ਗੁਰਬਾਣੀ ਵਿੱਚ ਮੌਤ ਸਬੰਧੀ ਅਕਾਲ ਪੁਰਖ ਦੇ ਭਾਣੇ ਨੂੰ ਸਵੀਕਾਰ ਕਰਨ ਬਾਰੇ ਜ਼ਿਕਰ ਆਉਂਦਾ ਹੈ , ਮੌਤ ਅਤੇ ਜ਼ਿੰਦਗੀ ਬਾਰੇ ਮਨੁੱਖ ਦੇ ਹੱਥ ਵਸ ਕੁਝ ਨਹੀਂ ਜਿਵੇਂ, “ਮਾਰੈ ਰਾਖੈ ਏਕੋ ਆਪਿ ।ਮਾਨੁਖ ਕੈ ਕਿਛੁ ਨਾਹੀ ਹਾਥਿ ।” ਇਸੇ ਤਰ੍ਹਾਂ ਪਿਛਲੇ ਦਿਨੀਂ ਹਮੇਸ਼ਾ ਚੜ੍ਹਦੀਕਲਾ ਵਿੱਚ ਰਹਿਣ ਵਾਲੇ ਗੁਰਸਿੱਖੀ ਨਾਲ ਜੁੜੇ ਅਕਬਾਲ ਸਿੰਘ ਹੈਪੀ ਆਪਣੀ ਇਸ ਫਾਨੀ ਸੰਸਾਰ ਤੋਂ ਵਾਹਿਗੁਰੂ ਵਲੋਂ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਸਦੀਵੀ ਸਰੀਰਕ ਵਿਛੋੜਾ ਦੇ ਗਏ । ਉਨ੍ਹਾਂ ਦਾ ਜਨਮ ਸਵ: ਸ੍ਰ. ਮਹਿੰਦਰ ਸਿੰਘ (ਦੰਦਰਾਲਾ ਢੀਂਡਸਾ ) ਦੇ ਘਰ ਸਵ: ਮਾਤਾ ਰਜਿੰਦਰ ਕੌਰ ਦੀ ਕੁੱਖੋਂ ਲੁਧਿਆਣਾ ਵਿਖੇ 1 ਅਕਤੂਬਰ 1970 ਨੂੰ ਹੋਇਆ । ਉਨ੍ਹਾਂ ਦੇ ਪਿਤਾ ਜੀ ਹੌਜਰੀ ਦਾ ਕੰਮ ਕਰਦੇ ਸੀ । ਉਨ੍ਹਾਂ ਆਪਣੇ ਘਰ ਵਿੱਚ ਹੀ ਹੌਜ਼ਰੀ ਦਾ ਕੰਮ ਬੇਟੇ ਅਕਬਾਲ ਸਿੰਘ ਅਤੇ ਛੋਟੇ ਬੇਟੇ ਸੁਖਵਿੰਦਰ ਸਿੰਘ ਡਿੰਪਲ ਨੂੰ ਉਨ੍ਹਾਂ ਦੀ ਗਰੇਜੂਏਸ਼ਨ ਕਰਨ ਬਾਦ ਸ਼ੁਰੂ ਕਰਕੇ ਦਿੱਤਾ ।ਇਕਬਾਲ ਸਿੰਘ ਦਾ ਵਿਆਹ ਸ੍ਰੀ ਸੁਭਾਸ਼ ਚੋਧਰੀ ਦੀ ਬੇਟੀ ਰਿਤੂ ਚੋਧਰੀ (ਬੋਬੀ ) ਨਾਲ ਲੁਧਿਆਣਾ ਵਿਖੇ ਹਿੰਦੂ ਪਰਿਵਾਰ ਵਿੱਚ ਹੋਇਆ । ਉਨ੍ਹਾਂ ਦੇ ਘਰ ਦੋ ਬੇਟੀਆਂ ਅਤੇ ਇੱਕ ਬੇਟੇ ਨੇ ਜਨਮ ਲਿਆ । ਵੱਡੀ ਬੇਟੀ ਸਿਮਰਨ ਕੌਰ ਕਨੇਡਾ ਵਿਖੇ ਆਪਣੇ ਪਤੀ ਬਲਦੀਪ ਸਿੰਘ ਨਾਲ ਰਹਿ ਰਹੀ ਹੈ , ਛੋਟੀ ਬੇਟੀ ਤਾਨਿਆ ਸਿੰਘ ਪੋਸਟ-ਗਰੇਜੂਏਸ਼ਨ ਕਰ ਰਹੀ ਹੈ । ਬੇਟਾ ਜੋਗਰਾਜ ਜੰਗ ਫਤਿਹ ਸਿੰਘ ਦਸਵੀਂ ਜਮਾਤ ਵਿੱਚ ਪੜ੍ਹ ਰਿਹਾ ਹੈ । ਹੋਜ਼ਰੀ ਦੇ ਕੰਮ ‘ਚ ਦਿਲਚਸਪੀ ਨਾ ਹੋਣ ਕਾਰਨ ਇਸ ਕੰਮ ਨੂੰ ਤਿਲਾਂਜਲੀ ਦੇ ਕੇ ਉਸ ਨੇ ‘ਜੇ.ਜੇ. ਫਤਿਹ ਸਿੰਘ ਐਂਡ ਕੰਪਨੀ’ ਖੋਲ੍ਹ ਕੇ ਪ੍ਰਾਪਰਟੀ ਐਡਵਾਈਜ਼ਰ ਦਾ ਕੰਮ ਮੋਤੀ ਨਗਰ ਲੁਧਿਆਣਾ ਵਿਖੈ ਦਫਤਰ ਖੋਲ੍ਹ ਕੇ ਸ਼ੁਰੂ ਕਰ ਲਿਆ , ਜੋ ਪਿਛਲੇ ਦੋ ਦਹਾਕਿਆਂ ਤੋਂ ਵਧੀਆ ਚਲ ਰਿਹਾ ਸੀ । ਉਸ ਦਾ ਦੋਸਤਾਨਾ ਦਾਇਰਾ ਬਹੁਤ ਵਿਸਾਲ ਸੀ ।ੳੇੁਸਦੀ ਗੱਲਬਾਤ ਕਰਨ ਦੇ ਸਲੀਕੇ ਤੋਂ ਹਰੇਕ ਪ੍ਰਭਾਵਿਤ ਹੋ ਜਾਂਦਾ ਸੀ । ਉਸ ਦਾ ਸੁਭਾਅ ਖੁੱਲ੍ਹਦਿਲੀ ਵਾਲਾ ਸੀ । ਭਾਵੇਂ ਉਹ ਪਹਿਲਾਂ ਕਲੀਨ ਸੇਵ ਵੀ ਰਿਹਾ ਪਰ ਬਾਅਦ ਵਿੱਚ ਆਪ ਅਤੇ ਸੁਪਤਨੀ ਜੋ ਹਿੰਦੂ ਪਰਿਵਾਰ ‘ਚ ਪਲੀ ਹੋਈ ਹੈ ਨੇ ਵੀ ਅੰਮ੍ਰਿਤ ਛੱਕ ਕੇ ਐਸਾ ਗੁਰਸਿੱਖੀ ਜੀਵਨ ਅਪਣਾਇਆ ਕਿ ਸਾਰਾ ਪਰਿਵਾਰ ਹੀ ਗੁਰਸਿੱਖੀ ਨਾਲ ਜੁੜ ਗਿਆ । ਉਹ ਮੋਤੀ ਨਗਰ ਮੁਹੱਲੇ ਦੇ ਗੁਰੂ ਘਰ ਦਾ ਮੁੱਖ ਸੇਵਾਦਾਰ ਵੀ ਰਿਹਾ, ਇਸ ਦੌਰਾਨ ਉਸ ਨੇ ਪੂਰੇ ਮਨ ਤਨ ਧਨ ਨਾਲ ਗੁਰੂ ਘਰ ਦੀ ਸੇਵਾ ਕੀਤੀ ।ਉਹ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਅਕਸਰ ਜਾਂਦਾ ਰਹਿੰਦਾ ਸੀ ।ਉਹ ਅਕਸਰ ਹੀ ਪਿੰਡ ਦੰਦਰਾਲਾ ਢੀਂਡਸਾ ਵਿਖੇ ਬਾਬਾ ਸੁੱਖਾ ਸਿੰਘ ਦੇ ਅਸਥਾਨ ਤੇ ਦਸਮੀ ਨੂੰ ਪਰਿਵਾਰ ਸਮੇਤ ਨਤਮਸਤਕ ਹੋਇਆ ਕਰਦਾ ਸੀ । ਉਸ ਅੰਦਰਲੀ ਧਾਰਮਿਕ ਬਿਰਤੀ ਦਾ ਜਲਾਲ ਝਲਕਦਾ ਸੀ । ਉਹ ਪਰਿਵਾਰ ਸਮੇਤ 27 ਦਸੰਬਰ 2025 ਨੂੰ ਮੱਤੇਵਾੜਾ ਜੰਗਲ ਨੇੜੇ ਗੁਰਦੁਆਰਾ ਸਹੀਦਾਂ ਬੂਥਗੜ੍ਹ ਵਿਖੇ ਦਰਸ਼ਨ ਕਰਨ ਗਿਆ ਤਾਂ ਦਰਸ਼ਨ ਕਰਕੇ ਲੰਗਰ ਹਾਲ ਵਿੱਚ ਸਾਮ ਵੇਲੇ ਲੰਗਰ ਛੱਕਦਿਆਂ ਨੂੰ ਬ੍ਰੇਨ ਸਟਰੋਕ ਆ ਗਿਆ , ਉਥੋਂ ਮੁਢਲੀ ਫਸਟ ਏਡ ਦਿਵਾ ਕੇ ਪਰਿਵਾਰ ਨੇ ਲੁਧਿਆਣਾ ਦੇ ਨਾਮੀ ਹਸਪਤਾਲ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਦਾਖਲ ਕਰਵਾ ਦਿੱਤਾ ਪਰ ਆਈ.ਸੀ.ਯੂ. ‘ਚ ਰਹਿਣ ਦੇ ਬਾਵਜੂਦ ਕੋਈ ਸਿਹਤ ‘ਚ ਸੁਧਾਰ ਨਾ ਹੋਇਆ ਅਤੇ 3 ਜਨਵਰੀ 2026 ਨੂੰ ਅਕਬਾਲ ਸਿੰਘ ਪਰਿਵਾਰ ਨੂੰ ਸਦਾ ਲਈ ਸਦੀਵੀ ਵਿਛੋੜਾ ਦੇ ਗਿਆ । ਭਾਵੇਂ ਇਹ ਵਿਛੋੜਾ ਬੜਾ ਅਸਹਿ ਹੈ , ਵਾਹਿਗੁਰੂ ਜੀ ਸਮੁੱਚੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ । ਉਨ੍ਹਾਂ ਦੀ ਨਮਿੱਤ ਅੰਤਿਮ ਅਰਦਾਸ 12 ਜਨਵਰੀ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸਿੰਘ ਸਭਾ ਮੋਤੀ ਨਗਰ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਰਿਸਤੇਦਾਰ , ਸਾਕ ਸੰਬੰਧੀ, ਦੋਸਤ ਮਿੱਤਰ ਸਾਮਲ ਹੋਏ । ਗ੍ਰੰਥੀ ਸਿੰਘ ਵਲੋਂ ਅਕਬਾਲ ਸਿੰਘ ਦੇ ਬਾਣੀ ਅਤੇ ਬਾਣੇ ਦੇ ਧਾਰਨੀ ਹੋਣਾ , ਨਿਤਨੇਮ ਕਰਨ ਉਪਰੰਤ ਕੜਾਹ ਪ੍ਰਸ਼ਾਦਿ ਦੀ ਦੇਗ ਤਿਆਰ ਕਰ ਸਾਸਤਰਾਂ ਨੂੰ ਅਰਦਾਸ ਕਰ ਪ੍ਰਵਾਨ ਕਰਾਵਾਉਣਾ ,ਪੂਰੀ ਸਿੱਖ ਮਰਿਆਦਾ ‘ਚ ਜੀਵਨ ਨਿਭਾਉਣ ਵਾਲਾ ਗੁਰਸਿੱਖ ਦੱਸਿਆ , ਕੋਈ ਵਿਰਲਾ ਸਿੱਖ ਹੀ ਐਨੀ ਮਰਿਆਦਾ ਰੱਖਦਾ ਹੈ ।ਸੱਚ ਮੁੱਚ ਉਹ ਸਿੱਖੀ ਸਿਦਕ ਨਾਲ ਨਿਭਾਉਣ ਵਾਲਾ ਗੁਰਸਿੱਖ ਸੀ ।ਬਾਣੀ ਦਾ ਕਥਨ ਹੈ , ‘ਗੁਰਮੁਖਿ ਜਨਮੁ ਸਵਾਰਿ ਦਰਗਹ ਚਲਿਆ।ਸਚੀ ਦਰਗਹ ਜਾਇ ਸਚਾ ਪਿੜੁ ਮਲਿਆ’। ਵਾਹਿਗੁਰੂ ਆਪਣੇ ਚਰਨਾਂ ‘ਚ ਵਿਛੜੀ ਆਤਮਾ ਨੂੰ ਨਿਵਾਸ ਬਖਸ਼ੇ ।
—-ਮੇਜਰ ਸਿੰਘ ਨਾਭਾ
