ਅੱਜ ਇੱਕ ਵਾਰੀ ਫਿਰ ਸਿੱਧੂ ਦੀ ਹਵੇਲੀ ਵਿੱਚ ਰੌਸ਼ਨੀ ਬਣ ਕੇ ਉਸਦਾ ਭਰਾ ਆਇਆ ਹੈ। ਜੇਕਰ ਵੇਖਿਆ ਜਾਵੇ ਤਾਂ ਇਸ ਰੋਸ਼ਨੀ ਤੋਂ ਪਹਿਲਾਂ ਜੋ ਸਿੱਧੂ ਦੇ ਮਾਪਿਆਂ ਦੀ ਜ਼ਿੰਦਗੀ ਵਿੱਚ ਘੋਰ ਹਨੇਰਾ ਛਾ ਗਿਆ ਸੀ ਅਤੇ ਸਿੱਧੂ ਦੇ ਜਾਣ ਤੋਂ ਬਾਅਦ ਜੋ ਮਾਨਸਿਕ ਪੀੜਾ ਉਸਦੇ ਮਾਪਿਆਂ ਨੇ ਸਹਿਣ ਕੀਤੀ ਹੋਵੇਗੀ, ਉਸਨੂੰ ਮੈਂ ਲਫਜ਼ਾਂ ਵਿੱਚ ਬਿਆਨ ਨਹੀਂ ਕਰ ਸਕਦੀ। ਜਵਾਨ ਪੁੱਤ ਦਾ ਇਸ ਤਰੀਕੇ ਨਾਲ਼ ਅਚਾਨਕ ਚਲੇ ਜਾਣਾ ਕਿਸੇ ਵੀ ਮਾਂ ਬਾਪ ਕੋਲੋਂ ਨਹੀਂ ਸਹਿਆ ਜਾ ਸਕਦਾ ਅਤੇ ਦੂਸਰੀ ਗੱਲ ਏਨਾ ਹੋਣਹਾਰ ਪੁੱਤਰ ਜਦੋਂ ਹੱਥਾਂ ਚੋਂ ਰੇਤੇ ਵਾਂਗ ਖਿਸਕ ਜਾਵੇ, ਤਾਂ ਉਹ ਮਾਪੇ ਹੀ ਜਾਣਦੇ ਹਨ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੈ।
ਬਾਪੂ ਬਲਕੌਰ ਸਿੰਘ ਜੀ ਅਤੇ ਮਾਤਾ ਚਰਨ ਕੌਰ ਜੀ ਨੇ ਬਹੁਤ ਕੁਝ ਸਹਿਣ ਕੀਤਾ ਹੈ। ਕਦੀ ਕਿਸੇ ਗੱਲ ਦਾ ਦਬਾਵ ਹੋਵੇਗਾ ਅਤੇ ਕਦੀ ਕਿਸੇ ਦੀਆਂ ਕਹੀਆਂ ਗੱਲਾਂ ਨਾਲ਼ ਦਿਲ ਵਲੂੰਦਰਿਆ ਵੀ ਜਾਂਦਾ ਹੋਏਗਾ। ਆਮ ਜਨਤਾ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ ਹੈ। ਉਹਨਾਂ ਨੂੰ ਮਾਨਸਿਕ ਪੀੜਾ ਵਿੱਚੋਂ ਬਾਹਰ ਕੱਢਣ ਲਈ ਜਿੰਨਾ ਵੀ ਆਮ ਜਨਤਾ ਕੋਲੋਂ ਹੋ ਸਕਿਆ ਉਹਨਾਂ ਨੇ ਉਹਨਾਂ ਦਾ ਸਾਥ ਦਿੱਤਾ।
ਸਿੱਧੂ ਦੇ ਮਾਪਿਆਂ ਵੱਲੋਂ ਲਿਆ ਗਿਆ ਸਿੱਧੂ ਦੇ ਭਰਾ ਨੂੰ ਪੈਂਦਾ ਕਰਨ ਦਾ ਫ਼ੈਸਲਾ ਬਹੁਤ ਹੀ ਕਾਬਲੇ ਤਾਰੀਫ਼ ਅਤੇ ਸਲਾਹੁਣਯੋਗ ਹੈ। ਜ਼ਿੰਦਾਦਿਲੀ ਦੀ ਇੱਕ ਮਿਸਾਲ ਪੈਂਦਾ ਕਰਦਾ ਹੈ ਇਹ ਫ਼ੈਸਲਾ। ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਕਿ ਭਰ ਜਵਾਨੀ ਵਿੱਚ ਪੁੱਤ ਦਾ ਅੱਖਾਂ ਦੇ ਸਾਹਮਣੇ ਕਤਲ ਹੋ ਗਿਆ ਹੋਵੇ।
ਧੀਆਂ ਪੁੱਤਾਂ ਦੇ ਦੁੱਖਾਂ ਨੂੰ ਸਹਿਣਾ ਸਭ ਤੋਂ ਔਖਾ ਹੁੰਦਾ ਹੈ। ਇਹਨਾਂ ਦੋਹਾਂ ਨੇ ਬੜੀ ਸਮਝਦਾਰੀ ਨਾਲ਼ ਆਪਣੇ ਆਪ ਨੂੰ ਸੰਭਾਲਿਆ ਹੈ। ਇੱਕ ਦੂਸਰੇ ਦੀ ਢਾਲ ਬਣ ਕੇ ਸਿੱਧੂ ਦੇ ਮਾਪੇ ਖੜੇ ਰਹੇ। ਅਸਹਿ ਮਾਨਸਿਕ ਪੀੜਾਂ ਨੂੰ ਜਰਦੇ ਹੋਏ ਉਹਨਾਂ ਨੇ ਸਿੱਧੂ ਨੂੰ ਮੁੜ ਤੋਂ ਜਨਮ ਦੇਣ ਦਾ ਫ਼ੈਸਲਾ ਲਿਆ ਹੋਵੇਗਾ। ਸ਼ਾਇਦ ਕਈਆਂ ਦੀਆਂ ਗੱਲਾਂ ਵੀ ਸਹਿਣੀਆਂ ਪਈਆਂ ਹੋਣਗੀਆਂ, ਪਰ ਉਹਨਾਂ ਨੇ ਨਿਰਾਸ਼ਤਾ ਨੂੰ ਆਸ਼ਾ ਵਿੱਚ ਬਦਲਣ ਲਈ ਹਰ ਕੋਸ਼ਸ਼ ਕੀਤੀ ਅਜਿਹੀ ਸੋਚ ਨੂੰ ਸਿਜਦਾ, ਜੋ ਜ਼ਿੰਦਗੀ ਦੇ ਵਿੱਚ ਲੱਖਾਂ ਮਸੀਬਤਾਂ ਹੋਣ ਦੇ ਬਾਵਜੂਦ ਵੀ ਅੱਗੇ ਵਧੇ। ਅੱਜ ਪਰਮਾਤਮਾ ਨੇ ਉਹਨਾਂ ਦੀ ਝੋਲੀ ਵਿੱਚ ਛੋਟਾ ਸਿੱਧੂ ਪਾ ਕੇ ਅਪਾਰ ਕਿਰਪਾ ਕੀਤੀ ਹੈ।
ਪਰਮਾਤਮਾ ਉਸ ਬੱਚੇ ਨੂੰ ਲੰਬੀ ਉਮਰ ਅਤੇ ਤੰਦਰੁਸਤੀ ਬਖਸ਼ਣ। ਰੱਬ ਮਾੜੀਆਂ ਨਜ਼ਰਾਂ ਤੋਂ ਬਚਾਵੇ। ਸਿੱਧੂ ਦੇ ਮਾਪੇ ਅਸਹਿ ਪੀੜਾ ਨੂੰ ਸਹਿੰਦੇ ਜ਼ਿੰਦਗੀ ਵਿੱਚ ਅੱਗੇ ਵਧੇ। ਸਾਡੀਆਂ ਸਾਰਿਆਂ ਦੀਆਂ ਇਹੋ ਦੁਆਵਾਂ ਹਨ ਕਿ ਇਹ ਵੀ ਸਿੱਧੂ ਵਾਂਗ ਨਿੱਕਾ ਸਿੱਧੂ ਵੀ ਆਪਣੀ ਵੱਖਰੀ ਪਹਿਚਾਣ ਅਤੇ ਸ਼ਾਨ ਬਣਾਵੇ। ਮਾਪਿਆਂ ਲਈ ਜੀਣ ਦਾ ਸਹਾਰਾ, ਰੌਸ਼ਨੀ ਦੀ ਕਿਰਨ ਸਦਾ ਚਮਕਦੀ ਰਹੇ। ਬਹੁਤ ਸਾਰੀਆਂ ਦੁਆਵਾਂ, ਪਿਆਰ, ਸਤਿਕਾਰ ਤੇ ਅਸੀਸਾਂ ਦੇ ਨਾਲ਼ ਅਹਿਹੀ ਸੋਚ ਨੂੰ ਸਿਜਦਾ ਪਰਮਾਤਮਾ ਦਾ ਲੱਖ-ਲੱਖ ਸ਼ੁਕਰ ਹੈ। ਰੱਬਾ! ਸਭ ਦੇ ਬੱਚੇ ਮਾਪਿਆਂ ਦੀਆਂ ਅੱਖਾਂ ਸਾਹਮਣੇ ਸਲਾਮਤ ਹਸਦੇ-ਵੱਸਦੇ ਰਹਿਣ।
ਪਰਵੀਨ ਕੌਰ ਸਿੱਧੂ
8146536200
