ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।
ਤਿੰਨ ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਵਾਂਗੇ।
ਗੁਰੂਆਂ ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ,
ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ।
ਇੱਕ-ਇੱਕ ਬੱਚੇ ਦੇ ਵਿੱਚ ਆਪਾਂ, ਅਣਖ ਦਾ ਬੀਜ ਉਗਾਵਾਂਗੇ।
ਸਾਰੇ ਧਰਮ ਹੀ ਉੱਚੇ-ਸੁੱਚੇ, ਸਾਰੇ ਰੰਗ ਹੀ ਚੰਗੇ ਨੇ,
ਇੱਕੋ ਜੋਤ ਤੋਂ ਪੈਦਾ ਹੋਏ, ਭਾਵੇਂ ਰੰਗ-ਬਿਰੰਗੇ ਨੇ।
ਗਲ਼ੀ ਗਲ਼ੀ ਵਿੱਚ ਜਾ ਕੇ, ਦੇਸ਼-ਪ੍ਰੇਮ ਦੇ ਗੀਤ ਹੀ ਗਾਵਾਂਗੇ।
ਹਿੰਦੋਸਤਾਨ ‘ਚ ਰਲ਼ ਕੇ ਰਹਿੰਦੇ, ਮੁਸਲਿਮ, ਸਿੱਖ ਜਾਂ ਹਿੰਦੂ ਨੇ,
ਸਾਂਝ ਇਨ੍ਹਾਂ ਵਿੱਚ ਪੱਕੀ-ਪੀਡੀ, ਹਿੰਦ-ਗਗਨ ਦੇ ਇੰਦੂ ਨੇ।
ਏਕੇ ਵਿੱਚ ਏਦਾਂ ਹੀ ਹਰਦਮ, ਸੁਰ ਤੇ ਤਾਲ ਮਿਲਾਵਾਂਗੇ।
ਧਰਤ ਨੂੰ ਰੱਖੀਏ ਹਰੀ ਭਰੀ, ਤੇ ਨਸ਼ਿਆਂ ਤੋਂ ਬੱਸ ਦੂਰ ਰਹੀਏ,
ਮੰਦਾ ਬੋਲ ਨਾ ਮੂੰਹੋਂ ਕੱਢੀਏ, ਨਾਲ਼ ਮੁਹੱਬਤ ਮਿਲ ਬਹੀਏ।
ਨਰ-ਨਾਰੀ ਤੇ ਬੱਚੇ ਮਿਲ ਕੇ, ਗੀਤ ਆਜ਼ਾਦੀ ਗਾਵਾਂਗੇ।
ਮਾਂ ਦਾ ਦਰਜਾ ਸਭ ਤੋਂ ਉੱਚਾ, ਔਰਤ ਦਾ ਸਤਿਕਾਰ ਕਰੋ,
ਵੱਡਿਆਂ ਅੱਗੇ ਸੀਸ ਝੁਕਾਈਏ, ਛੋਟਿਆਂ ਤਾਈਂ ਪਿਆਰ ਕਰੋ।
ਜ਼ਾਤ-ਕੁੱਲ ਨੂੰ ਤਜ ਕੇ, ਸਭ ਨੂੰ ਨਾਲ਼ ਗਲੇ ਦੇ ਲਾਵਾਂਗੇ।
ਪੱਤਾ ਪੱਤਾ ਮਹਿਕ ਰਿਹਾ ਹੈ, ਸਭ ਪਾਸੇ ਖ਼ੁਸ਼ਹਾਲੀ ਹੈ,
ਧਰਤੀ ਹੋਈ ਹੈ ਹੁਣ ਸਾਵੀ, ਮੁਸਕਾਉਂਦੀ ਹਰ ਡਾਲੀ ਹੈ।
ਪ੍ਰਦੂਸ਼ਣ ਤੋਂ ਕਰਨੀ ਤੋਬਾ, ਵਾਤਾਵਰਣ ਬਚਾਵਾਂਗੇ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)

