ਕਰਮਠਤਾ ਦੀ ਜੋਤ ਜਗਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਗੀਤਾ ਦਾ ਉਪਦੇਸ਼ ਸੁਣਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਮਾਨਵਤਾ ਵਿਚ ਸ਼ਕਤੀ ਭਗਤੀ ਸੰਜਮ ਉਦਮ ਲੈਕੇ,
ਯੁੱਗ ਯੁਗਾਂ ਤਕ ਆਵਣ ਜਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਸ਼ੁੱਭ ਇਛਾਵਾਂ ਅੰਦਰ ਰਹਿਮਤ ਵਾਲੀ ਇੱਕ ਅਹੂਤੀ,
ਘਰ ਘਰ ਦੀ ਉਨਤੀ ਵਿਚ ਪਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਭਾਰਤ ਦੇਸ਼ ਪਿਆਰਾ ਲਗਦਾ ਸਭ ਤੋਂ ਵਧ ਨਿਆਰਾ,
ਬਾਂਸੁਰੀ ਦੇ ਹਰ ਸੁਰ ਵਿਚ ਗਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਵੱਖ-ਵੱਖ ਫੁੱਲਾਂ ਦਾ ਗੁਲਦਸਤਾ ਸੋਹਣਾ ਲਗਦਾ, ਜਚਦਾ,
ਏਕੇ ਦਾ ਸ਼ੁਧ ਪਾਠ ਪੜ੍ਹਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਉਸ ਦੇ ਇਕ ਆਕਾਰ ’ਚ ਸਾਰੀ ਕਾਏਨਾਤ ਸਰਿਸ਼ਟੀ,
ਓਮ ਸ਼ਿਰੀ ਦੇ ਅਰਥ ਸਿਖਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਅਪਣੇ ਇਕ ਸੁਦਰਸ਼ਨ ਚੱਕਰ ਨਾਲ ਕਰਨ ਇੰਨਸਾਫ਼,
ਆਪੇ ਜਿੱਤਣ ਆਪੇ ਹਾਰਣ ਸ਼੍ਰੀ ਕ੍ਰਿਸ਼ਨ ਭਗਵਾਨ।
ਸ਼ਸ਼ਤਰ ਵਿਦਿਆ ਸ਼ਾਸ਼ਤਰ ਵਿਦਿਆ ਗਿਆਨ ਅਤੇ ਵਿਗਿਆਨ,
ਭਾਰਤ ਦੇ ਸਿਰ ਮੁਕਟ ਸਜਾਵਟ ਸ਼੍ਰੀ ਕ੍ਰਿਸ਼ਨ ਭਗਵਾਨ,
‘ਬਾਲਮ’ ਜਾਤੀ ਧਰਮ ਮਿਟਾ ਕੇ ਯਾਰ ਸੁਦਾਮਾ ਪਾ ਕੇ,
ਤਾਂ ਹੀ ਖੁਦ ਭਗਵਾਨ ਕਹਾਵਣ ਸ਼੍ਰੀ ਕ੍ਰਿਸ਼ਨ ਭਗਵਾਨ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ, ਗੁਰਦਾਸਪੁਰ ਪੰਜਾਬ
ਮੋ. 98156-25409