ਜ਼ਿੰਦਗੀ ਵਿੱਚ ਤਕਰੀਬਨ ਹਰ ਵਿਅਕਤੀ ਨੇ ਸੰਘਰਸ਼ ਕੀਤਾ ਹੁੰਦਾ ਹੈ। ਕਿਸੇ ਨੇ ਬਹੁਤਾ ਕੀਤਾ ਹੁੰਦਾ ਹੈ ਅਤੇ ਕਿਸੇ ਨੇ ਥੋੜਾ ਕੀਤਾ ਹੁੰਦਾ ਹੈ। ਪਰ ਹਰ ਇੱਕ ਦੇ ਸੰਘਰਸ਼ ਦਾ ਤਰੀਕਾ ਵੱਖਰਾ-ਵੱਖਰਾ ਹੁੰਦਾ ਹੈ। ਕਈਆਂ ਦੇ ਸੰਘਰਸ਼ ਦੀ ਕਹਾਣੀ ਬੜੀ ਸੌਖੀ ਜਿਹੀ ਹੁੰਦੀ ਹੈ। ਕਈਆਂ ਦੇ ਸੰਘਰਸ਼ ਦੀ ਕਹਾਣੀ ਅਤੇ ਆਪਣੀ ਮੰਜ਼ਿਲ ਤੱਕ ਪਹੁੰਚ ਦਾ ਰਸਤਾ ਬੜਾ ਲੰਬਾ ਅਤੇ ਜਦੋਂ ਜਹਿਦ ਵਾਲਾ ਹੁੰਦਾ ਹੈ। ਕਈ ਵਾਰ ਤਾਂ ਇੰਝ ਲੱਗਦਾ ਹੈ ਕਿ ਜਿਵੇਂ ਇਹ ਮੁਸ਼ਕਲਾਂ.. ਇਹ ਮੁਸੀਬਤਾਂ ਸਾਡਾ ਸਾਥ ਹੀ ਨਹੀਂ ਛੱਡਦੀਆਂ ਇਸੇ ਹੀ ਤਰ੍ਹਾਂ ਦੀ ਕਹਾਣੀ ਹੈ ਵਿਨੇਸ਼ ਫੋਗਾਟ ਦੀ…..
ਜਿੰਨਾ ਵੱਡਾ ਹੌਸਲਾ.. ਜਿੰਨੀ ਵੱਡੀ ਮੰਜ਼ਿਲ ਹੋਵੇਗੀ ਰਸਤੇ ਦੀਆਂ ਰੁਕਾਵਟਾਂ ਵੀ ਉਨੀਆਂ ਹੀ ਵੱਡੀਆਂ ਹੁੰਦੀਆਂ ਹਨ। ਇਤਿਹਾਸ ਵੀ ਗਵਾਹ ਹੈ ਕਿ ਸੱਚਾਈ ਅਤੇ ਇਮਾਨਦਾਰੀ ਉੱਤੇ ਚੱਲਣ ਵਾਲਿਆਂ ਨੂੰ ਹਮੇਸ਼ਾ ਹੀ ਰੁਕਾਵਟਾਂ, ਮੁਸੀਬਤਾਂ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਵਿਨੇਸ਼ ਫੋਗਾਟ ਨੂੰ ਬੇਸ਼ਕ ਅੱਜ ਕਿਸੇ ਵੀ ਤਰੀਕੇ ਹਰਾ ਦਿੱਤਾ ਗਿਆ ਹੈ, ਪਰ ਅਸਲ ਵਿੱਚ ਮੈਂ ਇਸ ਸਭ ਵਰਤਾਰੇ ਨੂੰ ਉਸ ਦੀ ਜਿੱਤ ਸਮਝਦੀ ਹਾਂ। ਇਤਿਹਾਸ ਵਿੱਚ ਸਦਾ ਰਹਿਣ ਵਾਲੀਆਂ ਜਿੱਤਾਂ ਇਹਨਾਂ ਮੈਡਲਾਂ ਦੀਆਂ ਮੁਹਤਾਜ ਨਹੀਂ ਹੁੰਦੀਆਂ। ਇਹ ਅਜਿਹੇ ਵਹਿਣ ਹਨ ਜੋ ਆਪਣੀ ਮਿਹਨਤ ਨਾਲ਼ ਆਪਣੇ ਰਾਹ ਬਣਾਉਂਦੇ ਹਨ ਅਤੇ ਆਪਣੀ ਮਨ ਮਰਜ਼ੀ ਨਾਲ਼ ਵਹਿੰਦੇ ਹਨ। ਅਜਿਹੇ ਜਜ਼ਬਿਆਂ ਅਤੇ ਹੌਸਲਿਆਂ ਨੂੰ ਇਹਨਾਂ ਦੀ ਮੰਜ਼ਿਲ ਵੱਲ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਜਦੋਂ ਵੀ ਕੋਈ ਆਮ ਵਿਅਕਤੀ ਨੂੰ ਅਤੇ ਉਸਦੇ ਜਜ਼ਬਿਆਂ ਨੂੰ ਗ਼ਲਤ ਲੋਕ ਆਪਣੀਆਂ ਚਾਲਾਂ ਨਾਲ਼ ਨਹੀਂ ਹਰਾ ਸਕੇ ਤਾਂ ਉਹਨਾਂ ਨੇ ਹਰ ਹੀਲਾ-ਵਸੀਲਾ ਵਰਤ ਕੇ ਸੱਚਾਈ, ਨੇਕੀ ਅਤੇ ਇਮਾਨਦਾਰੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਜਦ ਵੀ ਇਤਿਹਾਸ ਦੀਆਂ ਖ਼ਾਸ ਘਟਨਾਵਾਂ ਨੂੰ ਸਰਸਰੀ ਜਿਹੀ ਨਜ਼ਰ ਮਾਰੀ ਤਾਂ ਮੈਨੂੰ ਇਹੀ ਮਹਿਸੂਸ ਹੋਇਆ ਕਿ ਜ਼ਿੰਦਗੀ ਵਿੱਚ ਕੁਝ ਖ਼ਾਸ ਹਾਸਲ ਕਰਨ ਵਾਲਿਆਂ ਅਤੇ ਵੱਖਰੀ ਸੋਚ ਰੱਖਣ ਵਾਲਿਆਂ ਦੀ ਜ਼ਿੰਦਗੀ ਬਹੁਤ ਔਖੀ ਰਹੀ ਹੈ। ਪਤਾ ਨਹੀਂ ਇਹ ਦੁਨੀਆ ਦਾ ਦਸਤੂਰ ਹੈ ਜਾਂ ਕਿਹੜੀ ਚੀਜ਼ ਹੈ ਕਿ ਜਦੋਂ ਕੋਈ ਵਿਅਕਤੀ ਸਾਡੇ ਕੋਲ ਹੁੰਦਾ ਹੈ ਅਸੀਂ ਉਸਦੀ ਕਦਰ ਨਹੀਂ ਪਾਉਂਦੇ। ਉਸਦੇ ਜਾਂਦੇ ਸਮੇਂ ਹੀ ਅਸੀਂ ਉਸ ਨੂੰ ਵੱਡੇ-ਵੱਡੇ ਸਨਮਾਨਾਂ ਨਾਲ਼ ਅਤੇ ਪਤਾ ਨਹੀਂ ਕਈਆਂ ਚੀਜ਼ਾਂ ਨਾਲ਼ ਸਨਮਾਨਿਤ ਕਰਦੇ ਹਾਂ। ਬੇਸ਼ੱਕ ਅਸੀਂ ਆਪਣੇ ਆਪ ਨੂੰ ਕਿੰਨੇ ਵੀ ਮਾਡਰਨ ਕਹਿ ਲਈਏ ਪਰ ਜਿਊਂਦੇ ਜੀਅ ਕਿਸੇ ਦੇ ਸੰਘਰਸ਼ ਦੀ ਕਦਰ ਪਾਉਣੀ ਸਾਨੂੰ ਅੱਜ ਵੀ ਨਹੀਂ ਆਈ।
ਦੇਸ਼ ਦੀਏ ਧੀਏ.. ਤੈਨੂੰ ਸਿਜਦਾ ਹੈ.. ਤੇਰੀ ਹਿੰਮਤ ਨੂੰ .. ਤੇਰੇ ਜਜ਼ਬਿਆਂ ਨੂੰ .. ਸਾਡੇ ਸਾਰਿਆਂ ਵੱਲੋਂ ਸਿਜਦਾ ਹੈ। ਕੋਈ ਤੇਰੇ ਨਾਲ਼ ਖੜੇ ਜਾਂ ਨਾ ਖੜੇ ਪਰ ਦੇਸ਼ ਦੀ ਆਮ ਜਨਤਾ ਤੇ ਲੋਕ ਹਮੇਸ਼ਾ ਤੇਰੇ ਨਾਲ਼ ਹਨ ਅਤੇ ਤੇਰਾ ਸਾਥ ਦਿੰਦੇ ਹਨ। ਜਰੂਰੀ ਨਹੀਂ ਕਿ ਅੱਜ ਮੈਡਲ ਲੈ ਕੇ ਹੀ ਤੂੰ ਜਿੱਤਦੀ। ਕਈ ਵਾਰ ਹਾਰਨਾ ਵੀ ਜ਼ਰੂਰੀ ਹੁੰਦਾ ਹੈ ਅਤੇ ਉਹ ਹਾਰ ਵੀ ਜਿੱਤ ਤੋਂ ਵੱਧ ਕੇ ਹੁੰਦੀ ਹੈ। ਅੱਜ ਤੂੰ ਜਿੱਤ ਸਾਬਤ ਕੀਤੀ ਹੈ। ਤੇਰੇ ਜਜ਼ਬਿਆਂ ਦੀ ਜਿੱਤ… ਤੇਰੇ ਹੌਸਲੇ ਦੀ ਜਿੱਤ ਹੈ। ਤੇਰੇ ਮੈਡਲ ਦੀ ਜਿੱਤ… ਜਿਸ ਤੋਂ ਸ਼ਾਇਦ…. ਕਿਸੇ ਨੂੰ ਡਰ ਸੀ..!!!

ਪਰਵੀਨ ਕੌਰ ਸਿੱਧੂ