੈ ….. ਸਾਰਿਆਂ ਨੂੰ ਪੱਟ ਕੇ ਸੁੱਟ ਗਿਆ। “
ਸਾਰੇ ਰੋਣ ਲੱਗ ਜਾਂਦੇ ਹਨ।
ਮੈਸੇਜ਼:- ਬਾਈ ਜੀ ਸਾਡੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕੇ ਨਸ਼ੇ ਨਾਲ ਜਿੰਦਗੀ ਦੀ ਸ਼ੁਰੂਆਤ ਨਹੀਂ ਅੰਤ ਹੁੰਦਾ ਹੈ। ਇਸ ਲਈ ਅੱਜ ਤੋਂ ਹੀ ਨਸ਼ਾ ਨਾ ਕਰਨ ਦੀ ਸਹੁੰ ਖਾਉ। ਨਸ਼ਾ ਕਦੇ ਵੀ ਕਿਸੇ ਦਾ ਨਹੀਂ ਬਣਿਆ ਬਲਕਿ ਇਸ ਨਾਲ ਹੱਸਦੇ ਵੱਸਦੇ ਘਰ ਤਬਾਹ ਕਰ ਦਿੰਦਾ ਹੈ।
ਪੜ੍ਹਨ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ
ਸੰਦੀਪ ਦਿਉੜਾ
8437556667