ਸ . ਹਰਦਿਆਲ ਸਿੰਘ ਝੀਤਾ ਜੀ ਬਹੁਤ ਹੀ ਸੰਵੇਦਨਸ਼ੀਲ ਅਤੇ ਭਾਵੁਕ ਇਨਸਾਨ ਹਨ । ਬਹੁਤ ਮਿਲਾਪੜੇ , ਦੂਸਰਿਆਂ ਦੇ ਕੰਮ ਆਉਣ ਵਾਲੇ ਤੇ ਹਮੇਸ਼ਾਂ ਦੂਸਰਿਆਂ ਦੀ ਮਦਦ ਕਰਨ ਲਈ ਤੱਤਪਰ ਰਹਿੰਦੇ ਹਨ । ਚੌਗਿਰਦੇ ਨੂੰ ਬਹੁਤ ਗਹਿਰੀ ਨੀਝ ਨਾਲ ਘੋਖਦੇ ਹਨ , ਮਹਿਸੂਸਦੇ ਹਨ ਤੇ ਫਿਰ ਉਹਨਾਂ ਅਹਿਸਾਸਾਂ ਨੂੰ ਕਾਗਜ਼ਾਂ ਦੀ ਹਿੱਕ ਉੱਤੇ ਉਤਾਰ ਦਿੰਦੇ ਹਨ ।
( ਤੇਰੇ ਬਾਝੋਂ ) ਸ . ਹਰਦਿਆਲ ਸਿੰਘ ਝੀਤਾ ਜੀ ਦਾ ਪਲੇਠਾ ਕਾਵਿ – ਸੰਗ੍ਰਹਿ ਹੈ । ਛੋਟੀਆਂ ਵੱਡੀਆਂ ਇਸ ਵਿਚ 64 ਦੇ ਕਰੀਬ ਨਜ਼ਮਾਂ ਹਨ । ਝੀਤਾ ਜੀ ਹਰ ਵਿਸ਼ੇ ਤੇ ਨਿਧੜਕ ਹੋ ਕੇ ਬਾਖ਼ੂਬੀ ਲਿਖ ਲੈਂਦੇ ਹਨ ਸੱਭ ਤੋਂ ਪਹਿਲੀ ਰਚਨਾ ਉਹਨਾਂ ਦੀ ( ਦਰਦ ਵਿਛੋੜੇ ਦਾ ) ਹੈ । ਇਸ ਵਿੱਚ 1947 ਦੀ ਵੰਡ ਵੇਲੇ ਜੋ ਘਾਣ ਹੋਇਆ , ਬਹੁਤ ਦਰਦਮਈ ਮਾਰਮਿਕ ਚਿੱਤਰਣ ਪੇਸ਼ ਕੀਤਾ ਹੈ । ਉਹ ਲਿਖਦੇ ਹਨ ,
“ ਉਹ ਬੁਰੀ ਸਿਆਸੀ ਚਾਲ ਸੀ ,
ਜੋ ਖ਼ਲਕਤ ਨੂੰ ਹੀ ਮਾਰ ਗਈ “
ਜੋ ਪਹਿਲਾਂ ਇੱਕਠੇ ਬਹਿ ਕੇ ਖਾਂਦੇ ਸੀ , ਉਹੀ ਫਿਰ ਇੱਕ ਦੂਸਰੇ ਦੇ ਖ਼ੂਨ ਦੇ ਪਿਆਸੇ ਬਣ ਬੈਠੇ । ਇਕ ਇਕ ਸੱਤਰ ਨੂੰ ਬਹੁਤ ਬੇਬਾਕ ਤੇ ਬੇਖ਼ੌਫ਼ ਹੋ ਕੇ ਲਿਖਿਆ ਹੈ ।
ਝੀਤਾ ਜੀ ਅੱਗੇ ਲਿਖਦੇ ਹਨ ਕਿ
“ ਭਾਵੇਂ ਸਰਹੱਦਾਂ ਬਣ ਗਈਆਂ
ਪਰ ਦਿਲਾਂ ਚ ਵੰਡੀਆਂ ਨਹੀਂ ਪਈਆਂ
ਤੁਹਾਡਾ ਪਾਕਿਸਤਾਨ ਜ਼ਿੰਦਾਬਾਦ
ਸਾਡਾ ਹਿੰਦੁਸਤਾਨ ਜ਼ਿੰਦਾਬਾਦ “
ਝੀਤਾ ਜੀ ਆਪਣੀ ਅਗਲੀ ਨਜ਼ਮ ( ਆਓ ਮੁਹੱਬਤ ਕਰੀਏ ) ਵਿਚ ਲਿੱਖਦੇ ਹਨ ਕਿ ਜਦੋਂ ਅਸੀਂ ਤੇਰ ਮੇਰ ਨੂੰ ਭੁਲਾ ਕੇ ਇੱਕ ਦੂਸਰੇ ਨੂੰ ਪਿਆਰ ਕਰਾਂਗੇ ਤਾਂ ਫਿਰ ਇਨਸਾਨ
“ ਬੰਦਿਉਂ ਰੱਬ ਹੋ ਜਾਵੇਂਗਾ
ਆ ਯਾਰ ਮੁਹੱਬਤ ਕਰ ਲਈਏ “
ਇਸ ਨਜ਼ਮ ਵਿੱਚ ਝੀਤਾ ਜੀ ਨੇ ਮੁਹੱਬਤ ਦਾ ਸੰਦੇਸ਼ ਦਿੱਤਾ ਹੈ ।
( ਅੱਜ ਦਾ ਭਗਤ ਸਿੰਘ ) ਨਜ਼ਮ ਵਿੱਚ ਲਿਖਦੇ ਹਨ ਕਿ ਸ਼ਹੀਦ ਭਗਤ ਸਿੰਘ ਨੂੰ ਸਾਲ ਵਿੱਚ ਸਿਰਫ਼ ਦੋ ਵਾਰ ਯਾਦ ਕੀਤਾ ਜਾਂਦਾ ਹੈ । ਇੱਕ ਜਨਮ ਦਿਨ ਉੱਪਰ ਅਤੇ ਦੂਸਰਾ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ । ਪਰ ਸ਼ਹੀਦ ਭਗਤ ਸਿੰਘ ਵਰਗਾ ਅਜੇ ਤੱਕ ਕੋਈ ਬਣ ਨਹੀਂ ਸਕਿਆ । ਇਹ ਹਰਦਿਆਲ ਝੀਤਾ ਜੀ ਦੀ ਵੰਗਾਰਮਈ ਕਵਿਤਾ ਹੈ । ਅੱਜ ਦੀ ਨੌਜਵਾਨ ਪੀੜੀ ਕੀ ਕਰ ਰਹੀ ਹੈ ਤੇ ਕਿਧਰ ਨੂੰ ਜਾ ਰਹੀ ਹੈ । ਅੱਜ ਦੇ ਭਗਤ ਸਿੰਘ ਦੀਆਂ ਰਗਾਂ ਵਿੱਚ ਖੂਨ ਕੁਰਬਾਣੀ ਦੇ ਜ਼ਜ਼ਬੇ ਦਾ ਨਹੀਂ , ਸਗੋਂ ਖ਼ੁਦਗਰਜ਼ੀ ਤੇ ਹੈਂਕੜ ਦਾ ਵਗਦਾ ਦਰਿਆ ਹੈ । ਵਿਦੇਸ਼ਾਂ ਵਿਚ ਪੜ੍ਹਣ ਆਏ ਨੌਜਵਾਨ ਵੀ ਆਪਣਾ ਕਲਚਰ ਭੁੱਲ ਜਾਂਦੇ ਹਨ ।
( ਸੋਸ਼ਲ ਮੀਡੀਆ ) ਝੀਤਾ ਜੀ ਦੀ ਵਿਅੰਗਮਈ ਰਚਨਾ ਹੈ । ਲਿਖਦੇ ਹਨ
“ ਕੋਈ ਵਿਹੰਦਾ ਹੈ
ਇਹ ਅੱਖਰ ਕੋਈ ਤੱਕਦਾ ਹੈ
ਇਹ ਸ਼ਕਲਾਂ ,
ਅਸਾਡੇ ਫੇਸਬੁਕੀਆਂ ਨੂੰ ਨਹੀਂ ਆਈਆਂ
ਅਜੇ ਅਕਲਾਂ । “
ਸਚਾਈ ਨੂੰ ਬਿਆਨ ਕੀਤਾ ਹੈ , ਲੋਕ ਰਚਨਾ ਨਹੀਂ ਪੜ੍ਹਦੇ ਅਗਰ ਕਿਸੇ ਨੇ ਨਾਲ ਪਿਕਚਰ ਸ਼ੇਅਰ ਕੀਤੀ ਹੈ ਤੇ ਫਿਰ ਪਿਕਚਰ ਨੂੰ ਕਮੈਂਟਸ ਆਉਂਦੇ ਹਨ ਨਾ ਕਿ ਰਚਨਾ ਤੇ ।
ਹਰਦਿਆਲ ਸਿੰਘ ਝੀਤਾ ਜੀ ਨੂੰ ਵਾਹਿਗੁਰੂ ਤੇ ਵੀ ਭਰੋਸਾ ਹੈ ਤੇ ਆਪਣੀ ਮੁਹੱਬਤ ਤੇ ਵੀ । ਆਸ ਦਾ ਪੱਲਾ ਉਹਨਾਂ ਕਦੀ ਛੱਡਿਆ ਨਹੀਂ । ਕਰੋਨਾ ਵਰਗੀ ਭਿਅੰਕਰ ਬੀਮਾਰੀ ਦੌਰਾਨ ਜੱਦ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ , ਦਵਾਈਆਂ ਨੇ ਵੀ ਅਸਰ ਨਹੀਂ ਕੀਤਾ ਤੱਦ ਉਸ ਸਮੇਂ ਉਹਨਾਂ ਦੀ ਸੁਰਤ ਵਿਚ ਵਾਹਿਗੁਰੂ ਵੱਸਦਾ ਸੀ । ਕਹਿੰਦੇ ਹਨ ਕਿ ਜਿੱਥੇ ਡਾ . ਵੀ ਜਵਾਬ ਦੇ ਦੇਣ ਤੇ ਦਵਾਈਆਂ ਵੀ ਅਸਰ ਨਾ ਕਰਨ ਤਾਂ ਦੁਆਵਾਂ ਹੀ ਕੰਮ ਆਉਂਦੀਆਂ ਹਨ । ਇਹ ਹਰਦਿਆਲ ਸਿੰਘ ਝੀਤਾ ਜੀ ਦੇ ਪਿਆਰਿਆਂ ਦੀਆਂ ਦੁਆਵਾਂ ਦਾ ਅਸਰ ਸੀ ਕਿ ਮੌਤ ਉਹਨਾਂ ਨੂੰ ਬਹੁਤ ਨੇੜਿਉਂ ਛੂ ਕੇ ਨਿਕਲ ਗਈ , ਦੁਆਵਾਂ ਨੇ ਅਸਰ ਕੀਤਾ ਤੇ ਉਹ ਨੋ ਬਰ ਨੋ ਹੋ ਕੇ ਆਪਣੇ ਘਰ ਆਏ ਜਿੱਥੇ ਸਾਰਾ ਪਰਿਵਾਰ ਅੱਖਾਂ ਵਿਛਾਏ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ ।
( ਤੇਰੇ ਬਾਝੋਂ ) ਕਿਤਾਬ ਦਾ ਟਾਈਟਲ ਕੁਝ ਦਿਲ ਟੁੰਬਵਾਂ ਹੈ , ਪਾਠਕਾਂ ਵਿਚ ਉਤਸੁਕਤਾ ਬਣੀ ਰਹਿੰਦੀ ਹੈ ਇਹ ਜਾਨਣ ਲਈ ਕਿ “ਤੇਰੇ ਬਾਝੋਂ “ਕੌਣ ਹੋ ਸਕਦਾ ਹੈ । ਇਹ ਉਹਨਾਂ ਦੀ ਪਿਆਰੀ ਧਰਮ ਪਤਨੀ ਕਮਲਜੀਤ ਕੌਰ ਹੈ ਜੋ ਝੀਤਾ ਜੀ ਨੂੰ ਕੈਨੇਡਾ ਪੂਰੇ 18 ਸਾਲ ਬਾਦ ਆ ਕੇ ਮਿਲੇ । ਕਹਿੰਦੇ ਹਨ ਕਿ ਇੰਤਜ਼ਾਰ ਕਦੀ ਖ਼ਤਮ ਨਹੀਂ ਹੁੰਦਾ । ਝੀਤਾ ਜੀ ਦੇ ਦਿਲ ਵਿਚ ਪਤਨੀ ਕਮਲਜੀਤ ਲਈ ਸੱਚੀ ਮੁਹੱਬਤ ਸੀ ਤੇ ਸਬਰ ਵੀ ਕਿ ਐਨੇ ਸਾਲ ਉਹਨਾਂ ਇੰਤਜ਼ਾਰ ਕੀਤਾ , ਉਹਨਾਂ ਦੀ ਮੁਹੱਬਤ ਵਿਚ ਦਮ ਸੀ , ਸੱਚੀ ਮੁਹੱਬਤ ਸੀ ਜੋ ਰੂਹ ਤੋਂ ਉਹਨਾਂ ਕੀਤੀ ਤੇ ਕਮਲਜੀਤ ਦੀ ਜੁਦਾਈ , ਬਿਰਹਾ , ਵਿਛੋੜੇ ਤੇ ਨਜ਼ਮਾਂ ਲਿਖੀਆਂ । ਮਸ਼ਹੂਰ ਕਹਾਵਤ ਹੈ ਕਹਿੰਦੇ ਹਨ ਕਿ ਬਾਰੀਂ ਸਾਲੀਂ ਤੇ ਰੱਬ ਰੂੜੀ ਦੀ ਵੀ ਸੁਣਦਾ ਹੈ ਪਰ ਇੱਥੇ ਤੇ ਝੀਤਾ ਜੀ ਨੇ 18 ਸਾਲ ਦਾ ਲੰਬਾ ਇੰਤਜ਼ਾਰ ਕੀਤਾ , ਵਿਯੋਗ ਸਹਿਆ ਤੇ ਆਖਿਰ ਉਹਨਾਂ ਦੀ ਮੁਹੱਬਤ ਨੇ ਫਤਿਹ ਹਾਸਿਲ ਕੀਤੀ ।
ਝੀਤਾ ਜੀ ਦੀਆਂ ਕੁਝ ਨਜ਼ਮਾਂ ਪਾਠਕਾਂ ਨੂੰ ਲੱਗਦੀਆਂ ਹਨ ਕਿ ਇਸ ਵਿੱਚ ਝੀਤਾ ਜੀ ਨੇ ਉਹਨਾਂ ਦੇ ਦਿਲ ਦੀ ਗੱਲ ਕਹਿ ਦਿੱਤੀ ਹੈ । ਮੁਹੱਬਤ ਨੂੰ ਝੀਤਾ ਜੀ ਰੱਬ ਦਾ ਦਰਜਾ ਦਿੰਦੇ ਹਨ , ਉਹ ਲਿਖਦੇ ਹਨ ਕਿ
“ ਨਾ ਗੁਰਦੁਆਰੇ ਗਿਆ , ਨਾ ਸ਼ਬਦ ਗਾਏ
ਨਾ ਗ੍ਰੰਥ ਪੜੇ , ਨਾ ਬਾਈਬਲ ਪੜੀ
ਨਾ ਚਰਚ ਗਿਆ
ਬਸ ਤੈਨੂੰ ਦਿਲ ‘ਚ ਵਸਾ ਲਿਆ
ਤੇਰੇ ਨਾਲ ਮੁਹੱਬਤ ਹੋ ਗਈ
ਤੇ ਸਾਨੂੰ ਰੱਬ ਮਿਲ ਗਿਆ
ਤੇ ਪਤਾ ਲੱਗਾ ਕਿ
ਰੱਬ ਇਵੇਂ ਵੀ ਮਿਲ ਜਾਂਦਾ ਹੈ ।”
( ਮੇਰੀ ਇਬਾਦਤ ) ਬਹੁਤ ਪਿਆਰੀ ਇੱਕ ਹੋਰ ਰਚਨਾ , ਮੁਹੱਬਤ ਨੂੰ ਇਬਾਦਤ ਸਮਝਦੇ ਹੋਏ , ਲਰਜ਼ਦੇ ਹੋਠਾਂ ‘ਚੋਂ ਨਿਕਲਦੇ ਸ਼ਬਦ , ਮਹਿਬੂਬਾ ਦੇ ਹਾਵ ਭਾਵ , ਉਸਦੀਆਂ ਅਦਾਵਾਂ ਉਹਨਾਂ ਨੂੰ ਬਹੁਤ ਪਿਆਰੀਆਂ ਲੱਗਦੀਆਂ ਹਨ , ਉਹਨਾਂ ਨੂੰ ਲੱਗਦਾ ਉਸ ਵਿਚ ਇਕ ਮਿਕਨਾਤੀਸ਼ੀ ਕਸ਼ਿਸ਼ ਹੈ ਜੋ ਉਹਨਾਂ ਨੂੰ ਲਗਾਤਾਰ ਆਪਣੇ ਵੱਲ ਖਿੱਚ ਰਹੀ ਹੈ , ਨਜ਼ਮ ਦਾ ਇਕ ਇਕ ਸ਼ਬਦ ਤੇ ਅਹਿਸਾਸ ਮੁਹੱਬਤ ਨਾਲ ਲਬਰੇਜ਼ ਹੈ । ਝੀਤਾ ਜੀ ਲਿਖਦੇ ਹਨ ਕਿ
ਪਤਾ ਨਹੀਂ ਕੀ ਸਾਂਝ ਏ
ਤੇਰੀ ਮੇਰੀ?
ਹੁਣ ਇਬਾਦਤ ਹੈ ਮੇਰੀ
ਸ਼ਾਲਾ! ਲਚਕ ਲਚਕੀਲੀ ਡੋਰ
ਵਿਚਕਾਰੋਂ ਕਦੀ ਨਾ ਟੁੱਟੇ
ਕਲਮ ਇਹ ਵੀ ਲਿਖਣਾ ਚਾਹੁੰਦੀ ਏ।
ਹੋਰ ਵੀ ਬਹੁਤ ਸਾਰੇ ਵਿਸ਼ਿਆਂ ਤੇ ਹਰਦਿਆਲ ਝੀਤਾ ਜੀ ਨੇ ਬਹੁਤ ਖ਼ੂਬਸੂਰਤ ਦਿਲ ਟੁੰਬਵੀਆਂ ਤੇ ਕੁਝ ਵਿਅੰਗਮਈ ਰਚਨਾਵਾਂ ਲਿਖਿਆ ਹਨ । ਜਿਵੇਂ ਮਾਂ , ਔਰਤ , ਮਾਂ ਬੋਲੀ , ਦਸ਼ਮੇਸ਼ ਪਿਤਾ , ਮੈਂ ਸ਼ੀਸ਼ਾ ਹਾਂ , ਪ੍ਰਦੇਸੀ ਪੁੱਤਰ , ਅਲਵਿਦਾ , ਕਠਪੁਤਲੀ ਰੱਬ ਤੇ ਨਾਨਕ ਲੈ ਲਉ । ਆਸ ਕਰਦੀ ਹਾਂ ਕਿ ਪਾਠਕਾਂ ਨੂੰ ਇਹ ਕਾਵਿ ਸੰਗ੍ਰਹਿ ( ਤੇਰੇ ਬਾਝੋਂ ) ਪਸੰਦ ਆਏਗਾ । ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਮੁਬਾਰਕਬਾਦ ਤੇ ਸ਼ੁੱਭ ਇੱਛਾਵਾਂ , ਖ਼ੁਸ਼ਾਮਦੀਦ ।

( ਰਮਿੰਦਰ ਰੰਮੀ )

