ਅੱਜ ਦੀ ਭੱਜ-ਦੌੜ ਦੀ ਜ਼ਿੰਦਗੀ ਵਿੱਚ ਇਨਸਾਨ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਕਮਾਉਣ ਅਤੇ ਕਈ ਇਨਸਾਨ ਜਲਦੀ ਤੋਂ ਜਲਦੀ ਅਮੀਰ ਹੋਣ ਲਈ ਬਿਨਾਂ ਆਪਣੀ ਸਿਹਤ ਦੀ ਪ੍ਰਵਾਹ ਕੀਤੇ ਦਿਨ ਰਾਤ ਕੰਮ ਵਿੱਚ ਰੁੱਝੇ ਹੋਏ ਹਨ। ਪੈਸਾ ਕਮਾਉਣ ਦੇ ਚੱਕਰ ਵਿੱਚ ਕਈ ਲੋਕ ਇੰਨਾ ਵਿਅਸਥ ਹੋ ਗਏ ਹਨ ਕਿ ਉਹਨਾਂ ਪੈਸਾ ਤਾਂ ਬਹੁਤ ਕਮਾ ਲਿਆ ਪਰ ਆਪਣੀ ਸਿਹਤ ਗਵਾ ਲਈ ਹੈ।ਅਕਸਰ ਹੀ ਸਾਰੇ ਲੋਕਾਂ ਦੀ ਇਹ ਖ਼ਵਾਹਿਸ਼ ਹੁੰਦੀ ਹੈ ਕਿ ਸਾਡੇ ਕੋਲ ਬਹੁਤ ਸਾਰਾ ਪੈਸਾ ਹੋਵੇ, ਵੱਡੀਆਂ ਵੱਡੀਆਂ ਗੱਡੀਆਂ ਹੋਣ, ਵੱਡੀਆਂ ਵੱਡੀਆਂ ਕੋਠੀਆਂ ਹੋਣ ,ਮਹਿੰਗੇ ਮਹਿੰਗੇ ਕੱਪੜੇ ਹੋਣ ਅਤੇ ਦੁਨੀਆ ਭਰ ਦੀ ਹਰ ਸੁੱਖ ਸਹੂਲਤ ਹੋਵੇ ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਜੇਕਰ ਫਿਰ ਵੀ ਸਾਡੀ ਸਿਹਤ ਠੀਕ ਨਹੀਂ ਹੈ ਅਤੇ ਅਸੀਂ ਹਰ ਸਮੇਂ ਬਿਮਾਰ ਰਹਿੰਦੇ ਹਾਂ ਜਾਂ ਫਿਰ ਸਾਡੇ ਕਿਸੇ ਅੰਗ ਵਿੱਚ ਕੋਈ ਤਕਲੀਫ ਰਹਿੰਦੀ ਹੈ ਤਾਂ ਫਿਰ ਇਹੋ ਜਿਹੀ ਅਮੀਰੀ ਦਾ ਕੋਈ ਫਾਇਦਾ ਨਹੀਂ ਜੋਂ ਸਿਰਫ ਪੈਸੇ ਦੀ ਅਮੀਰੀ ਹੋਵੇ । ਅਸਲੀ ਅਮੀਰੀ ਤਾਂ ਸਿਹਤ ਤੰਦਰੁਸਤੀ ਹੈ।ਜੇਕਰ ਸਾਡੀ ਸਿਹਤ ਤੰਦਰੁਸਤ ਹੈ ਤਾਂ ਅਸੀਂ ਹਰ ਸਮੇਂ ਖੁਸ਼ ਮਹਿਸੂਸ ਕਰਾਂਗੇ ਅਤੇ ਪਰਿਵਾਰ ਵਿੱਚ ਹਸਦੇ ਵਸਦੇ ਰਹਾਂਗੇ। ਜੇਕਰ ਸਾਡੀ ਸਿਹਤ ਹੀ ਤੰਦਰੁਸਤ ਨਹੀਂ ਫਿਰ ਚਾਹੇ ਅਸੀਂ ਡੀ.ਸੀ,ਐਸ.ਡੀ.ਐਮ, ਮੰਤਰੀ,ਐਮ.ਐਲ.ਏ ਬਣ ਜਾਈਏ ਪਰ ਸਿਹਤ ਤੰਦਰੁਸਤ ਨਾ ਹੋਂਣ ਕਰਕੇ ਅਸੀਂ ਉੱਚ ਅਹੁਦਿਆਂ ਤੇ ਪਹੁੰਚ ਕੇ ਅਮੀਰ ਹੋ ਕੇ ਵੀ ਬਿਮਾਰੀ ਕਰ ਕੇ ਗਰੀਬ ਹੀ ਮਹਿਸੂਸ ਕਰਾਂਗੇ ਕਿਉਂਕਿ ਅਸੀਂ ਹਰ ਸਮੇਂ ਆਪਣੀ ਬਿਮਾਰੀ ਦੀ ਚਿੰਤਾ ਵਿੱਚ ਹੀ ਰਹਾਂਗੇ।।ਪੈਸਾ ਬਹੁਤ ਕੁਝ ਹੈ ਪਰ ਸਬ ਕੁਝ ਨਹੀਂ ਹੈ। ਪੈਸੇ ਨਾਲ ਅਸੀਂ ਦੁਨੀਆਂ ਦੀ ਹਰ ਚੀਜ਼ ਖਰੀਦ ਸਕਦੇ ਹਾਂ ਪਰ ਪੈਸੇ ਨਾਲ ਅਸੀਂ ਸੁੱਖ ਨੂੰ ਖਰੀਦ ਨਹੀਂ ਸਕਦੇ। ਸਾਨੂੰ ਵਾਹਿਗੁਰੂ ਅੱਗੇ ਹਮੇਸ਼ਾ ਇਹੀ ਅਰਦਾਸ ਕਰਨੀ ਚਾਹੀਦੀ ਹੈ ਕਿ ਸਾਨੂੰ ਵਾਹਿਗੁਰੂ ਹਮੇਸ਼ਾ ਸਿਹਤ ਦੀ ਅਮੀਰੀ ਬਖਸ਼ੇ।ਸਾਨੂੰ ਆਪਣੀ ਸਿਹਤ ਤੰਦਰੁਸਤ ਰੱਖਣ ਲਈ ਆਪਣੇ ਖਾਣ ਪੀਣ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਤਲੀਆਂ ਹੋਈਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।ਵੱਧ ਤੋਂ ਵੱਧ ਕਸਰਤ ਕਰਨੀ ਚਾਹੀਦੀ ਹੈ। ਸ਼ੁੱਧ ਭੋਜਨ ਖਾਣਾ ਚਾਹੀਦਾ ਹੈ। ਕੀਟਨਾਸ਼ਕ ਰਹਿਤ ਚੀਜ਼ਾਂ ਵਧੇਰੇ ਖਾਣੀਆਂ ਚਾਹੀਦੀਆਂ ਹਨ। ਸਾਨੂੰ ਸਮੇਂ ਸਮੇਂ ਤੇ ਆਪਣੇ ਸਰੀਰ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਜੇਕਰ ਕੋਈ ਬਿਮਾਰੀ ਹੈ ਵੀ ਤਾਂ ਉਸ ਦਾ ਵਧੀਆ ਇਲਾਜ ਕਰਵਾ ਕੇ ਡਾਕਟਰ ਦੇ ਕਹੇ ਅਨੁਸਾਰ ਖਾਣ ਪੀਣ ਦਾ ਪਰਹੇਜ਼ ਜ਼ਰੂਰ ਕਰਨਾ ਚਾਹੀਦਾ ਹੈ।ਅਮੀਰ ਹੋਣਾ ਕੋਈ ਮਾੜੀ ਗੱਲ ਨਹੀਂ ਪਰ ਅਮੀਰ ਹੋਣ ਦੇ ਨਾਲ ਨਾਲ ਸਿਹਤ ਦਾ ਤੰਦਰੁਸਤ ਹੋਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ । ਸਿਹਤ ਦਾ ਤੰਦਰੁਸਤ ਹੋਣਾ ਹੀ ਦੁਨੀਆਂ ਦੀ ਸਭ ਤੋਂ ਵੱਡੀ ਅਮੀਰੀ ਹੈ।

ਗੁਰਵਿੰਦਰ ਸਿੰਘ ਗੋਲਡੀ
ਪਿੰਡ ਲਾਲਚੀਆਂ ਫਿਰੋਜ਼ਪੁਰ