ਮਹਾਂ ਸਿੰਘ ਤੇ ਰਾਜ ਕੌਰ ਦਾ, ਪੁੱਤ ਸੀ ਭਾਗਾਂ ਵਾਲਾ
ਰਣ ਨੂੰ ਜਿੱਤਣ ਵਾਲਾ ਜੰਮਿਆ, ਸ਼ਹਿਰ ਗੁੱਜਰਾਂਵਾਲਾ।
ਦੋ ਨਵੰਬਰ ਸਤਾਰਾਂ ਸੌ ਅੱਸੀ, ਜਨਮ ਰਾਜੇ ਦਾ ਹੋਇਆ
ਲੇਖਾਂ ਵਿੱਚ ਸੀ ਲਿਖਿਆ, ਉਹਦੇ ਹੱਥ ‘ਚ ਰਾਜ ਸਮੋਇਆ।
ਸਿੱਖ, ਹਿੰਦੂ ਤੇ ਮੁਸਲਮਾਨਾਂ ਨੂੰ, ਬੰਨ੍ਹਿਆ ਵਿੱਚ ਇੱਕ ਧਾਗੇ
ਅੰਗਰੇਜ਼ਾਂ ਤੇ ਰੋਅਬ ਸੀ ਉਹਦਾ, ਆਉਂਦੇ ਨਾ ਉਹ ਲਾਗੇ।
ਸਿੱਖ-ਮਿਸਲਾਂ ਨੂੰ ‘ਕੱਠਿਆਂ ਕੀਤਾ, ਕੀਤੀ ਦੂਰ-ਅੰਦੇਸ਼ੀ
ਉਹਦੀ ਸੈਨਾ ਵਿੱਚ ਫ਼ੌਜੀ ਸਨ, ਦੇਸੀ ਅਤੇ ਵਿਦੇਸ਼ੀ।
ਸਾਫ਼ ਤੇ ਸੱਚੀ-ਸੁੱਚੀ ਹੈਸੀ, ਓਸ ਰਾਜੇ ਦੀ ਨੀਤੀ
ਹਰਿਮੰਦਰ ਦੀ ਨਾਲ ਸੋਨੇ ਦੇ, ਖੁੱਲ੍ਹ ਕੇ ਸੇਵਾ ਕੀਤੀ।
ਸਭ ਧਰਮਾਂ ਦੇ ਸਭ ਲੋਕਾਂ ਦਾ, ਕਰਦਾ ਸੀ ਸਤਿਕਾਰ
ਭਲਾ ਮੰਗੇ ਸਰਬੱਤ ਦਾ, ਕਰਦਾ ਰਹਿੰਦਾ ਪਰਉਪਕਾਰ।
ਚੇਚਕ ਕਾਰਨ ਬਚਪਨ ਵਿੱਚ, ਇੱਕ ਅੱਖ ਤੇ ਹਮਲਾ ਹੋਇਆ
ਮੰਗੀ ਮਾਫ਼ੀ ਗਲ ਪੱਲਾ ਪਾ, ਜਾ ਤਖ਼ਤ ਦੇ ਸਾਹਵੇਂ ਖਲੋਇਆ।
ਅਫ਼ਗਾਨ, ਪਠਾਣ, ਫ਼ਰੰਗੀ ਵਿਰੋਧੀ, ਜਿੱਤੀਆਂ ਸਭ ਮੁਹਿੰਮਾਂ
ਜੋ ਅੜਿਆ ਸੋ ਝੜਿਆ, ਕੀ-ਕੀ ਦੱਸਾਂ ਕਿੰਨਾ-ਕਿੰਨਾ।
ਜੂਨ ਅਠਾਰਾਂ ਸੌ ਉਨਤਾਲੀ, ਦਿਨ ਸਤਾਈਵਾਂ ਆਇਆ
ਚਮਕ ਰਹੇ ਪੰਜਾਬ ਦੇ ਸੂਰਜ, ਉੱਤੇ ਬੱਦਲ ਛਾਇਆ।
ਸਤੀ ਹੋਈਆਂ ਕੁਝ ਰਾਣੀਆਂ, ਉਹਦੀ ਅਰਥੀ ਉੱਤੇ ਆ ਕੇ
ਦਿੱਤਾ ਸਬੂਤ ਪਿਆਰ ਦਾ ਏਦਾਂ, ਆਪਣਾ-ਆਪ ਮਿਟਾ ਕੇ।
ਮਹਾਂਬਲੀ ਤੇ ਪਰਉਪਕਾਰੀ, ਸੀ ਸਾਡਾ ਮਹਾਰਾਜਾ
ਅਟਕ ਵੀ ਰੋਕ ਨਾ ਸਕਿਆ ਉਹਨੂੰ, ਲਾਵੇ ਕੌਣ ਅੰਦਾਜ਼ਾ।

* ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.