ਮੁੱਢਲੀ ਜਾਣਕਾਰੀ ਸਿੱਖਾਂ ਦੇ ਸੱਤਵੇਂ ਗੁਰੂ ਸ੍ਰੀ ਗੁਰੂ ਹਰਿ ਰਾਏ ਜੀ ਦਾ ਜਨਮ ਮਾਘ ਸੁਦੀ 13, ਸੰਮਤ 1686 ਬਿਕ੍ਰਮੀ, ਭਾਵ 16 ਜਨਵਰੀ, 1630 ਈ., 19 ਮਾਘ ਸੰਮਤ ਨਾਨਕਸ਼ਾਹੀ 161
ਸ੍ਰੀ ਕੀਰਤਪੁਰ ਸਾਹਿਬ ਵਿਖੇ ਪਿਤਾ ਬਾਬਾ ਗੁਰਦਿੱਤਾ ਜੀ ਤੇ ਮਾਤਾ ਸ੍ਰੀ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਬਚਪਨ ਤੋਂ ਹੀ ਸੰਤ-ਸੁਭਾਅ ਅਤੇ ਪਰਮੇਸ਼ਰ ਦੀ ਭਜਨ ਬੰਦਗੀ ਵਿੱਚ ਲੱਗੇ ਰਹਿਣ ਵਾਲੇ ਸਬਰ ਸੰਤੋਖ ਦੇ ਮਾਲਕ ਸਨ। ਆਪ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਹੁਤ ਸਤਿਕਾਰ ਕਰਦੇ ਅਤੇ ਸਦਾ ਉਨ੍ਹਾਂ ਦੀ ਹਜੂਰੀ ਵਿੱਚ ਰਹਿੰਦੇ ਸਨ।
ਸ੍ਰੀ ਗੁਰੂ ਹਰਿ ਰਾਏ ਜੀ ਬਹੁਤ ਕੋਮਲ ਸੁਭਾਅ ਅਤੇ ਸ਼ਾਂਤ ਰਹਿਣ ਵਾਲੇ ਸਨ।ਆਪ ਇੱਕ ਵਾਰ ਆਪਣੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਬਾਗ ਵਿੱਚ ਟਹਿਲ ਰਹੇ ਸਨ ਤਾਂ ਆਪ ਜੀ ਦੇ ਚੋਲੇ ਨਾਲ ਅੜ ਕੇ ਇੱਕ ਫੁੱਲ ਟੁੱਟ ਗਿਆ। ਆਪ ਜੀ ਫੁੱਲ ਦੇ ਟੁੱਟਣ ਨਾਲ ਉਦਾਸ ਹੋ ਗਏ ਤਾਂ ਆਪ ਜੀ ਦੇ ਦਾਦਾ ਜੀ ਨੇ ਆਪ ਜੀ ਨੂੰ ਸਮਝਾਇਆ ਕਿ ਅਗਰ ਚੋਲਾ ਵੱਡਾ ਹੋਵੇ ਤਾਂ ਸੰਭਲ ਕੇ ਚੱਲਣਾ ਚਾਹੀਦਾ ਹੈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਜੀ ਨੂੰ ਇਸ ਗੱਲ ਵੱਲ ਇਸ਼ਾਰਾ ਕੀਤਾ ਸੀ ਕਿ ਜੇਕਰ ਜਿੰਮੇਵਾਰੀਆਂ ਵੱਡੀਆਂ ਹੋਣ ਤਾਂ ਬਹੁਤ ਸੋਚ ਸਮਝ ਕੇ ਕਾਰਜ ਸੰਪੂਰਨ ਕਰਨਾ ਚਾਹੀਦਾ ਹੈ।
ਆਪ ਜੀ ਦੇ ਦਾਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਦੇ ਛੇਵੇਂ ਗੁਰੂ ਦੇ ਤੌਰ ਤੇ ਗੁਰਗੱਦੀ ਤੇ ਬਿਰਾਜਮਾਨ ਸਨ। ਉਨਾਂ ਦੀ ਇੱਛਾ ਅਨੁਸਾਰ ਮਾਰਚ ਅੱਠ 1644 ਈਸਵੀ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਿਆਈ ਮਿਲੀ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਆਪ ਜੀ ਨੂੰ 2200 ਘੋੜ ਸਵਾਰਾਂ ਦੀ ਫੌਜ ਰੱਖਣ ਦਾ ਹੁਕਮ ਹੋਇਆ ਸੀ।
ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਤੇ ਅਮਲ ਕਰਦਿਆਂ ਗਰੀਬਾਂ ਲਈ ਕਈ ਦਵਾਖਾਨੇ ਖੁਲ੍ਹਵਾਏ। ਆਪ ਜੀ ਦੇ ਦਵਾਈ ਖਾਨਿਆਂ ਵਿੱਚ ਦੁਰਲੱਭ ਅਤੇ ਬੇਸ਼ਕੀਮਤੀ ਜੜ੍ਹੀਂ ਬੂਟੀਆਂ ਤੇ ਦਵਾਈਆਂ ਮੌਜੂਦ ਸਨ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇੱਕ ਵਾਰ ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ ਬਿਮਾਰ ਹੋ ਗਿਆ। ਉਸ ਨੂੰ ਕਿਸੇ ਵੀ ਦਵਾਈ ਨਾਲ ਕੋਈ ਆਰਾਮ ਨਹੀਂ ਆਇਆ ਤਾਂ ਮੁਗਲ ਹਕੂਮਤ ਨੇ ਗੁਰੂ ਹਰਿਰਾਏ ਸਾਹਿਬ ਨੂੰ ਦਵਾਈ ਭੇਜਣ ਲਈ ਬੇਨਤੀ ਕੀਤੀ। ਆਪ ਜੀ ਨੇ ਰੋਗ ਮੁਤਾਬਕ ਦਵਾਈ ਭੇਜੀ ਜਿਸ ਨਾਲ ਦਾਰਾ ਸ਼ਿਕੋਹ ਰਾਜ਼ੀ ਹੋ ਗਿਆ ਅਤੇ ਸ਼ੁਕਰਾਨਾ ਅਦਾ ਕਰਨ ਆਪ ਜੀ ਦੇ ਦਰਸ਼ਨਾਂ ਖਾਤਰ ਖੁਦ ਸ੍ਰੀ ਕੀਰਤਪੁਰ ਸਾਹਿਬ ਆਇਆ। ਦਾਰਾ ਸ਼ਿਕੋਹ ਗੁਰੂ ਸਾਹਿਬ ਦੇ ਉਪਦੇਸ਼ ਅਤੇ ਸਿੱਖਾਂ ਦਾ ਸਾਦਾ ਰਹਿਣ ਸਹਿਣ ਵੇਖ ਕੇ ਬਹੁਤ ਪ੍ਰਭਾਵਿਤ ਹੋਇਆ।
ਬਾਦਸ਼ਾਹ ਸ਼ਾਹ ਜਹਾਨ ਦੇ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਬਾਅਦ ਉਸਦੇ ਪੁੱਤਰਾਂ ਵਿੱਚ ਦਿੱਲੀ ਤਖਤ ਲਈ ਭਿਆਨਕ ਲੜਾਈ ਛਿੜ ਗਈ। ਇਸੇ ਹੀ ਲੜਾਈ ਦੌਰਾਨ ਦਾਰਾ ਸ਼ਿਕੋਹ ਭੱਜ ਕੇ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਪਾਸ ਗੋਇੰਦਵਾਲ ਸਾਹਿਬ ਵਿਖੇ ਪਹੁੰਚ ਗਿਆ। ਉਸ ਨੇ ਗੁਰੂ ਸਾਹਿਬ ਨੂੰ ਮਦਦ ਕਰਨ ਦੀ ਬੇਨਤੀ ਕੀਤੀ। ਗੁਰੂ ਸਾਹਿਬ ਨੇ ਉਸ ਦਾ ਧੀਰਜ ਵਧਾ ਕੇ ਉਸ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਅਤੇ ਉਸ ਲਈ ਯੋਗ ਪ੍ਰਬੰਧ ਕਰਕੇ ਉਸ ਦੀ ਜਾਨ ਬਚਾ ਦਿੱਤੀ।
ਮੁਗਲ ਸਲਤਨਤ ਦੀ ਗੱਦੀ ਤੇ ਔਰੰਗਜ਼ੇਬ ਬਾਦਸ਼ਾਹ ਬੈਠ ਗਿਆ ਅਤੇ ਉਸ ਨੇ ਤਖਤ ਤੇ ਬੈਠਦਿਆਂ ਹੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਪਰਵਾਨਾ ਭੇਜ ਦਿੱਤਾ। ਆਪ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ ਮੁਤਾਬਕ ਖੁਦ ਦਿੱਲੀ ਨਹੀਂ ਗਏ ਬਲਕਿ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਦਿੱਲੀ ਭੇਜ ਦਿੱਤਾ। ਰਾਮ ਰਾਏ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਬਾਣੀ ਦੀ ਤੁੱਕ
“ਮਿਟੀ ਮੁਸਲਮਾਨ ਕੀ ਪੇੜ੍ਹੇ ਪਈ ਘੁਮਿਆਰ
ਘੜਿ ਭਾਂਡੇ ਇਟਾਂ ਕੀਆ ਜਲਦੀ ਕਰੇ ਪੁਕਾਰ”
ਵਿੱਚ ਤਬਦੀਲੀ ਕਰਦਿਆਂ ਨਿਮਨ ਲਿਖਤ ਅਨੁਸਾਰ ਕਰ ਦਿੱਤਾ।
“ਮਿਟੀ ਮੁਸਲਮਾਨ ਨੂੰ ਮਿਟੀ ਬੇਈਮਾਨ ਕੀ”
ਉਸ ਦੀ ਇਸ ਬੱਜਰ ਗਲਤੀ ਤੋਂ ਗੁਰੂ ਸਾਹਿਬ ਬਹੁਤ ਨਰਾਜ਼ ਹੋਏ ਅਤੇ ਸਜ਼ਾ ਦੇ ਤੌਰ ਤੇ ਉਹਨਾਂ ਨੇ ਰਾਮ ਰਾਏ ਨੂੰ ਆਪਣੇ ਮੱਥੇ ਨਾ ਲੱਗਣ ਦਾ ਹੁਕਮ ਦਿੱਤਾ।
ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਦੁਆਬੇ ਅਤੇ ਮਾਲਵੇ ਲਈ ਕਈ ਪ੍ਰਚਾਰ ਦੌਰੇ ਕੀਤੇ।
ਆਪ ਜੀ ਨੇ ਬਾਬਾ ਗੁਰਦਿੱਤਾ ਜੀ ਵੱਲੋਂ ਸਥਾਪਿਤ ਕੀਤੀਆਂ ਧੂਣੀਆਂ ਦੀਆਂ ਲੀਹਾਂ ਉੱਤੇ ਸੱਤ ਸੁਘੜ ਅਤੇ ਨਿਪੁੰਨ ਸਿੱਖ ਸੁਥਰੇ ਸ਼ਾਹ, ਭਗਤ ਭਗਵਾਨ, ਭਾਈ ਫੇਰੂ, ਭਾਈ ਬਹਿਲੋ, ਭਾਈ ਭੂੰਦਰ, ਭਾਈ ਪੰਜਾਬਾ ਅਤੇ ਭਾਈ ਭਗਤੋ ਦੇ ਪ੍ਰਬੰਧ ਹੇਠ ਸੱਤ ਪ੍ਰਚਾਰ ਕੇਂਦਰ ਕਾਇਮ ਕੀਤੇ।
ਜਦੋਂ ਗੁਰੂ ਹਰਿ ਰਾਏ ਸਾਹਿਬ ਜੀ ਦਾ ਅੰਤਲਾ ਸਮਾਂ ਨੇੜੇ ਆਇਆ ਤਾਂ ਆਪ ਜੀ ਨੇ ਆਪਣੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਸਵਾ ਪੰਜ ਸਾਲ ਦੀ ਉਮਰ ਵਿੱਚ ਗੁਰਗੱਦੀ ਦਾ ਵਾਰਸ ਬਣਾ ਦਿੱਤਾ। ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਮਿਤੀ 7 ਅਕਤੂਬਰ 1661 ਈਸਵੀ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਜੋਤੀ ਜੋਤ ਸਮਾ ਗਏ।
ਭੁੱਲ ਚੁੱਕ ਦੀ ਖਿਮਾ
ਦਾਸ ਸੁਰਿੰਦਰ ਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।

