ਤਾਤੀ ਵਾਓ
ਤੇ ਖੁਸ਼ਕ ਮਾਰੂਥਲੀ ਦੁੱਖਾਂ ਤੋਂ
ਬਚਣ ਲਈ
ਮਨੁੱਖਾਂ ਨੂੰ
ਸਾਵੇ ਰੁੱਖਾਂ ਦੀ ਰਾਮਕਾਰ
ਬਣਾਉਣੀ ਪੈਣੀ ਹੈ ।
ਪਿੰਡ ਪਿੰਡ ਹਰੀ ਦੀਪਮਾਲਾ
ਕਰਨੀ ਕਰਾਉਣੀ ਪੈਣੀ ਹੈ ।
ਦੁੱਖ ਭੰਜਨੀ ਬੇਰੀ ਦੇ ਵਾਰਸੋ !
ਸਿਰਫ਼ ਦੁੱਖ ਭੰਜਨੀ ਬੇਰੀ ਹੀ ਨਹੀ
ਹਰ ਰੁੱਖ ਹੀ ਦੁੱਖ ਭੰਜਨ ਹੁੰਦਾ ਹੈ ।
ਦੁੱਖ ਭੰਜਨੀ ਬੇਰੀ ਦੇ ਵਾਰਸੋ !
ਧਰਤ ਤੇ ਖੁਸ਼ਕ ਦੁੱਖਾਂ ਦਾ ਭਾਰ ਘਟਾਉਣ ਲਈ
ਪਵਨ ਗੁਰੂ ਪਾਣੀ ਪਿਤਾ ਨੂੰ ਬਚਾਉਣ
ਤੇ ਪਾਵਨ ਬਣਾਉਣ ਲਈ
ਹੁਣ
ਨੌਂ ਖੰਡ ਪ੍ਰਿਥਵੀ
ਮਾਤਾ ਧਰਤ ਮਹੱਤ ‘ਤੇ
ਬੇਅੰਤ ਦੁੱਖ ਭੰਜਨੀਆਂ ਬੇਰੀਆਂ ਤੇ
ਅਸੰਖ ਦੁੱਖ ਭੰਜਨ ਰੁੱਖ ਲਾਓਣ ਦੀ ਲੋੜ ਹੈ
ਧਰਤ ਦੀ ਪਰਤ ਤੇ ਹਰੀ ਰਾਮਕਾਰ
ਬਣਾਉਣ ਦੀ ਲੋੜ ਹੈ
ਇਸਦੀ ਸਚਮੁੱਚ ਬਹੁਤ ਥੋੜ੍ਹ ਹੈ
ਹਰੀ ਰਾਮਕਾਰ
ਬਣਾਉਣ ਦੀ ਫੌਰੀ ਲੋੜ ਹੈ
ਅੱਜ
ਆਬਾਂ ਦੇ ਦੇਸ
ਤੇ ਸਗਲ ਜਗਤ ਜਲੰਦੇ ਦੇ
ਕੱਲ੍ਹ ਦੇ ਖ਼ਾਬਾਂ ਨੂੰ
ਮਹਿਫ਼ੂਜ਼ ਰੱਖਣ ਲਈ।
◾️ਹਰਵਿੰਦਰ ਚੰਡੀਗੜ੍ਹ