ਸਕੂਲ ਦੇ ਸਲਾਨਾ ਇਨਾਮ ਵੰਡ ਸਮਾਰੋਹ ਸਬੰਧੀ ਸਕੂਲ ਮੁਖੀ ਦੇ ਦਫਤਰ ਵਿੱਚ ਸਟਾਫ਼ ਮੀਟਿੰਗ ਚੱਲ ਰਹੀ ਸੀ।ਇਸ ਸਮਾਰੋਹ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਧਿਆਪਕਾਂ ਵੱਲੋਂ ਬੜੇ ਕੀਮਤੀ ਸੁਝਾਅ ਦਿੱਤੇ ਜਾ ਰਹੇ ਸਨ। ਅਚਾਨਕ ਮਾਸਟਰ ਪਰਮਜੀਤ ਸਿੰਘ ਨੇ ਇਹ ਸੁਝਾਅ ਰੱਖਿਆ ਕਿ ਜਿਨ੍ਹਾਂ ਅਧਿਆਪਕਾਂ ਦੇ ਨਤੀਜੇ ਇਸ ਸਾਲ ਸੌ ਪ੍ਰਤੀਸ਼ਤ ਆਏ ਹਨ, ਉਨ੍ਹਾਂ ਨੂੰ ਸਲਾਨਾ ਇਨਾਮ ਵੰਡ ਸਮਾਰੋਹ ਵਿੱਚ ਸਨਮਾਨਿਤ ਕੀਤਾ ਜਾਵੇ। ਇਸ ਸੁਝਾਅ ਸਬੰਧੀ ਸਕੂਲ ਮੁਖੀ ਨੇ ਵੱਖ ,ਵੱਖ ਅਧਿਆਪਕਾਂ ਦੇ ਵਿਚਾਰ ਜਾਨਣੇ ਚਾਹੇ। ਏਸੇ ਸਮੇਂ ਦੌਰਾਨ ਮਾਸਟਰ ਬਲਵਿੰਦਰ ਸਿੰਘ ਨੇ ਸਕੂਲ ਮੁਖੀ ਤੋਂ ਪੁੱਛਿਆ,” ਸਰ ਜੀ, ਕਿਹੜੇ ,ਕਿਹੜੇ ਅਧਿਆਪਕਾਂ ਦਾ ਨਤੀਜਾ ਇਸ ਸਾਲ ਸੌ ਪ੍ਰਤੀਸ਼ਤ ਆਇਆ ਆ?”
ਸਕੂਲ ਮੁਖੀ ਨੇ ਨਤੀਜਾ ਰਜਿਸਟਰ ਚੁੱਕਿਆ ਅਤੇ ਪੜ੍ਹ ਕੇ ਦੱਸਿਆ,” ਇਸ ਸਾਲ ਕੇਵਲ ਦੋ ਅਧਿਆਪਕਾਂ ਪਰਮਜੀਤ ਸਿੰਘ ਤੇ ਸੋਹਣ ਲਾਲ ਦਾ ਨਤੀਜਾ ਸੌ ਪ੍ਰਤੀਸ਼ਤ ਆਇਆ ਆ।”
ਮਾਸਟਰ ਬਲਵਿੰਦਰ ਸਿੰਘ ਇੱਕ ਦਮ ਬੋਲ ਉੱਠਿਆ,” ਪਿਛਲੇ ਸਾਲ ਮਾਸਟਰ ਪਰਮਜੀਤ ਸਿੰਘ ਦਾ ਸਮਾਜਿਕ ਸਿੱਖਿਆ ਦਾ ਨਤੀਜਾ ਕੇਵਲ ਤੀਹ ਪ੍ਰਤੀਸ਼ਤ ਆਇਆ ਸੀ। ਜਦੋਂ ਸਿੱਖਿਆ ਵਿਭਾਗ ਨੇ ਖਰਾਬ ਨਤੀਜੇ ਵਾਲੇ ਅਧਿਆਪਕਾਂ ਦੀ ਸੂਚਨਾ ਮੰਗੀ ਸੀ, ਤਾਂ ਕਿਸੇ ਵਿਭਾਗੀ ਕਾਰਵਾਈ ਤੋਂ ਬਚਣ ਲਈ ਉਸ ਨੇ ਬੜੀ ਹੁਸ਼ਿਆਰੀ ਨਾਲ ਆਪਣੇ ਸੈਕਸ਼ਨ ਦਾ ਨਤੀਜਾ ਪੀ.ਟੀ.ਏ. ਵਿੱਚੋਂ ਰੱਖੀ ਮੈਡਮ ਸਿਰ ਮੜ੍ਹ ਦਿੱਤਾ ਸੀ ਤੇ ਉਸ ਦੇ ਸੈਕਸ਼ਨ ਦਾ ਨਤੀਜਾ ਆਪ ਲੈ ਲਿਆ ਸੀ। ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਕਈ ਮਹੀਨਿਆਂ ਪਿੱਛੋਂ ਲੱਗਾ। ਕੀ ਹੁਣ ਉਸ ਅਧਿਆਪਕ ਨੂੰ ਸਨਮਾਨਿਤ ਕਰਨਾ ਜਾਇਜ਼ ਆ?”
ਮਾਸਟਰ ਬਲਵਿੰਦਰ ਸਿੰਘ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਅਧਿਆਪਕ ਚੁੱਪ ਹੋ ਗਏ। ਮਾਸਟਰ ਪਰਮਜੀਤ ਸਿੰਘ, ਮਾਸਟਰ ਬਲਵਿੰਦਰ ਸਿੰਘ ਵੱਲ ਇਵੇਂ ਵੇਖ ਰਿਹਾ ਆ ਜਿਵੇਂ ਮਾਸਟਰ ਬਲਵਿੰਦਰ ਸਿੰਘ ਨੇ ਕੋਈ ਇੱਟ ਚੁੱਕ ਕੇ ਉਸ ਦੇ ਸਿਰ ਵਿੱਚ ਮਾਰ ਦਿੱਤੀ ਹੋਵੇ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554