ਭਲਾਈ ਵਾਸਤੇ ਆਪਾਂ ਨੇ ਜਿੱਤ ਕੇ ਹਾਰਨਾ ਸਿਖਿਆ।
ਛਲਕਦੇ ਪਾਣੀਆਂ ’ਚੋਂ ਬੇੜੀਆਂ ਨੂੰ ਤਾਰਨਾ ਸਿਖਿਆ।
ਅਕਲ ਨੂੰ ਕਿਸ ਤਰ੍ਹਾਂ ਹੈ ਵਰਤਨਾ ਇਹ ਢੰਗ ਔਖਾ ਹੈ,
ਸਿਰਫ਼ ਇਕ ਤੀਰ ਨਾਲ ਦੋ-ਦੋ ਨਿਸ਼ਾਨੇ ਮਾਰਨਾ ਸਿਖਿਆ।
ਅਸਾਡੇ ਸਿਦਕ ਤੇ ਸੰਤੋਖ ਵਿਚ ਤਾਂ ਹੀ ਬੁਲੰਦੀ ਹੈ,
ਮੁਸੀਬਤ ਵਿਚ ਕਿਸੇ ਦੇ ਕੰਮ ’ਚ ਆਪਾ ਵਾਰਨਾ ਸਿਖਿਆ।
ਹਜ਼ਾਰਾਂ ਫੁੱਲ ਜ਼ਰੂਰਤ ਦੇ ਮੁਤਾਬਿਕ ਪੈਦਾ ਕੀਤੇ ਨੇ,
ਸਮੇਂ ਨੂੰ ਬੰਨ ਕੇ ਗੁਲਦਾਨ ਵਿਚ ਉਤਾਰਨਾ ਸਿਖਿਆ।
ਇਸੇ ਕਰਕੇ ਮੇਰੀ ਆਦਤ ’ਚ ਹਾਸੇ ਪੈਲਾਂ ਪਾਉਂਦੇ ਨੇ,
ਨਾ ਹੀ ਧੋਖਾ ਹੈ ਸਿਖਿਆ ਨਾ ਕਿਸੇ ਨੂੰ ਚਾਰਨਾ ਸਿਖਿਆ।
ਨਦੀ ਦੇ ਵਹਿਣ ਨੂੰ ਇਕਸਾਰਤਾ ਦੀ ਹੋਂਦ ਮਿਲਦੀ ਹੈ,
ਸਰਦ ਰੁੱਤ ਵਿਚ ਹੀ ਪਰਬਤ ਨੇ ਹੈ ਖੁਦ ਨੂੰ ਠਾਰਨਾ ਸਿਖਿਆ।
ਨਿਯਮ ਦੇ ਪਾਰਦਰਸ਼ੀ ਆਬਗੀਨੇ ਤੋੜੇ ਨੇ ਆਪਾਂ,
ਮੁਕੰਮਲ ਕੰਮ ਕੀਤੇ ਨੇ ਕਦੀ ਨਾ ਸਾਰਨਾ ਸਿਖਿਆ।
ਕਦੀ ਡਰਪੋਕ ਮੋਰੀ ’ਚੋਂ ਨਹੀਂ ਹੈ ਝਾਕਿਆ ਕਿਧਰੇ,
ਬੁਰੇ ਵਕਤਾਂ ਦੇ ਹਾਕਿਮ ਨੂੰ ਸਦਾ ਲਲਕਾਰਨਾ ਸਿਖਿਆ।
ਮੁਕਾਬਲ ਦੀ ਸਦਾ ਜ਼ੁਰਰਤ ਕਲੇਜੇ ਨਾਲ ਲਾਈ ਹੈ,
ਚੜ੍ਹੇ ਤੂਫ਼ਾਨ ਦੀ ਸੀਮਾਂ ਨੂੰ ਵੀਂ ਵੰਗਾਰਨਾ ਸਿਖਿਆ।
ਉਹ ਦੀ ਫ਼ਿਤਰਤ ’ਚ ਰਿਸ਼ਵਤਖੋਰੀਆਂ ਦੀ ਇਕ ਚਲਾਕੀ ਹੈ,
ਕਿਸੇ ਨੂੰ ਡੋਬਣਾ ਸਿਖਿਆ ਕਿਸੇ ਨੂੰ ਤਾਰਨਾ ਸਿਖਿਆ।
ਕਿ ਐਵੇਂ ਗ਼ਜ਼ਲ ਵਿਚ ਬਾਲਮ ਜੜੇ ਜਾਂਦੇ ਨਗੀਨੇ ਨਾ,
ਮਹਿਲ ਬੁੱਧੀ ਦਾ ਚੇਤਨ ਹਿਰਦੇ ’ਚੋਂ ਉਸਾਰਨਾ ਸਿਖਿਆ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409