ਡਾ. ਭਾਈ ਵੀਰ ਸਿੰਘ ਆਧੁਨਿਕ ਕਾਲ ਦੇ ਵਿਖਿਆਤ ਪੰਜਾਬੀ ਕਵੀ ਅਤੇ ਯੁਗ-ਪੁਰਸ਼ ਹੋਏ ਹਨ, ਜਿਨ੍ਹਾਂ ਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾਕ੍ਰਿਸ਼ਣਨ ਨੇ ਭਾਰਤ ਦੀ ਸਨਾਤਨੀ ਵਿਦਵਤਾ ਦੇ ਪ੍ਰਤੀਨਿਧੀ ਕਿਹਾ ਹੈ। ਡਾ. ਮੁਲਕ ਰਾਜ ਅਨੰਦ ਨੇ ਭਾਈ ਸਾਹਿਬ ਲਈ ਸਿਰਜਣਾਤਮਕ ਵੇਗ ਨੂੰ ਜੀਵਨ ਅਤੇ ਵਿਸ਼ਵ ਦੇ ਸੰਤੁਲਨ ਦਾ ਆਧਾਰ ਮੰਨਣ ਵਾਲ਼ੇ ਵਿਅਕਤੀ ਦੀ ਸੰਗਿਆ ਦੀ ਵਰਤੋਂ ਕੀਤੀ ਹੈ। ਹਰਿੰਦਰਨਾਥ ਚਟੋਪਾਧਿਆਏ ਨੇ ਭਾਈ ਸਾਹਿਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਦੇ ਛੇਵੇਂ ਦਰਿਆ ਦੀ ਉਪਾਧੀ ਦਿੱਤੀ ਹੈ। ਡਾ. ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਸਾਹਿਤ ਅਤੇ ਸੰਸਕ੍ਰਿਤੀ ਦੇ ਸੰਦਰਭ ਵਿੱਚ ਨਿਭਾਈ ਗਈ ਆਪ ਦੀ ਭੂਮਿਕਾ ਬਾਰੇ ਵਿਚਾਰ ਪ੍ਰਗਟ ਕਰਦਿਆਂ ਲਿਖਿਆ ਹੈ ਕਿ ਆਪ ਸਿੱਖ ਨਵ-ਚੇਤਨਤਾ ਦੇ ਅਜਿਹੇ ਸਤੰਭ ਸਨ, ਜਿਨ੍ਹਾਂ ਨੇ ਆਪਣੇ ਜੀਵਨ, ਕਵਿਤਾ, ਗਲਪ ਅਤੇ ਗੱਦ ਰਾਹੀਂ ਅਨੇਕਾਂ ਜਿੰਦੜੀਆਂ ਨੂੰ ਜੀਵਨ-ਛੁਹ ਲਾ ਕੇ ਉਤਸ਼ਾਹਿਤ ਕੀਤਾ ਅਤੇ ਪੰਜਾਬੀ ਸਾਹਿਤ ਵਿੱਚ ਅਭਿਵਿਅਕਤੀ ਦੇ ਨਵੀਨ ਧਰਾਤਲ ਸਿਰਜੇ।
ਭਾਈ ਵੀਰ ਸਿੰਘ ਦਾ ਜਨਮ 5 ਦਸੰਬਰ 1872 ਨੂੰ ਡਾ.ਚਰਨ ਸਿੰਘ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ। ਭਾਈ ਸਾਹਿਬ ਨੂੰ ਆਪਣੇ ਪਰਿਵਾਰ ਦੀ ਇਤਿਹਾਸਕ ਅਤੇ ਗੌਰਵਮਈ ਪਰੰਪਰਾ ਦਾ ਅਨੁਭਵ ਮੁੱਢ ਤੋਂ ਹੀ ਸੀ। ਉਨ੍ਹਾਂ ਦੀ ਵੰਸ਼-ਪਰੰਪਰਾ ਦਾ ਪਿਛੋਕੜ ਦੀਵਾਨ ਕੌੜਾ ਮੱਲ ਨਾਲ਼ ਜਾ ਮਿਲਦਾ ਹੈ, ਜੋ ਅਠਾਰਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਇੱਕ ਸਿਪਾਹੀ ਦੀ ਹੈਸੀਅਤ ਤੋਂ ਉੱਨਤੀ ਕਰਕੇ ਲਾਹੌਰ ਦੇ ਦੀਵਾਨ ਅਤੇ ਫਿਰ ਮੁਲਤਾਨ ਦੇ ਹਾਕਮ ਬਣੇ ਸਨ। ਭਾਈ ਸਾਹਿਬ ਦੇ ਦਾਦਾ ਬਾਬਾ ਕਾਹਨ ਸਿੰਘ ਇੱਕ ਤਪੱਸਵੀ, ਵਿਰਕਤ ਅਤੇ ਪ੍ਰਬੀਨ ਬੁੱਧੀਮਾਨ ਵਿਅਕਤੀ ਸਨ। ਉਹ ਸੰਸਕ੍ਰਿਤ ਦੇ ਵਿਦਵਾਨ ਅਤੇ ਬ੍ਰਜ ਭਾਸ਼ਾ ਵਿੱਚ ਕਾਵਿ-ਰਚਨਾ ਕਰਦੇ ਸਨ। ਭਾਈ ਸਾਹਿਬ ਦੇ ਪਿਤਾ ਡਾ .ਚਰਨ ਸਿੰਘ ਨੂੰ ਵੀ ਸੰਸਕ੍ਰਿਤ, ਬ੍ਰਜ, ਅੰਗਰੇਜ਼ੀ, ਫਾਰਸੀ ਦਾ ਚੋਖਾ ਗਿਆਨ ਸੀ। ਉਨ੍ਹਾਂ ਨੇ ਮੌਲਿਕ, ਅਨੁਵਾਦ ਅਤੇ ਸੰਪਾਦਨਾ ਦਾ ਕਾਫੀ ਕੰਮ ਕੀਤਾ। ਭਾਈ ਸਾਹਿਬ ਦੇ ਨਾਨਾ ਗਿਆਨੀ ਹਜ਼ਾਰਾ ਸਿੰਘ ਗੁਰਬਾਣੀ ਦੇ ਪ੍ਰਸਿੱਧ ਟੀਕਾਕਾਰ ਤੇ ਅਨੁਵਾਦਕ ਸਨ ਅਤੇ ਭਾਈ ਸਾਹਿਬ ਅਨੁਵਾਦ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਸਨ। ਇੱਕ ਦਿਨ ਭਾਈ ਸਾਹਿਬ ਨੇ ਨਾਨਾ ਜੀ ਨੂੰ ਕਿਹਾ, “ਤੁਸੀਂ ਹੋਰਾਂ ਲੋਕਾਂ ਦੀਆਂ ਰਚਨਾਵਾਂ ਦੇ ਅਨੁਵਾਦ ਹੀ ਕਿਉਂ ਕਰਦੇ ਹੋ? ਆਪਣੇ ਅੰਦਰੋਂ ਰਚਨਾ ਕਿਉਂ ਨਹੀਂ ਕਰਦੇ?” ਗਿਆਨੀ ਜੀ ਨੇ ਹੱਸ ਕੇ ਕਿਹਾ, “ਬਰਖ਼ੁਰਦਾਰ, ਮੈਂ ਨਹੀਂ ਲਿਖ ਸਕਿਆ ਪਰ ਤੂੰ ਜ਼ਰੂਰ ਲਿਖੇਂਗਾ।” ਇਹ ਸੁਭਾਵਕ ਆਖਿਆ ਵਚਨ ਪਿੱਛੋਂ ਜਾ ਕੇ ਮਹੱਤਵਪੂਰਣ ਰੂਪ ਵਿੱਚ ਸੱਚਾ ਸਿੱਧ ਹੋਇਆ।
ਇਸ ਤਰ੍ਹਾਂ ਸਪਸ਼ਟ ਹੈ ਕਿ ਭਾਈ ਵੀਰ ਸਿੰਘ ਦੇ ਪਿਤਰੀ-ਧਨ ਵਿੱਚ ਦੀਵਾਨ ਕੌੜਾ ਮੱਲ ਦੀ ਰਾਜਸੀ ਮਹੱਤਾ, ਬਾਬਾ ਕਾਹਨ ਸਿੰਘ ਦਾ ਸਾਧੂਤਵ, ਡਾ.ਚਰਨ ਸਿੰਘ ਦੀ ਪੁਰਾਤਨ-ਆਧੁਨਿਕ ਬੁੱਧੀਜੀਵਤਾ ਅਤੇ ਗਿਆਨੀ ਹਜ਼ਾਰਾ ਸਿੰਘ ਦਾ ਪਰਮਾਰਥ ਗਿਆਨ ਬੜੇ ਪ੍ਰਧਾਨ ਅੰਸ਼ ਹਨ। ਸੰਤ ਸਿੰਘ ਸੇਖੋਂ ਦੇ ਮਤਿ ਅਨੁਸਾਰ : “ਅਜਿਹੇ ਪਿਤਰੀ-ਧਨ ਵਾਲ਼ਾ ਪੁਰਖ ਸਮਝੋ ਉਨੀਵੀਂ ਸਦੀ ਦੇ ਭਾਰਤੀ ਜਾਗ੍ਰਿਤੀ ਵਾਤਾਵਰਣ ਵਿੱਚ ਕਿਸੇ ਮਹਾਨ ਕਾਰਜ ਲਈ ਹੀ ਜਨਮਿਆ ਹੁੰਦਾ ਹੈ ਤੇ ਭਾਈ ਵੀਰ ਸਿੰਘ ਦੇ ਭਾਗ ਵਿੱਚ ਇਹ ਮਹਾਨ ਕਾਰਜ ਨਿਸ਼ਚੇ ਹੀ ਅੰਕਿਤ ਹੋਇਆ।”
ਭਾਈ ਵੀਰ ਸਿੰਘ ਨੇ ਮੈਟ੍ਰਿਕ (ਐਂਟਰੈਂਸ) ਦੀ ਪ੍ਰੀਖਿਆ 1891 ਵਿੱਚ ਪਾਸ ਕੀਤੀ ਅਤੇ ਸਰਕਾਰੀ ਨੌਕਰੀ ਦਾ ਸੰਕਲਪ ਨਾ ਕੀਤਾ। ਪਿਤਾ ਦੇ ਇੱਕ ਸਹਿਚਾਰੀ ਭਾਈ ਵਜ਼ੀਰ ਸਿੰਘ ਨਾਲ਼ ਮਿਲ ਕੇ ‘ਵਜ਼ੀਰ ਹਿੰਦ ਪ੍ਰੈੱਸ’ ਸ਼ੁਰੂ ਕੀਤਾ ਜੋ ਹੁਣ ਤੱਕ ਭਾਈ ਲਖਵੀਰ ਸਿੰਘ ਦੀ ਸੰਤਾਨ ਦੇ ਪ੍ਰਬੰਧ ਹੇਠ ਚੱਲ ਰਿਹਾ ਹੈ। ਸ.ਕੌਰ ਸਿੰਘ ਧੂਪੀਏ ਨਾਲ਼ ਮਿਲ ਕੇ ‘ਖਾਲਸਾ ਟ੍ਰੈਕਟ ਸੁਸਾਇਟੀ’ ਦੀ ਨੀਂਹ ਰੱਖੀ। ਨਵੰਬਰ 1899 ਵਿੱਚ ਸਪਤਾਹਿਕ ‘ਖਾਲਸਾ ਸਮਾਚਾਰ’ ਸ਼ੁਰੂ ਕੀਤਾ।
ਉਨ੍ਹਾਂ ਨੇ ਸਾਹਿਤ ਦੇ ਖੇਤਰ ਵਿੱਚ ਬਹੁਪੱਖੀ ਹਿੱਸਾ ਪਾਇਆ। 9 ਕਾਵਿ ਸੰਗ੍ਰਹਿ ਤੋਂ ਇਲਾਵਾ 4 ਨਾਵਲ, 1 ਨਾਟਕ, ਵਾਰਤਕ, ਸੰਪਾਦਨ, ਸਟੀਕ ਰਚਨਾ ਦੇ ਖੇਤਰ ਵਿੱਚ ਕਾਫੀ ਗੰਭੀਰ ਤੇ ਵਿਦਵਤਾ ਪੂਰਨ ਰਚਨਾਵਾਂ ਦੇ ਕੇ ਨਵੀਆਂ ਲੀਹਾਂ ਪਾਈਆਂ। 1949 ਵਿੱਚ ਆਪਨੂੰ ‘ਡਾਕਟਰ ਆਫ਼ ਓਰੀਐਂਟਲ ਲਰਨਿੰਗ’ ਦੀ ਡਿਗਰੀ ਪ੍ਰਦਾਨ ਕੀਤੀ ਗਈ। ਸੁਤੰਤਰ ਭਾਰਤ ਵਿੱਚ ਪੰਜਾਬ ਵਿਧਾਨ ਪਰਿਸ਼ਦ ਦਾ ਮੈਂਬਰ ਨਾਮਜ਼ਦ ਕੀਤਾ ਗਿਆ।1953 ਵਿੱਚ ਭਾਰਤੀ ਸਾਹਿਤ ਅਕਾਦਮੀ ਵੱਲੋਂ ‘ਮੇਰੇ ਸਾਈਆਂ ਜੀਓ’ ਨੂੰ ਸਾਹਿਤ ਅਕਾਦਮੀ ਪੁਤਸਕਾਰ ਦਿੱਤਾ ਗਿਆ। 1956 ਵਿੱਚ ਭਾਰਤ ਸਰਕਾਰ ਨੇ ‘ਪਦਮ ਵਿਭੂਸ਼ਨ’ ਨਾਲ਼ ਸਨਮਾਨਿਤ ਕੀਤਾ। 10 ਜੂਨ 1957 ਨੂੰ ਅੰਮ੍ਰਿਤਸਰ ਵਿਖੇ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਡਾ. ਰਤਨ ਸਿੰਘ ਜੱਗੀ ਮੁਤਾਬਕ : “ਜੋ ਕੰਮ ਭਾਈ ਗੁਰਦਾਸ ਜੀ ਨੇ 17ਵੀਂ ਸਦੀ ਵਿੱਚ ਕੀਤਾ, ਉਹੀ ਭਾਈ ਵੀਰ ਸਿੰਘ ਨੇ 20 ਵੀਂ ਸਦੀ ਵਿੱਚ ਕੀਤਾ। ਸੱਚਮੁੱਚ ਭਾਈ ਵੀਰ ਸਿੰਘ ਭਾਈ ਗੁਰਦਾਸ ਦੇ ਆਧੁਨਿਕ ਸੰਸਕਰਨ ਹਨ। ਉਨ੍ਹਾਂ ਦੀ ਹਰ ਕਵਿਤਾ ਵਿੱਚ ਕਿਸੇ ਨਾ ਕਿਸੇ ਸਿੱਧਾਂਤ ਦੀ ਸਪਸ਼ਟ ਰੂਪ ਵਿੱਚ ਵਿਆਖਿਆ ਜ਼ਰੂਰ ਮਿਲ ਜਾਂਦੀ ਹੈ।
ਭਾਈ ਸਾਹਿਬ ਵੀ ਗੁਰਮਤਿ ਵਾਂਗ ਪਰਮਾਤਮਾ ਨੂੰ ਨਿਰੰਕੁਸ਼ ਮੰਨਦੇ ਹਨ। ਸਨਾਤਨ ਧਰਮ ਵਿੱਚ ਪਰਮ-ਸੱਤਾ ਨੂੰ ਤਿੰਨ ਇਕਾਈਆਂ ਵਿੱਚ ਵੰਡ ਕੇ ਵੇਖਣ ਦੀ ਪਰੰਪਰਾ ਹੈ। ਕੁਦਰਤ ਦੀ ਅਨੰਤਤਾ, ਵਿਵਿਧਤਾ ਅਤੇ ਰੂਪਾਤਮਕਤਾ ਨੂੰ ਵੇਖ ਕੇ ਵਿਅਕਤੀ ਦੇ ਮਨ ਵਿੱਚ ਵਿਸਮਾਦ ਆ ਜਾਂਦਾ ਹੈ। ‘ਟੁਕੜੀ ਜਗ ਤੋਂ ਨਿਆਰੀ’ ਵਿੱਚ ਪ੍ਰਕਿਰਤੀ ਨੂੰ ਪਰਮਾਤਮਾ ਦੇ ਆਪਣੇ ਹੱਥਾਂ ਦੀ ਬਣਾਈ ਹੋਈ ਸਿੱਧ ਕੀਤਾ ਹੈ। ‘ਵੈਰੀ ਨਾਗ ਪਹਿਲਾ ਝਲਕਾ’ ਵਿੱਚ ਕੁਦਰਤ ਚੋਂ ਕਾਦਰ ਲੱਭਣ ਦੀ ਪ੍ਰਕਿਰਿਆ ਨੂੰ ਪ੍ਰਸਤੁਤ ਕੀਤਾ ਗਿਆ ਹੈ :
ਵੈਰੀ ਨਾਗ! ਤੇਰਾ ਪਹਿਲਾ ਝਲਕਾ
ਜਦ ਅੱਖੀਆਂ ਵਿੱਚ ਵੱਜਦਾ,
ਕੁਦਰਤ ਦੇ ‘ਕਾਦਰ’ ਦਾ ਜਲਵਾ
ਲੈ ਲੈਂਦਾ ਇੱਕ ਸਿਜਦਾ।
ਅਧਿਆਤਮਕ ਕਵਿਤਾ ਦਾ ਪ੍ਰਧਾਨ ਵਿਸ਼ਾ ਇਹੀ ਰਿਹਾ ਹੈ ਕਿ ਪਰਮਾਤਮਾ ਨੇ ਜੀਵ ਨੂੰ ਇਸ ਲੋਕ ਵਿੱਚ ਆਪਣੇ ਹੁਕਮ ਅਨੁਸਾਰ ਭੇਜਿਆ ਹੈ ਅਤੇ ਜਦੋਂ ਉਸਦੀ ਇੱਛਾ ਹੁੰਦੀ ਹੈ ਉਹ ਕੁੱਲ ਜੀਵਾਂ ਨੂੰ ਆਪਣੇ ਕੋਲ ਬੁਲਾ ਸਕਦਾ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਪਰਮਾਤਮਾ ਆਪ ਹੀ ਸਿਰਜਕ ਹੈ ਅਤੇ ਆਪ ਹੀ ਸੰਘਾਰਕ। ਪਰਮਾਤਮਾ ਦੀ ਇਸ ਲੀਲ੍ਹਾ ਦਾ ਨਿਰੂਪਣ ਭਾਈ ਸਾਹਿਬ ਨੇ ਹੇਠ ਲਿਖੀ ਕਵਿਤਾ ਵਿੱਚ ਸਪਸ਼ਟਤਾ ਨਾਲ ਕੀਤਾ ਹੈ :
ਘੱਲੇ, ਸੱਦੇ ਪਾਤਸ਼ਾਹ, ਏਥੇ ਓਥੇ ਆਪ,-
ਅਮਰ ਖੇਡ ਮੈਂ ਓਸਦੀ ਖੇਡ ਖਿਡਾਵੇ ਬਾਪ।
ਪਰਮਾਤਮਾ ਦਿਆਲੂ ਹੈ ਅਤੇ ਆਪਣੇ ਇਸੇ ਸੁਭਾਅ ਕਰਕੇ ਉਹ ਵਿਅਕਤੀ ਨੂੰ ਆਵਾਗਵਣ ਦੇ ਬੰਧਨਾਂ ਤੋਂ ਮੁਕਤ ਕਰ ਦਿੰਦਾ ਹੈ। ਇਸ ਵਿਚਾਰ ਦੀ ਵਿਆਖਿਆ ਕਰਦੇ ਹੋਏ ਭਾਈ ਸਾਹਿਬ ਲਿਖਦੇ ਹਨ :
ਤੂੰ ਸੱਤਾਰ ਗ਼ੁੱਫ਼ਾਰ ਹੇ ਰੱਬ ਸਾਈਂ!
‘ਸਾਂ ਤੇ ਕਰਮ ਕਰੀਓ ਮਿਹਰ ਨਜ਼ਰ ਪਾਈਂ।
ਪਰਮਾਤਮਾ ਸਭ ਦੇ ਕੀਤੇ ਕਰਮਾਂ ਦਾ ਹਿਸਾਬ-ਕਿਤਾਬ ਰੱਖਦਾ ਹੈ। ਉਸਦੇ ਭਾਣੇ ਵਿੱਚ ਚੰਗੇ ਕਰਮ ਕਰਨ ਵਾਲ਼ੇ ਆਪਣੀ ਸੰਸਾਰ-ਯਾਤਰਾ ਸਫ਼ਲ ਕਰ ਜਾਂਦੇ ਹਨ ਤੇ ਬੁਰੇ ਕੰਮ ਕਰਨ ਵਾਲ਼ੇ ਆਵਾਗਵਣ ਦੇ ਬੰਧਨਾਂ ਵਿੱਚ ਭਟਕਦੇ ਰਹਿੰਦੇ ਹਨ। ਵਿਅਕਤੀ ਦੀ ਮਿਹਨਤ ਦਾ ਰਾਜ਼ ਇਸੇ ਵਿੱਚ ਛੁਪਿਆ ਹੋਇਆ ਹੈ ਕਿ ਉਹ ਪਰਮਾਤਮਾ ਦਾ ਨਾਂ ਜਪ ਕੇ ਆਪਣੇ ਸਮੇਂ ਨੂੰ ਸਕਾਰਥ ਬਣਾਵੇ :
ਹੋ! ਅਜੇ ਸੰਭਾਲ ਇਸ ‘ਸਮੇਂ’ ਨੂੰ
ਕਰ ਸਫਲ ਉਡੰਦਾ ਜਾਂਵਦਾ;
ਇਹ ਠਹਿਰਨ ਜਾਚ ਨ ਜਾਣਦਾ,
ਲੰਘ ਗਿਆ ਨ ਮੁੜ ਕੇ ਆਂਵਦਾ।
ਜੀਵਾਤਮਾ ਅਤੇ ਪਰਮਾਤਮਾ ਵਿੱਚ ਦੂਰੀ ਦਾ ਬੁਨਿਆਦੀ ਕਾਰਨ ਆਤਮਾ ਉੱਤੇ ਪਿਆ ਵਿਕਾਰਾਂ ਦਾ ਬੋਝ ਹੈ। ਭਾਈ ਸਾਹਿਬ ਨੇ ਸਪਸ਼ਟ ਰੂਪ ਵਿੱਚ ਇਨ੍ਹਾਂ ਵਿਕਾਰਾਂ ਦੀ ਆਲੋਚਨਾ ਨਹੀਂ ਕੀਤੀ ਪਰ ਅਪ੍ਰਤੱਖ ਰੂਪ ਵਿੱਚ ਉਹ ਨੀਵਾਂ ਹੋਣ, ਤ੍ਰਿਸ਼ਨਾ ਮਾਰਨ, ਅਭਿਮਾਨ ਦੀ ਸਮਾਪਤੀ ਆਦਿ ਨੈਤਿਕ ਮਾਨਤਾਵਾਂ ਦੀ ਵਿਆਖਿਆ ਕਰਦੇ ਰਹਿੰਦੇ ਹਨ। ਹਉਂ ਨੂੰ ਮਾਰਨਾ ਭਾਈ ਸਾਹਿਬ ਦੀਆਂ ਕਵਿਤਾਵਾਂ ਦਾ ਪ੍ਰਧਾਨ ਵਿਸ਼ਾ ਰਿਹਾ ਹੈ। ‘ਰਉਂ ਰੁਖ਼’ ਨਾਂ ਦੀ ਰੁਬਾਈ ਵਿੱਚ ਹਉਮੈ ਨੂੰ ਮਾਰਨ ਪ੍ਰਤੀ ਇੱਕ ਸੁੰਦਰ ਦ੍ਰਿਸ਼ਟਾਂਤ ਦੀ ਸਿਰਜਣਾ ਕੀਤੀ ਗਈ ਹੈ :
ਸਾਗਰ ਪੁੱਛਦਾ : ‘ਨਦੀਏ! ਸਾਰੇ
ਬੂਟੇ ਬੂਟੀਆਂ ਲਿਆਵੇਂ,
ਪਰ ਨਾ ਕਦੀ ਬੈਂਤ ਦਾ ਬੂਟਾ
ਏਥੇ ਆਣ ਪੁਚਾਵੇਂ?’
ਨਦੀ ਆਖਦੀ : ‘ਆਕੜ ਵਾਲੇ,
ਸਭ ਬੂਟੇ ਪਟ ਸੱਕਾਂ,
ਪਰ ਜੋ ਝੁਕੇ, ਵਗੇ ਰਉਂ ਰੁਖ਼ ਨੂੰ,
ਪੇਸ਼ ਨ ਉਸਤੇ ਜਾਵੇ।’
ਅਜਿਹੇ ਸੰਕਲਪਾਂ ਦੀ ਰੌਸ਼ਨੀ ਦੇ ਆਧਾਰ ਤੇ ਅਸੀਂ ਭਾਈ ਵੀਰ ਸਿੰਘ ਨੂੰ ਸਿੱਖ ਨਵ-ਰਹੱਸਵਾਦ ਦਾ ਕਵੀ ਕਹਿ ਸਕਦੇ ਹਾਂ। ਗੁਰਮਤਿ ਫ਼ਿਲਾਸਫ਼ੀ ਨੂੰ ਆਧੁਨਿਕ ਵਿਅਕਤੀ ਦੇ ਜੀਵਨ ਦਾ ਮੂਲ ਆਧਾਰ ਬਣਾਉਣ ਦੀ ਜੋ ਕੋਸ਼ਿਸ਼ ਭਾਈ ਸਾਹਿਬ ਨੇ ਕੀਤੀ ਹੈ, ਉਹ ਪ੍ਰਸ਼ੰਸਾਯੋਗ ਹੈ।

* ਪ੍ਰੋ. ਨਵ ਸੰਗੀਤ ਸਿੰਘ
# ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.

