ਬੀ.ਸੀ-ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਅਤੇ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਸਰਾ ਅਡੀਸ਼ਨ ਕੈਨੇਡਾ ਦੇ ਬੀ.ਸੀ ਵਿੱਚ ਖਾਲਿਸਤਾਨੀ ਆਗੂਆਂ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਜਾਰੀ ਕੀਤਾ ਗਿਆ। ਗੁਰੂਦੁਆਰਾ ਸੁਖ ਸਾਗਰ ਖਾਲਸਾ ਦੀਵਾਨ ਸੁਸਾਇਟੀ, ਵੈਸਟ ਮਨਿਸਟਰ, ਬੀ.ਸੀ ਵਿਖੇ ਸ਼ਹੀਦਾਂ ਦੇ ਪਰਿਵਾਰਾਂ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ। ਉਪਰੰਤ ਸਜੇ ਹੋਏ ਭਾਰੀ ਦੀਵਾਨ ਦੌਰਾਨ ਪੰਥਕ ਬੁਲਾਰਿਆਂ ਨੇ ਆਪਣੇ ਵਿਚਾਰਾਂ ਦਾ ਇਜ਼ਹਾਰ ਕੀਤਾ ਅਤੇ ਰਾਗੀ-ਢਾਡੀ ਸਿੰਘਾਂ ਨੇ ਸ਼ਹੀਦਾਂ ਬਾਰੇ ਪ੍ਰਸੰਗ ਗਾਇਣ ਕੀਤੇ।ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਡਾਕਟਰ ਅਮਰਜੀਤ ਸਿੰਘ ਨੇ ਵਿਸਥਾਰ ਸਹਿਤ ਖਾਲਿਸਤਾਨ ਦੇ ਸੰਘਰਸ਼ ਬਾਰੇ ਸਿੱਖ ਸੰਗਤਾਂ ਨਾਲ ਸਾਂਝ ਪਾਈ। ਉਪਰੰਤ ਡਾਕਟਰ ਅਮਰਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਸਹੋਤਾ, ਭਾਈ ਕੰਵਲਜੀਤ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਅਮਰਜੀਤ ਸਿੰਘ, ਢਾਡੀ ਰਸ਼ਪਾਲ ਸਿੰਘ ਪਮਾਲ ਅਤੇ ਸ਼ਹੀਦ ਪਰਿਵਾਰਾਂ ਵੱਲੋਂ ਸੰਘਰਸ਼ ਦਾ ਦੌਰ ਨਾਮੀ ਕਿਤਾਬ ਦਾ ਦੂਸਰਾ ਅਡੀਸ਼ਨ ਰਿਲੀਜ਼ ਕੀਤਾ ਗਿਆ।
ਸਿੱਖ ਸੰਘਰਸ਼ ਦੌਰਾਨ ਸਿੱਖ ਨੌਜਵਾਨਾਂ ਨੂੰ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਆਰਥਿਕ ਲਾਭ ਪ੍ਰਾਪਤ ਕਰਨ ਅਤੇ ਤਰੱਕੀਆਂ ਦੀ ਦੌੜ ਵਿੱਚ ਵੱਡੀ ਪੱਧਰ ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤਾ ਗਿਆ, ਜਿਹਨਾਂ ਦੀ ਸਹੀ ਗਿਣਤੀ ਕਰਨੀ ਵੀ ਮੁਸ਼ਕਿਲ ਹੈ। ਪੰਜਾਬ ਦੀਆਂ ਨਹਿਰਾਂ, ਡਰੇਨਾਂ ਦੇ ਪੁਲਾਂ ਅਤੇ ਚੌਰਾਹਿਆਂ ਨੂੰ ਸਿੱਖ ਨੌਜਵਾਨਾਂ ਦੇ ਖੂਨ ਨਾਲ ਲੱਥ-ਪੱਥ ਕੀਤਾ ਗਿਆ। ਉਹਨਾਂ ਜ਼ਾਲਮ ਪੁਲਿਸ ਅਧਿਕਾਰੀਆਂ ਦੀ ਕਾਲੀ ਸੂਚੀ, ਪੁਲਿਸ ਕੈਟਾਂ ਨੂੰ ਬੇਨਕਾਬ ਕਰਦੀ ਹੋਈ, ਸੰਘਰਸ਼ ਦੌਰਾਨ ਗੌਰਵਮਈ ਐਕਸ਼ਨਾਂ ਦੀ ਸਾਂਝ ਪਾਉਂਦੀ ਹੋਈ, ਸਿੱਖ ਬਜੁਰਗਾਂ ਦੇ ਅਦਿੱਖ ਯੋਗਦਾਨ ਨੂੰ ਰੂਪਮਾਨ ਕਰਦੀ ਹੋਈ ਅਤੇ ਸਿੱਖ ਪਰਿਵਾਰਾਂ ਵਿੱਚ ਸਿੱਖ ਜੁਝਾਰੂਆਂ ਪ੍ਰਤੀ ਪਿਆਰ ਅਤੇ ਸਨੇਹ ਦੀ ਗਵਾਹੀ ਭਰਦੀ ਹੋਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਸਰਾ ਅਡੀਸ਼ਨ ਸਿੱਖ ਸੰਗਤਾਂ ਦੇ ਪੜਨ ਵਾਸਤੇ ਉਪਲਬਧ ਹੋ ਚੁੱਕਾ ਹੈ। ਜਿਕਰਯੋਗ ਹੈ ਕਿ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਥੇਦਾਰ ਦਮਦਮੀ ਟਕਸਾਲ ਵੱਲੋਂ ਅਰੰਭੇ ਹੋਏ ਸਿੱਖ ਸੰਘਰਸ਼ ਬਾਰੇ ਅਤੇ ਸਿੱਖ ਸੰਘਰਸ਼ ਦੇ ਸ਼ਹੀਦਾਂ ਬਾਰੇ ਤਰਾਂ-ਤਰਾਂ ਦੇ ਭਰਮ ਭੁਲੇਖੇ ਪਾਏ ਜਾ ਰਹੇ ਹਨ। ਭਾਰਤ ਸਰਕਾਰ ਦੇ ਕਰਿੰਦੇ ਸਿੱਖ ਸ਼ਹੀਦਾਂ, ਸਿੱਖ ਜੁਝਾਰੂਆਂ ਅਤੇ ਸੰਘਰਸ਼ ਦੌਰਾਨ ਕੀਤੇ ਗਏ ਮਾਣਮੱਤੇ ਐਕਸ਼ਨਾਂ ਨੂੰ ਆਪਣੀ ਅਲੋਚਨਾ ਦਾ ਸ਼ਿਕਾਰ ਬਣਾ ਰਹੇ ਹਨ ਤਾਂ ਕਿ ਸਿੱਖ ਸੰਘਰਸ਼ ਨੂੰ ਬਦਨਾਮ ਕੀਤਾ ਜਾ ਸਕੇ। ਲੰਗੜੇ ਲੂਲੇ ਵੀ ਸਿੱਖ ਦੁਸ਼ਮਣ ਸਰਕਾਰਾਂ ਦੇ ਫੀਲੇ ਬਣਕੇ ਝੂਠੀਆਂ ਕਹਾਣੀਆਂ ਬਣਾ-ਬਣਾ ਕੇ ਆਪਣੇ ਕਮਰਿਆਂ ਵਿੱਚ ਬੈਠ ਕੇ ਸਿੱਖ ਸੰਘਰਸ਼, ਸਿੱਖ ਸ਼ਹੀਦਾਂ ਅਤੇ ਸ਼ਹੀਦਾਂ ਦੀ ਸੋਚ ਦੇ ਵਾਰਸ ਬਣਕੇ ਡੱਟ ਕੇ ਪਹਿਰਾ ਦੇ ਰਹੇ ਸਿੰਘਾਂ ਖਿਲਾਫ ਸੌ ਫੀਸਦੀ ਝੂਠ ਬੋਲ-ਬੋਲ ਸਿੱਖ ਦੁਸ਼ਮਣ ਲਾਬੀ ਨੂੰ ਖੁਸ਼ ਕਰ ਰਹੇ ਹਨ। ਸੰਘਰਸ਼ ਦਾ ਦੌਰ ਨਾਮੀ ਕਿਤਾਬ ਵਿੱਚ ਸਰਕਾਰ ਪੱਖੀ ਇਸ ਵਰਤਾਰੇ ਦਾ ਟਾਕਰਾ ਕਰਦਿਆਂ ਸਿੱਖ ਸੰਘਰਸ਼ ਦੇ ਪਾਕਿ ਪਵਿੱਤਰ ਅਕਸ ਨੂੰ ਸਹੀ ਅਰਥਾਂ ਵਿੱਚ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵੱਲੋਂ ਲਿਖੀ ਗਈ ਅਤੇ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਪ੍ਰਧਾਨ ਬੀਬੀ ਰਸ਼ਪਿੰਦਰ ਕੌਰ ਗਿੱਲ ਵੱਲੋਂ ਸੰਪਾਦਤ ਕੀਤੀ ਗਈ ਕਿਤਾਬ ਸੰਘਰਸ਼ ਦਾ ਦੌਰ ਦਾ ਦੂਜਾ ਅਡੀਸ਼ਨ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸ.ਇਮਾਨ ਸਿੰਘ ਮਾਨ ਤੋਂ ਇਲਾਵਾ ਸ਼ਹੀਦ ਪਰਿਵਾਰਾਂ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਕਿਤਾਬ ਵਿੱਚ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਸੰਘਰਸ਼ ਦੌਰਾਨ ਵਾਪਰੀਆਂ ਅਨੇਕਾਂ ਹੀ ਹੱਡ ਬੀਤੀਆਂ ਘਟਨਾਵਾਂ ਦਾ ਵਰਨਣ ਕਰਦਿਆਂ ਅਨੇਕਾਂ ਯਾਦਾਂ ਦੀ ਸਾਂਝ ਪਾਈ ਹੈ। ਸੰਘਰਸ਼ ਦੌਰਾਨ ਸਿੱਖ ਪਰਿਵਾਰਾਂ ਵਿੱਚ ਜੁਝਾਰੂਆਂ ਪ੍ਰਤੀ ਅਥਾਹ ਪਿਆਰ ਅਤੇ ਸਤਿਕਾਰ ਦਾ ਵਰਨਣ ਹੈ ਉੱਥੇ ਮਾਤਾਵਾਂ ਅਤੇ ਬਜੁਰਗਾਂ ਵੱਲੋਂ ਜੁਝਾਰੂਆਂ ਦੀ ਚੜਦੀ ਕਲਾ ਵਾਸਤੇ ਪਾਏ ਗਏ ਅਦਿੱਖ ਯੋਗਦਾਨ ਦੀ ਸਾਂਝ ਹੈ। ਲੇਖਕ ਦੇ ਹੱਡੀਂ ਹੰਢਾਏ ਅਤੇ ਅੱਖੀਂ ਵੇਖੇ ਸੰਘਰਸ਼ ਦੀ ਦਾਸਤਾਨ ਭਰਪੂਰ ਇਸ ਕਿਤਾਬ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਵਰਨਣ ਹੈ।
ਧੰਨਵਾਦ (Thanks)
ਰਸ਼ਪਿੰਦਰ ਕੌਰ ਗਿੱਲ (Rachhpinder Kaur Gill)
ਪ੍ਧਾਨ (President)
ਪੀਘਾਂ ਸੋਚ ਦੀਆਂ ਸਾਹਿਤ ਮੰਚ (Pinga Soch Diyan Sahit Manch)
Contact- +91-9888697078 (Whats app)
