
ਨਿਰੰਜਣ ਸਿੰਘ ਸੈਲਾਨੀ ਜ਼ਮੀਨੀ ਹਕੀਕਤਾਂ ਦਾ ਵਰਣਨ ਕਰਨ ਵਾਲਾ ਲੇਖਕ ਹੈ। ਉਸ ਦੀਆਂ ਹੁਣ ਤੱਕ 32 ਪੁਸਤਕਾਂ, ਜਿਨ੍ਹਾਂ ਵਿੱਚ 12 ਮੌਲਿਕ, 20 ਅਨੁਵਾਦਿਤ/ਸਾਂਝੇ ਸੰਗ੍ਰਹਿ ਪੰਜਾਬੀ ਤੇ ਹਿੰਦੀ ਦੇ ਸ਼ਾਮਲ ਹਨ। ਚਰਚਾ ਅਧੀਨ ਉਸਦਾ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦਿਤ ਲੇਖ/ਕਹਾਣੀ ਸੰਗ੍ਰਹਿ ‘ਸਿੱਕਮ ਦਾ ਇੱਕ ਬਰਸਾਤੀ ਦਿਨ’ ਭਾਰਤ ਦੇ ਬਹੁ-ਰੰਗੀ, ਬਹੁ-ਭਾਸ਼ਾਈ ਬਹੁ-ਸਭਿਆਚਾਰਕ ਰੂਪਾਂ ਦਾ ਪ੍ਰਗਟਾਵਾ ਕਰਦਾ ਹੈ। ਇਸ ਲੇਖ /ਕਹਾਣੀ ਸੰਗ੍ਰਹਿ ਵਿੱਚ ਹਿੰਦੀ ਦੀ ਲੇਖਕ ਨੀਲਮ ਕੁਲਸ਼ਰੇਸ਼ਥਾ ਦੀਆਂ 12 ਕਹਾਣੀਆਂ/ਲੇਖਾਂ ਦਾ ਪੰਜਾਬੀ ਰੂਪ ਆਮ ਬੋਲਚਾਲ ਵਾਲੀ ਮਲਵਈ ਭਾਸ਼ਾ ਵਿੱਚ ਕੀਤਾ ਗਿਆ ਹੈ। ਇਹ ਕਹਾਣੀਆਂ/ਲੇਖ ਮੁੱਖ ਤੌਰ ਤੇ ਭਾਰਤ ਦੇ ਬਹੁ-ਪੱਖੀ ਸਭਿਅਚਾਰ ਦੇ ਦ੍ਰਿਸ਼ਟਾਂਤਿਕ ਰੂਪ ਵਿੱਚ ਦਰਸ਼ਨ ਕਰਵਾਉਂਦੇ ਹਨ। ਭਾਵੇਂ ਇਹ ਕਹਾਣੀਆਂ/ਲੇਖ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਕੀਤੇ ਹੋਏ ਹਨ, ਪ੍ਰੰਤੂ ਮੌਲਿਕ ਲਗਦੇ ਹਨ। ਅਨੁਵਾਦਕ ਨੇ ਪੁਸਤਕ ਪ੍ਰਕਾਸ਼ਤ ਕਰਨ ਸਮੇਂ ਇਸਨੂੰ ਕਹਾਣੀ/ਲੇਖ ਸੰਗ੍ਰਹਿ ਨਹੀਂ ਲਿਖਿਆ। ਸਿਰਫ਼ ‘ਸਿੱਕਮ ਦਾ ਇੱਕ ਬਰਸਾਤੀ ਦਿਨ’ ਸਿਰਲੇਖ ਲਿਖਿਆ ਹੈ, ਪ੍ਰੰਤੂ ਪੁਸਤਕ ਦੇ ਅੰਦਰ 4 ਨੰਬਰ ਪੰਨੇ ਤੇ ਬਰੈਕਟ ਵਿੱਚ ਕਹਾਣੀ ਸੰਗ੍ਰਹਿ ਲਿਖ ਦਿੱਤਾ ਹੈ। ਸਾਰੀ ਪੁਸਤਕ ਪੜ੍ਹਨ ਤੋਂ ਬਾਅਦ ਇਹ ਮਹਿਸੂਸ ਹੁੰਦਾ ਹੈ ਕਿ ਇਹ ਦਸ ਲੇਖ ਹਿੰਦੀ ਲੇਖਿਕਾ ਨੀਲਮ ਕੁਲਸ਼ਰੇਸ਼ਥਾ ਦਾ ਸਫ਼ਰਨਾਮਾ ਹੈ, ਕਿਉਂਕਿ ਸਾਰੀ ਪੁਸਤਕ ਵਿੱਚ ਵੱਖ-ਵੱਖ ਥਾਵਾਂ ਦੀ ਯਾਤਰਾ ਦਾ ਜ਼ਿਕਰ ਆਉਂਦਾ ਹੈ। ਪਹਿਲੇ ਤਿੰਨ ਲੇਖ ਰੇਲ ਯਾਤਰਾ ਨਾਲ ਸੰਬੰਧਤ ਹਨ। ਪਹਿਲਾ ਲੇਖ /ਕਹਾਣੀ ‘ਬੇਮਿਸਾਲ ਭਾਰਤ’ ਰੇਲ ਗੱਡੀਆਂ, ਬਸਾਂ, ਹੋਰ ਆਵਾਜਾਈ ਦੇ ਸਾਧਨਾ ਵਿੱਚ ਸਫਰ ਕਰਨ ਸਮੇਂ ਲੋਕਾਂ ਵੱਲੋਂ ਕੀਤੇ ਜਾਂਦੇ ਵਿਵਹਾਰ ਦੀ ਤਸਵੀਰ ਵਿਖਾਈ ਗਈ ਹੈ। ਇੱਥੋਂ ਤੱਕ ਕਿ ਆਮ ਲੋਕਾਂ ਅਤੇ ਆਧੁਨਿਕਤਾ ਦੇ ਨਾਮ ਤੇ ਮਟਰਗਸ਼ਤੀਆਂ ਕਰਨ ਵਾਲੇ ਮੁੰਡੇ/ਕੁੜੀਆਂ ਦੀ ਬੋਲ- ਚਾਲ ਅਤੇ ਖਾਸ ਤੌਰ ‘ਤੇ ਕੁੜੀਆਂ ਦੇ ਪਬਲਿਕ ਦੇ ਸਾਹਮਣੇ ਸਿਗਰਟਾ ਪੀਣ ਬਾਰੇ ਵੀ ਦੱਸਿਆ ਗਿਆ ਹੈ। ਇਹ ਵੀ ਦਰਸਾਇਆ ਗਿਆ ਹੈ ਕਿ ਭਾਰਤ ਵਿੱਚ ਲੋਕ ਕਿਵੇਂ ਇੱਕ ਦੂਜੇ ਦੇ ਹਿਤਾਂ ਦਾ ਧਿਆਨ ਰੱਖਦੇ ਹਨ। ਦੂਜੀ ਕਹਾਣੀ/ਲੇਖ ‘ਛਿੱਟਿਆਂ ਦਾ ਅਕਸ’ ਵਿੱਚ ਲੋਕਾਂ ਵੱਲੋਂ ਕਿਸੇ ਦੂਜੇ ਦੇ ਦੁੱਖ ਨੂੰ ਮਹਿਸੂਸ ਨਾ ਕਰਨ ਦੀ ਤ੍ਰਾਸਦੀ ਬਾਰੇ ਦੱਸਿਆ ਗਿਆ ਹੈ। ਭਾਵ ਲੋਕਾਂ ਨੂੰ ਆਪੋ ਆਪਣੀ ਪਈ ਹੋਈ ਹੈ, ‘ਕੋਈ ਮਰੇ ਕੋਈ ਜੀਵੇ, ਖੁਸਰਾ ਘੋਲ ਪਤਾਸੇ ਪੀਵੇ’। ਤੀਜੀ ਕਹਾਣੀ/ਲੇਖ ‘ਆਮ ਔਰਤ ਦੀ ਆਮ ਡੱਬੇ ਵਿੱਚ ਯਾਤਰਾ’ ਰੇਲ ਗੱਡੀਆਂ ਵਿੱਚ ਸੀਟਾਂ ਲੈਣ ਲਈ ਭ੍ਰਿਸ਼ਟਾਚਾਰ ਦੇ ਬੋਲਬਾਲੇ ਦੀ ਜਾਣਕਾਰੀ ਦਿੱਤੀ ਗਈ ਹੈ। ਮਸ਼ਟੰਡੇ ਰੇਲਵੇ ਦੇ ਮੁਲਾਜ਼ਮਾ ਅਤੇ ਪੁਲਿਸ ਦੀ ਮਿਲੀ ਭੁਗਤ ਨਾਲ ਗ਼ੈਰਕਾਨੂੰਨੀ ਢੰਗ ਨਾਲ ਪੈਸੇ ਉਗਰਾਹੁੰਦੇ ਹਨ। ਨੌਜਵਾਨ ਕੋਈ ਕੰਮ ਕਰਨ ਨੂੰ ਤਿਆਰ ਹੀ ਨਹੀਂ। ਲੋਕ ਚੁੱਪ ਕਰਕੇ ਸਾਰਾ ਕੁੱਝ ਬਰਦਾਸ਼ਤ ਕਰਦੇ ਰਹਿੰਦੇ ਹਨ। ਚੌਥੀ ਕਹਾਣੀ/ਲੇਖ ‘ਰੈਸਕਿਊ’ ਵਿੱਚ ਦਰਸਾਇਆ ਕਿ ਹੈ ਕਿ ‘ਓਕਈ’ ਡੈਮ ਵਿੱਚੋਂ ਪਾਣੀ ਛੱਡਣ ਨਾਲ ਤਾਪੀ ਨਦੀ ਵਿੱਚ ਹੜ ਆ ਗਿਆ, ਜਿਸਦੇ ਸਿੱਟੇ ਵਜੋਂ ਸੂਰਤ ਸ਼ਹਿਰ ਪਾਣੀ ਵਿੱਚ ਡੁੱਬ ਗਿਆ, ਅਨੇਕਾਂ ਲੋਕ ਤੇ ਪਸ਼ੂ ਮਾਰੇ ਗਏ ਆਮ ਲੋਕਾਂ ਦਾ ਕਿਸੇ ਨੂੰ ਫ਼ਿਕਰ ਨਹੀਂ, ਕੁਝ ਖਾਸ ਬੰਦਿਆਂ ਦੇ ਬਚਾਓ ਲਈ ਸਿਫ਼ਾਰਸ਼ਾਂ ਨਾਲ ਪ੍ਰਬੰਧ ਕੀਤਾ ਜਾਂਦਾ ਹੈ। ਇਹ ਭਾਰਤੀਆਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਪੰਜਵੀਂ ਕਹਾਣੀ/ਲੇਖ ‘ਸਿੱਕਮ ਦਾ ਇੱਕ ਬਰਸਾਤੀ ਦਿਨ’ ਕਹਾਣੀ/ਲੇਖ ਵਿੱਚ ਸਿੱਕਮ ਦੇ ਸੁੰਦਰ ਦ੍ਰਿਸ਼ਾਂ, ਸੈਰ ਸਪਾਟਾ ਵਾਲੇ ਥਾਵਾਂ, ਸਭਿਆਚਾਰ, ਲੋਕਾਂ ਦੇ ਰਹਿਣ-ਸਹਿਣ, ਵਿਓਪਾਰ ਤੇ ਗ਼ਰੀਬੀ ਬਾਰੇ ਦਰਸਾਇਆ ਗਿਆ ਹੈ। ਉਹ ਲੋਕ ਭਾਰਤ ਵਿੱਚ ਸ਼ਾਮਲ ਹੋਣ ਨੂੰ ਬਿਹਤਰੀਨ ਮੰਨਦੇ ਹਨ, ਉਸਤੋਂ ਬਾਅਦ ਸਿੱਕਮ ਦਾ ਵਿਕਾਸ ਹੋਇਆ ਹੈ। ਛੇਵੀਂ ਕਹਾਣੀ/ਲੇਖ ‘ਕਸ਼ਿਸ਼ ਦਾ ਕਮਾਲ’ ਬਹੁਤ ਹੀ ਦਿਲਚਸਪ ਬਿਰਤਾਂਤ ਹੈ, ਜਿਸ ਵਿੱਚ ਭਾਰਤੀ ਲੜਕੇ/ਲੜਕੀਆਂ ਵਿੱਚ ਵਿਆਹ ਨਾ ਕਰਵਾਉਣ ਦੀ ਭਾਵਨਾ ਦਾ ਪ੍ਰਗਟਾਵਾ ਕੀਤਾ ਗਿਆ ਹੈ, ਪ੍ਰੰਤੂ ਦੋਹਾਂ ਵਿੱਚ ਰੁਮਾਂਟਿਕ ਭਾਵਨਾਵਾਂ ਮੌਜੂਦ ਹੁੰਦੀਆਂ ਹਨ, ਜਿਹੜੀਆਂ ਉਨ੍ਹਾਂ ਨੂੰ ਨਾ ਚਾਹੁੰਦਿਆਂ ਵੀ ਇੱਕ ਦੂਜੇ ਦੀ ਖਿੱਚ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਇਸ ਕਹਾਣੀ ਵਿੱਚ ਇਹ ਵੀ ਦਰਸਾਇਆ ਗਿਆ ਹੈ, ਭਾਰਤੀ ਮਰਦ ਤੇ ਇਸਤਰੀਆਂ ਆਪਣੀ ਜ਼ਿੰਦਗੀ ਦਾ ਖੁਲ੍ਹਕੇ ਆਨੰਦ ਵੀ ਲੈ ਨਹੀਂ ਸਕਦੇ, ਜਦੋਂ ਕਿ ਗੋਰੇ ਲੋਕ ਹਰ ਉਮਰ ਵਿੱਚ ਜ਼ਿੰਦਗੀ ਮਾਣਦੇ ਹਨ। ਭਾਰਤੀ ਇਸਤਰੀਆਂ ਆਪਣੇ ਪਤੀਆਂ ਤੇ ਇਹੋ ਨਿਗਾਹ ਰੱਖਦੀਆਂ ਹਨ ਕਿ ਉਹ ਕਿਸੇ ਦੂਜੀ ਔਰਤ ਦੇ ਚੱਕਰ ਵਿੱਚ ਨਾ ਫਸੇ। ਵੱਡੀਆਂ ਕੰਪਨੀਆਂ ਆਪਣੇ ਵਿਓਪਾਰ ਨੂੰ ਪ੍ਰਫ਼ੁਲਤ ਕਰਨ ਲਈ ਹਰ ਹੀਲਾ ਵਰਤਦੇ ਹੋਏ ਕਾਨਫ਼ਰੰਸਾਂ ਦੇ ਬਹਾਨੇ ਆਪਣੇ ਕਰਮਚਾਰੀਆਂ ਨੂੰ ਵੱਡੇ ਹੋਟਲਾਂ ਵਿੱਚ ਕਾਨਫ਼ਰੰਸਾਂ ਆਯੋਜਤ ਕਰਕੇ ਸੈਰ ਸਪਾਟਾ ਦੀਆਂ ਸਹੂਲਤਾਂ ਦੇ ਕੇ ਉਤਸ਼ਾਹਤ ਕਰਦੇ ਹਨ ਤਾਂ ਜੋ ਉਨ੍ਹਾਂ ਦਾ ਵਿਓਪਾਰ ਵੱਧ ਸਕੇ। ਸੱਤਵੀਂ ਕਹਾਣੀ/ਲੇਖ ‘ਸਫ਼ੈਦ ਪੱਥਰਾਂ ‘ਚ ਅਟਕੀ ਜਾਨ. . .ਰਣ ਦਾ ਵੱਛੜਾ-ਦਾਦਾ’ ਵਿੱਚ ਗੁਜਰਾਤ ਦੇ ਮਾਰੂਥਲ ਪਥਰੀਲੇ ਇਲਾਕੇ ਦੀ ਦਾਸਤਾਂ ਹੈ ਤੇ ‘ਵੱਛੜਾ ਦਾਦਾ’ ਮੰਦਰ ਦੀ ਮਿਥ ਦੀ ਕਹਾਣੀ ਹੈ, ਅਰਥਾਤ ਧਾਰਮਿਕ ਆਸਥਾ ਭਾਰਤੀਆਂ ਵਿੱਚ ਜ਼ਿਆਦਾ ਹੈ ਕਿ ਉਥੋਂ ਸੁੱਖਾਂ ਪੂਰੀਆਂ ਹੁੰਦੀਆਂ ਹਨ। ਉਥੋਂ ਦੇ ਗ਼ਰੀਬ ਲੋਕਾਂ ਦੀ ਤ੍ਰਾਸਦੀ ਵੀ ਦਰਸਾਈ ਗਈ ਹੈ। ਅੱਠਵੀਂ ਕਹਾਣੀ/ਲੇਖ ‘ਜੰਨਤ ਦੀ ਮੁਸਕਾਨ ਸਿਰਫ਼ ਸੱਤ ਲੱਖ ਰੁਪਏ’ ਵਿੱਚ ਜੰਮੂ ਕਸ਼ਮੀਰ ਦੀ ਅਸਥਿਰਤਾ ਬਾਰੇ ਹੈ, ਜਿਥੇ ਪੰਡਤਾਂ ਦੇ ਕਤਲ ਆਮ ਹੁੰਦੇ ਰਹਿੰਦੇ ਹਨ। ਸਥਾਨਕ ਲੋਕ ਅਤਿਵਾਦੀਆਂ ਅਤੇ ਸਰਕਾਰੀ ਤੰਤਰ ਦੀਆਂ ਜ਼ਿਆਦਤੀਆਂ ਦੇ ਤੰਗ ਕੀਤੇ ਹੋਏ ਦਰਸਾਏ ਹਨ। ਔਰਤਾਂ ਹਰ ਵਰਗ ਦੀਆਂ ਗੁਲਾਮ ਹਨ, ਸਕੂਲ ਬੰਦ ਕਰ ਦਿੱਤੇ ਜਾਂਦੇ ਸਨ/ਡਰਦੇ ਅਧਿਆਪਕ ਛੱਡ ਜਾਂਦੇ/ਮਾਰ ਦਿੱਤੇ ਜਾਂਦੇ ਹਨ। ਅਮੀਰ ਲੋਕ ਆਪਣੇ ਬੱਚਿਆਂ ਨੂੰ ਜੰਮੂ ਕਸ਼ਮੀਰ ਤੋਂ ਬਾਹਰ ਦਾਖ਼ਲ ਕਰਵਾਕੇ ਪੜ੍ਹਾਈ ਕਰਵਾਉਂਦੇ ਹਨ। ਨੌਵਾਂ ‘ਪੂਨਾ-ਪਲਟ’ ਵਿੱਚ ਲੇਖਕ ਇੱਕ ਖਾਂਦੇ ਪੀਂਦੇ ਪਰਿਵਾਰ ਦੇ ਇੱਕ ਵਿਅਕਤੀ ਨੂੰ ਪੂਨਾ-ਪਲਟ ਕਹਿੰਦਾ ਹੈ, ਜਿਹੜਾ ਐਕਟਰ ਬਣਨ ਦੇ ਜਨੂਨ ਕਰਕੇ ਸਾਰੀ ਉਮਰ ਐਕਟਰ ਬਣਨ ਦੀ ਕੋਸ਼ਿਸ਼ ਵਿੱਚ ਅਸਫਲ ਹੁੰਦਾ ਹੈ। ਪਰਿਵਾਰ ਦੀਆਂ ਦੋ ਭੈਣਾਂ ਦਾ ਇਕਲੌਤਾ ਭਰਾ ਵਿਆਹ ਵੀ ਐਕਟਰ ਬਣਨ ਤੋਂ ਬਾਅਦ ਕਰਵਾਉਣ ਦੇ ਸਪਨਿਆਂ ਵਿੱਚ ਹੀ ਖੋਇਆ ਰਹਿੰਦਾ ਹੈ। ਅਖ਼ੀਰ ਭਗਵੇਂ ਕਪੜੇ ਪਾ ਕੇ ਪਾਠ ਪੂਜਾ ਦੇ ਚਕਰ ਵਿੱਚ ਫਸ ਜਾਂਦਾ ਹੈ। ਮਾਤਾ ਪਿਤਾ ਦੀ ਸਾਰੀ ਜਾਇਦਾਦ ਇਸੇ ਚਕਰ ਵਿੱਚ ਗੁਆ ਦਿੰਦਾ ਹੈ। ਫਿਲਮਾ ਅਤੇ ਬਿਗ ਬਾਸ ਵਰਗੇ ਸ਼ੋਅ ਨੂੰ ਸ਼ੋਸ਼ੇ ਕਿਹਾ ਜਾਂਦਾ ਹੈ। ਨੌਜਵਾਨ ਇਨ੍ਹਾਂ ਸ਼ੋਅ ਪਿਛੇ ਪਾਗਲ ਹੋਏ ਰਹਿੰਦੇ ਹਨ। ਔਰਤਾਂ ਗਹਿਣੇ ਅਤੇ ਕਪੜਿਆਂ ਵਿੱਚ ਹੀ ਉਲਝੀਆਂ ਰਹਿੰਦੀਆਂ ਹਨ। ਇਹ ਰੋਜ਼ਗਾਰ ਮਨੁੱਖਾਂ ਨੂੰ ਖਾਣ ਵਾਲਾ ਬਣ ਗਿਆ ਹੈ, ਭਾਵ ਨੌਜਵਾਨ ਐਕਟਰ ਬਣਨ ਦੇ ਚੱਕਰ ਵਿੱਚ ਹੀ ਵਕਤ ਗੁਆ ਦਿੰਦੇ ਹਨ। ਦਸਵਾਂ ਨਾਕਾਬੰਦੀ’ ਲੇਖ/ਕਹਾਣੀ ਵਿੱਚ ਵਿਆਹੁਦਾ ਜ਼ਿੰਦਗੀ ਦੇ ਦੁੱਖਾਂ ਅਤੇ ਸੁੱਖਾਂ ਦਾ ਵਰਣਨ ਹੈ, ਜਿਸ ਵਿੱਚ ਦਰਸਾਇਆ ਗਿਆ ਹੈ, ਮਰਦ ਅਤੇ ਔਰਤ ਦੋਵੇਂ ਇੱਕ ਦੂਜੇ ਦੀ ਨਾਕਾਬੰਦੀ ਕਰਦੇ ਹਨ। ਔਰਤਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ, ਉਹ ਆਪਣੇ ਮਰਦਾਂ ਦੀ ਬਦਖੋਈ ਚੁਗਲੀਆਂ ਕਰਕੇ ਕਰਦੀਆਂ ਹੋਈਆਂ ਮਨ ਪਰਚਾਵਾ ਕਰਦੀਆਂ ਰਹਿੰਦੀਆਂ ਹਨ। ਵਿਆਹ ਬੰਧਨ ਨੂੰ ਆਪਣੀ ਮਜ਼ਬੂਰੀ ਦਸਦੀਆਂ ਹਨ। ਉਹ ਆਪਣੇ ਮਰਦਾਂ ਨੂੰ ਦੂਜੀਆਂ ਔਰਤਾਂ ਦੇ ਆਸ਼ਕ ਸਮਝਦੀਆਂ ਰਹਿੰਦੀਆਂ ਹਨ।
124 ਪੰਨਿਆਂ 250 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਸ਼ਬਦਾਂਜ਼ਲੀ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਨਿਰੰਜਣ ਸਿੰਘ ਸੈਲਾਨੀ : 9876228703
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com

