16 ਅਪ੍ਰੈਲ ਨੂੰ ਅਖੌਤੀ ਸਿੱਖਿਆ ਕ੍ਰਾਂਤੀ ਦੇ ਵਿਰੋਧ ’ਚ ਸਰਕਾਰ ਦੀ ਅਰਥੀ ਸਾੜੀ ਜਾਵੇਗੀ ; ਹਰਜਸਦੀਪ ਸਿੰਘ
ਫਰੀਦਕੋਟ, 10 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਫਰੀਦਕੋਟ ਨੇ ਸਿੱਖਿਆ ਮੰਤਰੀ ਦੇ ਉਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ, ਜਿਸ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਧਰਨੇ ਦੇਣ ਵਾਲੇ ਅਧਿਆਪਕ ਤਾਂ 5 ਫੀਸਦੀ ਹੀ ਹਨ, ਬਾਕੀ ਅਧਿਆਪਕ ਤਾਂ ਸਕੂਲਾਂ ਵਿੱਚ ਖੁਸ਼ ਹਨ। ਡੀ.ਟੀ.ਐਫ਼. ਦੇ ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਅਤੇ ਜਨਰਲ ਸਕੱਤਰ ਗਗਨ ਪਾਹਵਾ ਨੇ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕਿ ਧਰਨਾ ਦੇਣ ਵਾਲੇ 5 ਫੀਸਦੀ ਅਧਿਆਪਕਾਂ ਨੂੰ ਛੱਡ ਕੇ ਬਾਕੀ ਦੇ 95 ਫੀਸਦੀ ਅਧਿਆਪਕਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰ ਦੇਣ, ਕੰਪਿਊਟਰ ਅਧਿਆਪਕਾਂ, ਕੱਚੇ ਅਧਿਆਪਕਾਂ ਅਤੇ ਐੱਨ.ਐੱਸ.ਕਿਉ.ਐੱਫ. ਅਧਿਆਪਕਾਂ ਨੂੰ ਪੱਕੇ ਕਰਨ, ਨਵੇਂ ਅਧਿਆਪਕਾਂ ਤੇ ਥੋਪੇ ਸੈਂਟਰ ਦੇ ਸਕੇਲ ਵਾਪਸ ਲੈ ਕੇ ਪੰਜਾਬ ਦੇ ਸਕੇਲ ਲਾ ਦੇਣ, ਪ੍ਰੋਮੋਟ ਹੋਏ ਅਧਿਆਪਕਾਂ ਨੂੰ ਉਹਨਾਂ ਦੇ ਘਰਾਂ ਦੇ ਨਜਦੀਕ ਖਾਲੀ ਪਏ ਸਟੇਸ਼ਨ ਦੇਣ, 13 ਫੀਸਦੀ ਪੈਂਡਿੰਗ ਡੀ.ਏ. ਦੇ ਦੇਣ, ਬੰਦ ਪਿਆ ਏ.ਸੀ.ਪੀ. ਬਹਾਲ ਕਰ ਦੇਣ, ਬੰਦ ਪਏ ਪੇਂਡੂ ਭੱਤੇ ਸਮੇਤ 37 ਤਰਾਂ ਦੇ ਭੱਤੇ ਬਹਾਲ ਕਰ ਦੇਣ, ਖਾਲੀ ਪਈਆਂ ਪੋਸਟਾਂ ਤੇ ਨਵੇਂ ਅਧਿਆਪਕ ਭਰਤੀ ਕਰ ਦੇਣ ਤਾਂ 5 ਫੀਸਦੀ ਧਰਨਾ ਦੇਣ ਵਾਲੇ ਅਧਿਆਪਕਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਸੀਨੀਅਰ ਮੀਤ ਪ੍ਰਧਾਨ ਹਰਜਸਦੀਪ ਸਿੰਘ ਅਤੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਸਿੱਖਿਆ ਕ੍ਰਾਂਤੀ ਦੇ ਨਾਂਅ ’ਤੇ ਸਕੂਲਾਂ ਦੀਆਂ ਬਿਲਡਿੰਗਾਂ ਤੇ ਲਾਏ ਜਾ ਰਹੇ ਨੀਂਹ ਪੱਥਰਾਂ ਸਮੇਂ ਸਕੂਲ ਮੁਖੀਆਂ ਤੋਂ ਧੱਕੇ ਨਾਲ ਇਕੱਠ ਕਰਵਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ ਅਤੇ ਨਿਗੂਣੀ ਗਰਾਂਟ ਦੇ ਕੇ ਅਧਿਆਪਕਾਂ ਦੀਆਂ ਜੇਬਾਂ ਵਿੱਚੋਂ ਖਰਚ ਕਰਵਾਇਆ ਜਾ ਰਿਹਾ ਹੈ, ਜਿਸ ਕਾਰਨ ਅਧਿਆਪਕ ਮਾਨਸਿਕ ਪ੍ਰੇਸ਼ਾਨੀ ਵਿੱਚ ਹਨ। ਅਧਿਆਪਕਾਂ ਨੂੰ ਫੇਸਬੁੱਕ, ਐਕਸ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਅਖੌਤੀ ਸਿੱਖਿਆ ਕ੍ਰਾਂਤੀ ਦੀਆਂ ਪੋਸਟਾਂ ਸ਼ੇਅਰ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਡੀ.ਟੀ.ਐਫ਼. ਪੰਜਾਬ ਸਾਰੇ ਜ਼ਿਲਿਆਂ ਵਿੱਚ ਜ਼ਿਲਾ ਪੱਧਰ ਤੇ 16 ਅਪ੍ਰੈਲ ਨੂੰ ਸਰਕਾਰ ਦੇ ਖਿਲਾਫ ਅਰਥੀ ਫੂਕ ਮੁਜ਼ਾਹਰੇ ਕਰੇਗੀ। ਜਥੇਬੰਦੀ ਦੇ ਆਗੂਆਂ ਪ੍ਰਦੀਪ ਸਿੰਘ, ਜਸਪ੍ਰੀਤ ਸਿੰਘ ਨੇ ਪਿਛਲੇ ਦਿਨੀ ਇੱਕ ਸਕੂਲ ਦੇ ਸਮਾਗਮ ਵਿੱਚ ਐੱਮ.ਐੱਲ.ਏ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਸਕੂਲ ਅਧਿਆਪਕਾਂ ਨੂੰ ਬੋਲੇ ਗਏ ਤਲਖੀ ਭਰੇ ਸ਼ਬਦਾਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਇਹੋ ਜਿਹੇ ਐੱਮ.ਐੱਲ.ਏ. ਸਕੂਲਾਂ ਦੇ ਉੱਚ ਸਿੱਖਿਅਤ ਅਧਿਆਪਕਾਂ ਦੇ ਮਾਣ ਸਤਿਕਾਰ ਨੂੰ ਢਾਹ ਲਾ ਰਹੇ ਹਨ, ਜਿਸ ਨੂੰ ਡੀ.ਟੀ.ਐਫ਼. ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਕੁਲਦੀਪ ਸਿੰਘ ਘਣੀਆ, ਗੁਰਸੇਵਕ ਸਿੰਘ, ਨਵਪ੍ਰੀਤ ਸਿੰਘ ਬਰਾੜ, ਅਜਾਇਬ ਸਿੰਘ, ਅਮਨਦੀਪ ਸਿੰਘ, ਦਿਲਬਾਗ ਸਿੰਘ ਬਰਾੜ, ਕਰਨਵੀਰ ਸਿੰਘ ਬਰਾੜ, ਲਵਕਰਨ ਸਿੰਘ, ਲਖਵਿੰਦਰ ਪਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ।