ਡਾ. ਭਗਵੰਤ ਸਿੰਘ ਪ੍ਰਬੁੱਧ ਸਾਹਿਤ-ਪਾਰਖੂ ਹਨ। ਉਨ੍ਹਾਂ ਨੇ ਹੁਣ ਤੱਕ ਲੰਬੀ ਸ਼ਬਦ-ਸਾਧਨਾ ਕਰਦਿਆਂ ਡੇਢ ਦਰਜਨ ਦੇ ਕਰੀਬ ਆਲੋਚਨਾਤਮਕ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ‘‘ਪਿਆਰਾ ਸਿੰਘ ਸਹਿਰਾਈ ਦਾ ਕਾਵਿ ਲੋਕ-ਇਕ ਆਲੋਚਨਾਤਮਕ ਅਧਿਐਨ’’, ‘‘ਪੰਜਾਬੀ ਭਾਸ਼ਾ’’, ‘‘ਗੁਰਦੇਵ ਸਿੰਘ ਮਾਨ : ਜੀਵਨ ਤੇ ਰਚਨਾ’’, ‘‘ਸ੍ਰੀ ਗੁਰੂ ਅਮਰਦਾਸ : ਜੀਵਨ ਤੇ ਰਚਨਾ’’, ‘‘ਸਾਡੇ ਇਤਿਹਾਸਕ ਸਮਾਰਕ’’ (ਹਿੰਦੀ ਤੋਂ ਪੰਜਾਬੀ ਅਨੁਵਾਦ), ‘‘ਤੂੰ ਸੰਪੂਰਣ ਹੈਂ’’- ਅਨੁਵਾਦ (ਹਿੰਦੀ ਤੋਂ ਪੰਜਾਬੀ), ‘‘ਸੂਫ਼ੀ ਰਹੱਸ ਅਨੁਭੂਤੀ (ਆਧੁਨਿਕ ਪਰਿਪੇਖ)’’, ‘‘ਸੁਰਜੀਤ ਸਿੰਘ ਪੰਛੀ ਕੀ ਸ੍ਰੇਸ਼ਟ ਕਵਿਤਾਏਂ- ਅਨੁਵਾਦ (ਪੰਜਾਬੀ ਤੋਂ ਹਿੰਦੀ)’’, ‘‘ਸ਼ਬਦ ਟਕਸਾਲ’’, ‘‘ਬਾ. ਕੋ. ਨਾਰਾਇਣ ਦੀ ਨਾਰੀ ਸੰਵੇਦਨਾ’’, ‘‘ਗਿੱਲ ਮੋਰਾਂਵਾਲੀ ਦੀ ਨਾਰੀ ਚੇਤਨਾ ਦਾ ਮਰਦਾਵੀਂ ਚਿੰਤਨ’’, ‘‘ਮਹਾਰਾਜਾ ਰਣਜੀਤ ਸਿੰਘ’’, ‘‘ਪੰਜਾਬੀ ਸਭਿਆਚਾਰ’’, ‘‘ਸ਼ੇਰ ਸਿੰਘ ਕੰਵਲ : ਵਿਚਾਰਧਾਰਾ ਅਤੇ ਮੂਲ ਪਾਠ’’, ‘‘ਸੁਰਜੀਤ ਸਿੰਘ ਪੰਛੀ ਵਿਵੇਚਨਾਤਮਕ ਅਧਿਐਨ’’, ‘‘ਸਾਡੇ ਸਮਿਆਂ ਦਾ ਆਦਰਸ਼ ਬਾਪੂ ਕਰਤਾਰ ਸਿੰਘ ਧਾਲੀਵਾਲ’’, ‘‘ਗਿੱਲ ਮੋਰਾਂਵਾਲੀ ਰਚਨਾ ਅਤੇ ਸਮਾਜਿਕ ਸਾਪੇਖਤਾ’’, ‘‘ਮੱਲ ਸਿੰਘ ਰਾਮਪੁਰੀ ਰਚਨਾ ਤੇ ਮੁਲੰਕਣ’’, ‘‘ਪੀਲੂ ਦਾ ਮਿਰਜ਼ਾ-ਸਾਹਿਬਾਂ ਤੇ ਹੋਰ ਰਚਨਾ, ਮਹਾਰਾਣੀ ਜਿੰਦਾਂ’’ ਆਦਿ ਵਰਨਣਯੋਗ ਹੈ। ‘‘ਸੂਫ਼ੀਆਨਾ ਰਹੱਸ ਅਨੁਭੂਤੀ’’ ਦਾ ਸੰਬੰਧ ਪੰਜਾਬ ਦੇ ਧਰਾਤਲਾਂ ’ਤੇ ਵਿਚਰਦੇ ਪੀਰਾਂ, ਫ਼ਕੀਰਾਂ, ਸਾਈਂ ਲੋਕਾਂ ਦੀ ਸੂਫ਼ੀਆਨਾ ਰਹੱਸ ਅਨੁਭੂਤੀ ਨਾਲ ਹੈ। ਪੰਜਾਬੀ ਰਹਿਤਲ-ਬਹਿਤਲ ’ਚ ਇਨ੍ਹਾਂ ਸੰਪਰਦਾਵਾਂ ਨਾਲ ਜੁੜੇ ਚਿੰਤਨ ’ਚ ਵਿਸ਼ੇਸ਼ ਦਖ਼ਲ ਰਿਹਾ ਹੈ ਅਤੇ ਹੁਣ ਵੀ ਇਹ ਅਮਲ ਬਾ-ਦਸਤੂਰ ਚੱਲ ਰਿਹਾ ਹੈ। ‘ਬੁੱਲ੍ਹੇਸ਼ਾਹ ਤੋਂ ਬਾਅਦ ਬਹੁਤ ਹੀ ਘੱਟ ਇਸ ਫਿਰਕੇ ਨਾਲ ਸੰਬੰਧਿਤਾਂ ਵੱਲੋਂ ਰਚੀ ਗਈ ਕਵਿਤਾ ਬਾਰੇ ਚਿੰਤਨ ਪ੍ਰਾਪਤ ਹੁੰਦਾ ਹੈ। ਡਾ. ਭਗਵੰਤ ਸਿੰਘ ਹੁਰਾਂ ਵਿਸ਼ੇਸ਼ ਯਤਨ ਕਰਦਿਆਂ ਫ਼ਕੀਰ ਈਸ਼ਵਰਦਾਸ ਸ਼ਾਹ ਗੁਲਾਮ ਅਲਮਸਤ ਉਰਫ਼ ਸੰਤ ਬਾਬਾ ਈਸ਼ਵਰਦਾਸ ਸਿੰਘ ਦੀਆਂ ਸੂਫ਼ੀਆਨਾ ਰਚਨਾਵਾਂ ਨੂੰ ਇਕੱਤਰ ਕਰਦਿਆਂ ਇਨ੍ਹਾਂ ਰਚਨਾਵਾਂ ਸੰਬੰਧੀ ਪ੍ਰਾਪਤ ਆਲੋਚਨਾਤਮਕ ਨਿਬੰਧਾਂ ਨੂੰ ਇਕੱਤਰ ਕਰਨ ਦਾ ਸਾਰਥਿਕ ਉਪਰਾਲਾ ਕੀਤਾ ਹੈ। ਡਾ. ਭਗਵੰਤ ਸਿਘ ‘ਜਾਗੋ ਇੰਟਰਨੈਸ਼ਨਲ’ ਸਾਹਿਤਕ ਪਰਚੇ ਦੇ ਮੁੱਖ ਸੰਪਾਦਕ ਹਨ। ਇਸ ਪਰਚੇ ਵਿਚ ਵੀ ਵੱਖ-ਵੱਖ ਸਮਿਆਂ ’ਤੇ ‘ਸੂਫ਼ੀ ਰਹੱਸ ਅਨੁਭੂਤੀ’ ਨਾਲ ਸੰਬੰਧਿਤ ਸਮੱਗਰੀ ਦਾ ਲਗਾਤਾਰ ਪ੍ਰਕਾਸ਼ਨ ਕਰਦੇ ਆ ਰਹੇ ਹਨ।
‘ਸੂਫ਼ੀਆਨਾ ਰਹੱਸ ਅਨੁਭੂਤੀ’ ਦਾ ਸੰਪਾਦਨ ਕਰਦਿਆਂ ਫ਼ਕੀਰ ਈਸ਼ਵਰਦਾਸ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਰਚਨਾਵਾਂ ਦਾ ਵਰਨਣ ਕੀਤਾ ਹੈ। ਇਹ ਵੇਰਵਾ ਦੋ ਥਾਂਵਾਂ ’ਤੇ ਦਿੱਤਾ ਹੈ। ਜਿਸ ਅਨੁਸਾਰ ਉਨ੍ਹਾਂ ਦਾ ਨਾਂ ਫ਼ਕੀਰ ਈਸ਼ਵਰਦਾਸ (ਕਲਮੀ ਨਾਂ) ਉਰਫ਼ ਡਾ. ਸਵਾਮੀ ਈਸ਼ਵਰਦਾਸ ਸਿੰਘ, ਸ੍ਰੀ 108, ਮਹਾਂਮੰਡਲੇਸ਼ਵਰ, ਨਿਰਮਲਾ ਪੰਚਾਇਤੀ ਅਖਾੜਾ, ਕਨਖਲ, ਹਰਿਦੁਆਰ (ਉਤਰਾਖੰਡ), ਸੂਫ਼ੀਆਨਾ ਤਖੱਲਸ, ਸ਼ਾਹ ਗੁਲਾਮ ਅਲਮਸਤ, ਮਹਾਂਮੰਡਲੇਸ਼ਵਰ ਨਿਰਮਲਾ ਪੰਚਾਇਤੀ ਅਖਾੜਾ, ਕਨਖਲ, ਹਰਿਦੁਆਰ। ਪਿਤਾ ਦਾ ਨਾਂ ਹਰਪਾਲ ਸਿੰਘ ਭਾਈਕੇ ਸਿੱਧੂ ਅਤੇ ਮਾਤਾ ਦਾ ਨਾਂ ਬੀਬੀ ਜੋਗਿੰਦਰ ਕੌਰ (ਕੁਲਾਰ) ਮੱਸੇ ਰੰਘੜ ਦਾ ਸਿਰ ਵੱਢਣ ਵਾਲੇ ਭਾਈ ਮਹਿਤਾਬ ਸਿੰਘ ਦੀ ਕੁਲ ਵਿੱਚੋਂ ਸੀ। ਉਨ੍ਹਾਂ ਦਾ ਜਨਮ 2 ਸਤੰਬਰ, 1958 ਨੂੰ ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ ਵਿਖੇ ਹੋਇਆ। ਆਈ. ਐਸ. ਸੀ., ਕੈਂਬ੍ਰਿਜ ਯੂਨੀਵਰਸਿਟੀ, ਯੂ. ਕੇ., ਐਮ. ਸੀ. ਏ., ਟੀ-ਐੱਚ. ਡੀ., ਯੂ. ਐਸ. ਏ., ਡਾਕਟਰ ਆਫ਼ ਥਿਓਲੋਜੀ ਐਂਡ ਡਿਵਨਿਟੀ ਪੀ- ਐਚ. ਡੀ. ਰਿਲੀਜੀਅਸ ਸਟੱਡੀਜ਼ ਐਂਡ ਮੈਟਾਫਿਜ਼ਿਕਸ ਯੂ. ਐਸ. ਏ. ਤੋਂ ਉੱਚ ਤਾਲੀਮ ਪ੍ਰਾਪਤ ਹਨ। ਨੈਸ਼ਨਲ ਡਿਫੈਂਸ ਅਕਾਡਮੀ ਖੜਗਵਾਸਲਾ ਪੂਨੇ ਤੋਂ ਪਾਸ ਆਊਟ ਫ਼ੌਜੀ ਅਫ਼ਸਰ ਦਾ ਹਿਰਦਾ ਅੰਦਰੋਂ ਵੈਰਾਗੀ ਸੀ ਇਸ ਲਈ ਇਹ ਪਦਵੀ ਤਿਆਗਦਿਆਂ ਫ਼ਕੀਰੀ ਧਾਰਨ ਕੀਤੀ। ਸੂਫ਼ੀਆਨਾ ਸਿਲਸਿਲੇ ’ਚ ਵਿਚਰਦਿਆਂ ਸ਼ਾਹ ਗੁਲਾਮ ਅਲਮਸਤ ਦੀ ਪਦਵੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਨਿਰਮਲਾ ਸੰਤ ਸਮਾਜ ਤੇ ਭੇਖ ਨਾਲ ਰੂਹਾਨੀ ਸਾਂਝ ਸਥਾਪਤ ਕਰਕੇ ਰੂਹਾਨੀ ਗਿਆਨ ਅਤੇ ਬ੍ਰਹਮ ਵਿੱਦਿਆ ਦੇ ਪ੍ਰਸਾਰ ਦੀ ਲੋਕ ਸੇਵਾ ਨੂੰ ਸਮਰਪਿਤ ਆਪਣੀ ਅਧਿਆਤਮਕ ਸੇਵਾ ਨੂੰ ਮੱਦੇਨਜ਼ਰ ਰੱਖਦੇ ਹੋਏ ਨਿਰਮਲਾ ਪੰਚਾਇਤੀ ਅਖਾੜਾ ਕਨਖਲ, ਹਰਿਦੁਆਰ ਅਤੇ ਸੰਪੂਰਨ ਨਿਰਮਲਾ ਭੇਖ ਨੇ 14 ਜੂਨ, 2018 ਨੂੰ ਸ੍ਰੀ ਸ੍ਰੀ 108, ਮਹਾਂਮੰਡਲੇਸ਼ਵਰ ਦੀ ਪਰਮ ਉਪਾਧੀ ਨਾਲ ਨਿਵਾਜੇ ਗਏ। ਜਨਵਰੀ 2019 ਦੇ ਪ੍ਰਯਾਗਰਾਜ ਵਿਚ ਕੁੰਭ ਦੇ ਅਵਸਰ ’ਤੇ 14 ਜਨਵਰੀ 2019 ਨੂੰ ਜਨਤਕ ਤੌਰ ’ਤੇ ਆਪਣੀ ਮਹਾਂ ਮੰਡਲੇਸ਼ਵਰੀ ਦਾ ਐਲਾਨ ਕੀਤਾ। ਇਸ ਸਮੇਂ ਫ਼ਕੀਰ ਜੀ ਦੇ ਨੈਸ਼ਨਲ ਡਿਫੈਂਸ ਅਕਾਡਮੀ ਦੇ ਬੈਚਮੇਟ ਰਹੇ ਉੱਚ ਫ਼ੌਜੀ ਅਧਿਕਾਰੀ ਵੀ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਮੇਜਰ ਜਨਰਲ, ਬ੍ਰਿਗੇਡੀਅਰ, ਕਰਨਲ ਆਦਿ ਨੇ ਸ਼ਾਮਿਲ ਹੋ ਕੇ ਵਿਸ਼ੇਸ਼ ਤੌਰ ’ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ।
ਉਪਰੋਕਤ ਵੇਰਵੇ ਨੂੰ ਵਾਚਦਿਆਂ ਇਹ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਦੀਨੀ ਅਤੇ ਰੂਹਾਨੀਅਤ ਸਿੱਖਿਆ ਨੇ ਮਨੁੱਖ ਦੀ ਅੰਦਰਲੀ ਜਿਗਿਆਸਾ ਨੂੰ ਜਾਨਣ ਦੀ ਸਿੱਕ ਦਾ ਉਤੇਜਕ ਸੰਕੇਤ ਹੈ। ਇਸ ਅਨੁਭੂਤੀ ਦੇ ਸੰਦੇਸ਼ ਨੂੰ ਉਨ੍ਹਾਂ ਨੇ : ਮੈਂ ਹੋਇਆ ਮਸਤ ਕਲੰਦਰ, ਇਕੱਲੇ ਭੌਂਕਦੇ ਦੇ ਸ਼ਾਹੀ ਕੁੱਤੇ, ਰੁਬਾਇਤ-ਏ ਸ਼ਾਹ ਗ਼ੁਲਾਮ, ਦਮ-ਅ-ਦਮ ਮਸਤ ਕਲੰਦਰ, ਜੋਗੀਆਂ ਤੇਰੀ ਬੀਨ ਨਾ ਛੱਡਦੀ, ਦੀਵਾਨ-ਏ-ਅਲਮਸਤ, ਸੂਲੀ ਚੜ੍ਹੇ ਨਾ ਮੁੜਦੇ, ਗੁੰਮ ਪਰਦੇਸੀ ਗਲੀ ਬਦਨਾਮ, ਉੱਠ ਫਕੀਰਾ ਸੁੱਤਿਆ ਆਦਿ 9 ਕਾਵਿ ਪੁਸਤਕਾਂ ਵਿੱਚ ਪ੍ਰਕਾਸ਼ਿਤ ਕਰਵਾਈਆਂ। ਇਸ ਤੋਂ ਇਲਾਵਾ ਹਿੰਦੀ ਵਿੱਚ ਛੇ, ਅੰਗਰੇਜ਼ੀ ਕਾਵਿ ’ਚ 9 ਪੁਸਤਕਾਂ ਰਚੀਆਂ। ਇਹ ਪ੍ਰਕਾਸ਼ਨਾਵਾਂ ਇਹ ਸੰਦੇਸ਼ ਦਿੰਦੀਆਂ ਹਨ ਕਿ ਫ਼ਕੀਰ ਈਸ਼ਵਰਦਾਸ ਜੀ ਨੇ ਲੰਬੀ ਸ਼ਬਦ ਸਾਧਨਾ ਦਾ ਖ਼ਜ਼ਾਨਾ ਆਪਣੇ ਤੱਕ ਸੀਮਤ ਨਹੀਂ ਰੱਖਿਆ, ਸਗੋਂ ਇਹ ਖ਼ਜ਼ਾਨਾ ਆਮ ਲੋਕਾਈ ਦੇ ਭਲੇ ਹਿੱਤ ਆਮ ਕਰ ਦਿੱਤਾ ਹੈ। ਇਨ੍ਹਾਂ ਰਚਨਾਵਾਂ ’ਤੇ ਹੋਈ ਚਰਚਾ ਨੂੰ ਹੀ ਡਾ. ਭਗਵੰਤ ਸਿੰਘ ਨੇ ਸੰਕਲਿਤ ਕੀਤਾ ਹੈ ਜਿਸ ਵਿੱਚ 26 ਵਿਦਵਾਨਾਂ ਦੇ ਨਿਬੰਧ ਹਨ। ਇਹ ਵੇਰਵਾ ਇਹ ਸੰਕੇਤ ਕਰਦਾ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ’ਤੇ ਚਿੰਤਨ ਕਰਨ ਵਾਲਿਆਂ ਦੀ ਬਹੁਤ ਲੰਬੀ ਕਤਾਰ ਹੈ। ਇਨ੍ਹਾਂ ਨਾਵਾਂ ਵਿੱਚ ਡਾ. ਸਵਰਾਜ ਸਿੰਘ, ਡਾ. ਤੇਜਵੰਤ ਮਾਨ, ਡਾ. ਭਗਵੰਤ ਸਿੰਘ, ਡਾ. ਜਗਬੀਰ ਸਿੰਘ, ਡਾ. ਜੋਗਿੰਦਰ ਸਿੰਘ ਕੈਰੋਂ, ਡਾ. ਬਿਕਰਮ ਸਿੰਘ ਘੁੰਮਣ, ਡਾ. ਹਰਭਜਨ ਸਿੰਘ ਸੋਚ, ਰਛਪਾਲ ਸਿੰਘ ਗਿੱਲ, ਡਾ. ਸ਼ਹਰਯਾਰ, ਡਾ. ਸਤਿੰਦਰ ਸਿੰਘ ਨੂਰ, ਡਾ. ਗੁਰਬਚਨ ਸਿੰਘ ਬਚਨ, ਡਾ. ਵਨੀਤਾ, ਡਾ. ਰਮਿੰਦਰ ਕੌਰ, ਡਾ. ਮਧੂ ਬਾਲਾ, ਡਾ. ਜਗਜੀਵਨ ਸਿੰਘ, ਰਾਮ ਲਾਲ ਪ੍ਰੇਮੀ, ਡਾ. ਭਾਰਤ ਬੀਰ ਕੌਰ ਸੰਧੂ, ਡਾ. ਜਸਵਿੰਦਰ ਕੌਰ ਬਿੰਦਰਾ, ਅਸ਼ਰਫ਼ ਮਹਿਮੂਦ ਨੰਦਨ, ਗੁਰਚਰਨ ਕੌਰ ਕੋਚਰ, ਅਣਿਮੇਸ਼ਵਰ ਕੌਰ, ਡਾ. ਪ੍ਰੀਤਮ ਸੈਨੀ, ਹਰਭਜਨ ਸਿੰਘ ਬਟਾਲਵੀ, ਭੀਮ ਸੈਨ ਮੋਦਗਿੱਲ, ਸੁਸ਼ਮਾ ਸੱਭਰਵਾਲ, ਹਰਜੀਤ ਸਿੰਘ, ਡਾ. ਗੁਰਪ੍ਰੀਤ ਕੌਰ ਆਦਿ ਸ਼ਾਮਿਲ ਹਨ। ਵਿਦਵਾਨਾਂ ਦੀ ਨਜ਼ਰ ਵਿੱਚ : ਕੰਵਲਜੀਤ ਕੌਰ ਜੁਨੇਜਾ, ਨਰਿੰਚਨ ਸਿੰਘ ਸਾਥੀ ਆਦਿ ਦੀਆਂ ਰਾਵਾਂ ਦਰਜ ਹਨ। ਪਾਠਕਾਂ ਦੀ ਰਾਇ : ਸੁੰਦਰਪਾਲ ਪ੍ਰੇਮੀ, ਗੁਰਮਿੰਦਰ ਸਿੱਧੂ, ਸ਼ਰਨ ਮੱਕੜ, ਡਾ. ਭੂਸ਼ਨ ਕੁਮਾਰ, ਜਗਦੀਪ ਸਿੰਘ ਗੰਧਾਰਾ ਆਦਿ ਦੇ ਪ੍ਰਸ਼ੰਸਾਮਈ ਖ਼ਤ ਸ਼ਾਮਿਲ ਕੀਤੇ ਗਏ ਹਨ। ‘ਮੀਡੀਏ ਦੀ ਨਜ਼ਰ ’ਚ’ ਨਿਬੰਧ ਵਿੱਚ ਸੰਦੀਪ ਸਿੰਘ ਨੇ ਫ਼ਕੀਰ ਈਸ਼ਵਰਦਾਸ ਸ਼ਾਹ ਗੁਲਾਮ ਅਲਮਸਤ ਦੀਆਂ ਕਾਵਿ ਪੁਸਤਕਾਂ ’ਤੇ ਆਯੋਜਿਤ ਸਾਹਿਤਕ ਸਮਾਗਮਾਂ ਦੀਆਂ ਵੱਖ-ਵੱਖ ਅਖ਼ਬਾਰਾਂ ’ਚ ਛਪੀਆਂ ਚੁਨਿੰਦਾ ਰਿਪੋਰਟਾਂ ਦਰਜ ਹਨ। ਪੁਸਤਕ ਚਰਚਾ ਭਾਗ ਵਿੱਚ ਪ੍ਰੋ. ਪਵਿੱਤਰ ਸਿੰਘ, ਡਾ. ਗੁਰਪ੍ਰੀਤ ਕੌਰ ਵੱਲੋਂ ਉੱਠ ਫਕੀਰਾ ਸੁੱਤਿਆ (ਕਾਵਿ ਤੇ) ਰਿਵੀਊ ਸ਼ਾਮਿਲ ਕੀਤੇ ਗਏ ਹਨ।
ਡਾ. ਸੁਰਜੀਤ ਪਾਤਰ ਨੇ (ਉਦਘੋਸ਼) ਹੇ ਅਲਮਸਤ ਫ਼ਕੀਰ! ਕਾਵਿਕ ਵਚਨਾਂ ਰਾਹੀਂ ਜੀਵ ਦੀ ਅਦਿੱਖ ਹਸਤੀ ਨਾਲ ਇੱਕਮਿਕਤਾ ਦਾ ਸੰਦੇਸ਼ ਇਨ੍ਹਾਂ ਸਤਰਾਂ ’ਚ ਅੰਕਿਤ ਹੈ :
ਹੇ ਅਲਮਸਤ ਫ਼ਕੀਰ
ਆਵਲ ਅਲਖ ਅਮੂਰਤ ਬਾਬਤ
ਕਿਆ ਲਿਖੀਏ ਤਹਿਰੀਰ
ਕੁਦਰਤ ਬਣ ਕੇ ਪ੍ਰਗਟ ਹੋਇਆ
ਆਪੇ ਜਲ ਆਪੇ ਤਟ ਹੋਇਆ
ਆਪੇ ਬਲ ਆਪੇ ਹੀ ਸੂਰਜ
ਆਪੇ ਵਸਦਾ ਨੀਰ
ਹੇ ਅਲਮਸਤ ਫ਼ਕੀਰ…
*
ਨਾ ਇਹ ਛੱਲ ਹੈ ਨਾ ਇਹ ਮਾਇਆ
ਉਸਦੀ ਕੁਦਰਤ ਉਸਦੀਆਂ ਕਾਇਆ-
ਖਲਕ ਦੀ ਸੇਵਾ, ਖ਼ਾਲਕ ਸਿਮਰਨ
ਹਰੋ ਜਗਤ ਕੀ ਪੈੜ
ਫ਼ਕੀਰ ਈਸ਼ਵਰਦਾਸ ਦੀਆਂ ਇਹ ਸਤਰਾਂ ਵੀ ਇਕਮਿਕਤਾ ਵੱਲ ਹੀ ਇਸ਼ਾਰਾ ਕਰਦੀਆਂ ਹਨ :
ਅਜੀਬ ਦਾਸਤਾ ਹੈ ਯੇ,
ਹੈ ਨਹੀਂ, ਨਾ ਹਮ ਹੋਂਗੇ।
ਯਾਰਬ ਨਾ ਤੁਮਸੇ ਜੁਦਾ ਥੇ,
ਨਾ ਹੈਂ, ਨਾ ਹੀ ਹੋਂਗੇ।
ਡਾ. ਸਵਰਾਜ ਸਿੰਘ (ਵਿਸ਼ਵ ਚਿੰਤਕ) ਦੇ ਅਨੁਸਾਰ ਅਜੋਕਾ ਸੰਸਾਰੀਕਰਨ ਸਿਰਫ਼ ਆਰਥਿਕ ਸੰਸਾਰੀਕਰਨ ਤੱਕ ਸੀਮਤ ਹੋਣ ਕਰਕੇ ਅੰਦਰੂਨੀ ਅਤੇ ਬਾਹਰੀ ਅਲਾਮਤਾਂ ਕਰਕੇ ਮਨੁੱਖ ਅਨੇਕਾਂ ਦੁਸ਼ਵਾਰੀਆਂ ’ਚ ਘਿਰ ਗਿਆ ਹੈ। ਇਨ੍ਹਾਂ ਸਾਰੀਆਂ ਅਲਾਮਤਾਂ ਤੋਂ ਛੁਟਕਾਰਾ ਮਨੁੱਖ ਦਾ ਆਪਣੇ ਸਵੈ ਨਾਲ ਜੁੜਨ ਨਾਲ ਹੀ ਸੰਭਵ ਹੈ। ਫ਼ਕੀਰ ਈਸ਼ਵਰਦਾਸ ਦੀਆਂ ਰਚਨਾਵਾਂ ਮਨੁੱਖ ਨੂੰ ਆਪਣੇ ਅਸਲੇ ਨਾਲ ਜੁੜਨ ਵੱਲ ਪ੍ਰੇਰਿਤ ਕਰਦੀਆਂ ਹਨ। ਡਾ. ਤੇਜਵੰਤ ਮਾਨ ਨੇ ਬ੍ਰਾਹਮਣੀ ਕਰਮ-ਕਾਂਡ ਦੇ ਵਿਰੋਧੀ ਜੁੱਟ ’ਚ ਧੰਨੇ ਦੀ ਤਸ਼ਬੀਹ ਦਿੰਦਿਆਂ ਲੋਕਾਇਤੀ ਰੱਬ ਸ਼ਕਤੀ ਦਾ ਪ੍ਰਤੀਕ ਦਿੰਦਿਆਂ ਫ਼ਕੀਰ ਜੀ ਦੇ ‘ਮੈਂ ਹੋਇਆ ਮਸਤ ਕਲੰਦਰ’ ਅਤੇ ਇਕੱਲੇ ਭੌਂਕਦੇ ਸ਼ਾਹੀ ਕੁੱਤੇ’ ਕਾਫ਼ੀਆਂ (ਦੋਵੇਂ ਸੰਗ੍ਰਹਿਾਂ) ਦਾ ਗੰਭੀਰ ਅਧਿਐਨ ਦੀ ਤਾਕੀਦ ਕੀਤੀ ਹੈ। ਉਨ੍ਹਾਂ ਅਨੁਸਾਰ ਇਸ ਤਕਨੀਕੀ ਅਤੇ ਵਿਗਿਆਨ ਦੇ ਯੁੱਗ ਵਿੱਚ ਉਪਭੋਗੀ ਮਨੁੱਖੀ ਦੀ ਮਨੋਦਸ਼ਾ ਭੌਂਕਦੇ ਕੁੱਤੇ, ਹੱਡੀ ਚੂਸਦੇ ਕੁੱਤੇ, ਬਾਂਦਰ ਟਪੂਸੀ, ਖੁਦੀ ਦੀ ਖੱਚਰ, ਕੁਫ਼ਰ ਦੇ ਪਕੌੜਿਆਂ ਵਰਗੀ ਹੈ। ਫ਼ਕੀਰ ਈਸ਼ਵਰਦਾਸ ਅੱਜ ਦੇ ਬਾਹਰੀ ਧਰਮ-ਕਰਮ ਵਿੱਚ ਉਪਰੋਕਤ ਭਾਂਤ ਦੀ ਉਪਭੋਗੀ ਰੁਚੀ ਨੂੰ ਬਾਖ਼ੂਬੀ ਨੰਗਿਆਂ ਕਰਦਾ ਹੈ :
ਕਾਗਜ਼ੀ ਗੱਪ ਨਾ ਫ਼ਕੀਰ ਬੱਕਦੇ, ਸੂਫ਼ੀ ਯੋਗੀ ਦਰਵੇਸ਼ ਜੋ ਸੱਚ ਦੇ
ਸ਼ਾਹ ਰੱਬ ਨਾ ਹੋਰ ਥਾਈਂ ਵੱਸਦੇ, ਮਸਤ ਘਰ ਪਾਇਆ ਕਰ ਸਿਜਦੇ।
ਕਿਵੇਂ ਖਾਈਏ ਪਕੌੜੇ ਕੁਫ਼ਰ ਦੇ, ਛਿੱਤਰ ਖਾਂਦੇ ‘ਅਨ ਅਲ ਹੱਕ’ ਦੇ।
ਡਾ. ਮਾਨ ਅਨੁਸਾਰ ਫ਼ਕੀਰ ਈਸ਼ਵਰਦਾਸ ਦੇ ਕਾਵਿ ਦੀ ਰਹੱਸਵਾਦੀ ਸ਼ੈਲੀ ਇੱਕ ਵਿਸ਼ੇਸ਼ ਖਿੱਚ ਦਾ ਕੇਂਦਰ ਹੈ।
‘ਸੂਫ਼ੀਆਨਾ ਕਾਵਿ-ਅਨੁਭੂਤੀ ਦਾ ਪੁਨਰ ਆਗਮਨ : ਫ਼ਕੀਰ ਈਸ਼ਵਰਦਾਸ’, ‘ਫ਼ਕੀਰ ਈਸ਼ਵਰਦਾਸ ਦਾ ਰਹੱਸਵਾਦ’ ਅਤੇ ‘ਫ਼ਕੀਰ ਈਸ਼ਵਰਦਾਸ ਦੀਆਂ ਕਿਰਤਾਂ’ ਤਿੰਨ ਨਿਬੰਧ ਇਸ ਪੁਸਤਕ ਵਿੱਚ ਸ਼ਾਮਿਲ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਫ਼ਕੀਰ ਈਸ਼ਵਰਦਾਸ ਰਚਿਤ ਰਚਨਾਵਾਂ ਨੂੰ ਸੂਫ਼ੀ ਰਹੱਸਵਾਦ ਦੇ ਨਜ਼ਰੀਏ ਤੋਂ ਚਿੰਤਨ ਕਰਨ ਦੀ ਪ੍ਰਵਿਰਤੀ ਸਾਹਵੇਂ ਆਉਾਂਦੀ । ਰਹੱਸਵਾਦੀ ਚਿੰਤਨ ਅਗੰਮੀ ਹੋਂਦ ਨਾਲ ਮਨੁੱਖ ਦੀ ਆਤਮਿਕ ਸਾਂਝ ਨੂੰ ਮੱਦੇਨਜ਼ਰ ਰੱਖਦਿਆਂ ਮਨੁੱਖ ਨੂੰ ਸਚਿਆਰ ਬਣਨ ਲਈ ਉਪਦੇਸ਼ਾਤਮਕ ਮੱਤ ਦਿੰਦਿਆਂ ਆਪਣੇ ਮੂਲ ਦੀ ਸੋਝੀ ਦੇਣ ਦੀ ਪ੍ਰਕਿਰਿਆ ਥੀਂ ਗੁਜ਼ਰਦਾ ਹੈ। ਡਾ. ਸਾਹਿਬ ਨੇ ਸੂਫ਼ੀਵਾਦ ਅਨੁਸਾਰ ਰੱਬ ਇੱਕ ਨਿੱਤ ਤੇ ਸੱਤ ਹੈ। ਉਹ ਸੱਚਾ, ਗਿਆਨ, ਨਿੱਤ ਪ੍ਰਕਾਸ਼ ਦੁਨੀਆਂ ਇਕ ਸ਼ੀਸ਼ਾ ਹੈ ਜਿਸ ਵਿੱਚ ਉਸੇ ਦਾ ਹੀ ਝਲਕਾਰਾ ਹੈ ਅਤੇ ਦੁਨੀਆਂ ਉਸਦੇ ਸਾਹਮਣੇ ਭਰਮ ਮਾਤਰ ਹੈ। ਰੱਬ ਦੀ ਹੋਂਦ ’ਤੇ ਦੁਨੀਆਂ ਦੀ ਹੋਂਦ ਤੋਂ ਰਹਿਤ ਹੈ। ਰੱਬ ਦਾ ਸਰੂਪ ਮਨੁੱਖੀ ਸੋਚ ਤੋਂ ਪਰੇ ਹੈ। ਡਾ. ਸਾਹਿਬ ਨੇ ਈਸ਼ਵਰਦਾਸ ਰਚਿਤ ਕਾਵਿ ਵਿੱਚੋਂ ਉਕਤ ਵਰਣਿਤ ਧਾਰਨਾਵਾਂ ਦੇ ਆਧਾਰਿਤ ਸਮਾਜੀ ਪ੍ਰਬੰਧ ’ਚ ਆਈਆਂ ਗਿਰਾਵਟਾਂ ’ਤੇ ਤਿੱਖੀ ਚੋਭ ਕਰਨ ਦੇ ਨਾਲ-ਨਾਲ ਮਨੁੱਖੀ ਬਰਾਬਰਤਾ ਅਤੇ ਸਾਂਝੀਵਾਲਤਾ ਦੇ ਗੁਣਾਂ ਨੂੰ ਪਹਿਚਾਨਣ ਦਾ ਰਾਹ ਹੈ। ਸੂਫ਼ੀਆਂ ਲਈ ਮੁਰਸ਼ਿਦ ਦਾ ਦਰਜਾ ਸਤਿਕਾਰਯੋਗ ਹੈ। ਕਾਮਿਲ ਮੁਰਸ਼ਿਦ (ਪੀਰ) ਰੱਬ ਨਾਲ ਸਾਧਕ ਨੂੰ ਮਿਲਾ ਦਿੰਦਾ ਹੈ। ਰੱਬ ਦੇ ਰਾਹ ਵਿੱਚ ਸਫ਼ਲਤਾ ਰੱਬ ਦੀ ਮਿਹਰ ਨਾਲ ਹੀ ਹੋ ਸਕਦੀ ਹੈ।
ਪੀਰਾਂ ਬਗ਼ੈਰ ਨਾ ਮਿਲਦਾ ਰੱਬ, ਸ਼ਾਹੀ ਕੁੱਤੇ ਪੀਰ ਦਰ ਦਰ ਸਜਦੇ।
ਛਿੱਤਰ ਥੱਪੜ ਪਿਛਲੇ ਪੂਰੇ, ਅੱਜ ਨਾ ਹੋਰ ਦਰ ਅਸੀਂ ਭਖਦੇ।
ਜਿਥੇ ਵੇਖੀਏ ਉੱਥੇ ਪਾਈਏ, ਹੀਰ ਰਾਂਝਾ ਨਾ ਦੁਆ ਹੋਰ ਲੱਭਦੇ।
ਇੱਕ ਹੋ ਵੇਖੀਏ ਇਕ ਹੋ ਪਾਈਏ, ਅਸੀਂ ਨਾ ਕੋਈ ਕਾਗਜ਼ੀ ਰੱਬ ਲੱਭਦੇ।
ਅਨਲਹੱਕ ਬਾਰੇ ਫ਼ਕੀਰ ਦੇ ਭਾਵ ਕੁਝ ਇਸ ਤਰ੍ਹਾਂ ਪੇਸ਼ ਹੋਏ ਹਨ :
ਅਨ ਅਲ ਹੱਕ ਨਿਕਾਹ, ਸੋਹਮੰ ਖਸਮ ਹੀਰਾਂ ਦਾ।
ਹਾਜ਼ਿਰ ਨਾਜ਼ਿਰ ਹੇਠਾਂ ਉਤਾਂਹ, ਸਰਬ ਨਿਵਾਸੀ ਰੱਬ ਫ਼ਕੀਰਾਂ ਦਾ।
ਡਾ. ਭਗਵੰਤ ਸਿੰਘ ਨੇ ਫ਼ਕੀਰ ਈਸ਼ਵਰਦਾਸ ਦੀਆਂ ਪ੍ਰਾਪਤ ਰਚਨਾਵਾਂ ਅਤੇ ਸੂਫ਼ੀਵਾਦ ਦੀਆਂ ਪ੍ਰਮੁੱਖ ਧਾਰਨਾਵਾਂ ’ਤੇ ਢੁੱਕਵੇਂ ਹਵਾਲਿਆਂ ਸਮੇਤ ਉਨ੍ਹਾਂ ਦੇ ਸੂਫ਼ੀਆਨਾ ਰਹੱਸ ਦੀਆਂ ਪਰਤਾਂ ਫਰੋਲਦੇ ਵੱਖ-ਵੱਖ ਵਿਦਵਾਨਾਂ ਦੇ ਆਲੋਚਨਾਤਮਕ ਨਿਬੰਧ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਹਨ। ਇਹ ਉਨ੍ਹਾਂ ਦਾ ਉਪਰਾਲਾ ਸਲਾਹੁਣਯੋਗ ਹੈ। ਸਾਰੀਆਂ ਲਿਖਤਾਂ ਨੂੰ ਸੰਗ੍ਰਹਿਤ ਕਰਨਾ ਬਹੁਤ ਵੱਡਾ ਕਾਰਜ ਹੈ। ਉਨ੍ਹਾਂ ਅਨੁਸਾਰ ਫ਼ਕੀਰ ਈਸ਼ਵਰਦਾਸ ਦਾ ਸੰਬੰਧ ਗੁਰੂਘਰ ਦੇ ਵਰੋਸਾਏ ਭਾਈ ਭਗਤੂ ਜੀ ਨਾਲ ਹੈ। ਇਹ ਸਿੱਖ ਸਿੱਧੂ ਪਰਿਵਾਰ ਨਾਲ ਸੰਬੰਧਿਤ ਹੈ। ਤੇਰ੍ਹਵੀਂ ਪੀੜ੍ਹੀ ਵਿਚ ਫ਼ਕੀਰ ਜੀ ਦਾ ਸੰਬੰਧ ਜੁੜਦਾ ਹੈ। ਉਨ੍ਹਾਂ ਨੇ ਇਹ ਸਾਖੀ ਵੀ ਦਰਜ ਕੀਤੀ ਹੈ, ਸ੍ਰੀ ਗੁਰੂ ਰਾਮ ਦਾਸ ਦੀ ਕਿਰਪਾ ਅਨੁਸਾਰ ਭਾਈ ਭਗਤੂ ਜੀ ਦਾ ਆਗਮਨ ਹੋਇਆ, ਕਿਉਂਕਿ ਉਨ੍ਹਾਂ ਦੇ ਮਾਂ-ਪਿਉ ਵਡੇਰੀ ਉਮਰ ਦੇ ਸਨ। ਇਸ ਵੰਸ਼ ਦਾ ਨਾਂ ‘ਭਾਈ ਕੇ ਸਿੱਧੂ’ ਕਹਿਲਾਇਆ। ਸੂਫ਼ੀ ਰਹੱਸਵਾਦੀਆਂ ਨੇ ਇਸਲਾਮੀ ਧਾਰਨਾਵਾਂ ਅਤੇ ਪੂਰਬੀ ਧਾਰਨਾਵਾਂ (ਬੁੱਧ ਮੱਤ ਅਤੇ ਵੇਦਾਂਤ) ਨਾਲ ਇਕ-ਮਿੱਕ ਅਤੇ ਇਕ ਸੁਰ ਕਰਦਿਆਂ ਸੂਫ਼ੀ ਮੱਤ ਨੂੰ ਭਾਰਤੀ ਰਹਿਤਲ-ਬਹਿਤਲ ਅਨੁਸਾਰ ਢਾਲਣ ਦਾ ਪ੍ਰਯਤਨ ਕੀਤਾ ਹੈ। ਫ਼ਕੀਰ ਈਸ਼ਵਰਦਾਸ ਜੀ ਦੀਆਂ ਇਨ੍ਹਾਂ ਰਚਨਾਵਾਂ ਵਿੱਚ ਇਸ ਦ੍ਰਿਸ਼ਟੀਕੋਣ ਦੀਆਂ ਅਨੇਕਾਂ ਝਲਕਾਂ ਦੇਖੀਆਂ ਜਾ ਸਕਦੀਆਂ ਹਨ। ਇਸ ਪ੍ਰਭਾਵ ਦੇ ਸਦਕਾ ਸੂਫ਼ੀਆਂ ਨੇ ਤੌਹੀਦ ਦੀਆਂ ਵਿਆਖਿਆ ਅਦਵੈਤਵਾਦੀ ਨਜ਼ਰੀਏ ਤੋਂ ਕੀਤੀ। ਇਹੀ ਅਦਵੈਤਵਾਦ ਦੇ ਦਰਸ਼ਨ, ਪਾਠਕ ਫ਼ਕੀਰ ਈਸ਼ਵਰਦਾਸ ਦੀਆਂ ਰਚਨਾਵਾਂ ਵਿੱਚ ਅਨੁਭਵ ਕਰ ਸਕਦੇ ਹਨ। ਆਤਮਾ, ਪਰਮਾਤਮਾ ਦੇ ਇਕਮਿਕਤਾ ਦੇ ਸੰਕੇਤ ਹੇਠਲੀਆਂ ਸਤਰਾਂ ਵਿਚ ਦੇਖੇ ਜਾ ਸਕਦੇ ਹਨ :
ਦੂਈ ਖੇਡ ਸਾਰਾ ਜੋ ਨਦਰ ਨਾ ਆਵੈ ਮਾਸ਼ੂਕ
ਇਕ ਹੋ ਅੱਖ ਬਨਾਈਏ, ਨਦਰ ਨ ਫਿਰ ਉਹ ਦੂਰ।
ਆ ਚੱਲੀਏ ਭਲੇ ਯਾਰਾ, ਚੱਲ ਫਾਹਾ ਵੱਢੀਏ ਖੂਬ।
‘‘ਮੈਂ ਹੋਇਆ ਮਸਤ ਕਲੰਦਰ’’ (ਪੰਨਾ-3)
ਫ਼ਕੀਰ ਜੀ ਮਨੁੱਖਤਾ ਦੇ ਮੁੱਦਈ ਹਨ। ਜਿੱਥੇ ਪਰਮਾਤਮਾ ਦੀ ਇਕਮਿਕਤਾ ਦਾ ਅਨੁਭਵ ਪੇਸ਼ ਕਰਦੇ ਹਨ, ਉੱਥੇ ਹੀ ਉਨ੍ਹਾਂ ਦਾ ਮਾਨਵੀ ਦ੍ਰਿਸ਼ਟੀਕੋਣ ਸਮਾਨਤਾ (ਬਰਾਬਰਤਾ) ਵਾਲਾ ਹੈ। ਸਾਮੀ ਚਿੰਤਨ ਮਨੁੱਖ ਨੂੰ ਇੱਕੇ ਹੀ ਪ੍ਰਮਾਤਮਾ ਦੀ ਸੰਤਾਨ ਮੰਨਦਾ ਹੈ। ਇਸ ਲਈ ਮਨੁੱਖਾਂ-ਮਨੁੱਖਾਂ ਵਿਚ ਆਤਮਾ-ਪਰਮਾਤਮਾ ਵਾਂਗ ਕੋਈ ਭੇਦ ਹੋ ਨਹੀਂ ਸਕਦਾ। ਇਹ ਰੌਲਾ ਸਿਰਫ਼ ਤੇ ਸਿਰਫ਼ ਧਰਮ ਦੇ ਠੇਕੇਦਾਰ ਹੀ ਪਾ ਸਕਦੇ ਹਨ :
ਪਾਉਦੇ ਕਾਫ਼ਿਰ ਮੁਸਟੰਡੇ ਇਹ ਧਰਮ ਦੇ ਠੇਕੇਦਾਰ ਰੌਲਾਂ,
ਰੱਬ ਦਾ ਨਾ ਕੋਈ ਧਰਮ, ਕਾਫ਼ਿਰ ਕਿਹਨੂੰ ਕਹਾਂ?
‘‘ਮੈਂ ਹੋਇਆ ਮਸਤ ਕਲੰਦਰ’’ (ਪੰਨਾ-41)
ਇਕ ਹੋਰ ਮਿਸਾਲ :
ਉਚੇ ਨੀਵੇਂ ਮਜ਼ਹਬ, ਜਾਣੀਏ ਆਦਮ ਜਾਤ ਪਾਕ
ਸਾਡਾ ਪਿਉ ਇਕ ਹੈ, ਤੁਹਾਡੀ ਜਣਨੀ ਕਿਹੜੀ?
ਸਾਡਾ ਝੰਡਾ ਸ਼ਾਹੀ, ਤੁਹਾਡੀ ਗੁੱਡੀ ਕਿਹੜੀ?
ਅਲਫ਼ ਚੜ੍ਹਾਏ ਉਤਾਹਾਂ, ਤੁਹਾਡੀ ਬੋਲੀ ਕਿਹੜੀ?
‘‘ਮੈਂ ਹੋਇਆ ਮਸਤ ਕਲੰਦਰ’’ (ਪੰਨਾ-75)
‘ਫ਼ਕੀਰ ਈਸ਼ਵਰਦਾਸ ਦੇ ਰਹੱਸਵਾਦ’ ਦੀ ਥਾਹ ਪਾਉਣ ਲਈ ਡਾ. ਭਗਵੰਤ ਸਿੰਘ ਨੇ ‘ਰਹੱਸ’ ਸ਼ਬਦ ਦੀ ਥਾਹ ਪਾਉਣ ਲਈ ਭਾਈ ਕਾਨ੍ਹ ਸਿੰਘ ਨਾਭਾ, ਇੰਦ੍ਰੀਜ਼ਸ਼ਾਹ, ਪੰਜਾਬੀ ਸਾਹਿਤ ਕੋਸ਼, ਡਾ. ਜੀਤ ਸਿੰਘ ਸੀਤਲ, ਸਰਮਦ, ਪੰਜਾਬੀ ਸੂਫ਼ੀ ਕਾਵਿ ਵਿੱਚ ਮੌਤ ਦੀ ਚੇਤਨਾ (ਡਾ. ਸਤਵੰਤ ਕੌਰ), ਡਾ. ਬਲਦੇਵ ਸਿੰਘ ‘ਬੱਦਨ’ (ਪੰਜਾਬੀ ਸੂਫ਼ੀ ਕਾਵਿ) ਆਦਿ-ਆਦਿ ਵਿਦਵਾਨਾਂ ਵੱਲੋਂ ਦਿੱਤੇ ਮੱਤਾਂ ਦੇ ਅਨੁਸਾਰ ਫ਼ਕੀਰ ਜੀ ਦੀਆਂ ਰਚਨਾਵਾਂ ਦਾ ਗੰਭੀਰਤਾ ਨਾਲ ਅਧਿਐਨ ਕਰਦਿਆਂ ਮਨੁੱਖ ਦੇ ਆਪੇ ਦੀ ਪਹਿਚਾਣ ਕਰਦਿਆਂ ਮਨੁੱਖ ਅੰਦਰਲੀ ਦੂਈ ਨੂੰ ਮਿਟਾਉਾਂਦਿਆਂ ਮੈਂ’ ਨੂੰ ਮਾਰਨ ਦਾ ਅਮਲ ਸੂਫ਼ੀ ਰਹੱਸ ਹੈ। ਸੂਫ਼ੀਆਂ ਦੇ ਅਨੇਕਾਂ ਫ਼ਿਰਕੇ/ਸੰਪਰਦਾਵਾਂ ਹੋਣ ਦੇ ਬਾਵਜੂਦ ਇਨ੍ਹਾਂ ਵਿਚ ਤੋਬਾ, ਸ਼ੁਕਰ, ਰਜ਼ਾ, ਖ਼ੌਫ਼, ਫਕਰ, ਜੁਹਦ, ਤੌਹੀਦ (ਰੱਬ ਦੀ) ਮਰਜ਼ੀ ਨੂੰ ਆਪਣੀ ਮਰਜ਼ੀ ਸਮਝਣਾ, ਤਵੱਕਲ ਅਤੇ ਮੁਹੱਬਤ ਦੇ ਸਾਂਝੇ ਗੁਣਾਂ ਦਾ ਪ੍ਰਕਾਸ਼ਮਾਨ ਕਰਦਾ ਹੈ। ਇਨ੍ਹਾਂ ਰਾਹੀਂ ਸੂਫ਼ੀ ਮੁਰੀਦ ਸ਼ਰੀਅਤ, ਤਰੀਕਤ, ਮਾਅਰਫ਼ਤ, ਇਨਾਫ਼ਿਲਾ ਆਦਿ ਮੰਜ਼ਿਲਾਂ ਨੂੰ ਸਰ ਕਰਦੇ ਹਨ। ਸ਼ਾਹ ਇਨਾਇਤ ਦੀ ਤਾਕੀਦ ਬੁੱਲ੍ਹੇ ਸ਼ਾਹ ਨੂੰ ਇਹੀ ਸੀ ‘ਪੁੱਟਣਾਂ’ ਅਤੇ ਲਾਉਣਾ ਹੀ ਸੀ। ਇਸੇ ਪ੍ਰਕਾਰ ਸੂਫ਼ੀ ਸਾਧਕ ਦੀ ਮੰਜ਼ਿਲ ਤਾਂ ਰੱਬ ਨਾਲ ਅਭੇਦਤਾ ਤੱਕ ਦੀ ਹੀ ਸੀ। ਇਸ ਫ਼ਲਸਫ਼ੇ ਦੀ ਅਭਿਵਿਅਕਤੀ ਫ਼ਕੀਰ ਈਸ਼ਵਰ ਦੀਆਂ ਰਚਨਾਵਾਂ ਦੀ ਮਿਸਾਲਾਂ ਡਾ. ਸਾਹਿਬ ਵੱਲੋਂ ਥਾਂ-ਪੁਰ-ਥਾਂ ਦਰਜ ਹਨ :
ਯਾਰਬ ਸ਼ਾਹ ਰੱਬ ਵਾਹ ਰੱਬ, ਤੇਰਾ ਹੱਕ ਸੱਚ ਕਬੂਲ।
ਹੇਠਾਂ ਉਤਾਂਹ ਕਿਆਮਤ ਅਗਾਂਹ ਅਕਾਲ ਮੂਰਤ ਰਸੂਲ
ਖ਼ੁਦ ਖ਼ੁਦਾਈ ‘ਖਾਦੀ’ ਜੰਮਦੀ, ਖ਼ੁਦ ਖ਼ੁਦਾ ਕੱਢਦਾ ਸੂਲ
ਆਦਿ ਅੰਤ ਏਕ ਹੋ ਨੱਚਦਾ, ਕਰ ਬੰਦ ਦੁਨੀ ਕਰੇ ਮੂਲ
ਪੱਕੇ ਨਾਲ ਲਾ ਟੇਕੋ ਮੱਥਾ, ਹੈ ਏਕ ਹੋ ਰੱਬ ਰਸੂਲ
ਪ੍ਰਮਾਤਮਾ ਨਾਲ ਪ੍ਰੇਮ (ਮੁਹੱਬਤ) ਦਾ ਸੰਦੇਸ਼ ਦੇਣਾ ਸੂਫ਼ੀ-ਸਾਧਕਾਂ ਦਾ ਪ੍ਰਮੁੱਖ ਵਿਸ਼ਾ ਰਿਹਾ ਹੈ। ਇਕਮਿਕਤਾ ਦਾ ਰਹੱਸ ਪ੍ਰੇਮ ਦੇ ਬੋਲਾਂ, ਦਿਲੀ-ਸਿੱਕ, ਵਿਛੋੜੇ ਦਾ ਅਹਿਸਾਸ, ਮੈਂ (ਆਪਾ) ਦੇ ਅਹਿਸਾਸ ਦੀ ਹੋਂਦ ਮਿਟਾਉਣਾ, ਸਿਤਮ ਜਰਨਾ ਆਦਿ ਪੜਾਅ ਪਾਰ ਕਰਕੇ ਸੂਫ਼ੀਆਂ ਦੀ ਫ਼ਿਤਰਤ ਰਹੀ ਹੈ। ਫ਼ਕੀਰ ਜੀ ਵੱਲੋਂ ਰਚੀਆਂ ਰਚਨਾਵਾਂ ਵਿਚ ਥਾਂ-ਪੁਰ-ਥਾਂ ਵਰਨਣ ਮਿਲਦਾ ਹੈ :
‘‘ਅਸੀਂ ਹਾਂ ਕਲਮੇ ਯਾਰ ਦੇ
ਤੁਸੀਂ ਕਿਹੜੇ ਰੱਬ ਦੇ ਹੋ ਕੁੱਤੇ?
ਗਾਂ ਸੂਰ ਨਾਲ ਭਾਈਚਾਰਾ ਸਾਡਾ
ਤੁਸੀਂ ਕਿਹੜੇ ਖਸਮ ਨਾਲ ਹੋ ਸੁੱਤੇ?
ਡਾ. ਭਗਵੰਤ ਸਿੰਘ ਨੇ ‘ਸੂਫ਼ੀਆਨਾ ਰਹੱਸ ਅਨੁਭੂਤੀ’ ਖੋਜ ਪੁਸਤਕ ਬਹੁਤ ਹੀ ਮਿਹਨਤ ਨਾਲ ਸੰਪਾਦਿਤ ਕੀਤੀ ਹੈ। ਮੈਂ ਉਨ੍ਹਾਂ ਇਸ ਘਾਲਣਾ ਦਾ ਦਿਲੋਂ ਸਵਾਗਤ ਕਰਦਾ ਹਾਂ।
ਆਮੀਨ!
ਸੰਧੂ ਵਰਿਆਣਵੀ (ਪ੍ਰੋ.)