ਤਿਲੁਕ ਜੰਞੂ ਰਾਖਾ ਪ੍ਰਭ ਤਾ ਕਾ॥
ਕੀਨੋ ਬਡੋ ਕਲੂ ਮਹਿ ਸਾਕਾ ॥
ਸਾਧਨੁ ਹੇਤਿ ਇਤੀ ਜਿਨਿ ਕਰੀ॥
ਸੀਸੁ ਦੀਆ ਪਰ ਸੀ ਨ ਉਚਰੀ ॥
ਗੱਲ ਓਸ ਵੇਲੇ ਦੀ ਹੈ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਹਿੰਦੂ ਧਰਮ ਤੇ ਜ਼ੁਲਮ ਕਰਨ ਲੱਗਿਆ । ਇਸਲਾਮ ਧਰਮ ਕਬੂਲ ਕਰਵਾਉਣ ਲਈ ਜਬਰੀ ਹਿੰਦੂਆਂ ਦੇ ਜਨੇਊ ਲਾਹ ਲਾਹ ਸੁੱਟਣ ਲੱਗਿਆ ਅਤੇ ਮੁਸਲਿਮ ਬਣਾਉਣ ਲੱਗਿਆ। ਉਸ ਦੇ ਸਤਾਏ ਹੋਏ ਕਸ਼ਮੀਰੀ ਪੰਡਿਤ ਆਪਣੀ ਫਰਿਆਦ ਲੈ ਕੇ ਗੁਰੂ ਸਾਹਿਬ ਦੇ ਦਰਬਾਰ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਆਏ।
ਮਜਬੂਰ ਤੇ ਮਜ਼ਲੂਮ ਕਸ਼ਮੀਰੀ ਪੰਡਿਤਾਂ ਨੇ ਗੁਰੂ ਸਾਹਿਬ ਨੂੰ ਫਰਿਆਦ ਕੀਤੀ ਕਿ ਸਾਡਾ ਹਿੰਦੂ ਧਰਮ ਖਤਰੇ ਵਿੱਚ ਹੈ, ਆਪ ਜੀ ਸਾਡੀ ਰੱਖਿਆ ਕਰੋ।
ਮਜ਼ਲੂਮਾਂ ਦੇ ਸਹਾਰੇ, ਮਨੁੱਖੀ ਹੱਕਾਂ ਦੇ ਰਾਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਪਰ ਧਰਮ ਦੀ ਖਾਤਰ ਆਪਣਾ ਸੀਸ ਦੇਣ ਦਾ ਫ਼ੈਸਲਾ ਕੀਤਾ ਸੀ।
ਬਾਲ ਗੋਬਿੰਦ ਰਾਏ ਜੀ ਨੇ ਖੁਦ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੀ ਰਾਖੀ ਲਈ ਤੋਰਿਆ ਸੀ।
ਕੈਸੀ ਅਣਖ ਦੀ ਗੁੜ੍ਹਤੀ ਸੀ ਤੇਗ ਬਹਾਦਰ ਜੀ ਦੇ ਖੂਨ ਅੰਦਰ ਕਿ ਨੌਂ ਵਰ੍ਹਿਆਂ ਦੇ ਮਾਸੂਮ ਗੋਬਿੰਦ ਜੀ ਦੀਆਂ ਰਗਾਂ ਵਿੱਚ ਵਹਿੰਦਾ ਖੂਨ ਸਬਰ, ਸਿਦਕ ਤੇ ਸੰਜਮ ਦੇ ਐਸੇ ਉਬਾਲੇ ਮਾਰਦਾ ਹੈ ਕਿ ਆਪ ਆਪਣੇ ਪਿਤਾ ਪਿਆਰੇ ਨੂੰ ਸੀਸ ਦਾ ਬਲਿਦਾਨ ਦੇਣ ਲਈ ਪ੍ਰੇਰਦਾ ਹੈ।
ਗੁਰੂ ਤੇਗ ਬਹਾਦਰ ਜੀ ਫਖਰ ਨਾਲ ਗੁਰਗੱਦੀ ਬਾਲ ਗੋਬਿੰਦ ਜੀ ਦੇ ਹਵਾਲੇ ਸੌਂਪ ਉਸੇ ਵੇਲੇ ਦਿੱਲੀ ਵੱਲ ਨੂੰ ਤੁਰ ਪਏ ਅਤੇ ਜਾ ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹਾਦਤ ਦਿੱਤੀ।
ਗੁਰੂ ਸਾਹਿਬ ਨੇ ਆਪਣਾ ਸੀਸ ਵਾਰ ਕੇ ਹਿੰਦੂ ਧਰਮ ਨੂੰ ਫਾਨੀ ਹੋਣ ਤੋਂ ਬਚਾ ਲਿਆ।
ਉਸ ਵੇਲੇ ਜਬਰ ਜੁਲਮ ਕਰਨ ਵਾਲਾ ਇੱਕ ਤਸਬੀ ਫੇਰਨ ਵਾਲਾ ਸੀ ਤੇ ਜਬਰ ਜੁਲਮ ਸਹਿਣ ਵਾਲਾ ਜਨੇਊ ਧਾਰੀ ਸੀ।
ਜੇਕਰ ਕਿਸੇ ਹਿੰਦੂ ਦੀ ਥਾਂ ਮੁਸਲਮਾਨ ਫਰਿਆਦੀ ਹੁੰਦੇ ਤੇ ਤੱਖਤ ਤੇ ਬੈਠਾ ਕਾਫ਼ਰ ਕੋਈ ਹਿੰਦੂ ਹੁੰਦਾ ਤਾਂ ਵੀ ਗੁਰੂ ਸਾਹਿਬ ਮੁਸਲਿਮ ਧਰਮ ਦੀ ਰਾਖੀ ਲਈ ਅੱਗੇ ਆਉਂਦੇ। ਕਿਉਂਕਿ ਗੁਰੂ ਸਾਹਿਬ ਜਾਤੀ ਧਰਮ ਦੇ ਖਿਲਾਫ ਨਹੀਂ ਸਨ ਸਗੋਂ ਜਬਰ ਤੇ ਜ਼ੁਲਮ ਦੇ ਖ਼ਿਲਾਫ਼ ਸਨ।
ਜੇਕਰ ਉਹ ਜ਼ੁਲਮ ਔਰੰਗਜ਼ੇਬ ਦੇ ਰੂਪ ਵਿੱਚ ਤੱਖਤ ਤੇ ਬੈਠਾ ਇੱਕ ਮੁਸਲਮਾਨ ਕਰ ਰਿਹਾ ਸੀ ਤਾਂ ਗੁਰੂ ਸਾਹਿਬ ਨੇ ਉਸ ਦਾ ਵਿਰੋਧ ਕੀਤਾ ਸੀ। ਉਹੀ ਜ਼ੁਲਮ ਜੇ ਕੋਈ ਹਿੰਦੂ ਕਿਸੇ ਮੁਸਲਮਾਨ ਤੇ ਕਰਦਾ ਤਾਂ ਵੀ ਗੁਰੂ ਸਾਹਿਬ ਜਬਰ ਜੁਲਮ ਦੇ ਵਿਰੋਧ ਵਿੱਚ ਦੀਨ ਦੁਖੀਆਂ ਦੇ ਹੱਕਾਂ ਲਈ ਅੱਗੇ ਆਉਂਦੇ।
” ਬਾਂਹ ਜਿੰਨਾ ਦੀ ਪਕੜੀਏ,
ਸਿਰ ਦੀਜੇ ਬਾਂਹ ਨਾ ਛੋੜੀਏ”
ਸਾਨੂੰ ਫਖਰ ਹੈ ਕਿ ਗੁਰੂ ਸਾਹਿਬ ਨੇ ਵੱਖਰੇ ਧਾਰਮਿਕ ਵਿਸ਼ਵਾਸਾਂ ਨੂੰ ਮੰਨਣ ਦੀ ਅਜ਼ਾਦੀ ਦਿੱਤੀ ਅਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਗੁਰੂ ਸਾਹਿਬ ਪੂਰੀ ਕਾਇਨਾਤ ਦੇ ਰਚਣਹਾਰ ਤੇ ਸ੍ਰਿਸ਼ਟੀ ਦੇ ਮਾਲਕ ਹਨ ਨਾ ਕਿ ਕਿਸੇ ਖਾਸ ਧਰਮ, ਦੇਸ਼ ਅਤੇ ਕਿੱਤੇ ਦੇ ਰਹਿਬਰ। ਗੁਰੂ ਸਾਹਿਬ ਦੇ ਫਲਸਫ਼ੇ ਕਿਸੇ ਧਰਮ, ਦੇਸ਼, ਕਿੱਤੇ, ਇਲਾਕੇ ਦੀਆਂ ਬੰਦਿਸ਼ਾਂ ਦੇ ਮੋਹਤਾਜ ਨਹੀਂ, ਕਿਉਂਕਿ ਗੁਰੂ ਸਹਿਬਾਨ ਦੇ ਉਪਦੇਸ਼ ਸਮੁੱਚੀ ਮਾਨਵਤਾ ਲਈ ਸੀ, ਹੈ ਅਤੇ ਰਹਿਣਗੇ।
ਗੁਰੂ ਸਾਹਿਬ ਨੇ ਜਿਸ ਬਹਾਦਰੀ ਨਾਲ ਜ਼ੁਲਮ ਦੀ ਤੇਗ ਅੱਗੇ ਸੀਸ ਦੀ ਭੇਟਾ ਕਰ ਕੇ ਪਰਾਈ ਕੌਮ ਪਰਾਏ ਧਰਮ ਲਈ ਆਪਾ ਤਿਆਗ ਦਿੱਤਾ, ਆਪਾ ਕੁਰਬਾਨ ਕਰ ਦਿੱਤਾ, ਆਪਣੇ ਨਾਵਾਂ ਤਿਆਗ ਮੱਲ ਅਤੇ ਤੇਗ ਬਹਾਦਰ ਨੂੰ ਅਰਥਪੂਰਨ ਕਰ ਦਿੱਤਾ, ਉੱਥੇ ਹੀ ਪੂਰੇ ਸੰਸਾਰ ਨੂੰ ਇਹ ਵੀ ਚਾਨਣਾ ਪਾ ਦਿੱਤਾ ਕਿ ਆਪ ਆਪਣੇ ਬਚਨਾਂ ਦੇ ਪੂਰੇ ਆਪਣੀ ਕਥਨੀ ਤੇ ਕਰਨੀ ਦੇ ਮਾਲਕ ਸੀ।
ਇਸਦੇ ਨਾਲ ਹੀ ਆਪ ਜੀ ਦੀ ਸ਼ਹਾਦਤ ਨੇ ਸਬਰ, ਸਿਦਕ ਸਿਰੜ ਤੇ ਸੰਜਮ ਵਰਗੇ ਸ਼ਬਦਾਂ ਨੂੰ ਵੀ ਸੰਪੂਰਨ ਕਰ ਦਿੱਤਾ।
ਜਬਰ ਜੁਲਮ ਨਾਲ ਤੜਫਦੇ ਹਿੰਦ ਦੇ ਦੀਨ ਦੁਖੀਆਂ ਨੂੰ ਆਪਣੇ ਸੀਸ ਦੀ ਓਟ ਦੇ ਕੇ , ਆਪਣੀ ਬੁੱਕਲ ਦੀ ਠੰਢੜੀ ਛਾਂ ਦੇ ਕੇ ਆਪਣੇ ਨੇ ਪੂਰਨ ਕਰ ਦਿੱਤਾ ਕਿ ਐਵੇਂ ਹੀ ਆਪ ਜੀ ਨੂੰ ਹਿੰਦ ਦੀ ਚਾਦਰ ਨਹੀਂ ਕਿਹਾ ਜਾਂਦਾ।
ਹਉ ਬਲਿਹਾਰੀ ਸਤਿਗੁਰ ਪੂਰੇ ॥
ਸਰਣਿ ਕੀ ਦਾਤਿ ਬਚਨ ਕੇ ਸੂਰੇ ॥
ਧੰਨ ਧੰਨ ਹਿੰਦ ਦੀ ਚਾਦਰ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ।
ਹਰਪ੍ਰੀਤ, ਨਕੋਦਰ
ਜਮਾਲਪੁਰ ਲੁਧਿਆਣਾ।
