
ਸਆਦਤ ਹਸਨ ਮੰਟੋ ਦਾ ਜਨਮ ਜਿਲ੍ਹਾ ਲੁਧਿਆਣਾ ਦੀ ਤਹਿਸੀਲ ਸਮਰਾਲਾ ਦੇ ਪਿੰਡ ਪੱਪੜੋਦੀ ਵਿਖੇ 11 ਮਈ 1912 ਨੂੰ ਮਾਤਾ ਸਰਦਾਰ ਬੇਗਮ ਦੀ ਕੁੱਖੋਂ ਹੋਇਆ | ਉਹਦੇ ਵਾਲਿਦ ਜਨਾਬ ਗੁਲਾਮ ਹਸਨ ਉਸ ਵੇਲੇ ਤਹਿਸੀਲਦਾਰ ਸਨ | ਉਸਦੇ ਪਿਤਾ ਦੇ ਦੋ ਵਿਆਹ ਸਨ ਤੇ ਮੰਟੋ ਆਪਣੀ ਦੂਜੀ ਮਾਂ ਦਾ ਪੁੱਤਰ ਸੀ | ਮੰਟੋ ਦੇ ਜਨਮ ਤੋਂ ਜਲਦ ਬਾਅਦ ਹੀ ਉਸਦਾ ਪਰਿਵਾਰ ਪਿੰਡ ਛੱਡ ਅੰਮ੍ਰਿਤਸਰ ਆ ਗਿਆ | ਜਿਥੋ ਦੇ ਮੁਹੱਲਾ ਕੂਚਾ ਵਕੀਲਾਂ ਵਿਖੇ ਰਹਿ, ਮੰਟੋ ਪਲਿਆ ਤੇ ਪੜ੍ਹਿਆ | ਪੜ੍ਹਾਈ ਵਿਚ ਮੰਟੋ ਬਹੁਤਾ ਹੋਸ਼ਿਆਰ ਬੱਚਾ ਨਹੀਂ ਸੀ | ਗਿਆਰਵੀਂ ਚ ਉਹ ਉਰਦੂ ਵਿਸ਼ੇ ਚੋਂ ਫੇਲ ਹੋਇਆ ਤੇ ਉਸਨੇ ਐਫ ਏ ਵਿਚ ਦਾਖਲਾ ਲੈ ਲਿਆ ਤੇ ਉਹ ਮੁੱੜ ਫੇਲ ਹੋ ਗਿਆ | ਫੇਰ ਉਹ ਅਲੀਗੜ੍ਹ ਯੂਨੀਵਰਸਿਟੀ ਚ ਪੜ੍ਹਨ ਚਲਾ ਗਿਆ | ਉਥੇ ਵੀ ਪੜ੍ਹਾਈ ਵਿਚੇ ਛੱਡ ਵਾਪਿਸ ਅੰਮ੍ਰਿਤਸਰ ਆ ਗਿਆ | ਉਹ ਰੂਸ ਦੀ ਕ੍ਰਾਂਤੀ ਤੇ ਸ਼ਹੀਦ ਭਗਤ ਸਿੰਘ ਦਾ ਪ੍ਰਭਾਵ ਕਬੂਲਦਾ ਹੋਇਆਂ ਆਪਣੇ ਆਪ ਨੂੰ ਕ੍ਰਾਂਤੀਕਾਰੀ ਮੰਨਣ ਲੱਗਾ | ਫੇਰ ਉਹ ਹਾਲੀਵੁੱਡ ਦੀਆਂ ਫ਼ਿਲਮਾਂ ਦਾ ਦੀਵਾਨਾ ਹੋਇਆ | ਮੁੜ ਉਹ ਆਪਣੇ ਮੁਹੱਲੇ ਦੇ ਆਵਾਰਾ ਮੁੰਡਿਆਂ ਦੀ ਸੰਗਤ ਕਰਦਾ ਜੂਆ ਖੇਡਣ ਲੱਗ ਗਿਆ ਤੇ ਵੇਸਵਾਵਾਂ ਦੇ ਕੋਠਿਆਂ ਤੇ ਵੀ ਗਿਆ | ਸੰਨ 1931 ਵਿਚ ਉਸਦੇ ਅਬੂ ਦਾ ਦੇਹਾਂਤ ਹੋ ਗਿਆ | ਉਹਨੇ ਮੁੰਬਈ ਵਲ ਰੁਖ ਕੀਤਾ ਤੇ ਸੰਨ 1934 ਵਿਚ ਸਾਹਿਤ ਸਿਰਜਣ ਦੀ ਪ੍ਰਕਿਰਿਆ ਆਰੰਭੀ | ਇਸ ਅਰਸੇ ਤੋਂ ਲੈ ਕੇ 1954 ਤਕ ਮੰਟੋ ਨੇ ਨਾਟਕ ,ਲੇਖ , ਮਿੰਨੀ ਕਹਾਣੀਆਂ , ਵੱਡੀਆਂ ਕਹਾਣੀਆਂ ,ਵਿਅਕਤੀ ਚਿਤਰ , ਫ਼ਿਲਮਾਂ ਤੇ ਸਿਨਰਿਓ ਲਿਖੇ | ਵੱਖ ਵੱਖ ਕਲਾਕਾਰਾਂ ਅਤੇ ਫ਼ਿਲਮੀ ਐੱਕਟਰਾਂ ਦੇ ਵਿਅਕਤੀ ਚਿਤਰ ਲਿਖਣ ਅਤੇ ਕਹਾਣੀਆਂ ਲਿਖਣ ਵਿਚ ਉਸਨੇ ਬਾਕਮਾਲ ਕੰਮ ਕੀਤਾ | ਲੋਕਾਂ ਦੀ ਨਾਰਾਜ਼ਗੀ ਵੀ ਝੱਲੀ ਤੇ ਸਾਬਾਸ਼ੀ ਵੀ ਖੱਟੀ | ਰੇਡੀਓ ਸਟੇਸ਼ਨ ਤੇ ਨੌਕਰੀ ਵੀ ਕੀਤੀ ਤੇ ਫਾਕੇ ਵੀ ਕੱਟੇ | ਉਹਨੇ ਹਮੇਸ਼ਾ ਆਪ ਖੂਹ ਪੁੱਟ ਕੇ ਪਾਣੀ ਪੀਤਾ | ਮੰਟੋ ਨੇ ਸਾਫ਼ੀਆ ਨਾਮ ਦੀ ਕੁੜੀ ਨਾਲ ਨਿਕਾਹ ਕੀਤਾ | ਜਿਸ ਤੋਂ ਤਿੰਨ ਬੇਟੀਆਂ ਨਿਗਟ , ਨੁਸਰਤ ਅਤੇ ਨੁਜ਼ਹਤ ਪੈਦਾ ਹੋਈਆਂ |
ਉਰਦੂ ਅਫ਼ਸਾਨਾਨਿਗਾਰ ਸਆਦਤ ਹਸਨ ਮੰਟੋ ਦੇ ਲਿਖੇ ਉਰਦੂ ਅਫ਼ਸਾਨਿਆਂ ਨੂੰ ਪੜ੍ਹਦਿਆਂ ਪਾਠਕ ਦੀਆਂ ਅੱਖਾਂ ਅੱਗੇ 1947 ਦੀ ਵੰਡ ਦੇ ਦੁਖਾਂਤ ਵੇਲੇ ਵਾਪਰੀਆਂ ਘਟਨਾਵਾਂ ਦੇ ਦ੍ਰਿਸ਼ ਚਲਚਿਤ੍ਰ ਵਾਂਗ ਮੁੜ ਘੁੰਮਣ ਲੱਗਦੇ ਨੇ | ਉਸਦੀ ਲਿਖੀ ਬੇਬਾਕ ਕਹਾਣੀ ‘ਖੋਲ੍ਹ ਦੋ’ ਪੜ੍ਹਦਿਆਂ ਲੱਗਾ ਕਿ ਧਰਮ ਦੀ ਆੜ ਹੇਠ ਕੁਕਰਮ ਕਰਦੀ ਬੇਦਰਦ ਭੀੜ ਨੂੰ ਸ਼ਿਕਾਰ ਦੀ ਭਾਲ ਵਿਚ ਇੱਧਰ ਉੱਧਰ ਭੱਜਦਿਆਂ ਦੇ ਦ੍ਰਿਸ਼ ਨੂੰ ਪੜ੍ਹਕੇ ਇੱਕ ਵਾਰ ਤਾਂ ਪਾਠਕ ਠਠੰਬਰ ਜਾਂਦੈ | ਕਹਾਣੀ “ਟੋਬਾ ਟੇਕ ਸਿੰਘ’ ਪੜ੍ਹਦਿਆਂ ਲੱਗਦੈ ਕਿ ਦੇਸ਼ ਦੀ ਵੰਡ ਦੇ ਦੁੱਖ ਚ ਪਾਗਲ ਹੋਇਆ ਕਹਾਣੀ ਦਾ ਪਾਤਰ ਬਿਸ਼ਨ ਸਿੰਘ ਹਿੰਦੋਸਤਾਨ ਤੇ ਪਾਕਿਸਤਾਨ ਦੇ ਬਾਰਡਰ ਤੇ ‘ਨੋ ਮੈਨ ਲੈਂਡ’ ਤੇ ਧੜੱਮ ਕਰਕੇ ਡਿੱਗਦੈ ਤੇ ਪਾਠਕ ਦੇ ਸਾਹਮਣੇ ਹੀ ਪ੍ਰਾਣ ਤਿਆਗ ਗਿਆ | ਮੰਟੋ ਦਾ ਲਿਖਿਆ ਕੋਈ ਵੀ ਅਫ਼ਸਾਨਾ ਪੜ੍ਹੋ ਹਰੇਕ ਵਿਚੋਂ ਇਹੋ ਰਵਾਨਗੀ ਨਜ਼ਰ ਆਵੇਗੀ | ਉਸਦੇ ਦੇ ਲਿਖੇ ਅਫ਼ਸਾਨਿਆਂ/ ਕਹਾਣੀਆਂ ਦੀ ਇਹੋ ਖਾਸੀਅਤ ਹੈ ਕਿ ਉਹ ਭਾਸ਼ਾ ਨਾਲ ਇਹੋ ਜਿਹਾ ਦ੍ਰਿਸ਼ ਚਿਤਰਨ ਕਰਦਾ ਸੀ ਕਿ ਪੜ੍ਹਨ ਵਾਲਾ ਆਪਣੇ ਆਪ ਨੂੰ ਕਹਾਣੀ ਵਿਚ ਘਟੀ ਕਿਸੇ ਘਟਨਾ ਦਾ ਪ੍ਰਤੱਖਦਰਸ਼ੀ ਮਹਿਸੂਸ ਕਰਦਾ ਹੈ | ਇਹ ਉਸਦੀ ਲੇਖਣੀ ਦੀ ਅਮੀਰੀ ਹੈ ਜੋ ਪਾਠਕਾਂ ਨੂੰ ਵੀ ਸਾਹਿਤਕ ਪੱਖੋਂ ਅਮੀਰ ਕਰਦੀ ਹੈ |
ਮੰਟੋ ਬਾਰੇ ਮਸ਼ਹੂਰ ਲੇਖਕ ਬਲਵੰਤ ਗਾਰਗੀ ਆਪਣੀ ਇੱਕ ਰਚਨਾ ਵਿਚ ਲਿਖਦਾ ਹੈ ਕਿ ਮੈਂ ਉਰਦੂ ਅਫ਼ਸਾਨੇ ਪੜ੍ਹ ਰਿਹਾ ਸੀ | ਅਚਾਨਕ ਮੇਰੀ ਨਜ਼ਰ ਸਆਦਤ ਹਸਨ ਮੰਟੋ ਦੀ ਲਿਖੀ ਕਹਾਣੀ ਤੇ ਪਈ | ਕਹਾਣੀ ਦਾ ਨਾਂ ਸੀ “ਬੂ” | ਕਹਾਣੀ ਵਿਚ ਜਿਸਮਾਨੀ ਖੇੜਾ, ਚਮਕ ,ਮਾਨਸਿਕ ਤਜ਼ਰਬਾ ਤੇ ਲਜ਼ਤ ਸੀ | ਇਸ ਕਹਾਣੀ ਨੂੰ ਪੜ੍ਹਨ ਤੋਂ ਪਹਿਲਾਂ ਮੇਰਾ ਮਾਨਸਿਕ ਪ੍ਰਤੀਕਰਮ ਸੀ ਕਿ ਮੈਂ ਰਾਜਿੰਦਰ ਸਿੰਘ ਬੇਦੀ ਜਾਂ ਕ੍ਰਿਸ਼ਨ ਚੰਦਰ ਵਰਗੀ ਕਹਾਣੀ ਨਹੀਂ ਲਿਖ ਸਕਦਾ | ਪਰ ਮੰਟੋ ਦੀ ‘ਬੂ’ ਕਹਾਣੀ ਪੜ੍ਹਨ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਮੇਰੀ ਰਚਨਾਤਮਕ ਸ਼ਕਤੀ ਬੇਦੀ ਤੇ ਕ੍ਰਿਸ਼ਨ ਚੰਦਰ ਤੋਂ ਉੱਚੀ ਹੈ ਪਰ ਮੰਟੋ ਤੋਂ ਕਿਤੇ ਉੱਣੀ | ਮੈਂ ਇਹੋ ਜਿਹੀ ਨਿਵੇਕਲੀ ਤੇ ਉੱਚ ਕੋਟੀ ਦੀ ਕਹਾਣੀ ਨਹੀਂ ਲਿਖ ਸਕਦਾ | ਬਸ ਉਸ ਦਿਨ ਤੋਂ ਮੰਟੋ ਮੇਰੇ ਲਈ ਕਹਾਣੀ ਦਾ ਆਦਰਸ਼ ਬਣ ਗਿਆ | ਗਾਰਗੀ ਨੇ ਮੰਟੋ ਨੂੰ ਹਿੰਦੋਸਤਾਨੀ ਸਾਹਿਤ ਦਾ ਉੱਚਾ ਮੀਨਾਰ ਆਖਿਆ |
ਗਾਰਗੀ ਵਲੋਂ ਮੰਟੋ ਬਾਰੇ ਪਾਈ ਇਹ ਤਸਦੀਕ ਮੰਟੋ ਦੇ ਇਸ ਜਹਾਨ ਤੋਂ ਕੂਚ ਕਰ ਜਾਣ ਦੇ 69 ਸਾਲਾਂ ਬਾਅਦ ਵੀ, ਉਨ੍ਹੀ ਹੀ ਸਾਰਥਿਕ ਹੈ | ਮੰਟੋ ਦੇ ਲਿਖੇ ਅਫ਼ਸਾਨੇ ਪਾਠਕ ਅੱਜ ਵੀ ਸ਼ਿੱਦਤ ਅਤੇ ਨੀਝ ਨਾਲ ਪੜ੍ਹਦੇ ਨੇ | ਮੰਟੋ ਦੀਆਂ ਕਹਾਣੀਆਂ ਦਾ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਉਲੱਥਾ ਹੋ ਚੁੱਕਾ ਹੈ | ਉਸਦਾ ਪਾਠਕ ਵਰਗ ਅੱਜ ਵੀ ਉਸਦੀਆਂ ਕਿਰਤਾਂ ਨੂੰ ਲਾਇਬ੍ਰੇਰੀਆਂ ਤੇ ਬੁਕ ਸਟਾਲਾਂ ਤੋਂ ਟੋਲ੍ਹ ਕੇ ਪੜ੍ਹਨ ਦਾ ਲੁਤਫ਼ ਉਠਾਉਂਦਾ ਹੈ | ਮੰਟੋ ਵਲੋਂ ਦੇਸ਼ ਦੀ ਵੰਡ ਤੇ ਲਿਖੀਆਂ ਕਹਾਣੀਆਂ ਅਤੇ ਔਰਤ-ਮਰਦ ਦੇ ਜਾਇਜ਼-ਨਜਾਇਜ਼ ਰਿਸ਼ਤਿਆਂ ਤੇ ਲਿਖੀਆਂ ਬੇਬਾਕ ਕਹਾਣੀਆਂ ਬਾ ਕਮਾਲ ਨੇ | ਇਹ ਗੱਲ ਮੰਟੋ ਨੂੰ ਵੀ ਪਤਾ ਸੀ ਕਿ ਉਹਦੇ ਨਾਲ ਦੇ ਅਫ਼ਸਾਨੇ ਲਿਖਣ ਵਾਲਾ ਕੋਈ ਹੋਰ ਨਾਢੂਖਾਂਨ ਅਜੇ ਤੀਕ ਪੈਦਾ ਨਹੀਂ ਹੋਇਆ | ਉਹਦੀ ਇਸ ਸੋਚ ਵਿਚੋਂ ਉਸਨੇ ਆਪਣੇ ਹੱਥੀਂ 18 ਅਗਸਤ 1954 ਨੂੰ ਆਪਣੀ ਕਬਰ ਲਈ ਕਤਬਾ ਈਉਂ ਲਿਖਿਆ ,” ਏਥੇ ਸਆਦਤ ਹਸਨ ਮੰਟੋ ਦਫ਼ਨ ਏ | ਉਹਦੇ ਸੀਨੇ ਵਿਚ ਕਹਾਣੀਆਂ ਲਿਖਣ ਦੀ ਕਲਾ ਦੇ ਸਾਰੇ ਭੇਤ ਤੇ ਰਮਜ਼ਾਂ ਦਫ਼ਨ ਨੇ | ਉਹ ਹੁਣ ਵੀ ਮਣਾ ਮੂੰਹ ਮਿੱਟੀ ਹੇਠ ਦੱਬਿਆ ਹੋਇਆ ਸੋਚ ਰਿਹਾ ਏ ਕਿ ਉਹ ਵੱਡਾ ਕਹਾਣੀਕਾਰ ਏ ਜਾਂ ਰੱਬ ? ” | ਜਿਹੜੇ ਲੋਕ ਮੰਟੋ ਨੂੰ ਉਸਦੇ ਜਿਉਂਦੇ ਜੀਅ ਭੰਡਦੇ ਸੀ | ਉਹਨਾਂ ਨੇ ਮੰਟੋ ਦੇ ਮਰਨ ਤੋਂ ਬਾਅਦ ਉਸਦੀ ਆਲੋਚਨਾ ਬੰਦ ਕਰਕੇ ਪੂਰੀ ਇਮਾਨਦਾਰੀ ਨਾਲ ਮੰਟੋ ਦੀਆਂ ਲਿਖਤਾਂ ਨੂੰ ਘੋਖਿਆ ਤਾਂ ਉਹਨਾਂ ਨੂੰ ਮੰਟੋ ਦੀ ਕਲਾ ਦੀਆਂ ਬਰੀਕੀਆਂ ਦੀ ਸਮਝ ਆਈ ਤੇ ਉਹਨਾਂ ਨੇ ਮੰਟੋ ਨੂੰ ਤੇ ਉਸਦੀਆਂ ਕਿਰਤਾਂ ਨੂੰ ਰੱਜ ਕੇ ਸਲਾਹਿਆ |
ਕਹਾਣੀ ਦਾ ਵਿਸ਼ਾ ਚੁਣਨ ,ਪਲਾਟ ਬਣਾਉਣ ਅਤੇ ਬਿੰਬ ਸਿਰਜਣ ਵਿਚ ਮੰਟੋ ਦਾ ਕੋਈ ਸਾਨੀ ਨਹੀਂ ਸੀ | ਉਹ ਆਪਣੀ ਕਲਮ ਰੂਪੀ ਔਜ਼ਾਰ ਨਾਲ ਕਿਸੇ ਸਰਜਨ ਵਾਂਗੂੰ ਸਮਾਜ ਦੀਆਂ ਨਾੜੀਆਂ ਵਿਚੋਂ ਗੰਦਾ ਖੂਨ ਕਢਦਾ ਸੀ | ਉਸਦੀ ਤੇਜ਼ ਨਿਗ੍ਹਾ ਸਮਾਜ ਵਿਚੋਂ ਯਦਾਰਥ ਭਾਲਣ ਲਈ ਕਿਸੇ ਐਨਕ ਦੇ ਦੂਹਰੇ ਲੈਨਜ਼ ਵਾਂਗ ਕੰਮ ਕਰਦੀ ਸੀ | ਉਸਦੀ ਲੇਖਣੀ ਖਸਤਾ ,ਕਰਾਰੀ ਤੇ ਬੇਬਾਕ ਸੀ | ਸਲੂਣੀ ਮੂੰਗਫਲੀ ਵਾਂਗ | ਜਿਹੜੀ ਕਿਸੇ ਦੇ ਇੱਕ ਵਾਰ ਮੂੰਹ ਲੱਗੀ ਤੇ ਉਹ ਖਤਮ ਕਰਕੇ ਹੀ ਸਾਂਹ ਲਵੇ | ਮੰਟੋ ਆਪਣੀ ਬੇਬਾਕ ਲੇਖਣੀ ਕਰਕੇ ਸਮਾਜ ਵਿਚ ਅਨੇਕਾਂ ਵਾਰ ਆਲੋਚਨਾ ਦਾ ਪਾਤਰ ਬਣਿਆ | ਪਰ ਉਹ ਆਪਣੀ ਆਦਤ ਮੁਤਾਬਿਕ ਆਪਣੀ ਤੋਰ ਤੁਰਦਾ ਰਿਹਾ | ਉਸਦੀਆਂ ਛੇ ਕਹਾਣੀਆਂ, ਕਾਲੀ ਸ਼ਲਵਾਰ, ਬੂ ,ਉਪਰ ,ਨੀਚੇ ਔਰ ਦਰਮਿਆਨ , ਖੋਲ੍ਹ ਦੋ ,ਧੂੰਆਂ ਅਤੇ ਠੰਡਾ ਗੋਸਤ ਨੂੰ ਅਸ਼ਲੀਲ ਮੰਨਦੇ ਹੋਏ ਉਸਤੇ ਮੁਕੱਦਮੇ ਵੀ ਚੱਲੇ | ਮੰਟੋ ਨੇ ਆਪਣੇ ਤੇ ਚੱਲੇ ਮੁਕੱਦਮਿਆਂ ਨੂੰ ਮੂਰਖ ਮੁੰਡਿਆਂ ਦੇ ਮਾਰੇ ਵੱਟੇ ਕਿਹਾ | ਉਸਨੇ ਆਪਣੇ ਤੇ ਚੱਲੇ ਸਾਰੇ ਮੁਕੱਦਮਿਆਂ ਵਿਚ ਹੋਏ ਬਿਆਨਾਂ, ਗਵਾਹੀਆਂ ਤੇ ਜ਼ਿੱਰਾਹ ਤੇ ਫੈਸਲੇ ਦੀਆਂ ਨਕਲਾਂ ਲੈ ਕੇ ਇਕ ਕਿਤਾਬ ਹੀ ਲਿਖ ਦਿੱਤੀ ਜਿਸ ਦਾ ਨਾਮ ਰੱਖਿਆ ‘ ਲੱਜ਼ਤੇ ਸੰਗ ‘ |
ਮੰਟੋ ਨੇ 22 ਨਿੱਕੀ ਕਹਾਣੀ ਸੰਗ੍ਰਹਿ ਆਤਿਸ਼ਪਾਰੇ, ਧੂਆਂ, ਅਫ਼ਸਾਨੇ ਔਰ ਡਰਾਮੇ , ਮੰਟੋ ਕੇ ਅਫ਼ਸਾਨੇ, ਲਜ਼ਤ-ਏ-ਸੰਗ , ਸਿਆਹ ਹਾਸ਼ੀਏ, ਬਾਦਸ਼ਾਹਤ ਕਾ ਖ਼ਾਤਮਾ , ਖਾਲੀ ਬੋਤਲੇ ,ਨਿਮਰੂਦ ਕੀ ਖੁਦਾਈ , ਠੰਡਾ ਗੋਸਤ, ਯਾਜਿਦ, ਪਰਦੇ ਕੇ ਪੀਛੇ , ਸੜਕ ਕੇ ਕਿਨਾਰੇ , ਬਗੈਰ ਉਨਵਾਨ ਕੇ , ਬਗੈਰ ਇਜਾਜ਼ਤ, ਬੁਰਕੇ , ਫੂੰਦਨੇ, ਸਰਕੰਡੋਂ ਕੇ ਪਿੱਛੇ , ਸ਼ੈਤਾਨ , ਸ਼ਿਕਾਰੀ ਔਰਤੇਂ , ਰੱਤੀ ਮਾਸ਼ਾ ਤੋਲਾ ਅਤੇ ਕਾਲੀ ਸ਼ਲਵਾਰ ਲਿਖੇ | ਤਿੰਨ ਸਕੈਚ ਸੰਗ੍ਰਹਿ ਗੰਜੇ ਫ਼ਰਿਸ਼ਤੇ , ਮੀਨਾ ਬਾਜ਼ਾਰ ਅਤੇ ਲਾਊਡ ਸਪੀਕਰ ਰਚੇ | ਇਸ ਤੋਂ ਇਲਾਵਾ ਉਸਨੇ ਪੰਜ ਰੇਡੀਓ ਨਾਟਕ ਸੰਗ੍ਰਹਿ ,ਇੱਕ ਨਾਵਲ ਅਤੇ ਤਿੰਨ ਲੇਖ ਸੰਗ੍ਰਹਿ ਵੀ ਸਿਰਜੇ | ਮੰਟੋ ਨੇ ਆਪਣੇ ਬਾਰੇ ਇੱਕ ਖ਼ੁਦ ਲਿਖਤ ਖਾਕੇ ਵਿਚ ਲਿਖਿਆ ,” ਸਆਦਤ ਹਸਨ ਮਰ ਜਾਏਗਾ ਮਗਰ ਮੰਟੋ ਜ਼ਿੰਦਾ ਰਹੇਗਾ, ਜਿਸ ਨੇ ਉਰਦੂ ਕਹਾਣੀ ਨੂੰ ਇੱਕ ਨਵਾਂ ਰਾਹ ਦਿਖਾਇਆ – ਮੈਂ ਕਹਾਣੀ ਨਹੀਂ ਲਿਖਦਾ , ਕਹਾਣੀ ਮੈਨੂੰ ਲਿਖਦੀ ਹੈ, ਮੈਂ ਤਾਂ ਬਸ ਕੁਰਸੀ ਤੇ ਆਕੜਿਆ ਬੈਠਾ ਅੰਡੇ ਦੇਈ ਜਾਂਦਾ ਹਾਂ , ਜੋ ਬਾਅਦ ਵਿਚ ਚੂੰ ਚੂੰ ਕਰ ਅਫ਼ਸਾਨੇ ਬਣ ਜਾਂਦੇ ਹਨ | “
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਨ 1948 ਵਿਚ ਮੰਟੋ ਆਪਣੀ ਪਤਨੀ ਸਾਫ਼ੀਆ ਮੰਟੋ ਅਤੇ ਆਪਣੀਆਂ ਤਿੰਨੋ ਬੇਟੀਆਂ ਨਿਗਟ ਮੰਟੋ , ਨੁਸਰਤ ਮੰਟੋ ਅਤੇ ਨੁਜ਼ਹਤ ਮੰਟੋ ਸਮੇਤ ਭਾਰਤ ਛੱਡ ਲਾਹੌਰ, ਪਾਕਿਸਤਾਨ ਚਲਾ ਗਿਆ | ਪਾਕਿਸਤਾਨ ਰਹਿ ਕੇ ਵੀ ਮੰਟੋ ਨੇ ਕਈ ਸਾਲ ਸਾਹਿਤ ਸਿਰਜਣਾ ਕੀਤੀ | ਮੰਟੋ 18 ਜਨਵਰੀ 1955 ਨੂੰ ਕਈ ਦਿਨ ਬਿਮਾਰ ਰਹਿਣ ਤੋਂ ਬਾਅਦ 42 ਸਾਲ ਦੀ ਉਮਰ ਭੋਗ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ | ਉਸਦਾ ਜਨਾਜ਼ਾ ਲਾਹੌਰ ਦੇ ਮੇਨੀ ਸਾਹਿਬ ਕਬਰਿਸਤਾਨ ਵਿਖੇ ਦਫ਼ਨਾਇਆ ਗਿਆ | ਪਾਕਿਸਤਾਨ ਸਰਕਾਰ ਨੇ ਉਸਦੀਆਂ ਲਿਖਤਾਂ ਦੀ ਕਦਰ ਪਾਉਂਦੇ ਹੋਏ ਉਸਨੂੰ ਮਰਨ ਉਪਰੰਤ ਸਾਲ 2012 ਵਿਚ “ਆਰਡਰ ਆਫ ਐਕਸੀਲੈਂਸ” ਐਵਾਰਡ ਦੇ ਕੇ ਸਨਮਾਨਿਤ ਕੀਤਾ | ਜੋ ਉਸਦੀਆਂ ਤਿੰਨੋ ਬੇਟੀਆਂ ਨੇ ਪ੍ਰਾਪਤ ਕੀਤਾ | ਪ੍ਰਸਿੱਧ ਫਿਲਮ ਲੇਖਕ ਅਤੇ ਡਾਇਰੈਕਟਰ ਨੰਦਿਤਾ ਦਾਸ ਨੇ 2018 ਵਿਚ ਮੰਟੋ ਦੀ ਬਾਇਓ ਪਿਕ ਬਣਾਈ ਜਿਸ ਵਿਚ ਮੰਟੋ ਦਾ ਰੋਲ ਫਿਲਮ ਐਕਟਰ ਨਵਾਜ਼ੂਦੀਨ ਸਿਦੀਕੀ ਨੇ ਨਿਭਾਇਆ | ਅੱਜ ਵੀ ਲਾਹੌਰ ਦੇ ਕਬਰਿਸਤਾਨ ਵਿਚ ਮੰਟੋ ਦੀ ਕਬਰ ਤੇ ਉਸਦਾ ਜਿਉਂਦੇ ਜੀ ਆਪ ਹੀ ਲਿਖਿਆ ਕਤਬਾ ਨਜ਼ਰ ਆਉਂਦਾ ਹੈ,.ਜਿਸ ਤੇ ਲਿਖਿਆ ਹੈ , ” ਏਥੇ ਸਆਦਤ ਹਸਨ ਮੰਟੋ ਦਫ਼ਨ ਏ , ਉਹਦੇ ਸੀਨੇ ‘ਚ ਕਹਾਣੀ ਲਿਖਣ ਦੀ ਕਲਾ ਦੇ ਸਾਰੇ ਭੇਤ ਤੇ ਰਮਜ਼ਾਂ ਦਫ਼ਨ ਨੇ …..” |

ਪ੍ਰੋ ਹਰਦੀਪ ਸਿੰਘ ਸੰਗਰੂਰ
ਸਰਕਾਰੀ ਰਣਬੀਰ ਕਾਲਜ , ਸੰਗਰੂਰ
9417665241

