ਤੇਰੀ ਮੇਰੀ ਪ੍ਰੀਤ ਕਹਾਣੀ ਸੱਜਣਾ ਵੇ।
ਹੁੰਦੇ ਜਿੱਦਾਂ ਅੱਗ ਤੇ ਪਾਣੀ ਸੱਜਣਾ ਵੇ।
ਗੈਰਾਂ ਤੇ ਕੀ ਦੋਸ਼ ਕਿਸੇ ਤੇ ਸ਼ਿਕਵਾ ਕੀ,
ਦੁਸ਼ਮਣ ਤਾਂ ਹੈ ਆਪਣੀ ਢਾਣੀ ਸੱਜਣਾ ਵੇ।
ਪੱਥਰਾਂ ਵਰਗੇ ਸ਼ਹਿਰੀਂ ਅੱਜ ਵੀ ਚੱਲਦੀ ਏ,
ਮਜਨੂੰ ਵਾਲੀ ਰੀਤ ਪੁਰਾਣੀ ਸੱਜਣਾ ਵੇ।
ਕਿਹੜੇ ਕਿਹੜੇ ਮਸਲੇ ਤੂੰ ਸੁਲਝਾਵੇਂਗਾ,
ਹਰ ਪਾਸੇ ਹੈ ਉਲਝੀ ਤਾਣੀ ਸੱਜਣਾ ਵੇ।
ਦੌਲਤ ਸ਼ੁਹਰਤ ਨਾਲ ਕਿਸੇ ਦੇ ਜਾਣੀ ਨਾ,
ਭਾਵੇਂ ਹੋਵੇ ਰਾਜਾ ਰਾਣੀ ਸੱਜਣਾ ਵੇ।
‘ਆਤਮ’ ਸਾਡੀ ਭਟਕਣ ਕਦੇ ਵੀ ਮੁਕਣੀ ਨਾ,
ਬੇਸ਼ੱਕ ਰਾਹ ਦੀ ਖਾਕ ਵੀ ਛਾਣੀ ਸੱਜਣਾ ਵੇ।

ਡਾ. ਆਤਮਾ ਸਿੰਘ ਗਿੱਲ
9878883680