ਜੀਤੀ ਹਾਲੇ ਮਸਾਂ ਹੀ ਨੌਂ ਕੁ ਸਾਲਾਂ ਦੀ ਸੀ ਜਦੋਂ ਉਸਦੀ ਮਾਂ ਨੇ ਉਸਨੂੰ ਘਰ ਦੇ ਕੰਮਾਂ ਵਿੱਚ ਲੱਗਾ ਲਾਇਆ ਸੀ। ਜੀਤੀ ਜਦੋੰ ਸਕੂਲੋਂ ਆਉਂਦੀ ਆਪਣਾ ਬਸਤਾ ਰੱਖ ਕੰਮਾਂ ਵਿੱਚ ਜੁੱਟ ਜਾਂਦੀ। ਰੱਜੋ, ਜੋ ਕਿ ਉਸਦੀ ਪੱਕੀ ਸਹੇਲੀ ਅਤੇ ਗੁਆਂਢੀ ਸੀ, ਅੱਜ ਉਸਨੂੰ ਖੇਡਣ ਲਈ ਸੱਦਣ ਆਉਂਦੀ ਹੈ ਤਾਂ ਜੀਤੀ ਦੀ ਮਾਂ ਉਸਨੂੰ ਵੀ ਦੋ ਗਾਲਾਂ ਸੁਣਾ ਦਿੰਦੀ ਹੈ ਕਿ ਜੀਤੀ ਨੂੰ ਬਥੇਰੇ ਕੰਮ ਨੇ। ਏਨਾ ਕਹਿ ਉਸਦੀ ਮਾਂ ਨੇ ਜੀਤੀ ਦੇ ਹੱਥ ਵਿਚ ਝਾੜੂ ਫੜਾ ਦਿੱਤਾ । ਜੀਤੀ ਆਪਣੀ ਮਾਂ ਦੇ ਏਸ ਵਤੀਰੇ ਤੋਂ ਬਹੁਤ ਪਰੇਸ਼ਾਨ ਸੀ । ਰੱਜੋ ਵੀ ਖੜੀ ਏਹ ਸਭ ਦੇਖ ਰਹੀ ਸੀ। ਜੀਤੀ ਰੱਜੋ ਪ੍ਰਤੀ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ।
ਉਸਦੀਆਂ ਅੱਖਾਂ ਵਿੱਚ ਅੱਥਰੂ ਛਲਕਣ ਲੱਗੇ, ਪਰ ਉਹ ਚੁੱਪ ਚਾਪ ਕੰਮ ਕਰਨ ਲੱਗੀ। ਉਸਦੀ ਮਾਂ ਮੱਥੇ ਤੇ ਵੱਟ ਪਾ ਕੇ ਉਸਨੂੰ ਝਿੜਕਾਂ ਦੇ ਰਹੀ ਸੀ। ਰੱਜੋ ਤੋਂ ਇਹ ਦੇਖ ਨਾ ਹੋਇਆ ਤੇ ਹਮਦਰਦੀ ਭਾਵ ਨਾਲ ਕਿਹਾ, “ਜੀਤੀ, ਮੈਂ ਵੀ ਕੱਲ੍ਹ ਤੋਂ ਤੇਰੇ ਕੋਲੋਂ ਘਰ ਦੇ ਕੰਮ ਸਿੱਖਣ ਆਇਆ ਕਰੂੰ, ਤੂੰ ਮੈਨੂੰ ਸਿਖਾਵੇਂਗੀ ਨਾ?” ਜੀਤੀ ਦੀਆਂ ਅੱਖਾਂ ਵਿੱਚ ਹੰਝੂ ਵਹਿ ਤੁਰੇ।

• ਨਿਮਰਤ, ਬਠਿੰਡਾ

