ਹਰਿਦੁਆਰ ਵਿੱਚ ਸਥਿਤ ਹਰ ਕੀ ਪੌੜੀ ਇੱਕ ਮਹੱਤਵਪੂਰਨ ਅਤੇ ਪਵਿੱਤਰ ਧਾਰਮਿਕ ਸਥਾਨ ਹੈ। ਕਿਹਾ ਜਾਂਦਾ ਹੈ ਕਿ ਇਸ ਘਾਟ ‘ਤੇ ਗੰਗਾ ਵਿੱਚ ਇਸ਼ਨਾਨ ਕਰਨ ਨਾਲ ਵਿਅਕਤੀ ਨੂੰ ਆਪਣੇ ਸਾਰੇ ਪਾਪਾਂ ਤੋਂ ਮੁਕਤੀ ਮਿਲ ਜਾਂਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਸਦਾ ਇਹ ਨਾਮ ਕਿਵੇਂ ਪਿਆ? ਆਓ ਜਾਣਦੇ ਹਾਂ :
ਤੁਸੀਂ ਉਤਰਾਖੰਡ ਦੇ ਹਰਿਦੁਆਰ ਵਿੱਚ ਸਥਿਤ ਹਰ ਕੀ ਪੌੜੀ ਦਾ ਨਾਮ ਕਈ ਵਾਰ ਸੁਣਿਆ ਹੋਵੇਗਾ ਅਤੇ ਸ਼ਾਇਦ ਤੁਸੀਂ ਇੱਥੇ ਵੀ ਆਏ ਹੋਵੋਗੇ। ਲੱਖਾਂ ਸ਼ਰਧਾਲੂ ਦੂਰ-ਦੂਰ ਤੋਂ ਇਸ਼ਨਾਨ ਕਰਨ ਲਈ ਇੱਥੇ ਆਉਂਦੇ ਹਨ। ਇਸਦਾ ਹਿੰਦੂ ਧਰਮ ਵਿੱਚ ਬਹੁਤ ਮਹੱਤਵ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਹਰ ਕੀ ਪੌੜੀ ਦਾ ਇਹ ਨਾਮ ਕਿਉਂ ਅਤੇ ਕਿਵੇਂ ਪਿਆ? ਇਸ ਪਵਿੱਤਰ ਸਥਾਨ ਦਾ ਨਾਮ ਪਹਿਲਾਂ ਭਰਥਰੀ ਹਰੀ ਕੀ ਪੌੜੀ ਸੀ, ਜਿਸਦਾ ਨਾਮ ਉਜੈਨ ਦੇ ਰਾਜਾ ਭਰਥਰੀ ਹਰੀ ਦੇ ਨਾਮ ਤੇ ਰੱਖਿਆ ਗਿਆ ਸੀ। ਇਸ ਸਥਾਨ ਦਾ ਨਾਮ ਬਾਅਦ ਵਿੱਚ ਹਰ ਕੀ ਪੌੜੀ ਰੱਖਿਆ ਗਿਆ। ਆਓ, ਤੁਹਾਨੂੰ ਹਰ ਕੀ ਪੌੜੀ ਦੇ ਨਾਮ ਦੀ ਮਿਥਿਹਾਸਕ ਕਹਾਣੀ ਅਤੇ ਇਸਦੀ ਮਹੱਤਤਾ ਦੱਸਦੇ ਹਾਂ।
ਹਰ ਕੀ ਪੌੜੀ ਨਾਮ ਦਾ ਅਰਥ ਹੈ ਹਰੀ ਦੇ ਪੈਰ ਜਾਂ ਭਗਵਾਨ ਵਿਸ਼ਨੂੰ ਦੇ ਪੈਰ। ਇਹ ਮੰਨਿਆ ਜਾਂਦਾ ਹੈ ਕਿ ਇਸ ਸਥਾਨ ‘ਤੇ ਭਗਵਾਨ ਵਿਸ਼ਨੂੰ ਨੇ ਗੰਗਾ ਨਦੀ ਦੇ ਕੰਢੇ ਆਪਣੇ ਪੈਰਾਂ ਦੇ ਨਿਸ਼ਾਨ ਛੱਡੇ ਸਨ। ਇੱਕ ਪੌਰਾਣਿਕ ਕਥਾ ਦੇ ਅਨੁਸਾਰ ਰਾਜਾ ਵਿਕਰਮਾਦਿੱਤਯ ਨੇ ਇਹ ਘਾਟ ਆਪਣੇ ਭਰਾ ਭਰਥਰੀ ਹਰੀ ਦੀ ਯਾਦ ਵਿੱਚ ਬਣਾਇਆ ਸੀ, ਜੋ ਇੱਥੇ ਧਿਆਨ ਲਾਉਣ ਲਈ ਆਇਆ ਸੀ। ਇਸੇ ਕਰਕੇ ਇਸਦਾ ਨਾਮ ਭਰਥਰੀ ਹਰੀ ਦੀ ਪੌੜੀ ਰੱਖਿਆ ਗਿਆ ਸੀ।
ਪੌਰਾਣਿਕ ਕਹਾਣੀ ਅਨੁਸਾਰ ਰਾਜਾ ਵਿਕਰਮਾਦਿਤਯ ਦਾ ਭਰਾ ਭਰਥਰੀ ਹਰੀ ਨੇ ਆਪਣਾ ਰਾਜਭਾਗ ਤਿਆਗ ਕੇ ਹਰ ਕੀ ਪੌੜੀ ਦੀ ਪਹਾੜੀ ‘ਤੇ ਕਈ ਸਾਲਾਂ ਤੱਕ ਤਪੱਸਿਆ ਕੀਤੀ। ਰਾਜਾ ਵਿਕਰਮਾਦਿੱਤਯ ਨੇ ਉਸ ਰਸਤੇ ‘ਤੇ ਪੌੜੀਆਂ ਬਣਵਾਈਆਂ, ਜਿੱਥੋਂ ਭਰਥਰੀ ਹਰੀ ਗੰਗਾ ਵਿੱਚ ਇਸ਼ਨਾਨ ਕਰਨ ਲਈ ਹੇਠਾਂ ਉਤਰੇ ਸਨ ਅਤੇ ਇਨ੍ਹਾਂ ਪੌੜੀਆਂ ਦਾ ਨਾਮ ਭਰਥਰੀ ਹਰੀ ਦੀ ਪੌੜੀ ਰੱਖਿਆ। ਬਾਅਦ ਵਿੱਚ ਇਹ ਪੌੜੀਆਂ ਹਰ ਕੀ ਪੌੜੀ ਦੇ ਨਾਮ ਨਾਲ ਮਸ਼ਹੂਰ ਹੋ ਗਈਆਂ। ਭਰਥਰੀ ਹਰੀ ਦੇ ਨਾਮ ਵਿੱਚ ਹਰੀ ਵੀ ਮੌਜੂਦ ਹੈ, ਜਿਸ ਕਾਰਨ ਇਸ ਸਥਾਨ ਨੂੰ ਹਰ ਕੀ ਪੌੜੀ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਹਰ ਕੀ ਪੌੜੀ ਉਹੀ ਜਗ੍ਹਾ ਹੈ, ਜਿੱਥੇ ਗੰਗਾ ਨਦੀ ਸਵਰਗ ਤੋਂ ਧਰਤੀ ਤੇ ਉਤਰੀ।
ਹਰ ਕੀ ਪੌੜੀ ਨਾਲ ਸਬੰਧਤ ਇੱਕ ਹੋਰ ਕਹਾਣੀ ਵੀ ਮਿਲਦੀ ਹੈ, ਜਿਸ ਅਨੁਸਾਰ ਸਮੁੰਦਰ ਮੰਥਨ ਦੌਰਾਨ ਜਦੋਂ ਸਾਰੇ ਦੇਵੀ-ਦੇਵਤੇ ਅੰਮ੍ਰਿਤ ਲਈ ਲੜ ਰਹੇ ਸਨ ਤਾਂ ਭਗਵਾਨ ਧਨਵੰਤਰੀ ਦੈਂਤਾਂ ਤੋਂ ਬਚਾ ਕੇ ਅੰਮ੍ਰਿਤ ਲਿਜਾ ਰਹੇ ਸਨ। ਉਦੋਂ ਹੀ ਉਸ ਅੰਮ੍ਰਿਤ ਦੀਆਂ ਕੁਝ ਬੂੰਦਾਂ ਧਰਤੀ ‘ਤੇ ਡਿੱਗ ਪਈਆਂ। ਕਿਹਾ ਜਾਂਦਾ ਹੈ ਕਿ ਜਿੱਥੇ ਵੀ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ, ਉਹ ਸਥਾਨ ਧਾਰਮਿਕ ਮਹੱਤਵ ਵਾਲੇ ਸਥਾਨ ਬਣ ਗਏ। ਧਾਰਮਿਕ ਮਾਨਤਾਵਾਂ ਵਿੱਚ ਮੁੱਖ ਤੌਰ ‘ਤੇ 4 ਅਜਿਹੇ ਸਥਾਨ ਹਨ ਜਿੱਥੇ ਅੰਮ੍ਰਿਤ ਦੀਆਂ ਬੂੰਦਾਂ ਡਿੱਗੀਆਂ, ਜੋ ਇਸ ਪ੍ਰਕਾਰ ਹਨ – ਹਰਿਦੁਆਰ, ਉਜੈਨ, ਨਾਸਿਕ ਅਤੇ ਪ੍ਰਯਾਗਰਾਜ। ਹਰ ਕੀ ਪੌੜੀ ਵੀ ਇਨ੍ਹਾਂ ਸਥਾਨਾਂ ਵਿੱਚੋਂ ਇੱਕ ਹੈ। ਇਸ ਕਰਕੇ ਇਸ ਸਥਾਨ ਨੂੰ ਸ਼ਰਧਾਲੂਆਂ ਲਈ ਬਹੁਤ ਪਵਿੱਤਰ ਅਤੇ ਮੁਕਤੀ ਵਾਲਾ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਸਿਰਫ ਇਸ਼ਨਾਨ ਕਰਨ ਨਾਲ ਹੀ ਵਿਅਕਤੀ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)