
ਭਾਰਤ ਪੱਧਰ ਦੇ ਸਕੂਲ ਬੋਰਡਾਂ ਵਿੱਚ ਆਈ ਸੀ ਐਸ ਈ( ICSE )Indian certificate of secondary education ਬੋਰਡ ਬਹੁਤ ਵਕਾਰੀ ਨਾਮ ਹੈ। ਇਸ ਬੋਰਡ ਵੱਲੋਂ ਆਪਣਾ ਪਾਠਕ੍ਰਮ ਕਾਫੀ ਉੱਚ ਪਾਏ ਦਾ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਬਹੁਤ ਸਾਰੇ ਨਾਮਵਰ ਸਕੂਲ ਇਸ ਨਾਲ ਜੁੜੇ ਹੋਏ ਹਨ। ਇਸ ਸਾਲ ਇਸ ਬੋਰਡ ਵੱਲੋਂ ਜੋ ਬਾਰਵੀਂ ਸ਼੍ਰੇਣੀ ਦੀ ਪ੍ਰੀਖਿਆ ਲਈ ਗਈ, ਉਸ ਵਿੱਚੋਂ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ -ਕਲਕੱਤੇ ਦੀ ਲੜਕੀ ਸਿਰਜਣੀ ਨੇ। ਉਸ ਨੇ ਸਾਰੇ ਵਿਸ਼ਿਆਂ ਵਿੱਚੋਂ ਪੂਰੇ ਪੂਰੇ ਨੰਬਰ ਲੈ ਕੇ ਕੁੱਲ 400 ਵਿੱਚੋਂ 400 ਅੰਕ ਹਾਸਲ ਕੀਤੇ। ਪਰ ਅਸੀਂ ‘ਤਰਕਸ਼ੀਲ’ ਵੱਲੋਂ ਉਸ ਨੂੰ ਸਲਾਮ ਉਸ ਵੱਲੋਂ ਪ੍ਰੀਖਿਆ ਵਿੱਚ ਇਹ ਪ੍ਰਾਪਤੀ ਕਰਨ ਲਈ ਨਹੀਂ ਕਰ ਰਹੇ ਬਲਕਿ ਉਸਦੀ ਅਗਾਂਹਵਧੂ ਸੋਚ ਨੂੰ ਕਰ ਰਹੇ ਹਾਂ।
ਉਹ ਸੋਚ ਕੀ ਹੈ?
ਪਹਿਲੀ ਗੱਲ ਸਿਰਜਣੀ ਨੇ ਆਪਣੇ ਸਕੂਲ ਦੇ ਫਾਰਮ ਵਿੱਚ ਧਰਮ ਵਾਲੇ ਖਾਨੇ ਵਿੱਚ ਕਿਸੇ ਧਰਮ ਦਾ ਨਾਂ ਲਿਖਣ ਦੀ ਬਜਾਏ ‘ਮਾਨਵਤਾਵਾਦ’ ਭਰਿਆ ਹੋਇਆ ਹੈ। ਦੂਸਰਾ ਉਸ ਨੇ ਆਪਣੇ ਨਾਮ ਨਾਲ ਕੋਈ ਜਾਤ ਗੋਤ ਨਹੀਂ ਲਗਾਇਆ ਅਤੇ ਰਜਿਸਟ੍ਰੇਸ਼ਨ ਫਾਰਮਾਂ ਵਿੱਚ ਆਪਣਾ ਨਾਮ ਸਿਰਫ ‘ਸਿਰਜਣੀ’ ਹੀ ਭਰਿਆ ਹੈ। ਇਸ ਸਬੰਧ ਵਿੱਚ ਉਹ ਕਹਿੰਦੀ ਹੈ ਕਿ ਉਸ ਦੀ ਭਾਵਨਾ ਹੈ ਕਿ ਸਾਡਾ ਸਮਾਜ ਜਾਤ, ਨਸਲ, ਧਰਮ ਅਤੇ ਲਿੰਗ ਭੇਦ ਦੀਆਂ ਵੰਡਾਂ ਤੋਂ ਮੁਕਤ ਹੋਵੇ। ਉਸ ਨੇ ‘ਟਾਈਮਜ਼ ਆਫ਼ ਇੰਡੀਆ’ ਅਖ਼ਬਾਰ ਨਾਲ ਗੱਲ ਕਰਦਿਆਂ ਕਿਹਾ,”ਮੈਂ ਆਰਥਿਕ, ਸਮਾਜਿਕ ਅਤੇ ਧਾਰਮਿਕ, ਹਰ ਕਿਸਮ ਦੀ ਗੈਰ-ਬਰਾਬਰੀ ਦੇ ਵਿਰੁੱਧ ਹਾਂ।” ਉਸ ਦੇ ਇਨ੍ਹਾਂ ਫੈਸਲਿਆਂ ਨਾਲ ਉਸਦੇ ਮਾਤਾ ਪਿਤਾ ਵੀ ਸਹਿਮਤ ਹਨ ਜੋ ਖ਼ੁਦ ਅਗਾਂਹਵਧੂ ਸੋਚ ਦੇ ਧਾਰਨੀ ਪ੍ਰੋਫੈਸਰ ਹਨ।
ਉਹ ਆਪਣੇ ਇਹਨਾਂ ਵਿਚਾਰਾਂ ਦਾ ਸਿਰਫ ਦਾਅਵਾ ਹੀ ਨਹੀਂ ਕਰਦੀ ਸਗੋਂ ਲੋੜ ਪੈਣ ‘ਤੇ ਇਸ ਤਰ੍ਹਾਂ ਦੀ ਸੋਚ ਨਾਲ ਸਬੰਧਿਤ ਸਰਗਰਮੀਆਂ ਵਿੱਚ ਵੀ ਹਿੱਸਾ ਲੈਂਦੀ ਹੈ। ਪਿਛਲੇ ਸਾਲ ਅਗਸਤ 2024 ਵਿੱਚ ਕਲਕੱਤੇ ਦੇ ਆਰ.ਜੀ.ਕਾਰ ਮੈਡੀਕਲ ਕਾਲਜ ਵਿੱਚ ਇੱਕ ਜੂਨੀਅਰ ਡਾਕਟਰ ਨਾਲ ਜੋ ਬਲਾਤਕਾਰ ਅਤੇ ਕਤਲ ਦੀ ਵਾਰਦਾਤ ਹੋਈ ਸੀ ਉਸ ਖਿਲਾਫ ਚੱਲੇ ਅੰਦੋਲਨ ਵਿੱਚ ਵੀ ਉਹ ਸਰਗਰਮੀ ਨਾਲ ਭਾਗ ਲੈਂਦੀ ਰਹੀ ਸੀ। ਅਜਿਹੀਆਂ ਸਰਗਰਮੀਆਂ ਵਿੱਚ ਭਾਗ ਲੈਣ ਦੇ ਬਾਵਜੂਦ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਿਲ ਕਰਨਾ ਉਸ ਦੀ ਪ੍ਰਾਪਤੀ ਨੂੰ ਹੋਰ ਵੱਡਾ ਕਰਦਾ ਹੈ।
ਸਾਨੂੰ ਅਜਿਹੀਆਂ ਬੱਚੀਆਂ ‘ਤੇ ਮਾਣ ਹੈ।
ਮਾਸਟਰ ਪਰਮਵੇਦ
ਤਰਕਸ਼ੀਲ ਆਗੂ
9417422349