‘ਓਏ ਸਾਂਭਾ, ਕਿੰਨੇ ਆਦਮੀ ਸਨ?’ ਗੱਬਰ ਨੇ ਖੈਨੀ ਨੂੰ ਹਥੇਲੀ ‘ਤੇ ਰਗੜਦਿਆਂ ਪੁੱਛਿਆ।
‘ਸਰਦਾਰ ਦੋ’ ਸਾਰਿਆਂ ਨੇ ਇਕੱਠਿਆਂ ਜਵਾਬ ਦਿੱਤਾ।
‘ਤੁਸੀਂ ਸੂਰ ਦੇ ਬੱਚਿਓ, ਮੈਂ ਰਾਮਗੜ੍ਹ ਬਾਰੇ ਨਹੀਂ, ਮਹਾਂਕੁੰਭ ਬਾਰੇ ਪੁੱਛ ਰਿਹਾ ਹਾਂ।’ ਗੱਬਰ ਗੁੱਸੇ ਨਾਲ ਬੋਲਿਆ।
‘ਸਰਦਾਰ, ਤੁਹਾਡਾ ਇਹ ਸਵਾਲ ਸੁਣ ਕੇ ਹਰ ਕੋਈ ਕਨਫਿਊਜ਼ ਹੋ ਜਾਂਦਾ ਹੈ। ਅਸਲ ਵਿੱਚ ‘ਸਰਦਾਰ ਦੋ’ ਜਵਾਬ ਵਾਲੇ ਤੁਹਾਡੇ ਇਸ ਪ੍ਰਸ਼ਨ ਦਾ ਜਵਾਬ ਰਾਮਗੜ੍ਹ ਹੀ ਨਹੀਂ, ਸਗੋਂ ਪੂਰਾ ਦੇਸ਼ ਜਾਣ ਚੁੱਕਾ ਹੈ। ਇਕ ਮਿੰਟ ਜ਼ਰਾ ਗੂਗਲ ‘ਤੇ ਸਰਚ ਕਰ ਲਵਾਂ।’ ਲੈਪਟਾਪ ਤੇ ਸਰਚ ਕਰਦਿਆਂ ਸਾਂਭਾ ਅੱਗੇ ਬੋਲਿਆ, ‘ਸਰਦਾਰ ਪੈਂਹਟ ਕਰੋੜ।’
‘ਪੈਂ… ਹਟ ਕਰੋੜ!… ਮਹਾਂਜਾਮ ਅਤੇ ਰੇਲ ਪਥਰਾਅ ਦੇ ਵਿਚਕਾਰ ਸ਼ਾਹੀ ਇਸ਼ਨਾਨ ਛੇ ਅਤੇ ਨਹਾਉਣ ਵਾਲੇ ਪੈਂਹਟ ਕਰੋੜ? ਬਹੁਤ ਬੇਇਨਸਾਫ਼ੀ ਹੈ ਇਹ! ਫਿਰ ਤਾਂ ਗੁੱਜਰ ਵੀ ਆਇਆ ਹੋਵੇਗਾ!’ ਗੱਬਰ ਨੇ ਹੈਰਾਨੀ ਨਾਲ ਪੁੱਛਿਆ।
‘ਨਹੀਂ ਸਰਦਾਰ।’ ਸਾਂਭਾ ਨੇ ਯਕੀਨ ਨਾਲ ਦੱਸਿਆ।
‘ਫੇਰ ਕਾਹਦਾ ਮੇਲਾ, ਜੇ ਗੁੱਜਰ ਹੀ ਨਹੀ ਆਇਆ… ਵੈਸੇ ਹੋਲੀ ਕਦੋਂ ਦੀ ਹੈ?’ ਗੱਬਰ ਨੇ ਖੈਨੀ ਨੂੰ ਬੁੱਲ੍ਹਾਂ ਵਿਚਕਾਰ ਰੱਖਦਿਆਂ ਅਗਲਾ ਸਵਾਲ ਕੀਤਾ।
ਕਾਲੀਆ (ਸਿਰ ਖੁਰਕਦੇ ਹੋਏ) ‘ਇਸ ਸਾਲ ਬਹੁਤ ਕਨਫਿਊਜ਼ਨ ਹੈ, ਸਰਦਾਰ। ਕੋਈ ਕਹਿ ਰਿਹਾ ਹੈ 13 ਮਾਰਚ ਤੇ ਕੋਈ 14 ਮਾਰਚ… ‘
‘ਇਹ ਦੋ ਦਿਨਾਂ ਦਾ ਕੀ ਡਰਾਮਾ ਹੈ ਓਏ?’ ਗੱਬਰ ਨੇ ਖਿਝ ਕੇ ਪੁੱਛਿਆ।
‘ਸਰਦਾਰ ਭਦਰਾ ਦਾ ਪ੍ਰਕੋਪ।’ ਸਮੂਹਿਕ ਜਵਾਬ ਆਇਆ।
‘ਖੈਰ ਇਹ ਦੱਸ, ਇਸ ਵਾਰ ਰਾਮਗੜ੍ਹ ਵਾਲਿਆਂ ਨੇ ਕੀ ਤਿਆਰੀ ਕੀਤੀ ਹੈ?’ ਗੱਬਰ ਨੇ ਅਗਲਾ ਸੁਆਲ ਕੀਤਾ।
‘ਸਰਦਾਰ, ਸਾਰਿਆਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ।’
ਪੱਥਰ ‘ਤੇ ਬਹਿੰਦਿਆਂ ਗੱਬਰ ਨੇ ਪੁੱਛਿਆ – ‘ਅੱਛਾ?’
ਮੋਢੇ ਤੇ ਰਾਈਫਲ ਰੱਖਦਿਆਂ ਕਾਲੀਆ ਨੇ ਕਿਹਾ- ‘ਜੀ, ਕਾਫੀ ਬਿਜ਼ੀ ਸ਼ਡਿਊਲ ਹੈ ਪਿੰਡ ਵਾਲਿਆਂ ਦਾ। ਸਾਰੇ ਪਿੰਡ ਵਾਲਿਆਂ ਨੇ 5ਜੀ ਅਨਲਿਮਿਟਿਡ ਵਾਲਾ ਡਾਟਾ ਪੈਕ ਭਰਵਾ ਲਿਆ ਹੈ। ਹੋਲਿਕਾ ਦਹਨ ਤੋਂ ਲਗਾਤਾਰ ਦੋ ਦਿਨਾਂ ਤੱਕ ਸੋਸ਼ਲ ਮੀਡੀਆ ‘ਤੇ ਵਧਾਈ ਅਤੇ ਸ਼ੁਭਕਾਮਨਾਵਾਂ ਸੰਦੇਸ਼ ਭੇਜਣ ਅਤੇ ਪਿਚਕਾਰੀ, ਰੰਗ, ਗੁਜੀਆ, ਪੂੜੇ-ਪਕਵਾਨਾਂ ਦੀਆਂ ਤਸਵੀਰਾਂ ਇੱਕ ਦੂਜੇ ਨੂੰ ਵਟਸਐਪ ‘ਤੇ ਫਾਰਵਰਡ ਕਰਨ ਦੀ ਯੋਜਨਾ ਬਣਾਈ ਹੈ।’ ‘ਆਅ ਥੂਹ…, ਇਹ ਕੀ ਪਲਾਨ ਹੈ ਬਈ, ਮੋਬਾਈਲ-ਮੋਬਾਈਲ ਤੇ ਸੁੱਕੀ ਵਧਾਈ… ਅਸੀਂ ਤਾਂ ਖੂਬ ਜੰਮ ਕੇ ਰੰਗ-ਗੁਲਾਲ ਉਡਾਵਾਂਗੇ।’
‘ਪਰ ਸਰਦਾਰ ਸੇਵ ਵਾਟਰ ਅਤੇ ਰੰਗ ਗੁਲਾਲ ਕਾਰਨ ਪੈਦਾ ਹੋਣ ਵਾਲੀ ਰਸਾਇਣਕ ਪ੍ਰਤੀਕਿਰਿਆ ਨੂੰ ਦੇਖਦਿਆਂ ਹੋਲੀ ਦੇ ਬਾਈਕਾਟ ਦੀ ਮੁਹਿੰਮ ਵੀ ਚਲਾਈ ਗਈ ਹੈ।’ ਸਾਂਭਾ ਨੇ ਚੇਤਾਵਨੀ ਦਿੱਤੀ।
‘ਹੁਣ ਠਾਕੁਰ ਨੇ ਕਿਹੜੀ ਨਵੀਂ ਚਾਲ ਚੱਲ ਦਿੱਤੀ ਹੈ?’ ਗੱਬਰ ਨੇ ਸ਼ੱਕ ਨਾਲ ਪੁੱਛਿਆ।
‘ਸਰਦਾਰ, ਠਾਕੁਰ ਜਾਂ ਜੈ-ਵੀਰੂ ਨੇ ਨਹੀਂ, ਬਲਕਿ ਕੁਝ ਅਖੌਤੀ ਬੁੱਧੀਜੀਵੀਆਂ ਨੇ ਹੋਲੀ ਦੇ ਸਮੇਂ ਸੇਵ ਵਾਟਰ ਦਾ ਪ੍ਰਾਪੇਗੰਡਾ ਚਲਾਇਆ ਹੋਇਆ ਹੈ।’ ਸਾਂਭਾ ਨੇ ਸਥਿਤੀ ਸਪਸ਼ਟ ਕੀਤੀ।
‘ਘੋਰ ਸੰਕਟ ਹੈ ਯਾਰ… ਓ ਬਈ ਹੋਲੀ ਵਿੱਚ ਘੱਟੋ-ਘੱਟ ਕੋਈ ਨਾਚ-ਗਾਣੇ ਵਾਲੀ ਦਾ ਹੀ ਪ੍ਰਬੰਧ ਕਰ ਲਓ!’ ਗੱਬਰ ਨਿਰਾਸ਼ ਹੋ ਕੇ ਬੋਲਿਆ।
‘ਟੈਨਸ਼ਨ ਨਾ ਲਓ ਸਰਦਾਰ, ਮੈਟਾ ਇੰਸਟਾਗ੍ਰਾਮ ‘ਤੇ ਸਾਰਾ ਦਿਨ ਰੀਲਾਂ ਦੇਖਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਹੈ। ਹੋਲੀ ਅਤੇ ਭੋਜਪੁਰੀ ਗੀਤਾਂ ‘ਤੇ ਇੱਕ ਤੋਂ ਵੱਧ ਬਸੰਤੀ ਬਿਨਾਂ ਥੱਕਿਆਂ ਠੁਮਕੇ ਲਾਉਂਦੀ ਨਜ਼ਰ ਆਵੇਗੀ।’ ਇਹ ਕਹਿ ਕੇ ਸਾਂਭਾ ਨੇ ਲੈਪਟਾਪ ‘ਤੇ ‘ਹੈਪੀ ਹੋਲੀ’ ਦਾ ਸੁਨੇਹਾ ਟਾਈਪ ਕਰਕੇ ਡਿਜੀਟਲ ਹੋਲੀ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਮੂਲ : ਵਿਨੋਦ ਕੁਮਾਰ ਵਿੱਕੀ, ਖਗੜੀਆ
ਅਨੁ : ਪ੍ਰੋ ਨਵ ਸੰਗੀਤ ਸਿੰਘ, ਲਤਾ ਗਰੀਨ ਐਨਕਲੇਵ ਪਟਿਆਲਾ- 147002. (9417692015)