ਦੁਨੀਆਂ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਧਰਮ ਹੇਤ ਆਪਣੀ ਸ਼ਹਾਦਤ ਦਿੱਤੀ। ਉਨ੍ਹਾਂ ਦੀ ਸ਼ਹਾਦਤ ਦਾ ਮੁੱਖ ਕਾਰਣ ਔਰੰਗਜ਼ੇਬ ਦੀ ਤੁਅੱਸਬੀ ਨੀਤੀ ਮੰਨਿਆ ਜਾਂਦਾ ਹੈ। ਔਰੰਗਜ਼ੇਬ ਜਿਸਨੇ ਆਪਣੇ ਭਰਾਵਾਂ ਨੂੰ ਕਤਲ ਕਰਾਇਆ ਅਤੇ ਪਿਤਾ ਸ਼ਾਹਜਹਾਨ ਨੂੰ ਕੈਦ ਵਿੱਚ ਰੱਖਿਆ। ਔਰੰਗਜੇਬ ਨੇ ਕਾਜ਼ੀਆਂ, ਮੁਲਾਣਿਆਂ ਅਤੇ ਮੁਫ਼ਤੀਆਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਹਰ ਹੀਲਾ ਵਰਤਿਆ। ਇਹ ਜਿਕਰਯੋਗ ਹੈ ਕਿ ਮੱਕੇ ਦੇ ਵੱਡੇ ਮੁਫਤੀ ਨੇ ਪਹਿਲਾਂ ਔਰਗਜ਼ੇਬ ਵੱਲੋਂ ਭੇਜੀ ਭੇਟਾ ਲੈਣ ਤੋਂ ਇਨਕਾਰ ਕਰ ਦਿੱਤੀ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਮੰਨਜ਼ੂਰ ਕਰਕੇ ਤੋਹਫੇ ਵੀ ਭੇਜੇ ਸਨ। ਉਸ ਸਮੇਂ ਈਰਾਨ ਦੇ ਸ਼ਾਹ ਅੱਬਾਸ ਨੇ ਔਰੰਗਜ਼ੇਬ ਦੀ ਭਰਾਵਾਂ ਦੇ ਕਤਲ, ਪਿਤਾ ਨੂੰ ਕੈਦ ਕਰਨ ਅਤੇ ਸੂਫੀਆਂ ਨੂੰ ਮਾਰਨ ਵਾਲੀ ਨੀਤੀ ਦੀ ਨਿੰਦਿਆ ਕੀਤੀ ਸੀ।
ਔਰੰਗਜ਼ੇਬ ਅਜਿਹੇ ਜ਼ਾਲਮ ਅਤੇ ਕਰੂਰ ਬਾਦਸ਼ਾਹ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਿਸਨੇ ਪ੍ਰਸਿੱਧ ਹਿੰਦੂ ਮੰਦਰਾਂ ਨੂੰ ਢਾਹਿਆ। ਉਸਨੇ ਗੁਜਰਾਤ ਦਾ ਚਿੰਤਾਮਨੀ ਮੰਦਰ, ਬਨਾਰਸ ਦਾ ਵਿਸ਼ਵਨਾਥ ਮੰਦਰ ਅਤੇ ਦੱਖਣ ਦੇ ਅਨੇਕਾਂ ਮੰਦਰ ਅਤੇ ਮਥਰਾ ਦਾ ਵੱਡਾ ਮੰਦਰ ਢਾਹੇ ਹੀ ਨਹੀਂ ਸਗੋਂ ਇਨ੍ਹਾਂ ਦੇ ਸਥਾਨ ਤੇ ਮਸਜਿਦਾਂ ਬਣਾਈਆਂ। ਉਸਨੇ ਬਨਾਰਸ, ਸੂਬਾ ਠੱਠਾ ਸਮੇਤ ਮੁਲਤਾਨ ਅਤੇ ਹੋਰ ਥਾਵਾਂ ਤੇ ਸਥਾਪਤ ਪਾਠਸ਼ਾਲਾਵਾਂ ਜਿੱਥੇ ਬ੍ਰਾਹਮਣ ਸਿੱਖਿਆ ਦਿੰਦੇ ਸਨ, ਜਿੱਥੇ ਦੂਰ ਦੂਰ ਤੋਂ ਹਿੰਦੂ ਅਤੇ ਮੁਸਲਮਾਨ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਨ ਆਉਂਦੇ ਸਨ, ਬਾਦਸ਼ਾਹ ਨੇ ਸਾਰੇ ਸੂਬਿਆਂ ਦੇ ਨਾਜ਼ਮਾਂ ਦੇ ਨਾਂ ਫੁਰਮਾਨ ਜਾਰੀ ਕਰ ਦਿੱਤੇ ਕਿ ਪਾਠਸ਼ਾਲਾਵਾਂ ਢਾਹ ਦਿਤੀਆ ਜਾਣ ਤੇ ਇਨ੍ਹਾਂ ਇਲਮਾਂ ਦੀ ਪੜ੍ਹਾਈ, ਲਿਖਾਈ ਤੇ ਸਿਖਲਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇ। ਔਰੰਗਜ਼ੇਬ ਨੇ ਬੁੱਤਪ੍ਰਸਤੀ ਖਾਤਮਾ ਕਰਨ ਲਈ ਮਿੱਟੀ ਦੇ ਖਿਡੌਣੇ ਨਾਂ ਬਣਾਉਣ ਦਾ ਫੁਰਮਾਨ ਜਾਰੀ ਕੀਤਾ। ਰਾਗ ਨੂੰ ਇਸਲਾਮੀ ਸ਼ਰ੍ਹਾਅ ਦੇ ਉਲਟ ਦੱਸਕੇ ਬੰਦ ਕਰ ਦਿੱਤਾ। ਔਰੰਗਜ਼ੇਬ ਨੇ ਇਹ ਵੀ ਫੁਰਮਾਨ ਜਾਰੀ ਕੀਤਾ ਕਿ ਪਿਛਲੇ ਦਸ ਸਾਲਾਂ ਵਿੱਚ ਮਿੱਟੀ ਜਾਂ ਪੱਥਰ ਦੇ ਬਣੇ ਮੰਦਰ ਢਾਹ ਢੇਰੀ ਕਰ ਦਿੱਤੇ ਜਾਣ। ਔਰੰਗਜ਼ੇਬ ਦੀ ਇਸ ਨੀਤੀ ਬਾਰੇ ਇੰਦੂ ਭੂਸ਼ਨ ਬੈਨਰਜੀ ਦਾ ਕਹਿਣਾ ਹੈ ਕਿ ਉਸਦੀ ਮਨਸ਼ਾ ਸੁੰਨੀ ਰਾਜ ਕਾਇਮ ਕਰਨ ਦੀ ਸੀ। ਇਸ ਦੀ ਪੂਰਤੀ ਲਈ ਉਸਨੇ ਹਰ ਜਾਇਜ਼, ਨਜਾਇਜ਼ ਵਸੀਲਾ ਵਰਤਿਆ। ਉਸਦੀ ਨੀਤੀ ਨੇ ਸਾਰੇ ਮੁਲਕ ਵਿੱਚ ਇੱਕ ਤੂਫਾਨ ਖੜ੍ਹਾ ਕਰ ਦਿੱਤਾ।
ਜਾਦੂ ਨਾਥ ਸਰਕਾਰ ਵੀ ਇਸ ਸੰਦਰਭ ਚ ਲਿਖਦੇ ਹਨ ਕਿ “ਔਰੰਗਜ਼ੇਬ ਨੇ ਇੱਕ ਪੂਰੀ ਪਲਾਨ ਬਣਾਈ ਹੋਈ ਸੀ ਅਤੇ ਉਹ ਉਸ ਤੇ ਚੱਲ ਰਿਹਾ ਸੀ, ਬੁੱਤ ਪ੍ਰਸਤੀ ਤੇ ਗੈਰ ਮੁਸਲਮਾਨਾਂ ਨੂੰ ਹਟਾਉਣਾ ਤੇ ਦਬਾਉਣਾ ਉਸਨੇ ਮੰਤਵ ਸਾਧ ਲਿਆ ਸੀ। ਇਸ ਕਾਰਜ ਲਈ ਉਸ ਨੇ ਵੱਖਰਾ ਮਹਿਕਮਾ ਬਣਾਇਆ। ਲਤੀਫ ਨੇ ਵੀ ਇਹ ਹੀ ਲਿਖਿਆ ਹੈ ਕਿ “ਔਰੰਗਜ਼ੇਬ ਨੇ ਫੈਸਲਾ ਕੀਤਾ ਕਿ ਹਿੰਦੁਸਤਾਨ ਦਾ ਅੱਗੇ ਤੋਂ ਇੱਕ ਹੀ ਧਰਮ ਹੋਵੇਗਾ ਅਤੇ ਸਾਰੇ ਮੁਹੰਮਦ ਤੇ ਅੱਲਾਹ ਤੇ ਵਿਸ਼ਵਾਸ ਲਿਆਉਣਗੇ। ਇਸ ਕਾਰਜ ਦੀ ਪੂਰਤੀ ਲਈ ਉਸ ਨਵਾਬਾਂ, ਨਾਜ਼ਿਮਾਂ ਅਤੇ ਅਹਿਲਕਾਰਾਂ ਨੂੰ ਪੂਰੇ ਤੇ ਉਚੇਚੇ ਅਧਿਕਾਰ ਦਿੱਤੇ ਕਿ ਉਹ ਬੁੱਤਾਂ ਦੇ ਧਰਮ ਨੂੰ ਤੋੜਕੇ ਇਸਲਾਮ ਫੈਲਾਉਣ। ਬਾਦਸ਼ਾਹ ਨੇ ਮੌਲਾਣਿਆਂ ਦਾ ਇੱਕ ਜੱਥਾ ਵੀ ਨਿਯਤ ਕੀਤਾ। ਉਨ੍ਹਾਂ ਮੌਲਾਣਿਆਂ ਨਾਲ ਘੋੜ ਚੜ੍ਹੇ ਸਵਾਰ ਹੁੰਦੇ ਜੋ ਥਾਂ ਥਾਂ ਜਾ ਕੇ ਹਿੰਦੂਆਂ ਦੇ ਮੰਦਰ ਤੋੜਦੇ ਤੇ ਜ਼ਬਰਦਸਤੀ ਇਸਲਾਮ ਵਿੱਚ ਲਿਆਂਦੇ। ਮੇਲਿਆਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਇਹ ਫੁਰਮਾਨ ਜਾਰੀ ਕੀਤਾ ਕਿ ਕਿਸੇ ਹਿੰਦੂ ਨੂੰ ਕਿਸੇ ਅਸਾਮੀ ਤੇ ਨੌਕਰ ਨਾ ਰੱਖਿਆ ਜਾਵੇ ਅਤੇ ਜਿੱਥੋਂ ਤੱਕ ਹੋ ਸਕੇ ਪੁਰਾਣਿਆਂ ਨੂੰ ਹਟਾ ਕੇ ਮੁਲਸਮਾਨ ਭਰਤੀ ਕੀਤੇ ਜਾਣ। ਸਾਰੇ ਮੁਲਾਜ਼ਮਾਂ ਨੂੰ ਇਹ ਹਦਾਇਤ ਭੇਜੀ ਕਿ ਜਾਂ ਤਾਂ ਉਹ ਨਿਯਤ ਤਾਰੀਖ ਤੱਕ ਇਸਲਾਮ ਅਪਣਾ ਲੈਣ ਜਾਂ ਉਨ੍ਹਾਂ ਨੂੰ ਨੌਕਰੀ ਛੱਡਣੀ ਪਵੇਗੀ। ਅਣਗਿਣਤ ਜੋਗੀਆਂ, ਸੰਨਿਆਸੀਆਂ, ਸੂਫੀਆਂ ਨੂੰ ਕਤਲ ਕੀਤਾ, ਦੇਸ਼ ਨਿਕਾਲੇ ਅਤੇ ਭਾਰੀਆਂ ਸਜਾਵਾਂ ਦਿੱਤੀਆਂ ਗਈਆਂ। ਹਿੰਦੂਆਂ ਨੂੰ ਆਰਥਿਕ ਤੌਰ ਤੇ ਤੰਗ ਕਰਨ ਲਈ ਹਿੰਦੂਆਂ ਦੀ ਮਹਿਸੂਲ ਚੁੰਗੀ ਦੁੱਗਣੀ ਕਰ ਦਿੱਤੀ ਤੇ ਮੁਸਲਮਾਨਾਂ ਦੀ ਅੱਧੀ ਕਰ ਦਿੱਤੀ। ਸੰਨ 1661 ਵਿੱਚ ਮੁਸਲਮਾਨ ਵਪਾਰੀਆਂ ਉੱਤੇ ਇਹ ਚੁੰਗੀ ਬਿਲਕੁਲ ਹਟਾ ਦਿੱਤੀ। ਮਾਲ ਮਹਿਕਮੇ, ਜਿਸ ਵਿੱਚ ਜਿਆਦਾਤਰ ਹਿੰਦੂ ਸਨ ਬਾਰੇ ਇਹ ਹੁਕਮ ਜਾਰੀ ਕਰ ਦਿਤਾ ਕਿ ਮਾਲ ਮਹਿਕਮੇ ਦੀਆਂ ਸਾਰੀਆਂ ਥਾਵਾਂ ਮੁਲਸਮਾਨਾਂ ਲਈ ਰਾਖਵੀਆਂ ਹਨ। ਹਿੰਦੂਆਂ ਨੂੰ ਇਹ ਲਾਲਚ ਦਿੱਤਾ ਕਿ ਜੇ ਉਹ ਮੁਸਲਮਾਨ ਬਣ ਜਾਣਗੇ ਤਾਂ ਉਨ੍ਹਾਂ ਨੂੰ ਮਾਲ ਮਿਲੇਗਾ। ਇਸ ਪ੍ਰਕਾਰ ਬਹੁਤ ਲੋਕ ਮੁਸਲਮਾਨ ਬਣ ਗਏ। ਕਸ਼ਮੀਰ ਨੂੰ ਧਰਤੀ ਤੇ ਦੇਵਤਿਆਂ ਦਵਾਰਾ ਬਣਾਇਆ ਗਿਆ ਸਵਰਗ ਕਿਹਾ ਜਾਂਦਾ ਹੈ। ਔਰੰਗਜ਼ੇਬ ਨੇ ਇਸਲਾਮ ਦੇ ਘੇਰੇ ਨੂੰ ਵਧਾਉਣ ਲਈ 1674 ਈ. ਦੇ ਆਰੰਭ ਵਿੱਚ ਇਹ ਫੈਸਲਾ ਕੀਤਾ ਕਿ ਇਸ ਸਬੰਧੀ ਇੱਕ ਸਿਰੇ ਭਾਵ ਕਸ਼ਮੀਰ ਤੋਂ ਗੈਰ—ਮੁਸਲਮਾਨਾਂ ਨੂੰ ਮੁਸਲਮਾਨ ਬਣਾਉਣ ਦਾ ਅਮਲ ਅਰੰਭਿਆ ਜਾਵੇ ਕਿਉਂਕਿ ਕਸ਼ਮੀਰ ਇੱਕ ਅਜਿਹਾ ਸਿਰਾ ਹੈ ਜਿਸਦੇ ਕਾਬੂ ਆ ਜਾਣ ਨਾਲ ਬਾਕੀ ਖਿੱਚੇ ਆਉਣਗੇ। ਮੈਕਾਲਿਫ ਅਨੁਸਾਰ ਕਸ਼ਮੀਰ ਨੂੰ ਚੁਣਨ ਦੇ ਕਈ ਕਾਰਨ ਸਨ ਜਿਵੇਂ ਕਿ ਕਸ਼ਮੀਰੀ ਪੰਡਿਤ, ਵਿਦਵਤਾ ਦੇ ਕਾਰਣ ਪ੍ਰਸਿੱਧ ਸਨ। ਔਰੰਗਜ਼ੇਬ ਨੇ ਸੋਚਿਆ ਕਿ ਜੇ ਇਹ ਵਿਦਵਾਨ ਪੰਡਿਤ ਇਸਲਾਮ ਕਬੂਲ ਕਰ ਲੈਣ ਤਾਂ ਅਨਪੜ੍ਹ ਜਨਤਾ ਨੂੰ ਇਸਲਾਮ ਵਿੱਚ ਲਿਆਉਣਾ ਅਸਾਨ ਹੋ ਜਾਵੇਗਾ। ਕੁੱਝ ਡਰਕੇ ਇਸਲਾਮ ਕਬੂਲ ਕਰ ਲੈਣਗੇ ਤੇ ਬਾਕੀਆਂ ਨੂੰ ਪ੍ਰੇਰ ਲਿਆ ਜਾਵੇਗਾ। ਇੱਕ ਕਾਰਣ ਇਹ ਵੀ ਸੀ ਕਿ ਕਸ਼ਮੀਰ ਦੇ ਮੁਸਲਮਾਨ ਹੋ ਜਾਣ ਨਾਲ ਪ੍ਰਭਾਵ ਦਾ ਖੇਤਰ ਵਧ ਜਾਵੇਗਾ। ਕਿਉਂਕਿ ਕਸ਼ਮੀਰ ਦੀਆਂ ਹੱਦਾਂ ਕਈ ਬਾਹਰਲੇ ਮੁਲਕਾਂ ਨਾਲ ਜਾ ਲਗਦੀਆਂ ਹਨ। ਇੱਕ ਹੋਰ ਕਾਰਣ ਇਹ ਵੀ ਸੀ ਕਿ ਕਸ਼ਮੀਰ ਦੇ ਪੰਡਤ ਦੱਛਣਾਂ ਤੇ ਪਲਣ ਵਾਲੇ ਸਨ ਜਿਨ੍ਹਾਂ ਨੂੰ ਲਾਲਚ ਦੇ ਕੇ ਵੀ ਖਿੱਚਿਆ ਜਾ ਸਕੇਗਾ। ਇਸ ਲਈ ਹੀ ਔਰੰਗਜ਼ੇਬ ਨੇ ਇਫਤਖ਼ਾਰ ਖਾਨ ਨੂੰ ਸ਼ੇਰ ਅਫਗਾਨ ਦਾ ਖ਼ਿਤਾਬ ਦੇ ਕੇ ਸਤੰਬਰ 1671 ਈ. ਨੂੰ ਕਸ਼ਮੀਰ ਦਾ ਗਵਰਨਰ ਥਾਪਿਆ ਅਤੇ ਖਾਸ ਹਦਾਇਤਾਂ ਦਿੱਤੀਆਂ ਕਿ ਉਹ ਕਸ਼ਮੀਰੀ ਪੰਡਿਤਾਂ ਤੇ ਜ਼ੁਲਮ ਢਾਹਕੇ, ਪ੍ਰੇਰਕੇ ਜਾਂ ਲਾਲਚ ਦਿਖਾ ਕੇ ਇਸਲਾਮ ਦੇ ਦਾਇਰੇ ਵਿੱਚ ਲਿਆਵੇ। ਉਸਨੇ ਬਹੁਤ ਜ਼ੁਲਮ ਕਰਨੇ ਆਰੰਭ ਕਰ ਦਿੱਤੇ। ਮੰਦਰਾਂ ਵਿੱਚ ਜਾਣ ਤੇ ਪਾਬੰਦੀ ਲਗਾ ਦਿੱਤੀ। ਮੇਲਿਆਂ ਦੀ ਮਨਾਹੀ ਕਰ ਦਿੱਤੀ। ਇਨ੍ਹਾਂ ਜ਼ੁਲਮਾਂ ਦੀ ਇੰਤਹਾ ਹੋ ਗਈ ਤਾਂ ਕਸ਼ਮੀਰੀ ਪੰਡਿਤ ਮਿਲ ਬੈਠੇ ਤੇ ਅਮਰਨਾਥ ਦੀ ਯਾਤਰਾ ਤੇ ਗਏ ਅਤੇ ਸ਼ਿਵਜੀ ਨੂੰ ਪੁਕਾਰਿਆ ਕਿ ਹੁਣ ਤੀਸਰਾ ਨੇਤ੍ਰ ਖੋਲ੍ਹੋ। ਅਮਰਨਾਥ ਦੀ ਗੁਫ਼ਾ ਵਿੱਚ ਇੱਕ ਪੰਡਿਤ ਕ੍ਰਿਪਾ ਰਾਮ ਨੂੰ ਸੁਪਨੇ ਵਿੱਚ ਸ਼ਿਵ ਜੀ ਦੇ ਦਰਸ਼ਨ ਹੋਏ ਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਦੇ ਨੌਵੇਂ ਗੁਰੂ ਤੇਗ ਬਹਾਦਰ ਜੀ ਕੋਲ ਜਾਓ ਤੇ ਉਨ੍ਹਾਂ ਨੂੰ ਬਾਂਹ ਪਕੜਨ ਦੀ ਬੇਨਤੀ ਕਰੋ ਕਿ ਹਿੰਦੂ ਧਰਮ ਦੀ ਰੱਖਯਾ ਕਰਨ। ਉਸਨੇ ਆਪਣੇ ਸਾਥੀਆਂ ਨੂੰ ਦੱਸਿਆ ਤੇ ਉਹ ਪੰਡਿਤ ਕ੍ਰਿਪਾ ਰਾਮ ਦੀ ਅਗਵਾਈ ਹੇਠਾਂ ਪੰਜਾਬ ਨੂੰ ਚੱਲ ਪਏ। ਪਹਿਲਾਂ ੳਹ ਸ਼੍ਰੀ ਅੰਮ੍ਰਿਤਸਰ ਆਏ ਕਿਉਂਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰੂ ਜੀ ਪੰਜਾਬ ਦੇ ਦੌਰ ਤੇ ਗਏ ਹੋਏ ਹਨ, ਉਥੋਂ ਪਤਾ ਲੱਗਾ ਕਿ ਗੁਰੂ ਜੀ ਆਨੰਦਪੁਰ ਹੀ ਹਨ ਤੇ ਉਹ ਆਨੰਦਪੁਰ ਨੂੰ ਚੱਲ ਪਏ। ‘ਭਾਈ ਕੇਸਰ ਸਿਘ ਛਿੱਬਰ ਅਨੁਸਾਰ ਇਹ ਪੰਡਿਤ ਕ੍ਰਿਪਾ ਰਾਮ ਜੀ ਪਿੱਛੋਂ ਅੰਮ੍ਰਿਤ ਛਕ ਕੇ ਕ੍ਰਿਪਾ ਸਿੰਘ ਬਣ ਗਏ ਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ।
ਡਾ. ਫੌਜਾ ਸਿੰਘ ਅਨੁਸਾਰ 25 ਮਈ 1675 ਈਸਵੀ ਨੂੰ ਪੰਡਿਤ ਕ੍ਰਿਪਾ ਰਾਮ ਕਸ਼ਮੀਰੀ ਪੰਡਿਤਾਂ ਸਹਿਤ ਔਰੰਗਜ਼ੇਬ ਦੇ ਜੁਲਮਾਂ ਵਿਰੁੱਧ ਫਰਿਆਦ ਕਰਨ ਲਈ ਗੁਰੂ ਸਾਹਿਬ ਦੇ ਦਰਬਾਰ ਵਿੱਚ ਪੇਸ਼ ਹੋਇਆ। ਜਿੱਥੇ ਪੰਡਿਤ ਕ੍ਰਿਪਾ ਰਾਮ ਨੇ ਔਰੰਗਜ਼ੇਬ ਦੇ ਹਿੰਦੂਆਂ ਉਪਰ ਢਾਹੇ ਜਾ ਰਹੇ ਜ਼ੁਲਮਾਂ ਨੂੰ ਬਹੁਤ ਕਰੁਣਾਮਈ ਢੰਗ ਨਾਲ ਬਿਆਨ ਕੀਤਾ। ਬਹੁਤ ਸੋਚ ਵਿਚਾਰ ਹੋਈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਞੂ ਦੀ ਰਾਖੀ ਲਈ ਆਪਣਾ ਬਲੀਦਾਨ ਦੇਣ ਦਾ ਸੰਕਲਪ ਕੀਤਾ।
ਉਨ੍ਹਾਂ ਨੇ ਪੰਡਿਤ ਕ੍ਰਿਪਾ ਰਾਮ ਤੇ ਹੋਰ ਪੰਡਿਤਾਂ ਨੂੰ ਧੀਰਜ ਦਿੱਤਾ ਤੇ ਫੁਰਮਾਇਆ ਕਿ ਔਰੰਗਜ਼ੇਬ ਨੂੰ ਇਹ ਸੁਨੇਹਾ ਭਿਜਵਾ ਦਿਓ ਕਿ ਜਿੱਧਰ ਗੁਰੂ ਤੇਗ ਬਹਾਦਰ ਜੀ ਜਾਣਗੇ ਅਸੀਂ ਵੀ ਉਥੇ ਹੀ ਜਾਵਾਂਗੇ। ਉਹ ਸਾਡੇ ਸਾਰਿਆਂ ਦੇ ਮੁੱਢ ਹਨ। ਇੱਕਲੇ ਇੱਕਲੇ ਨੂੰ ਕਹਿਣ ਦੀ ਲੋੜ ਨਹੀਂ ਹੈ।
ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬੇਟੇ ਗੋਬਿੰਦ ਦਾਸ ਜੀ ਨੂੰ ਗੁਰਿਆਈ ਦੇ ਕੇ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਨਾਲ ਲੈ ਕੇ ਦਿੱਲੀ ਵੱਲ ਚੱਲ ਪਏ। ਮੰਜ਼ਿਲਾਂ ਸਰ ਕਰਦੇ ਹੋਏ ਆਪ ਨੇ ਆਗਰੇ ਵਿਖੇ ਗ੍ਰਿਫਤਾਰੀ ਦੇ ਦਿੱਤੀ। ਆਗਰੇ ਤੋਂ ਗੁਰੂ ਜੀ ਨੂੰ ਦਿੱਲੀ ਲਿਆਂਦਾ ਗਿਆ ਅਤੇ ਬਾਦਸ਼ਹ ਔਰਗਜ਼ੇਬ ਦੇ ਹੁਕਮਾਂ ਅਨੁਸਾਰ ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ, ਭਾਈ ਸਤੀਦਾਸ ਨੂੰ ਰੂੰ ਵਿੱਚ ਲਪੇਟ ਕੇ ਜਿਉਂਦੇ ਸਾੜ ਦਿੱਤਾ ਅਤੇ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ। ਗੁਰੂ ਸਾਹਿਬ ਅਡੋਲ ਰਹੇ ਤੇ 11 ਨਵੰਬਰ 1675 ਈਸਵੀ ਨੂੰ ਗੁਰੂ ਜੀ ਨੂੰ ਸੀਸ ਕੱਟ ਕੇ ਸ਼ਹੀਦ ਕਰ ਦਿੱਤਾ। ਗੁਰਸ਼ਬਦ—ਰਤਨਾਕਰ ਮਹਾਨਕੋਸ਼ ਅਨੁਸਾਰ “ਸ਼ਹਾਦਤ” ਅਰਬੀ ਭਾਸ਼ਾ ਦਾ ਸ਼ਬਦ ਹੈ। ਸੰਗਯਾ ਸੱਚੀ, ਗਵਾਹੀ, ਸ਼ਾਕਸ਼ਯ ਅਤੇ ਸ਼ਹੀਦੀ, ਧਰਮ ਯੁੱਧ ਵਿੱਚ ਮੌਤ”। ਇਸ ਦਾ ਭਾਵ ਧਰਮ ਜਾਂ ਅਸੂਲ ਦੀ ਖਾਤਰ ਜਿੰਦਗੀ ਵਾਰ ਦੇਣ ਦਾ ਨਾਂ। ਕਿਸੇ ਵੀ ਸਮਾਜ ਵਿੱਚ ਅਜਿਹੀ ਮੌਤ ਨੂੰ ਉੱਚਤਮ ਮੰਨਿਆ ਜਾਂਦਾ ਹੈ ਅਤੇ ਸਿੱਖ ਪਰੰਪਰਾ ਵਿੱਚ ਇਸਨੂੰ ਵਿਸ਼ੇਸ਼ ਮਹੱਤਵ ਹਾਸਲ ਹੈ। ਸਿੱਖ ਪਰੰਪਰਾ ਵਿੱਚ ਇੰਝ ਧਾਰਮਕ ਵਿਸ਼ਵਾਸ ਨਾਲ ਦ੍ਰਿੜਤਾ ਸਹਿਤ ਜੁੜੇ ਰਹਿਣ ਅਤੇ ਉਸਦੀ ਖਾਤਰ ਜਾਨ ਵਾਰ ਦੇਣ ਦਾ ਲੰਮਾ ਇਤਿਹਾਸ ਹੈ। ਸ਼ਹੀਦ ਸ਼ਬਦ ਦਾ ਅੰਗ੍ਰੇਜ਼ੀ ਸਮਾਨ ਅਰਥਕ Martyr ਯੂਨਾਨੀ ਭਾਸ਼ਾ ਦੇ ਸ਼ਬਦ Martys ਤੋਂ ਬਣਿਆ ਹੈ, ਜਿਸਦੇ ਅਰਥ ਗਵਾਹੀ ਹਨ। ਇਸ ਪ੍ਰਕਾਰ ਸ਼ਹੀਦ ਉਹ ਵਿਅਕਤੀ ਹੁੰਦਾ ਹੈ ਜੋ ਆਪਣੇ ਵਿਸ਼ਵਾਸ ਲਈ ਸਭ ਤੋਂ ਵੱਡੀ ਕੁਰਬਾਨੀ ਦੇ ਕੇ ਸੱਚ ਦੀ ਗਵਾਹੀ ਬਣ ਜਾਂਦਾ ਹੈ। ਉਹ ਆਪਣੀ ਆਸਥਾ ਤੋਂ ਥਿੜਕਣ ਵਾਲਾ ਨਹੀਂ ਹੁੰਦਾ। ਇਸ ਸੰਸਾਰ ਵਿੱਚ ਜ਼ਾਲਮ ਤੇ ਕੱਟੜ ਪੰਥੀ ਲੋਕ ਹਮੇਸ਼ਾਂ ਦੂਸਰਿਆਂ ਉਤੇ ਆਪਣੀ ਮਰਜੀ ਥੋਪਣਾ ਚਾਹੁੰਦੇ ਹਨ ਅਤੇ ਧਰਮ ਤੇ ਸੱਚਾਈ ਦੇ ਰਾਹ ਉਪਰ ਚੱਲਣ ਵਾਲਿਆਂ ਲਈ ਹਮੇਸ਼ਾ ਮੁਸ਼ਕਿਲਾਂ ਖੜ੍ਹੀਆਂ ਕਰਦੇ ਰਹੇ ਹਨ। ਇਸੇ ਕਰਕੇ ਵਿਸ਼ਵ ਵਿੱਚ ਸ਼ਹਾਦਤ ਵਰਗੇ ਵੱਡੇ ਦੁਖਾਂਤ ਅਕਸਰ ਮੁੜ ਮੁੜ ਵਾਪਰਦੇ ਰਹਿੰਦੇ ਹਨ। ਆਮ ਤੌਰ ਤੇ ਸ਼ਹੀਦ ਉਸਨੂੰ ਕਿਹਾ ਜਾਂਦਾ ਹੈ ਜਿਹੜਾ ਆਪਣੇ ਧਰਮ ਨੂੰ ਤਿਆਗਣ ਦੀ ਬਜਾਇ ਮੌਤ ਨੂੰ ਪ੍ਰਵਾਨ ਕਰ ਲੈਂਦਾ ਹੈ। ਸਿਰਦਾਰ ਕਪੂਰ ਸਿੰਘ ਅਨੁਸਾਰ, “ਸ਼ਹੀਦ ਪਦ ਪਦਵੀ ਦੇ ਲਕਸ਼ਣਾ ਉਤੇ ਅਧਾਰਤ ਹੈ, ਮ੍ਰਿਤੂ ਪ੍ਰਾਪਤ ਕਰਨ ਵਾਲਾ ਆਪਣੇ ਕਿਸੇ ਦ੍ਰਿਢ ਧਾਰਮਿਕ ਨਿਸ਼ਚਾ, ਵਿਸ਼ਵਾਸ, ਈਮਾਨ, ਅਕੀਦੇ ਦੀ ਕਤੱਈ ਗਵਾਹੀ ਆਪਣੀ ਜਾਨ ਵਾਰ ਕੇ ਦੇਣ ਵਿੱਚ ਤਤਪਰ ਹੋਵੇ ਅਤੇ (2) ਮ੍ਰਿਤੂ ਪ੍ਰਾਪਤ ਕਰਨ ਤੋਂ ਪਹਿਲਾਂ ਉਸਨੂੰ ਆਪਣਾ ਵਿਸ਼ਵਾਸ ਅਕੀਦਾ ਤਿਆਗ ਕੇ ਜਾਨ ਬਚਾਉਣ ਦੀ ਖੁੱਲ ਹੋਵੇ। ” — (ਸਾਚੀ ਸਾਖੀ ਪੰਨਾ 68)।
ਮੁਸਲਿਮ ਪਰੰਪਰਾ ਵਿੱਚ ਅੰਗਰੇਜ਼ੀ ਦੇ ਮਾਰਟਅਰ (Martyr) ਸ਼ਬਦ ਦੇ ਸਮਾਨ ਅੰਤਰ ਸ਼ਹੀਦ ਸ਼ਬਦ ਹੈ, ਇਸਦੇ ਅਰਥ ਵੀ ਗਵਾਹੀ ਬਣਦੇ ਹਨ। ਇਸ ਬਾਰੇ ਸਨਾਤਨੀ ਯੂਨਾਨੀ ਅਤੇ ਅਰਬੀ ਭਾਸ਼ਾਵਾਂ ਦੋਵੇਂ ਸਮਾਨ ਅੰਤਰ ਸਥਾਪਨਾਵਾਂ ਇੱਕੋ ਜਿਹਾ ਅਕਸ ਉਸਾਰਦੀਆਂ ਹਨ। ਸਿੱਖ ਧਰਮ ,“ਵਿਸ਼ਵਕੋਸ਼ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਹਿੰਦੂਆਂ ਦੀ ਧਾਰਮਿਕ ਆਜ਼ਾਦੀ ਦੀ ਰੱਖਿਆ ਹਿਤ ਜੱਦੋਜਹਿਦ ਵਿੱਚ ਕੇਂਦਰੀ ਸਥਾਨ ਰੱਖਦੀ ਹੈ। ਗੁਰੂ ਜੀ ਦੀ ਦੋ ਮੌਕਿਆਂ ਉਪਰ ਗ੍ਰਿਫਤਾਰੀ ਦੀ ਧਾਰਨਾ ਇਸ ਗੱਲ ਨੂੰ ਪੱਕਿਆਂ ਕਰਦੀ ਹੈ ਕਿ ਮੁਗਲ ਸਰਕਾਰ ਦੀਆਂ ਨਜਰਾਂ ਵਿੱਚ ਗੁਰੂ ਜੀ ਇੱਕ ਅਜਿਹੀ ਮਹਾਨ ਸਖਸ਼ੀਅਤ ਸਨ, ਜਿਨ੍ਹਾਂ ਦੀਆਂ ਸਿੱਖਿਆਵਾਂ ਜਨਤਾ ਨੂੰ ਤਾਕਤ ਤੇ ਜ਼ੋਰ ਅੱਗੇ ਧਰਮ ਤਬਦੀਲੀ ਸਵੀਕਾਰ ਕਰਨ ਦੇ ਬਜਾਇ ਹਰ ਪ੍ਰਕਾਰ ਦੇ ਤਸੀਹੇ ਸਹਿਣ ਅਤੇ ਮੌਤ ਨੂੰ ਗਲੇ ਲਗਾਉਣ ਹਿੱਤ ਤਿਆਰ ਹੋਣ ਦੀ ਪ੍ਰੇਰਨਾ ਦਿੰਦੀਆਂ ਸਨ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੇ ਉਸ ਸਮੇਂ ਧਰਮ ਦੀ ਰੱਖਿਆ ਕੀਤੀ ਜਦੋਂ ਸਮੇਂ ਦੀ ਸਰਕਾਰ ਜ਼ੁਲਮ ਅਤੇ ਵਧੀਕੀਆਂ ਦੀ ਨੀਤੀ ਉਪਰ ਚੱਲ ਰਹੀ ਸੀ। ਜਿਸ ਆਦਰਸ਼ ਲਈ ਗੁਰੂ ਜੀ ਨੇ ਸ਼ਹਾਦਤ ਦਿੱਤੀ, ਉਹ ਸਰਵੋਤਮ ਸੀ।
ਗੁਰੂ ਗੋਬਿੰਦ ਸਿੰਘ ਜੀ ਰਚਿਤ ‘ਬਚ੍ਰਿਤ ਨਾਟਕ* ਅਤੇ ਦਸਮ ਗ੍ਰੰਥ ਵਿੱਚ ਦਰਜ ਬਹੁਮੁੱਲੇ ਵੇਰਵੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਸਹੀ ਭਾਵਨਾ ਤੇ ਤੱਤ ਸਾਰ ਨੂੰ ਪ੍ਰਗਟ ਕਰਦੇ ਹਨ।
ਤਿਲਕ ਜੰਞੂ ਰਾਖਾ ਪ੍ਰਭ ਤਾਕਾ।
ਕੀਨੋ ਬਡੋ ਕਲੂ ਮਹਿ ਸਾਕਾ।
ਸਾਧਨ ਹੇਤਿ ਇਤੀ ਜਿਨਿ ਕਰੀ।
ਸੀਸੁ ਦੀਯਾ ਪਰੁ ਸੀ ਨਾ ਉਚਰੀ।
ਧਰਮ ਹੇਤ ਸਾਕਾ ਜਿਨ ਕੀਆ।
ਸੀਸੁ ਦੀਆ ਪਰੁ ਸਿਰਰੁ ਨ ਦੀਆ ।
ਨਾਟਕ ਚੇਟਕ ਕੀਏ ਕੁਕਾਜਾ।
ਪ੍ਰਭ ਲੋਗਨ ਕਹ ਆਵਤ ਲਾਜਾ।
ਦੋਹਿਰਾ
ਠੀਕਰ ਫੋਰਿ ਦਿਲੀਸ ਸਿਰਿ
ਪ੍ਰਭ ਪੁਰਿ ਕੀਯਾ ਪਯਾਨ ।
ਤੇਗ ਬਹਾਦੁਰ ਸੀ ਕ੍ਰਿਆ
ਕਰੀ ਨ ਕਿਨਹੂੰ ਆਨਿ।
ਤੇਗ ਬਹਾਦਰ ਕੇ ਚਲਤ
ਭਯੋ ਜਗਤ ਕੋ ਸੋਕ।
ਹੈ ਹੈ ਹੈ ਸਭ ਜਗ ਭਯੋ
ਜੈ ਜੈ ਜੈ ਸੁਰ ਲੋਕਿ।
(ਬਚ੍ਰਿਤ ਨਾਟਕ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੋ ਪੂਰੀਆਂ ਚੌਪਈਆਂ ਅਤੇ ਦੋ ਦੋਹਿਰੇ ਲਿਖੇ ਹਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ‘ਬਡੋ ਕਲੂ ਮਹਿ ਸਾਕਾ* ਹੈ ਕਿਉਂਕਿ ਉਹ ਜੰਝੂ ਪਹਿਨਦੇ ਨਹੀਂ, ਤਿਲਕ ਲਗਾਂਦੇ ਨਹੀਂ ਅਤੇ ਨਾ ਹੀ ਵਿਸ਼ਵਾਸ ਰੱਖਦੇ ਸਨ, ਪਰ ਉਨ੍ਹਾਂ ਦੀ ਰੱਖਿਆ ਲਈ ਸੀਸ ਦੇ ਦੇਣਾ ਹੀ ਐਸੀ ਕ੍ਰਿਆ ਹੈ ਜਿਸਨੂੰ ‘ਕਰੀ ਨ ਕਿਨਹੂੰ ਆਨ* ਹੀ ਕਹਿਣਾ ਬਣਦਾ ਹੈ। ਗੁਰੂ ਜੀ ਦੀ ਸ਼ਹਾਦਤ ਸਵੈ ਅਪਣਾਈ ਹੋਈ ਸੀ।
ਇਸ ਸੰਦਰਭ ਵਿੱਚ ਲਾਲਾ ਦੌਲਤ ਰਾਇ ਦਾ ਕਥਨ ਬਹੁਤ ਪ੍ਰਭਾਵਸ਼ਾਲੀ ਹੈ ਕਿ “ਅਸੀਂ ਉਲਟੀ ਗੰਗਾ ਵਗਾਉਣ ਦਾ ਅਖਾਣ ਤਾਂ ਸੁਣਦੇ ਚਲੇ ਆ ਰਹੇ ਸਾਂ, ਪਰ ਅਰਥ ਗੁਰੂ ਤੇਗ ਬਹਾਦਰ ਜੀ ਨੇ ਹੀ ਸਮਝਾਏ”।
“ਅੱਜ ਤੱਕ ਯਹ ਤੋ ਹੂਆ ਕਿ ਕਾਤਲ ਮਕਤੂਲ ਕੇ ਪਾਸ ਜਾਏ, ਯਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏ। ਐਸਾ ਕਰਕੇ ਗੁਰੂ ਤੇਗ ਬਹਾਦਰ ਜੀ ਨੇ ਉਲਟੀ ਗੰਗਾ ਬਹਾ ਦੀ।
ਪ੍ਰੋ. ਸਤਿਬੀਰ ਸਿੰਘ ਦਾ ਕਥਨ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਚਾਰੇ ਪਾਸੇ ਅਫਸੋਸ ਦੀ ਲਹਿਰ ਪਸਰੀ ਪਰ ਲੋਕ ਇਹ ਵੀ ਕਹਿੰਦੇ ਸਨ ਕਿ ਅਜੇ ਵੀ ਖੁਦਗਰਜ਼ੀ ਦੇ ਜ਼ਮਾਨੇ ਕਲਿਜੁਗ ਵਿੱਚ ਕੋਈ ਹੈ ਜੋ ਦੂਜੇ ਦੇ ਧਰਮ ਦੀ ਰੱਖਿਆ ਲਈ ਜਾਨ ਵਾਰ ਸਕਦਾ ਹੈ। ਇਥੇ ਚੇਤੇ ਰਹੇ ਕਿ ਮਹਾਰਾਜ ਜੀ ਨੇ ਸ਼ਬਦ ਹੈ, ਹੈ, ਹੈ ਵਰਤਿਆ ਹੈ ਨਾ ਕਿ ਹਾਇ, ਹਾਇ, ਹਾਇ ਜਾਂ ਓਇ, ਓਇ । ਸਚਖੰਡ ਵਿੱਚ ਵੀ ਜੈ, ਜੈ, ਜੈ ਦੇ ਜੈਕਾਰੇ ਛੱਡੇ ਗਏ ਕਿ ਐਸੀ ਪਾਵਨ ਆਤਮਾ ਸੰਸਾਰ ਤੇ ਹੈ।”
(ਪੰਜਾਬੀ ਦੁਨੀਆਂ ਨਵੰਬਰ, ਦਸੰਬਰ 1975)
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਪ੍ਰਸਿੱਧ ਕਵੀ ਸ਼ੇਰ ਸਿੰਘ ਕੰਵਲ ਨੇ ‘ਆਨੰਦਪੁਰ ਬਨਾਮ ਦਿੱਲੀ* ਨਾਂ ਦੀ ਲੰਮੇਰੀ ਕਵਿਤਾ ਵਿੱਚ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਹੈ। ਉਸਦੇ ਕੁੱਝ ਅੰਸ਼:—
ਦਿੱਲੀ ਦੇ ਤਖਤ ਦੇ ਬਾਝੋਂ,
ਕਿਸੇ ਸਿਰ ਤਾਜ ਨਾ ਹੋਵੇ।
ਜੇ ਆਲਮਗੀਰ ਨਹੀਂ ਦੂਜਾ
ਤਾਂ ਦੂਜਾ ਰਾਜ ਨਾ ਹੋਵੇ।
ਰਾਗ ਨੂੰ ਦਫ਼ਨ ਕਰ ਦੇਵੋ,
ਕਿਤੇ ਕੋਈ ਸਾਜ਼ ਨਾ ਹੋਵੇ।
ਧਰਮ ਇਸਲਾਮ ਹੈ ਇੱਕੋ,
ਦੂਜੀ ਆਵਾਜ਼ ਨਾ ਹੋਵੇ।
ਇਹ ਸਾਰੀ ਖਲਕ ਹੈ ਉਸਦੀ
ਖ਼ੁਦਾ ਦਾ ਮੁਲਕ ਇਹ ਸਮਝੋ।
ਜੀਹਦੇ ਤੇ ਕਰਮ ਹੈ ਉਸਦਾ,
ਉਸੇ ਨੂੰ ਹੀ ਮਲਕ ਸਮਝੋ।
——————
——————
ਸ਼ਾਹੀ ਫ਼ੁਰਮਾਨ ਦੇ ਸਾਹਵੇਂ
ਮੁਲਕ ਜੇ ਸਿਰ ਝੁਕਾਉਂਦਾ ਹੈ।
ਆਨੰਦਪੁਰ ਕੌਣ ਹੁੰਦਾ ਹੈ,
ਜੋ ਇਸ ਤੋਂ ਹਿਚਕਚਾਉਂਦਾ ਹੈ ?
———————————
———————————
“ਆਨੰਦਪੁਰ ਜਾਗਦਾ ਦਿੱਲੀਏ
ਆਨੰਦਪੁਰ ਜਾਗਦੇ ਰਹਿਣਾ!
ਜ਼ੁਲਮ ਨੂੰ ਮਾਰਦਾ ਦਿੱਲੀਏ
ਜ਼ੁਲਮ ਇਸ ਮਾਰਦੇ ਰਹਿਣਾ !!
ਨੀਚ ਸਤਿਕਾਰਦਾ ਦਿੱਲੀਏ
ਇਹਨੇ ਸਤਿਕਾਰਦੇ ਰਹਿਣਾ !!!
ਸੱਚ ਲਈ ਵਾਰਦਾ ਜਿੰਦੜੀ,
ਇਹਨੇ ਸਦ ਵਾਰਦੇ ਰਹਿਣਾ !!!!”
“ਦਿੱਲੀਏ ਜ਼ੁਲਮ ਦੇ ਕਿੰਗਰੇ
ਆਨੰਦਪੁਰ ਤੋੜਦਾ ਰਹਿਸੀ !
ਜ਼ੁਲਮ ਦੀ ਧਾਰ ਨੂੰ ਦਿੱਲੀਏ,
ਆਨੰਦਪੁਰ ਮੋੜਦਾ ਰਹਿਸੀ !!
——————
ਮੁੱਖ ਸੰਪਾਦਕ, ਜਾਗੋ ਇੰਟਰਨੈਸ਼ਨਲ
— ਡਾ. ਭਗਵੰਤ ਸਿੰਘ
ਪਿੰਡ ਤੇ ਡਾਕਖਾਨਾ ਮੰਗਵਾਲ
ਤਹਿ. ਤੇ ਜ਼ਿਲਾ ਸੰਗਰੂਰ।
ਮੋ. 98148—51500
E-mail: jagointernational@yahoo.com

