ਔਰਗਜ਼ੇਬ ਨੂੰ ਉਸ ਦੇ ਹੰਕਾਰ ਨੇ ਵੰਗਾਰ ਸੀ ਪਾਈ
ਸੱਚਾ ਮੁਸਲਮਾਨ ਹੋਣ ਦੀ ਪਾਉਂਦਾ ਫਿਰੇ ਦੁਹਾਈ।
ਜ਼ੁਲਮ ਤੇ ਜਬਰ ਤੋਂ ਲੋਕਾਈ ਤ੍ਰਾਸ ਤ੍ਰਾਸ ਸੀ ਕਰਦੀ
ਮੌਤ ਇੱਕ ਵਾਰ ਮਾਰਦੀ ਦੁਨੀਆਂ ਰੋਜ਼ ਫਿਰੇ ਮਰਦੀ।।
ਔਰੰਗਜ਼ੇਬ ਨੇ ਧਰਮ ਪਰਿਵਰਤਨ ਦੀ ਹਨੇਰੀ ਸੀ ਝੁੱਲਾਈ
ਮੰਦਰਾਂ ਦੇ ਟੱਲ੍ਹ ਭੰਨ ਮੂਰਤੀਆਂ ਖੰਡਿਤ ਕਰ ਨਫ਼ਰਤ ਫ਼ੈਲਾਈ।
ਕੱਟੜਤਾ ਵਿੱਚ ਔਰਗਜ਼ੇਬ ਦਾ ਨਹੀਂ ਸੀ ਕੋਈ ਸਾਨੀ
ਜੱਗਦੀਆਂ ਅਖੰਡ ਜੋਤ ਧੱਕੇ ਨਾਲ ਬੁੱਝਵਾਏ ਕਰੇ ਮਨਮਾਨੀ।
ਕਸ਼ਮੀਰੀ ਪੰਡਤਾਂ ਨੇ ਕਿਰਪਾ ਰਾਮ ਨੂੰ ਆਗੂ ਬਣਾਇਆ
ਰਲ ਸਾਰਿਆਂ ਗੁਰੂ ਤੇਗ ਬਹਾਦੁਰ ਸਾਹਿਬ ਦਾ ਦਰ ਖੜਕਾਇਆ।
ਹੱਥ ਬੰਨ੍ਹ ਦੀਨ ਧਰਮ ਬਚਾਉਣ ਦੀ ਅਰਜ਼ ਗੁਜ਼ਾਰੀ
ਗੁਰੂ ਜੀ ਫੁਰਮਾਉਂਦੇ ਮਹਾਂਪੁਰਖ ਕੋਈ ਕੁਰਬਾਨੀ ਦੀ ਕਰੇ ਤਿਆਰੀ।।
ਸੁਣ ਬੋਲ ਭਾਰੇ ਚਾਰੇ ਪਾਸੇ ਸੰਨਾਟਾ ਸੀ ਛਾਇਆ
ਗੁਰੂ ਸਾਹਿਬ ਤੁਹਾਡੇ ਤੋਂ ਵੱਡਾ ਕੌਣ ਆਖੇ ਮਾਤਾ ਗੁਜ਼ਰੀ ਦਾ ਜਾਇਆ।
ਉੱਤਰ ਸੁਣ ਗੁਰੂ ਸਾਹਿਬ ਮੁਸਕਰਾਏ ਭੋਰਾ ਨਾ ਘਬਰਾਏ
ਸੀਸ ਧਰਮ ਦੀ ਖ਼ਾਤਰ ਵਾਰਨ ਓਹ ਖੁੱਦ ਸੀ ਅੱਗੇ ਆਏ।।
ਸੁਣ ਮੁਖ਼ਬਰਾਂ ਕੋਲੋਂ ਔਰਗਜ਼ੇਬ ਦਾ ਪਾਰਾ ਅਸਮਾਨੀ ਚੜ੍ਹਿਆਂ
ਭੇਜੇ ਸਿਪਾਹੀ ਤੇ ਜਾ ਚਾਰ ਤੱਖਤਾਂ ਦੇ ਮਾਲਕ ਨੂੰ ਫੜਿਆਂ।
ਦਿੱਲੀ ਅੰਦਰ ਭਾਈ ਮਤੀਦਾਸ ਨੂੰ ਆਰੇ ਨਾਲ ਚੀਰ ਕਹਿਰ ਵਰਤਾਇਆ
ਭਾਈ ਸਤੀਦਾਸ ਜੀ ਨੂੰ ਲਪੇਟ ਰੂੰ ਸੀ ਲਾਂਬੂ ਲਾਇਆ।।
ਭਾਈ ਦਿਆਲਾ ਜੀ ਨੂੰ ਜਿਉਂਦੇ ਦੇਗੇ ਵਿੱਚ ਉਬਾਲਿਆ
ਜਾਨ ਵਾਰ ਦਿੱਤੀ ਯੋਧਿਆਂ ਸਿੱਖੀ ਸਿਦਕ ਸੰਭਾਲਿਆਂ।
ਜੱਲਾਦਾਂ ਦੇ ਤਸੀਹੇ ਗੁਰੂ ਸਾਹਿਬ ਜਾਂਦੇ ਤਨ ਤੇ ਹੰਢਾਈ
ਵਾਰ ਸੀਸ ਚਾਂਦਨੀ ਚੌਕ ਗੁਰੂ ਸਾਹਿਬ ਸ਼ਹਾਦਤ ਪਾਈ।।
ਭਾਈ ਜੈਤੋਂ ਗੁਰੂ ਸਾਹਿਬ ਦਾ ਸੀਸ ਦਸਮ ਪਿਤਾ ਪਾਸ ਜਾ ਪਹੁੰਚਾਇਆਂ
ਲੱਖੀ ਸ਼ਾਹ ਵਣਜਾਰੇ ਧੜ ਦਾ ਸਣੇ ਰੈਣ ਬਸੇਰੇ ਸੰਸਕਾਰ ਕਰਾਇਆ।
ਔਰਗਜ਼ੇਬ ਦੇ ਮਨਸੂਬਿਆਂ ਨੂੰ ਗੁਰੂ ਸਾਹਿਬ ਮਿੱਟੀ ਮਿਲਾਇਆ
ਚਮਤਕਾਰ ਨੂੰ ਕੋਰੀ ਨਾਂਹ,ਨਿਡਰ ਹੋ ਈਮਾਨ ਕਮਾਇਆ।।
ਸੁਰਿੰਦਰਪਾਲ ਸਿੰਘ
ਵਿਗਿਆਨ ਅਧਿਆਪਕ
ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।
