ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ (1563-1606 ਈ.) ਦੁਆਰਾ 1599 ਈ. ਵਿਚ ਸ਼ੁਰੂ ਕੀਤਾ ਗਿਆ। ਇਸ ਕਾਰਜ ਲਈ ਅੰਮ੍ਰਿਤਸਰ ਦੇ ਨੇੜੇ ਰਾਮਸਰ ਦੇ ਰਮਣੀਕ ਸਥਾਨ ਦੀ ਚੋਣ ਕੀਤੀ ਗਈ। ਇਸ ਪਾਵਨ ਗ੍ਰੰਥ ਨੂੰ ਲਿਖਣ ਦਾ ਮਾਣ ਭਾਈ ਗੁਰਦਾਸ ਜੀ (1553-1637 ਈ.) ਨੂੰ ਪ੍ਰਾਪਤ ਹੋਇਆ ਅਤੇ 1604 ਈ. ਵਿਚ ਇਹ ਮਹਾਨ ਕਾਰਜ ਸੰਪੂਰਨ ਹੋਇਆ। ਇਸਦਾ ਪਹਿਲਾ ਪ੍ਰਕਾਸ਼ 1604 ਈ. ਵਿਚ ਹੀ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ ਗਿਆ। ਪਿਛੋਂ ਗੁਰੂ ਗੋਬਿੰਦ ਸਿੰਘ ਜੀ (1666-1708 ਈ.) ਨੇ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਲਿਖਣਸਰ ਦੇ ਅਸਥਾਨ ਤੇ ਆਤਮਕ ਸ਼ਕਤੀ ਨਾਲ ਸੰਪੂਰਨ ਬਾਣੀ ਉਚਾਰ ਕੇ ਇਸ ਗ੍ਰੰਥ ਦਾ ਲਿਖਤੀ ਰੂਪ ਭਾਈ ਮਨੀ ਸਿੰਘ (1644-1734 ਈ.) ਪਾਸੋਂ ਤਿਆਰ ਕਰਵਾਇਆ, ਜਿਸ ਵਿਚ 31ਵੇਂ ਰਾਗ, ਜੈਜਾਵੰਤੀ, ਵਜੋਂ ਨੌਵੇਂ ਗੁਰੂ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ। ਇਸ ਪ੍ਰਕਰਣ ਬਾਰੇ ‘ਪੰਥ ਪ੍ਰਕਾਸ਼’ ਦੇ ਕਰਤਾ ਗਿਆਨੀ ਗਿਆਨ ਸਿੰਘ ਦਾ ਕਥਨ ਹੈ :
ਅਬ ਦਰਬਾਰ ਦਮਦਮਾ ਜਹਾਂ।
ਤੰਬੂ ਲਗਵਾ ਕੈ ਗੁਰ ਤਹਾਂ।
ਮਨੀ ਸਿੰਘ ਕੋ ਲਿਖਨ ਬਠੈ ਕੈ।
ਗੁਰ ਨਾਨਕ ਕਾ ਧਿਆਨ ਧਰੈ ਕੈ।
ਨਿਤਪ੍ਰਤਿ ਗੁਰੂ ਉਚਾਰੀ ਜੈਸੇ।
ਬਾਣੀ ਲਿਖੀ ਮਨੀ ਸਿੰਘ ਤੈਸੇ।
ਬੀੜ ਆਦਿ ਗੁਰ ਗ੍ਰੰਥੇ ਜੇਹੀ।
ਕਰੀ ਦਸਮ ਗੁਰ ਤਿਆਰ ਉਜੇਹੀ।
ਇਸੇ ਪ੍ਰਕਾਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ 1708 ਈ. ਵਿਚ ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ’ ਦਾ ਦਰਜਾ ਪ੍ਰਦਾਨ ਕਰਕੇ ਗੁਰਗੱਦੀ ਬਖਸ਼ੀ।
ਕੁੱਲ 1430 ਪੰਨਿਆਂ ਦੇ ਅੰਤਰਗਤ ਇਸ ਗ੍ਰੰਥ ਵਿਚ 6 ਗੁਰੂ ਸਾਹਿਬਾਨ (ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਤੇ ਗੁਰੂ ਤੇਗ ਬਹਾਦਰ), 15 ਭਗਤਾਂ (ਕਬੀਰ, ਨਾਮਦੇਵ, ਰਵਿਦਾਸ, ਰਾਮਾਨੰਦ, ਜੈਦੇਵ, ਤ੍ਰਿਲੋਚਨ, ਧੰਨਾ, ਸੈਣ, ਪੀਪਾ, ਭੀਖਨ, ਸਧਨਾ, ਪਰਮਾਨੰਦ, ਸੂਰਦਾਸ, ਬੇਣੀ ਤੇ ਬਾਬਾ ਫਰੀਦ), 11 ਭੱਟਾਂ (ਕਲ ਸਹਾਰ, ਜਾਲਪ, ਕੀਰਤ, ਭਿਖਾ, ਸਲ੍ਹ, ਭਲ੍ਹ, ਨਲ੍ਹ, ਗਯੰਦ, ਮੁਥਰਾ, ਬਲ੍ਹ ਤੇ ਹਰਿਬੰਸ) ਅਤੇ 4 ਗੁਰਸਿੱਖਾਂ (ਭਾਈ ਮਰਦਾਨਾ, ਰਾਇ ਬਲਵੰਡ, ਭਾਈ ਸਤਾ, ਬਾਬਾ ਸੁੰਦਰ) ਸਮੇਤ ਕੁੱਲ 36 ਬਾਣੀਕਾਰ ਹਨ । ਇਹ ਸੰਸਾਰ ਦਾ ਪਹਿਲਾ ਅਜਿਹਾ ਧਰਮ ਗ੍ਰੰਥ ਹੈ, ਜਿਸ ਵਿਚ ਨਾ ਸਿਰਫ ਵੱਖ-ਵੱਖ ਧਰਮਾਂ, ਸਗੋਂ ਵਿਭਿੰਨ ਸਭਿਆਚਾਰਾਂ, ਬੋਲੀਆਂ ਅਤੇ ਜਾਤਾਂ ਦੇ ਵਿਅਕਤੀਆਂ ਨੂੰ ਥਾਂ ਦੇ ਕੇ ਮਾਨਵ-ਸਨਮਾਨ ਨੂੰ ਮਹਾਨ ਰੁਤਬਾ ਪ੍ਰਦਾਨ ਕੀਤਾ ਹੈ। ਇਸ ਗ੍ਰੰਥ ਵਿਚ ਬਾਣੀ ਅੰਕਿਤ ਕਰਨ ਦੀ ਇੱਕੋ-ਇੱਕ ਕਸਵੱਟੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਸਨ, ਨਾ ਕਿ ਜ਼ਾਤ ਦੀ ਉਚੱਤਾ। ਇਸੇ ਕਰਕੇ ਹੀ ਜਿਥੇ ਭਗਤ ਰਵਿਦਾਸ ਚਮਾਰ ਜਾਤੀ ਨਾਲ ਸਬੰਧਿਤ ਹਨ, ਉਥੇ ਭਗਤ ਰਾਮਾਨੰਦ ਬ੍ਰਾਹਮਣ ਕੁੱਲ ਵਿਚੋਂ ਹਨ।
ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਿਲ ਬਾਣੀ ਸਮਕਾਲੀ ਸਮਾਜ ਤੇ ਸਭਿਆਚਾਰ ਦਾ ਅਜਿਹਾ ਦਸਤਾਵੇਜ਼ ਹੈ, ਜਿਸਦੇ ਬਾਣੀਕਾਰਾਂ ਨੇ ਜੀਵਨ-ਸ਼ੈਲੀ ਨੂੰ ਨਿਵੇਕਲੀ ਨੁਹਾਰ ਪ੍ਰਦਾਨ ਕੀਤੀ ਅਤੇ ਇਸ ਵਿਚ ਆਏ ਵਿਕਾਰਾਂ, ਕੁਰੀਤੀਆਂ ਅਤੇ ਪੁਰਾਣੀਆਂ ਤੇ ਜਰਜਰਿਤ ਮਾਨਤਾਵਾਂ ਵਿਰੁੱਧ ਆਪਣੀ ਅਵਾਜ਼ ਵੀ ਜ਼ੋਰਦਾਰ ਢੰਗ ਨਾਲ ਬੁਲੰਦ ਕੀਤੀ। ਬੇਸ਼ਕ ਸਾਰੇ ਬਾਣੀਕਾਰ ਉੱਚ ਆਤਮਿਕ ਤੇ ਅਧਿਆਤਮਕ ਮੰਡਲਾਂ ਦੇ ਵਾਸੀ ਸਨ ਪਰ ਮਾਨਵ-ਕਲਿਆਣ ਅਤੇ ਮਨੁੱਖੀ ਗੌਰਵ ਦੀ ਬਹਾਲੀ ਉਨ੍ਹਾਂ ਦਾ ਪਰਮ-ਪ੍ਰਥਮ ਲਕਸ਼ ਸੀ। ਇਸੇ ਲਈ ਜੀਵ ਅਤੇ ਜਗਤ ਸਬੰਧੀ ਰੂਹਾਨੀ ਅਭਿਵਿਅਕਤੀ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਸਭਿਆਚਾਰਕ ਮੁਹਾਂਦਰੇ ਨੂੰ ਵੀ ਨਿਰੂਪਤ ਕੀਤਾ। ਉਨ੍ਹਾਂ ਨੇ ਸਭਿਆਚਾਰ ਦੇ ਹਰ ਨਿੱਕੇ-ਵੱਡੇ ਪਹਿਲੂ/ਪੱਖਾਂ ਸਬੰਧੀ ਆਪਣੇ ਵਿਚਾਰਾਂ ਦੀ ਨਿਸ਼ਾਨਦੇਹੀ ਕੀਤੀ।
ਗੁਰੂ ਗ੍ਰੰਥ ਸਾਹਿਬ ਵਿਚ ਪ੍ਰਸਤੁਤ ਧਰਮ ਆਪਣੇ ਆਪ ਵਿਚ ਇਕ ਸਭਿਆਚਾਰਕ ਸੰਸਥਾ ਹੈ, ਜੋ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਰਜਸ਼ੀਲ ਹੈ। ਜਿਸ ਸਭਿਆਚਾਰ ਵਿਸ਼ੇਸ਼ ਵਿਚ ਕੋਈ ਸੰਵੇਦਨਸ਼ੀਲ ਕਵੀ, ਲੇਖਕ, ਬਾਣੀਕਾਰ ਜਾਂ ਭਗਤ ਪ੍ਰਵੇਸ਼ ਕਰਦਾ ਹੈ, ਉਹ ਸਭਿਆਚਾਰ ਉਹਦੇ ਰੋਮ-ਰੋਮ ਵਿਚ ਵੱਸਿਆ ਹੁੰਦਾ ਹੈ। ਸਭਿਆਚਾਰ ਬਣਦਾ ਹੀ ਉਦੋਂ ਹੈ, ਜਦੋਂ ਉਹ ਇੱਕ ਮਾਨਵ-ਸਮੂਹ ਦੀ ਚੇਤਨਾ ਅਤੇ ਵਿਅਕਤਿਤਵ ਦਾ ਅਨਿੱਖੜ ਹਿੱਸਾ ਬਣ ਚੁੱਕਾ ਹੋਵੇ ਅਤੇ ਕਿਸੇ ਵਿਸ਼ੇਸ਼ ਜਨ ਸਮੂਹ ਦੇ ਜੀਵਨ ਵਿਚ ਰਚਮਿਚ ਕੇ ਉਨ੍ਹਾਂ ਦੀ ਜੀਵਨ-ਧੜਕਣ ਬਣ ਚੁੱਕਾ ਹੋਵੇ।
ਭਾਰਤ ਦੇ ਇਤਿਹਾਸ ਵਿਚ ਮੱਧਕਾਲ ਦਾ ਮਹੱਤਵ ਇਸ ਵਿਚ ਚੱਲੇ ਭਗਤੀ ਅੰਦੋਲਨ ਕਰਕੇ ਹੈ। ਗੁਰੂ ਗ੍ਰੰਥ ਸਾਹਿਬ ਵਿਚ ਹਿੰਦੁਸਤਾਨ ਦੇ 500 ਸਾਲਾਂ (12 ਵੀਂ ਸਦੀ ਤੋਂ 17 ਵੀਂ ਸਦੀ ਤੱਕ) ਦਾ ਸਭਿਆਚਾਰਕ ਇਤਿਹਾਸ ਹੈ । ਇਹ ਉਹ ਸਮਾਂ ਸੀ ਜਦੋਂ ਭਾਰਤੀ ਚਿੰਤਨ ਅਤੇ ਸੰਸਕ੍ਰਿਤੀ ਇਕ ਪਰਿਵਰਤਨ ਕਾਲ ਦੇ ਸਨਮੁੱਖ ਆ ਜਾਂਦੀ ਹੈ। ਇਸ ਪਰਿਵਰਤਨ ਕਾਲ ਵਿਚ ਭਾਰਤੀ ਸੰਸਕ੍ਰਿਤੀ ਦਾ ਸਰੂਪ ਨਸ਼ਟ ਹੋਣ ਲਗਦਾ ਹੈ। ਇਸ ਵਿਨਾਸ਼ ਦੇ ਕਾਰਨ ਰਾਜਸੀ ਅਤੇ ਸ਼੍ਰੇਣੀਗਤ ਸਨ। ਗੁਰੂ ਗ੍ਰੰਥ ਸਾਹਿਬ ਨੂੰ ਕਈ ਆਲੋਚਕਾਂ ਨੇ ਭਗਤੀ ਲਹਿਰ ਦਾ ਹੀ ਅੰਗ ਮੰਨਿਆ ਹੈ, ਪਰ ਇਸ ਉਕਤੀ ਵਿਚ ਦਾਰਸ਼ਨਿਕ ਵਿਰੋਧ ਹੈ। ਰਾਮਾਨੁਜ ਸ਼ੰਕਰ ਦੇ ਅਦਵੈਤਵਾਦ ਵਿਰੁੱਧ ਸਰਵ-ਈਸ਼ਵਰਵਾਦ ਦਾ ਸੰਕਲਪ ਪੇਸ਼ ਕਰਦਾ ਹੈ ਅਤੇ ਇਹ ਤੱਥ ਭਗਤੀ ਕਾਵਿਧਾਰਾ ਦਾ ਵਿਸ਼ੇਸ਼ ਲੱਛਣ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਇੱਕ ਈਸ਼ਵਰ ਦੀ ਉਪਾਸ਼ਨਾ ਕੀਤੀ ਗਈ ਹੈ। ਗੁਰਮਤਿ ਸਾਹਿਤ ਦੇ ਪਰਵਰਤਕ ਸ਼ਾਇਰ ਗੁਰੂ ਨਾਨਕ ਦੇਵ ਜੀ (1469-1539 ਈ.) ਜੀਵਨ ਦੇ ਮੂਲ ਭੂਤ ਤੱਤਾਂ ਸਬੰਧੀ ਇਕ ਵਿਸ਼ੇਸ਼ ਅਤੇ ਆਧੁਨਿਕ ਦ੍ਰਿਸ਼ਟੀਕੋਣ ਰੱਖਦੇ ਸਨ। ਉਨ੍ਹਾਂ ਨੇ ਆਪਣੇ ਸਾਰੇ ਦਰਸ਼ਨ ਨੂੰ ਇਕ ਵਿਗਿਆਨਕ, ਸਭਿਆਚਾਰਕ ਅਤੇ ਯੁਗਾਨੁਕੂਲ ਸੇਧ ਦਿਤੀ ਅਤੇ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਰਮ-ਅਗੇਤ ਵਿਲੱਖਣਤਾ ਹੈ।
ਗੁਰੂ ਗ੍ਰੰਥ ਸਾਹਿਬ ਨੂੰ ਸਾਧਾਰਨ ਰੂੜ੍ਹੀਵਾਦੀ ਇੱਕ ਧਾਰਮਕ ਗ੍ਰੰਥ ਸਮਝ ਕੇ ਸਭਿਆਚਾਰਕ ਪਰਿਪੇਖ ਵਿਚ ਇਹਦਾ ਸਥਾਨ ਨਿਰਧਾਰਿਤ ਕਰਨੋਂ ਝਿਜਕਦੇ ਹਨ। ਪਰੰਤੂ ਇਸਦੇ ਵਿਸ਼ਲੇਸ਼ਣ ਪਿਛੋਂ ਇਕ ਵੱਖਰੇ ਸਿੱਟੇ ਤੇ ਪਹੁੰਚਿਆ ਜਾ ਸਕਦਾ ਹੈ। ਸਮਕਾਲੀਨ ਧਾਰਮਕ ਪਰੰਪਰਾਵਾਂ ਦੇ ਉਲਟ ਗੁਰੂ ਗ੍ਰੰਥ ਸਾਹਿਬ ਵਿਚ ਧਰਮ ਦਾ ਇਕ ਨਵੀਨ ਸੰਕਲਪ ਉਜਾਗਰ ਹੁੰਦਾ ਹੈ। ਜਿਸ ਵਿਚ ਵਿਅਕਤੀਵਾਦੀ ਰੁਚੀਆਂ ਦਾ ਪਰਿਤਿਆਗ ਕਰਕੇ ਸਾਮੂਹਿਕ ਭਗਤੀ ਦੁਆਰਾ ਮੋਖ (ਮੁਕਤੀ) ਦੀ ਪ੍ਰਾਪਤੀ ਦੱਸੀ ਗਈ ਹੈ। ਸਾਧ-ਸੰਗਤ, ਗੁਰਮਤਿ, ਬ੍ਰਹਮਗਿਆਨੀ, ਗੁਰੂ, ਜੀਵਨ-ਮੁਕਤਿ ਆਦਿ ਵਿਸ਼ੇਸ਼ਣ ਇਸੇ ਸਾਮੂਹਿਕ ਭਗਤੀ ਵੱਲ ਉਲੇਖ ਕਰਦੇ ਹਨ। ਗੁਰਮਤਿ ਵਿਚ ਵਿਤਰੇਕਵਾਦੀ ਰੁਚੀਆਂ ਨੂੰ ਵੰਗਾਰਿਆ ਗਿਆ ਹੈ ਅਤੇ ਜੀਵਨ ਵਿਚ ਰਹਿ ਕੇ ਹੀ ਇਸ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦਿਤਾ ਗਿਆ ਹੈ। ਮਧਕਾਲੀਨ ਪੰਜਾਬੀ ਸਭਿਆਚਾਰ ਵਿਚ ਔਰਤ, ਸਤੀ ਪ੍ਰਥਾ, ਹਾਰ ਸ਼ਿੰਗਾਰ, ਵੇਸ, ਭੇਖ, ਪਹਿਰਾਵਾ, ਵਰਣ ਵੰਡ, ਮੂਰਤੀ ਪੂਜਾ, ਪੁੰਨ-ਦਾਨ, ਨਿਮਾਜ਼, ਕਲਮਾ, ਸੁੰਨਤ, ਤੀਰਥ ਇਸ਼ਨਾਨ ਅਤੇ ਸੰਸਕਾਰ ਆਦਿ ਨੂੰ ਮਹੱਤਵ ਦਿਤਾ ਗਿਆ ਹੈ। ਵੈਦਿਕ ਕਾਲ ਵਿਚ ਬੇਸ਼ਕ ਔਰਤ ਨੂੰ ਸਨਮਾਨਯੋਗ ਸਥਾਨ ਹਾਸਲ ਸੀ ਪਰ ਜੋਗੀ-ਕਾਲ ਤਕ ਇਹਦਾ ਦਰਜਾ ਘਟਦਾ ਗਿਆ ਅਤੇ ਭਗਤੀ ਕਾਲ ਵਿਚ ਇਸਤ੍ਰੀ ਨੂੰ ਤ੍ਰਿਸਕਾਰ ਵਜੋਂ ਵੇਖਿਆ ਗਿਆ। ਬਹੁ-ਪਤਨੀਵਾਦ, ਸਤੀ ਪ੍ਰਥਾ, ਜੰਮਦਿਆਂ ਹੀ ਲੜਕੀਆਂ ਨੂੰ ਮਾਰ ਦੇਣਾ ਉਸ ਸਭਿਆਚਾਰ ਦਾ ਅਟੁੱਟ ਅੰਗ ਬਣ ਗਿਆ। ਇਥੋਂ ਤਕ ਕਿ ਸੰਤਾਂ-ਮਹਾਤਮਾ ਅਤੇ ਨਾਥਾਂ ਜੋਗੀਆਂ ਨੇ ਔਰਤ ਲਈ ਨਾਗਣ, ਬਾਘਣ, ਪਾਪਣ, ਨਾਰਕੀ, ਸੱਪਣੀ ਆਦਿ ਸ਼ਬਦਾਂ ਦੀ ਵਰਤੋਂ ਕੀਤੀ। ਸਮਕਾਲੀ ਸਭਿਆਚਾਰ ਵਿਚ ਔਰਤ ਦੀ ਤ੍ਰਾਸਦਿਕ ਹਾਲਤ ਨੂੰ ਵੇਖਦਿਆਂ ਅਤੇ ਸਭਿਅ ਸਮਾਜ ਵਿਚ ਔਰਤ ਦੇ ਮਹੱਤਵ ਨੂੰ ਸਵੀਕਾਰਦਿਆਂ ਗੁਰੂ ਨਾਨਕ ਦੇਵ ਜੀ ਨੇ ਔਰਤ ਦੇ ਹੱਕ ਵਿਚ ਅਤੇ ਗੁਰੂ ਅਮਰਦਾਸ ਨੇ ਸਤੀ ਪ੍ਰਥਾ ਦੇ ਵਿਰੋਧ ਵਿਚ ਜ਼ੋਰਦਾਰ ਆਵਾਜ਼ ਬੁਲੰਦ ਕੀਤੀ :
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਜਾਨ ॥
(ਆਸਾ, 1473)
ਗੁਰੂ ਕਾਲ ਤੋਂ ਪਹਿਲਾਂ ਸਮਕਾਲੀ ਸਮਾਜ ਵਿਚ ਸਰਵਪੱਖੀ ਅਰਾਜਿਕਤਾ ਸੀ। ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦਾ ਵਿਸ਼ੇਸ਼ ਯੋਗਦਾਨ ਇਹ ਹੈ ਕਿ ਇਸ ਨੇ ਇਕ ਨਵੀਨ ਸਦਾਚਾਰਕ-ਸਭਿਆਚਾਰਕ-ਸ਼ਾਸਤਰ ਨੂੰ ਜਨਮ ਦਿਤਾ, ਜੋ ਯੁਗਾਨੁਕੂਲ ਵੀ ਸੀ ਅਤੇ ਆਧੁਨਿਕ ਵੀ। ਮਾਨਵੀ ਕੀਮਤਾਂ ਦੇ ਵਿਸ਼ੇਸ਼ ਪੈਟਰਨ ਦੁਆਰਾ ਹੀ ਸਭਿਅਤਾ ਦਾ ਵਿਕਾਸ ਹੁੰਦਾ ਹੈ ਪਰੰਤੂ ਕਈ ਵੇਰ ਪੁਰਾਣੀਆਂ ਤੇ ਜਰਜਰਿਤ ਪਰੰਪਰਾਵਾਂ ਦਾ ਤਿਆਗ ਵੀ ਕਰਨਾ ਪੈਂਦਾ ਹੈ :
ਹਕੁ ਪਰਾਇਆ ਨਾਨਕਾ ਉਸ ਸੂਅਰ ਉਸ ਗਾਇ ॥
ਗੁਰੂ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥
(ਮਾਝ, 1141)
ਲਗਭਗ ਹਰ ਸਭਿਆਚਾਰ ਪਹਿਰਾਵਾ, ਹਾਰ ਸ਼ਿੰਗਾਰ, ਗਹਿਣਿਆਂ ਆਦਿ ਨੂੰ ਮਹੱਤਵ ਦਿੰਦਾ ਹੈ। ਸਮੇਂ ਅਤੇ ਸਥਿਤੀ ਅਨੁਸਾਰ ਲੋਕ ਵਿਭਿੰਨ ਪਹਿਰਾਵਾ ਧਾਰਨ ਕਰਦੇ ਹਨ। ਪਹਿਰਾਵਾ ਸਭਿਆਚਾਰਕ ਚਿਹਨ ਹੈ। ਗੁਰੂ ਗ੍ਰੰਥ ਸਾਹਿਬ ਵਿਚ ਲੋਕ-ਕਾਵਿ ਰੂਪਾਂ, ਲੌਕਿਕ ਬਿੰਬਾਂ, ਉਪਮਾਨਾਂ ਰਾਹੀਂ ਲੌਕਿਕ ਸਭਿਆਚਾਰ ਦਾ ਵਾਤਾਵਰਣ ਸਿਰਜਿਆ ਗਿਆ ਹੈ। ਆਪਣੇ ਸਭਿਆਚਾਰ ਨੂੰ ਤਿਆਗ ਕੇ ਵਿਦੇਸ਼ੀ ਸਭਿਆਚਾਰ ਅਪਣਾਉਣ ਵਾਲਿਆਂ ਪ੍ਰਤੀ ਵੀ ਆਦਿ ਗ੍ਰੰਥ ਵਿਚ ਸੰਕੇਤ ਮਿਲਦੇ ਹਨ :
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ॥
ਜਿਨ੍ਹੀ ਵੇਸੀ ਸਹੁ ਮਿਲੈ ਸੋਈ ਵੇਸ ਕਰੇਉ॥
(ਫਰੀਦ, 62)
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ॥
(ਆਸਾ, 1470)
ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ ॥
ਮਲੇਛ ਧਾਨੁ ਲੇ ਪੂਜਹਿ ਪੁਰਾਣੁ ॥
(ਆਸਾ, 1472)
ਗੁਰੂ ਨਾਨਕ ਦੇਵ ਜੀ ਦੇ ਆਗਮਨ ਸਮੇਂ ਦੁਨੀਆਂ ਵਿਚ ਹਰ ਪਾਸੇ ਅਨਾਚਾਰ ਫੈਲਿਆ ਹੋਇਆ ਸੀ। ਇਸ ਪ੍ਰਕਾਰ ਦੀ ਦੁਰਾਚਾਰੀ ਸਭਿਆਚਾਰਕ ਅਵਸਥਾ ਬਾਰੇ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਕਈ ਥਾਈਂ ਉਲੇਖ ਕੀਤਾ ਹੈ। ਭਾਈ ਗੁਰਦਾਸ ਦੀਆਂ ਵਾਰਾਂ ਵਿਚ ਵੀ ਅਜਿਹੇ ਯੁਗ ਦੀ ਯਥਾਰਥਕ ਤਸਵੀਰ ਦਾ ਸਟੀਕ ਅਭਿਵਿਅੰਜਨ ਮਿਲਦਾ ਹੈ :
ਕਲਿ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖਹੁ ਆਲਾਈ।
ਚੇਲੇ ਬੈਠਨ ਘਰਾਂ ਵਿਚ ਗੁਰ ਉਠ ਘਰੀਂ ਤਿਨਾੜੇ ਜਾਈ ।
ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਵਿਧ ਭਾਈ।
ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ।
ਇਸਤ੍ਰੀ ਪੁਰਖੈ ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ। ਵਰਤਿਆ ਪਾਪ ਸਭਸੁ ਜਗ ਮਾਂਹੀ।
(ਵਾਰ 1, ਪਉੜੀ 30)
ਅਜਿਹੀਆਂ ਇਤਿਹਾਸਕ ਪਰਿਸਥਿਤੀਆਂ ਦੀ ਭਿਆਨਕਤਾ ਨੂੰ ਨਸ਼ਟ ਕਰਨ ਹਿਤ ਗੁਰੂ ਨਾਨਕ ਦੇਵ ਜੀ ਨੇ ਪੀੜਤ ਅਤੇ ਵਿਆਕੁਲ ਲੋਕਾਈ ਨੂੰ ਆਪਣੀ ਸ਼ਬਦ-ਬਾਣੀ ਨਾਲ ਸ਼ਾਂਤ ਕਰਨ ਲਈ ਸਭਿਆਚਾਰਕ ਤਬਦੀਲੀ ਲਿਆਉਣ ਵਿਚ ਭਰਪੂਰ ਯੋਗਦਾਨ ਦਿਤਾ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੀਆ ਪ੍ਰਚੱਲਿਤ ਪਰੰਪਰਾਵਾਂ ਦੇ ਆਗੂਆਂ ਨਾਲ ਵਾਰਤਾਲਾਪ ਸ਼ੁਰੂ ਕੀਤਾ। ਦੇਸ਼-ਵਿਦੇਸ਼ ਜਾ ਕੇ ਉਨ੍ਹਾਂ ਨੇ ਵਿਚਾਰਧਾਰਕ ਸੰਵਾਦ ਰਾਹੀਂ ਸਭਿਆਚਾਰਕ ਪ੍ਰਸੰਗ ਨੂੰ ਕਾਵਿਕ ਅਭਿਵਿਅਕਤੀ ਪ੍ਰਦਾਨ ਕੀਤੀ ।
ਸਾਮੰਤੀ ਵਿਵਸਥਾ ਵਾਲਾ ਯੁਗ ਹੋਣ ਕਰਕੇ ਸਮਕਾਲੀ ਸ਼ਾਸਕ ਪ੍ਰਤੱਖ ਤੇ ਪਰੋਖ ਢੰਗ ਨਾਲ ਸਭਿਆਚਾਰ ਨੂੰ ਪ੍ਰਭਾਵਿਤ ਕਰਦੇ ਰਹੇ। ਦੁਨਿਆਵੀ ਰਾਜਿਆਂ/ਰਾਜਨੀਤੀ ਨਾਲ ਬਾਣੀਕਾਰਾਂ ਦਾ ਕੋਈ ਸਰੋਕਾਰ ਨਾ ਹੋਣ ਦੇ ਬਾਵਜੂਦ ਸਮਕਾਲੀ ਸਭਿਆਚਾਰ ਵਿਚ ਵਿਆਪਤ ਉਨ੍ਹਾਂ ਦੇ ਬਹੁਤ ਸਾਰੇ ਅਜਿਹੇ ਲੱਛਣਾਂ ਅਤੇ ਕਮਜ਼ੋਰੀਆਂ ਪ੍ਰਤੀ ਗੁਰੂ ਸਾਹਿਬਾਨ ਅਤੇ ਭਗਤਾਂ ਦਾ ਧਿਆਨ ਜਾਣਾ ਸੁਭਾਵਕ ਸੀ। ‘ਬਾਬਰ ਵਾਣੀ’ ਵੀ ਗੁਰੂ ਗ੍ਰੰਥ ਸਾਹਿਬ ਵਿਚ ਵੇਖੀ ਜਾ ਸਕਦੀ ਹੈ। ਚਾਰਲਸ ਬਾਦਲੇਅਰ ਅਨੁਸਾਰ ਤਾਂ ਸਾਹਿਤ ਜ਼ੁਲਮ ਤੋਂ ਇਨਕਾਰ ਹੈ। ਰਾਜਨੀਤਕ ਸਥਿਤੀਆਂ ਦੀ ਕ੍ਰਾਂਤੀਕਾਰੀ ਅਭਿਵਿਅਕਤੀ ਸਾਹਿਤ ਵਿੱਚ ਪ੍ਰਸਤੁਤ ਹੁੰਦੀ ਹੈ। ਡਾ. ਜਗਬੀਰ ਸਿੰਘ ਅਨੁਸਾਰ ਇਹ ਮਾਡਲ ਸਾਮੰਤਵਾਦ ਅਤੇ ਜਾਗੀਰਦਾਰੀ ਅਰਥ ਵਿਵਸਥਾ ਦੀ ਹਿੰਸਾ ਨੂੰ ਹੀ ਨੰਗਿਆਂ ਨਹੀਂ ਕਰਦਾ, ਸਗੋਂ ਪੀੜਤ ਲੋਕਾਈ ਦੇ ਮਨ ਵਿਚ ਇਸ ਅਤਿਆਚਾਰੀ ਸ਼ਾਸ਼ਨ ਦੀ ਅਸਥਿਰਤਾ ਦਾ ਅਹਿਸਾਸ ਜਗਾ ਕੇ ਨੈਤਿਕ ਮਨੋਬਲ ਧਾਰਨ ਕਰਨ ਲਈ ਪ੍ਰੇਰਦਾ ਹੈ। ਤਤਕਾਲੀਨ ਰਾਜਿਆਂ ਦੇ ਤਾਨਾਸ਼ਾਹੀ ਕਿਰਦਾਰ, ਪਰਜਾ ਦੇ ਹਿੱਤ/ਔਗੁਣ ਲਿਆ ਕਰਕੇ ਉਨ੍ਹਾਂ ਤੇ ਤਸ਼ੱਦਦ ਕਰਨਾ, ਧਨ-ਦੌਲਤ ਤੇ ਲਾਮ ਲਸ਼ਕਰ ਨੂੰ ਹੀ ਸਦੀਵੀ ਸਮਝਣਾ ਰਾਜਸੀ ਸਭਿਆਚਾਰ ਦੇ ਚਿਹਨ ਹਨ, ਜਿਨ੍ਹਾਂ ਨੂੰ ਬਾਣੀਕਾਰਾਂ ਨੇ ਉਲੇਖਯੋਗ ਰੂਪ ਵਿਚ ਪ੍ਰਸਤੁਤ ਕੀਤਾ ਹੈ :
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
ਹਉ ਭਾਲਿ ਵਿਕੁੰਨੀ ਹੋਈ॥
ਆਧੇਰੈ ਰਾਹੂ ਨ ਕੋਈ॥
ਵਿਚਿ ਹਉਮੈ ਕਰਿ ਦੁਖੁ ਰੋਈ॥
(ਮਾਝ, 1145)
ਧਰਮ ਅਤੇ ਸਮਾਜ ਅੰਤਰ-ਸਬੰਧਿਤ ਹੋਣ ਕਰਕੇ ਇਕ ਦੂਜੇ ਤੇ ਆਧਾਰਿਤ ਹਨ। ਧਰਮ ਵਿਚ ਗਿਰਾਵਟ ਆਉਣ ਕਰਕੇ ਸਮਾਜ ਵਿਚ ਵੀ ਵਿਕਾਰ ਪੈਦਾ ਹੋ ਜਾਂਦੇ ਹਨ। ਭਾਰਤੀ ਸਮਾਜ ਪ੍ਰਬੰਧ ਦਾ ਮੂਲਾਧਾਰ ਵਰਣ-ਵਿਧਾਨ ਹੈ। ਪਰ ਮੱਧਕਾਲ ਵਿਚ ਵਰਣਾਸ਼੍ਰਮ ਦਾ ਮਹੱਤਵ ਨਾਮਾਤਰ ਹੀ ਰਹਿ ਗਿਆ ਸੀ। ਮੱਧਕਾਲ ਦੇ ਕਰੀਬ ਸਾਰੇ ਨਿਰਗੁਣਵਾਦੀ ਸਾਧਕਾਂ ਨੇ ਭਗਤੀ ਦੇ ਖੇਤਰ ਵਿਚ ਜਾਤ-ਪਾਤ ਨੂੰ ਗੈਰ ਜ਼ਰੂਰੀ ਸਮਝਿਆ। ਗੁਰੂ ਸਾਹਿਬਾਨ ਨੇ ਉਚ ਕੁੱਲ ਵਿਚੋਂ ਹੋਣ ਦੇ ਬਾਵਜੂਦ ਵਰਣ-ਧਰਮ ਦਾ ਵਿਰੋਧ ਕੀਤਾ। ਉਨ੍ਹਾਂ ਨੇ ਖ਼ੁਦ ਨੂੰ ਸਭ ਤੋਂ ਨੀਵਾਂ ਮੰਨ ਕੇ ਤਥਾਕਥਿਤ ਨੀਚਾਂ ਦੀ ਸੰਗਤ ਵਿਚ ਰਹਿਣਾ ਉਚਿਤ ਮੰਨਿਆ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥
(ਸਿਰੀ, 115)
ਗਰਭਵਾਸ ਮਹਿ ਕੁਲੁ ਨਹੀ ਜਾਤੀ॥
ਬ੍ਰਹਮ ਬਿੰਦੁ ਤੇ ਸਭ ਉਤਪਾਤੀ॥
… … … … …
ਤੁਮ ਕਤ ਬ੍ਰਾਹਮਣ ਹਮ ਕਤ ਸੂਦ॥
ਹਮ ਕਤ ਲੋਹੂ ਤੁਮ ਕਤ ਦੂਧ ॥
(ਗਉੜੀ ਕਬੀਰ, 324)
ਅਨੇਕ ਪ੍ਰਕਾਰ ਦੇ ਸਾਧੂਆਂ, ਜੋਗੀਆਂ, ਸੰਨਿਆਸੀਆਂ ਆਦਿ ਨਾਲ ਸੰਵਾਦ ਰਚਾ ਕੇ ਗੁਰੂ ਸਾਹਿਬਾਨ ਨੇ ਗ੍ਰਹਿਸਥ ਮਾਰਗ ਨੂੰ ਸਭ ਤੋਂ ਉੱਤਮ ਸਿੱਧ ਕੀਤਾ। ਗੁਰੂ ਸਾਹਿਬਾਨ ਖੁਦ ਅਤੇ ਉਨ੍ਹਾਂ ਦੇ ਅਨੁਯਾਈ ਵੀ ਇਸ ਅਨੁਸ਼ਾਸਨ ਦੇ ਪਾਬੰਦ ਸਨ। ਗੁਰਮਤਿ ਅਨੁਸਾਰ ਜੋ ਮਨੁੱਖ ਬੈਰਾਗ ਵਿਚ ਆ ਕੇ ਆਪਣਾ ਘਰਬਾਰ ਤਿਆਗ ਕੇ ਗ੍ਰਹਿਸਥ ਜੀਵਨ ਛੱਡ ਦਿੰਦਾ ਹੈ, ਉਹ ਫਿਰ ਢਿੱਡ ਭਰਨ ਲਈ ਦੂਜਿਆਂ ਦੇ ਘਰਾਂ ਵੱਲ ਤਕਦਾ ਹੈ। ਗ੍ਰਹਿਸਥ ਧਰਮ ਦੀ ਪਾਲਣਾ ਲਈ ਉੱਦਮ ਕਰਨਾ ਬਹੁਤ ਜ਼ਰੂਰੀ ਹੈ। ਗੁਰਮਤਿ ਦੇ ਤਿੰਨ ਸ੍ਰੇਸ਼ਟ ਸਿਧਾਂਤਾਂ (ਕਿਰਤ ਕਰਨਾ, ਵੰਡ ਛਕਣਾ, ਨਾਮ ਜਪਣਾ) ਵਿਚੋਂ ਕਿਰਤ ਨੂੰ ਸਰਵਉਤਮ ਮੰਨਿਆ ਗਿਆ ਹੈ। ਗੁਰਮਤਿ ਅਨੁਸਾਰ ਧਰਮ ਸਾਧਨਾ ਜੀਵਨ ਵਿਹੂਣੀ ਨਹੀਂ, ਜੀਵਨਮਈ ਹੈ। ਇਹ ਭਾਵਨਾ ਸਭਿਆਚਾਰਕ ਗੌਰਵ ਦਾ ਮੂਲ ਤੱਤ ਹੈ :
ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥
(1245)
ਗੁਰਬਾਣੀ ਵਿਚ ਵਹਿਮਾਂ, ਭਰਮਾਂ, ਪਾਖੰਡਾਂ, ਕਰਮਕਾਂਡਾਂ ਆਦਿ ਦਾ ਬੜੀ ਦ੍ਰਿੜਤਾ ਨਾਲ ਖੰਡਨ ਕੀਤਾ ਗਿਆ ਹੈ, ਕਿਉਂਕਿ ਇਹ ਮਨੁੱਖਤਾ ਦੇ ਸੁਖਾਵੇਂ ਵਿਕਾਸ ਵਿਚ ਰੁਕਾਵਟ ਹਨ। ਇਸੇ ਪ੍ਰਕਾਰ ਸ਼ਰਾਧ, ਜੰਤਰ-ਮੰਤਰ, ਜਾਦੂ-ਟੂਣੇ, ਪੁੰਨ-ਪਾਪ, ਨਰਕ-ਸੁਰਗ, ਰਿੱਧੀਆਂ-ਸਿੱਧੀਆਂ ਆਦਿ ਨੂੰ ਵਿਅਰਥ ਦੱਸਿਆ ਗਿਆ ਹੈ। ਮੱਧਕਾਲੀਨ ਪੰਜਾਬੀ ਸਭਿਆਚਾਰ ਵਿਚ ਇਨ੍ਹਾਂ ਦਾ ਭਰਪੂਰ ਬੋਲਬਾਲਾ ਸੀ। ਭੇਖੀ ਲੋਕ ਆਮ ਜਨਤਾ ਨੂੰ ਇਨ੍ਹਾਂ ਦਾ ਡਰਾਵਾ ਦੇ ਕੇ ਉਨ੍ਹਾਂ ਨੂੰ ਆਪਣੇ ਵਲ ਆਕਰਸ਼ਿਤ ਕਰਦੇ ਸਨ ਅਤੇ ਭੇਟਾਵਾਂ ਲੈ ਕੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਤੋਂ ਮੁਕਤ ਕਰਨ ਦਾ ਦਾਅਵਾ ਕਰਦੇ ਸਨ । ਬਾਣੀਕਾਰਾਂ ਨੇ ਫੋਕੇ/ਅੰਧ ਵਿਸ਼ਵਾਸਾਂ, ਰੀਤਾਂ ਅਤੇ ਲੋਕ ਵਿਖਾਵਿਆਂ ਦਾ ਵਿਰੋਧ ਕੀਤਾ ਹੈ :
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ॥
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ॥
ਨਾਨਕ ਜਿਨ੍ਹੀ ਗੁਰਮੁਖਿ ਬੁਝਿਆ ਤਿਨਾ ਸੂਤਕੁ ਨਾਹਿ॥
(ਵਾਰ ਆਸਾ, 1472)
ਝੂਠੁ ਨ ਬੋਲਿ ਪਾਡੇ ਸਚੁ ਕਹੀਐ॥
ਹਉਮੈ ਜਾਇ ਸਬਦਿ ਘਰੁ ਲਹੀਐ॥੨॥ ਰਹਾਉ॥
ਗਣਿ ਗਣਿ ਜੋਤਕੁ ਕਾਂਡੀ ਕੀਨੀ॥
ਪੜੈ ਸੁਣਾਵੈ ਤਤ ਨ ਚੀਨੀ॥
(ਰਾਮਕਲੀ, 904)
ਇਸ ਪ੍ਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀਕਾਰਾਂ ਨੇ ਪੰਜਾਬ ਦੇ ਸਭਿਆਚਾਰਕ ਪਰਿਪੇਖ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਪੰਜਾਬੀ ਆਚਰਣ ਵਿਚ ਉਨ੍ਹਾਂ ਸਭਿਅ-ਕੀਮਤਾਂ ਨੂੰ ਪਰਿਪੱਕ ਕੀਤਾ, ਜੋ ਜੀਵਨ ਨੂੰ ਮਿੱਠਾ, ਪਿਆਰਾ ਤੇ ਰੌਸ਼ਨ ਬਣਾਉਂਦੀਆਂ ਹਨ। ਗੁਰਬਾਣੀ-ਦਰਸ਼ਨ ਨੇ ਪੰਜਾਬੀ ਸਭਿਆਚਾਰ ਤੇ ਅਮਿਟ ਪ੍ਰਭਾਵ ਪਾਇਆ ਹੈ। ਸਿੱਖ ਧਰਮ ਦੀ ਰੋਜ਼ਾਨਾ ਅਰਦਾਸ ਵਿਚ ਸ਼ਾਮਲ ਹੈ :
ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਭਾਣੇ ਸਰਬਤ ਦਾ ਭਲਾ।
ਨਿਸ਼ਕਰਸ਼ ਵਜੋਂ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀ ਦੇਸ਼ (space) ਅਤੇ ਕਾਲ (time) ਤੋਂ ਤ੍ਰੈਗੁਣਾਤੀਤ (transcend) ਹੋ ਕੇ ਉਸ ਵਲਦਾਰ ਰੂਪ (spiral form) ਦੀ ਸਿਰਜਣਾ ਕਰਦੀ ਹੈ, ਜਿਸ ਲਈ ਹਰ ਸਾਹਿਤ ਸਦੀਆਂ ਤੋਂ ਤਾਂਘਦਾ ਰਿਹਾ ਹੈ। ਵਿਅਕਤੀ ਨੂੰ ਉਸਦੀ ਹੋਂਦ (being), ਅਸਤਿਤਵ (existance) ਅਤੇ ਸੰਭਾਵਨਾਵਾਂ (becomings) ਦਰਸਾਉਣ ਹਿਤ ਗੁਰੂ ਗ੍ਰੰਥ ਸਾਹਿਬ ਦਾ ਪੰਜਾਬ ਦੇ ਸਭਿਆਚਾਰਕ ਇਤਿਹਾਸ ਵਿੱਚ ਸ਼ਿਰੋਮਣੀ ਦਰਜਾ ਹੈ। ਇਸ ਬਾਰੇ ਤਾਂ ਇਹੋ ਕਿਹਾ ਜਾ ਸਕਦਾ ਹੈ :
ਤੂ ਸੁਲਤਾਨ ਕਹਾ ਹਉ ਮੀਆ ਤੇਰੀ ਕਵਨ ਵਡਾਈ ॥
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣ ਨ ਜਾਈ ॥
(ਬਿਲਾਵਲ, 1795)
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)